ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਗੁਰਬਾਣੀ ਦੀ ਸਰਲ ਵਿਆਖਿਆ
ਗੁਰਬਾਣੀ ਦੀ ਸਰਲ ਵਿਆਖਿਆ
Page Visitors: 85


    ਗੁਰਬਾਣੀ ਦੀ ਸਰਲ ਵਿਆਖਿਆ   
     ਪੰਚ ਪਰਵਾਣ ਪੰਚ ਪਰਧਾਨੁ ॥ ਪੰਚੇ ਪਾਵਹਿ ਦਰਗਹਿ ਮਾਨੁ ॥
     ਪੰਚੇ ਸੋਹਹਿ ਦਰਿ ਰਾਜਾਨੁ ॥ ਪੰਚਾ ਕਾ ਗੁਰੁ ਏਕੁ ਧਿਆਨੁ ॥
       ਪੰਚਾਂ ਬਾਰੇ ਗੁਰੂ ਗ੍ਰੰਥ ਸਾਹਿਬ ਦਰਪਣ ਵਿਚ ਪ੍ਰੋ, ਸਾਹਿਬ ਸਿੰਘ ਜੀ ਨੇ ਲਿਖਆ ਹੈ ਕਿ ਪੰਚ ਉਹ ਮਨੁੱਖ   ਹਨ, ਜਿਨ੍ਹਾਂ ਪ੍ਰਭੂ ਦਾ ਨਾਮ ਸੁਣਿਆ ਅਤੇ ਮੰਨਿਆ ਵੀ ਹੈ,
ਉਹ ਮਨੁੱਖ, ਜਿਨ੍ਹਾਂ ਦੀ ਸੁਰਤ ਨਾਮ ਵਿਚ ਜੁੜੀ ਰਹਿੰਦੀ ਹੈ, ਜਿਨ੍ਹਾਂ ਦੇ ਅੰਦਰ ਨਾਮ ਦੀ ਪ੍ਰਤੀਤ ਆ ਗਈ ਹੈ।             
ਅਰਥ:- ਜਿਨ੍ਹਾਂ ਮਨੁੱਖਾਂ ਦੀ ਸੁਰਤ ਨਾਮ ਵਿਚ ਜੁੜੀ ਰਹਿੰਦੀ ਹੈ, ਤੇ ਜਿਨ੍ਹਾਂ ਦੇ ਅੰਦਰ ਪ੍ਰਭੂ ਵਾਸਤੇ ਲਗਨ ਬਣ ਜਾਂਦੀ ਹੈ, ਉਹੀ ਮਨੁੱਖ ਏਥੇ ਜਗਤ ਵਿਚ ਮੰਨੇ ਪ੍ਰਮੰਨੇ ਰਹਿੰਦੇ ਹਨ, ਅਤੇ ਸਭ ਦੇ ਆਗੂ ਹੁੰਦੇ ਹਨ, ਅਕਾਲ- ਪੁਰਖ ਦੀ ਦਰਗਾਹ ਵਿਚ ਵੀ ਉਹ ਪੰਚ ਜਨ ਹੀ ਆਦਰ ਪਾਉਂਦੇ ਹਨ।  ਰਾਜ-ਦਰਬਾਰਾਂ ਵਿਚ ਵੀ ਉਹ ਪੰਚ-ਜਨ ਹੀ ਸੋਭਦੇ ਹਨ। ਇਨ੍ਹਾਂ ਪੰਚ-ਜਨਾ ਦੀ ਸੁਰਤ ਦਾ ਕੇਂਦਰ, ਇਕੁ ਤੇ ਸਿਰਫ ਇਕੁ ਗੁਰੁ, ਅਕਾਲ-ਪੁਰਖ ਹੀ ਹੁੰਦਾ ਹੈ।   
   ਜੇ ਕੋ ਕਹੈ ਕਰੈ ਵੀਚਾਰੁ ॥ ਕਰਤੇ ਕੈ ਕਰਣੈ ਨਾਹੀ ਸੁਮਾਰੁ ॥
      ਗੁਰ-ਸ਼ਬਦ ਵਿਚ ਸੁਰਤ ਜੁੜੇ ਰਹਣ ਦਾ ਇਹ ਸਿੱਟਾ ਨਹੀਂ ਨਿਕਲ ਸਕਦਾ ਕਿ, ਕੋਈ ਮਨੁੱਖ ਪ੍ਰਭੂ ਦੀ ਰਚੀ ਸ੍ਰਿਸ਼ਟੀ ਦਾ ਅੰਤ ਪਾ ਸਕੇ। ਅਕਾਲ-ਪੁਰਖ ਦੀ ਕੁਦਰਤ ਦਾ ਕੋਈ ਲੇਖਾ-ਜੋਖਾ ਹੈ ਹੀ ਨਹੀਂ, ਭਾਵ ਅੰਤ ਨਹੀਂ ਹੋ ਸਕਦਾ, ਭਾਵੇਂ ਕੋਈ ਕਥਨ ਕਰ ਵੇਖੇ ਤੇ ਵਿਚਾਰ ਕਰ ਲਵੇ, ਪਰਮਾਤਮਾ ਤੇ ਉਸ ਦੀ ਕੁਦਰਤ ਦਾ ਅੰਤ ਲੱਭਣਾ, ਮਨੁੱਖ ਦੀ ਜ਼ਿੰਦਗੀ ਦਾ ਮੰਤਵ ਹੋ ਹੀ ਨਹੀਂ ਸਕਦਾ।   
   ਧੌਲੁ ਧਰਮੁ ਦਇਆ ਕਾ ਪੂਤੁ ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥
     ਜੇ ਕੋ ਬੂਝੈ ਹੋਵੈ ਸਚਿਆਰੁ ॥ ਧਵਲੈ ਉਪਰਿ ਕੇਤਾ ਭਾਰੁ ॥
     ਧਰਤੀ ਹੋਰੁ ਪਰੈ ਹੋਰੁ ਹੋਰੁ ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥
       ਅਕਾਲ-ਪੁਰਖ ਦਾ ਬੱਝਵਾਂ, ਧਰਮ ਰੂਪੀ ਨਿਯਮ, ਸ੍ਰਿਸ਼ਟੀ ਨੂੰ ਨਿਯਮ ਪੂਰਵਕ ਟਿਕਾਈ  ਖੜਾ ਹੈ, ਉਸ ਨੂੰ ਭਾਵੇਂ ਬ੍ਰਾਹਮਣ ਦਾ ਬਲਦ ਆਖ ਲਵੋ ਜਾਂ ਕੁਝ ਹੋਰ। ਇਹ ਹੈ "ਧਰਮ" ਅਤੇ ਧਰਮ ਦੀ ਜਨਣੀ ਸਦਾ ਦਇਆ ਹੁੰਦੀ ਹੈ, ਜਿਸ ਨੇ ਹਰ ਚੀਜ਼ ਸੰਤੋਖ ਦੇ ਬਲ ਨਾਲ ਖਿੱਚ ਕੇ ਟਿਕਾਈ ਹੋਈ ਹੈ।  ਜੇ ਕੋਈ ਮਨੁੱਖ ਇਸ ਵਿਚਾਰ ਨੂੰ ਸਮਝ ਲਵੇ, ਤਾਂ ਉਹ ਇਸ ਜੋਗ ਹੋ ਜਾਂਦਾ ਹੈ ਕਿ ਉਸ ਦੇ ਅੰਦਰ ਅਕਾਲ-ਪੁਰਖ ਦਾ ਪ੍ਰਕਾਸ਼ ਹੋ ਜਾਵੇ ਨਹੀਂ ਤਾਂ ਖਿਆਲ ਤਾਂ ਕਰੋ ਕਿ ਬਲਦ ਉੱਤੇ ਧਰਤੀ ਦਾ ਕਿੰਨਾ ਕੁ ਬੇਅੰਤ ਭਾਰ ਹੈ। ਉਹ ਵਿਚਾਰਾ ਇਤਨੇ ਭਾਰ ਨੂੰ ਚੁੱਕ ਕਿਵੇਂ ਸਕਦਾ ਹੈ ?  ਦੂਜੀ ਵਿਚਾਰ ਹੋਰ ਹੈ ਕਿ ਜੇ ਧਰਤੀ ਦੇ ਭਾਰ ਹੇਠ  ਬਲਦ ਹੈ, ਉਸ ਬਲਦ ਨੂੰ ਸਹਾਰਾ ਦੇਣ ਲਈ, ਹੇਠ ਹੋਰ ਧਰਤੀ ਹੋਈ, ਉਸ ਧਰਤੀ ਹੇਠ ਹੋਰ ਬਲਦ, ਉਸ ਤੋਂ ਹੇਠ ਹੋਰ ਧਰਤੀ, ਫਿਰ ਹੇਠ ਹੋਰ ਬਲਦ, ਇਵੇਂ ਹੀ ਹੇਠਲੇ ਬਲਦ ਤੋਂ ਭਾਰ ਸਹਾਰਨ ਲਈ ਉਸ ਦੇ ਥੱਲੇ ਕਿਹੜਾ ਆਸਰਾ ਹੋਵੇਗਾ ?    

 

                 ਅਮਰ ਜੀਤ ਸਿੰਘ ਚੰਦੀ        

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.