ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਦਸਵੰਧ ਅਤੇ ਉਸ ਦੀ ਵਰਤੋਂ !
ਦਸਵੰਧ ਅਤੇ ਉਸ ਦੀ ਵਰਤੋਂ !
Page Visitors: 77

 

  ਦਸਵੰਧ ਅਤੇ ਉਸ ਦੀ ਵਰਤੋਂ !
    ਦਸਵੰਧ ਦਾ ਚਲਨ ਗੁਰੂ ਨਾਨਕ ਜੀ ਨੇ ਸ਼ੁਰੂ ਕੀਤਾ ਸੀ, ਮਕਸਦ ਇਹ ਸੀ ਕਿ, ਸਿੱਖ ਆਪਣੀ ਆਮਦਨ ਦੇ 90 % ਨਾਲ ਗੁਜ਼ਾਰਾ ਕਰੇ ਅਤੇ 10 % ਸਾਂਝੇ ਖਾਤੇ ਵਿਚ ਗੁਰੂ-ਘਰ ਜਮ੍ਹਾਂ ਕਰਾਵੇ, ਤਾਂ ਜੋ ਉਹ ਸਿੱਖ, ਜਿਨ੍ਹਾਂ ਦੀ ਆਮਦਨ ਆਪਣੇ ਜ਼ਰੂਰੀ ਖਰਚੇ (ਕੁੱਲੀ-ਗੁੱਲੀ-ਅਤੇ ਜੁੱਲੀ ) ਤੋਂ ਘੱਟ ਹੋਵੇ, ਉਹ ਆਪਣੇ ਖਰਚੇ ਤੋਂ ਥੁੜਿਆ ਨਾ ਰਹਿ ਸਕੇ, ਗੁਰੂ ਘਰੋਂ ਲੈ ਕੇ ਆਪਣਾ ਖਰਚਾ ਪੂਰਾ ਕਰ ਲਵੇ। ਦੂਸਰੇ ਪਾਸੇ, ਦਸਵੰਧ ਦੇਣ ਵਾਲਾ, ਇਹ ਮਹਿਸੂਸ ਕਰ ਕੇ ਕਿ ਮੈਂ ਦਾਨ ਦੇ ਰਿਹਾ ਹਾਂ, ਹਉਮੈ ਗ੍ਰੱਸਤ ਨਾ ਹੋ ਜਾਵੇ, ਉਸ ਨੂੰ ਮਹਿਸੂਸ ਹੋਵੇ ਕਿ ਮੈਂ ਆਪਣੀ ਕਿਰਤ-ਕਮਾਈ ਵਿਚੋਂ ਗੁਰੂ ਨੂੰ ਦਸਵੰਧ ਭੇਂਟ ਕਰ ਰਿਹਾ ਹਾਂ। ਅਤੇ ਲੈਣ ਵਾਲਾ ਹੀਨ-ਭਾਵਨਾ ਦਾ ਸ਼ਕਾਰ ਨਾ ਹੋਵੇ, ਬਲਕਿ ਇਹ ਮਹਿਸੂਸ ਕਰੇ ਕਿ ਮੈਂ ਗੁਰੂ-ਘਰੋਂ ਲਿਆ ਹੈ। ਤੀਸਰਾ ਇਹ ਕਿ ਸਿੱਖਾਂ ਦਾ ਆਪਸੀ ਪਿਆਰ ਏਨਾ ਗੂੜ੍ਹਾ ਹੋਵੇ ਕਿ, ਹਰ ਕੋਈ ਮਹਿਸੂਸ ਕਰੇ ਕਿ ਅਸੀਂ ਸਾਰੇ, ਇਕ ਦੂਸਰੇ ਦੇ ਦੁੱਖ-ਸੁਖ ਦੇ ਭਾਈ ਵਾਲ, ਇਕ ਹੀ ਟੱਬਰ ਦੇ ਜੀਅ ਹਾਂ।
  ਇਸ ਨਾਲ ਸਿੱਖੀ ਦੇ ਵਿਕਾਸ ਵਿਚ ਬਹੁਤ ਮਦਦ ਮਿਲੀ। ਗੁਰੂ-ਕਾਲ ਵੇਲੇ ਦਸਵੰਧ ਨੇ ਸਿੱਖੀ ਵਿਚ ਡੂੰਘੀਆਂ ਜੜ੍ਹਾਂ ਫੜ ਲਈਆਂ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਖਾਲਸਾ ਰਾਜ ਵੇਲੇ, ਜ਼ਿਮੀਂਦਾਰਾ ਸਿਸਟਮ ਖਤਮ ਕਰ ਕੇ, "ਜ਼ਮੀਨ-ਹਲ-ਵਾਹਕ ਦੀ " ਦੇ ਕਾਨੂਨ ਨੇ, ਸਿੱਖਾਂ ਦਾ ਏਕਾ, ਸਿਖਰ ਤੇ ਅਪੜਾ ਦਿੱਤਾ ਸੀ, ਸਿੱਖ ਇਕ ਦੂਸਰੇ ਦੀ ਮਦਦ ਕਰ ਕੇ ਹਰ ਕਿਸੇ ਦੀ, ਫਸਲ ਵੇਲੇ ਸਿਰ ਬਿਜਵਾ ਲੈਂਦੇ ਸਨ ਅਤੇ ਏਦਾਂ ਹੀ ਇਕ-ਦੂਜੇ ਦੀ ਮਦਦ ਨਾਲ, ਫਸਲ ਵੇਲੇ-ਸਿਰ ਸਾਂਭ ਲੈਂਦੇ ਸਨ।
  ਜੜ੍ਹਾਂ ਏਨੀਆਂ ਡੂੰਘੀਆਂ ਸਨ ਕਿ ਅੱਜ ਵੀ ਇਹ ਪਰਥਾ, ਨਿਰ-ਵਿਘਨ ਚੱਲ ਰਹੀ ਹੈ, ਪਰ ਜਿਵੇਂ ਜਿਵੇਂ ਸਿੱਖ ਪੈਸੇ ਵਾਲੇ ਹੁੰਦੇ ਗਏ, ਇਸ ਦੀਆਂ ਜੜ੍ਹਾਂ ਪੁੱਟਣ ਦਾ ਉਪਰਾਲਾ ਸ਼ੁਰੂ ਕਰ ਦਿੱਤਾ। ਮਹਾਰਾਜਾ ਰਨਜੀਤ ਸਿੰਘ ਦੇ ਰਾਜ ਵੇਲੇ, "ਜ਼ਮੀਨ-ਹਲ-ਵਾਹਕ ਦੀ" ਦਾ ਕਾਨੂਨ ਰੱਦ ਕਰ ਕੇ, ਫਿਰ ਜ਼ਿਮੀਦਾਰਾ ਸਿਸਟਮ ਲਾਗੂ ਕਰ ਦੇਣ ਨਾਲ, ਸਿੱਖਾਂ ਦੀ ਆਪਸੀ ਸਾਂਝ ਨੂੰ ਬਹੁਤ ਵੱਡੀ ਸੱਟ ਵੱਜੀ, ਇਹੀ ਮਹਾਰਾਜਾ ਦੇ ਰਾਜ ਖਤਮ ਹੋਣ ਦਾ ਕਾਰਨ ਵੀ ਬਣਿਆ। ਅੱਜ ਏਨਾ ਫਰਕ ਪੈ ਚੁੱਕਾ ਹੈ ਕਿ ਗਰੀਬ ਲੋਕ ਦਸਵੰਧ ਦਿੰਦੇ ਹਨ ਅਤੇ ਅਮੀਰ ਲੋਕ ਅਤੇ ਉਨ੍ਹਾਂ ਦੇ ਸਿਕਦਾਰ, ਗੁਰਦਵਾਰਿਆਂ ਤੇ ਕਬਜ਼ਾ ਕਰ ਕੇ, ਉਸ ਦਸਵੰਧ ਨੂੰ ਆਪਣੀ ਤ੍ਰਿਸ਼ਨਾ ਦੀ ਪੂਰਤੀ ਲਈ ਵਰਤਦੇ ਹਨ। ਪਰ ਗੁਰਬਾਣੀ ਫੁਰਮਾਨ ਹੈ,     
    ਤ੍ਰਿਸਨਾ ਕਦੇ ਨ ਬੁਝਈ ਦੁਬਿਧਾ ਹੋਇ ਖੁਆਰੁ ॥
    ਮੁਹ ਕਾਲੇ ਤਿਨਾ ਨਿੰਦਕਾ ਤਿਤੁ ਸਚੈ ਦਰਬਾਰਿ ॥
    ਨਾਨਕ ਨਾਮ ਵਿਹੂਣਿਆ ਨਾ ਉਰਵਾਰਿ ਨ ਪਾਰਿ2॥     (649)
 ਅਜਿਹੇ ਬੰਦਿਆਂ ਦੀ ਤ੍ਰਿਸ਼ਨਾ, ਕਦੇ ਪੂਰੀ ਨਹੀਂ ਹੁੰਦੀ, ਘੜੀ-ਮੁੜੀ ਦੁਬਿਧਾ ਵਿਚ ਖੁਆਰ ਹੁੰਦੇ ਹਨ। ਹਰੀ ਦੇ ਸੱਚੇ ਦਰਬਾਰ ਵਿਚ ਉਨ੍ਹਾਂ ਦੇ ਮੂੰਹ ਕਾਲੇ ਹੁੰਦੇ ਹਨ । ਹੇ ਨਾਨਕ, ਨਾਮ ਤੋਂ  ਸੱਖਣਿਆਂ ਨੂੰ  ਨਾਂਹ  ਇਸ ਲੋਕ ਵਿਚ ਤੇ  ਨਾਂਹ  ਪਰਲੋਕ ਵਿਚ, ਢੋਈ ਮਿਲਦੀ ਹੈ 2। 
  ਬਾਦਲ, ਅਮਰਿੰਦਰ ਅਤੇ ਉਨ੍ਹਾਂ ਦੇ 70 ਸਾਲ ਦੇ ਸਾਥੀ ਜੋ (ਗਾਂਧੀ-ਮੋਦੀ ਆਦਿ ਦੇ ਸਿਕਦਾਰ) ਹਨ, ਇਹੀ ਹਾਲ ਉਨ੍ਹਾਂ ਅਤੇ ਉਨ੍ਹਾਂ ਦੇ ਸਭ ਸਿਕਦਾਰਾਂ ਦਾ ਹੈ, ਨੁਕਸਾਨ ਸਿੱਖੀ ਅਤੇ ਕਿਰਤੀ ਸਿੱਖਾਂ ਦਾ ਹੋ ਰਿਹਾ ਹੈ।
  ਆਉ ਮਿਲ-ਜੁਲ ਕੇ ਦਸਵੰਧ ਦੀ ਵਰਤੋਂ ਦਾ ਕੋਈ ਵਿਧੀ-ਵਿਧਾਨ ਬਣਾਈਏ।
  ਕਿਉਂਕਿ ਇਹ ਸਾਰੇ ਪੰਥ ਦਾ ਸਾਂਝਾ ਮਸਲ੍ਹਾ ਹੈ, ਇਸ ਲਈ ਇਸ ਕੰਮ ਵਿਚ ਹਰ ਮਾਈ-ਭਾਈ ਵਲੋਂ ਉਪਰਾਲਾ ਕਰਨਾ ਬਣਦਾ ਹੈ। ਜੋ ਵੀ ਸਿੱਖ ਆਪਣੇ ਦਿਮਾਗ ਵਿਚ ਇਸ ਲਈ ਕੋਈ ਵਿਚਾਰ ਲਈ ਬੈਠਾ ਹੈ, ਉਹ ਸਾਰੇ ਵਿਚਾਰ ਦੂਸਰਿਆਂ ਨਾਲ ਸਾਂਝੇ ਕਰੇ। ਮੇਰੇ ਦਿਮਾਗ ਵਿਚ ਇਕ ਤਰੀਕਾ ਹੈ, ਮੈਂ ਸਾਂਝਾ ਕਰਦਾ ਹਾਂ  ਹਰ ਸਿੱਖ ਬੀਬੀ ਜਾਂ ਸਿੱਖ ਬੰਦਾ ਜਿਥੇ ਵੀ ਬੈਠਾ ਹੈ, ਓਥੇ ਹੀ 4-5 ਜਣੇ ਜਾਂ ਇਸ ਤੋਂ ਉਪਰ ਇਕੱਠੇ ਹੋ ਕੇ ਇਕ ਗਰੁਪ ਬਣਾਓ, ਅਤੇ ਆਪਣੀ-ਆਪਣੀ ਸਕੀਮ ਸਾਂਝੀ ਕੀਤੀ ਜਾਵੇ। ਇਕ ਬੇਨਤੀ ਪਹਿਲਾਂ ਹੀ ਕਰ ਦਿਆਂ ਕਿ ਕੋਈ ਵੀ ਗਰੁਪ ਇਹ ਨਾ ਸੋਚੇ ਕਿ ਮੈਂ ਕਤਾਰ ਵਿਚ ਕਿਸੇ ਦੇ ਪਿੱਛੇ ਖੜਾ ਹਾਂ, ਅਤੇ ਮੈਨੁੰ ਕਿਸੇ ਦੇ ਪਿੱਛੇ ਚੱਲਣਾ ਹੈ। ਜਾਂ ਮੈਂ ਕਿਸੇ ਦੇ ਅੱਗੇ ਖੜਾ ਹਾਂ ਅਤੇ ਦੂਸਰਿਆਂ ਨੂੰ ਮੇਰੇ ਪਿੱਛੇ ਚਲਣਾ ਹੈ। ਇਹੀ ਸੋਚਣਾ ਹੈ ਕਿ ਅਸੀਂ ਸਾਰੇ ਬਰਾਬਰ ਹਾਂ ਅਤੇ ਸਾਰਿਆਂ ਨੇ ਇਕ ਦੂਸਰੇ ਦੇ ਮੋਢੇ ਨਾਲ ਮੋਢਾ ਜੋੜ ਕੇ ਚਲਣਾ ਹੈ।
   ਹਰ ਗਰੁਪ ਨੇ ਆਪਣੀ ਸੁਵਿਧਾ ਅਨੁਸਾਰ , ਹਰ ਰੋਜ਼, ਤੀਸਰੇ-ਚੌਥੇ ਦਿਨ ਜਾਂ ਹਫਤਾ-ਵਾਰੀ ਜੁੜਨਾ ਹੈ ਅਤੇ ਇਸ ਮਸਲ੍ਹੇ ਬਾਰੇ ਹਰ ਪੱਖ ਤੋਂ ਵਿਚਾਰ ਕਰਨੀ ਹੈ। ਫਿਲਹਾਲ ਕੀਤੇ ਵਿਚਾਰ ਨੂੰ ਮੈਨੂੰ ਘੱਲਿਆ ਜਾ ਸਕਦਾ ਹੈ, ਮੈਂ ਉਨ੍ਹਾਂ ਦੇ ਨਾਮ ਤੇ ਉਹ ਵਿਚਾਰ ਵੈਬਸਾਟਿ ਤੇ ਪਾ ਦਿਆ ਕਰਾਂਗਾ, ਅਗਾਂਹ ਚੱਲ ਕੇ ਕੋਈ ਹੋਰ ਢੰਗ ਵੀ ਲੱਭਿਆ ਜਾ ਸਕਦਾ ਹੈ। ਸਾਰੇ ਗਰੁੱਪਾਂ ਵਾਲੇ ਵੈਬਸਾਇਟ ਤੋਂ ਦੂਸਰਿਆਂ ਦੇ ਵਿਚਾਰ ਪੜ੍ਹ ਕੇ ਅਗਾਂਹ ਦੀ ਰੂਪ-ਰੇਖਾ ਉਲੀ ਸਕਦੇ ਹਨ, ਇਵੇਂ ਅਸੀਂ ਕੰਮ ਕਰਨ ਦੇ ਢੰਗ ਤਾਂ ਉਲੀਕ ਸਕਦੇ ਹਾਂ। ਏਨਾ ਕੁ ਕੰਮ ਕਰਨ ਦੇ ਨਾਲ , ਅਗਾਂਹ ਦੀ ਕੁਝ ਤਾਂ ਵਿਉਂਤ ਬੰਦੀ ਹੋ ਸਕੇਗੀ।
  ਜੇ ਲੋੜ ਸਮਝੀ ਜਾਵੇ ਤਾਂ 15-20 ਕਿਲੋ-ਮੀਟਰ ਵਿਚਲੇ ਗਰੁਪਾਂ ਦੇ ਇਕੱਠ ਕੀਤੇ ਜਾ ਸਕਦੇ ਹਨ। ਜਿਵੇਂ ਜਿਵੇਂ ਗੱਲ ਵਧੇਗੀ, ਅਗਾਂਹ ਬਾਰੇ ਸੋਚਾਂਗੇ । ਫਿਲਹਾਲ ਸ਼ੁਰੂ ਕਰਨ ਦੀ ਲੋੜ ਹੈ, ਹਰ ਬੰਦੇ ਦੇ ਵਿਚਾਰ ਵੈਬਸਾਇਟ ਵਿਚ ਸਾਂਝੇ ਕੀਤੇ ਜਾਣਗੇ।
                     ਬਹੁਤ ਆਸ ਨਾਲ,
                  ਅਮਰ ਜੀਤ ਸਿੰਘ ਚੰਦੀ
                     25-10-2022   
    
             Website:-  <www. thekhalsa.org>
                       Email:-     <chandiajsingh@gmail.com>

                                            25-10-2022

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.