ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ ॥ (ਭਾਗ 4)
ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ ॥ (ਭਾਗ 4)
Page Visitors: 28

ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ ॥ (ਭਾਗ 4)
     ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥
     ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥
      ਜਦੋਂ ਜਗਤ ਬਣਿਆ ਸੀ, ਤਦੋਂ ਕਿਹੜੀ ਥਿੱਤ ਸੀ, ਕਿਹੜਾ ਵਾਰ ਸੀ, ਇਹ ਗੱਲ ਕੋਈ ਜੋਗੀ ਵੀ ਨਹੀਂ ਜਾਣਦਾ। ਕੋਈ ਮਨੁੱਖ ਵੀ ਨਹੀਂ ਦੱਸ ਸਕਦਾ ਕਿ ਤਦੋਂ ਕਿਹੜੀ ਰੁੱਤ ਸੀ ਅਤੇ ਕਿਹੜਾ ਮਹੀਨਾ ਸੀ। ਜੋ ਸਿਰਜਣਹਾਰ ਇਸ ਜਗਤ ਨੂੰ ਪੈਦਾ ਕਰਦਾ ਹੈ, ਉਹ ਆਪ ਹੀ ਜਾਣਦਾ ਹੈ ਕਿ ਜਗਤ ਕਦੋਂ ਰਚਿਆ।  
     ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ॥
     ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ
      ਮੈਂ ਕਿਸ ਤਰ੍ਹਾਂ ਅਕਾਲ-ਪੁਰਖ ਦੀ ਵਡਿਆਈ ਦੱਸਾਂ, ਕਿਸ ਤਰ੍ਹਾਂ ਅਕਾਲ ਪੁਰਖ ਦੀ ਸਿਫਤ-ਸਾਲਾਹ ਕਰਾਂ, ਕਿਸ ਤਰ੍ਹਾਂ ਅਕਾਲ-ਪੁਰਖ ਦੀ ਵਡਿਆਈ ਦਾ ਵਰਨਣ ਕਰਾਂ ਅਤੇ ਕਿਸ ਤਰ੍ਹਾਂ ਸਮਝ ਸਕਾਂ ?   ਹੇ ਨਾਨਕ, ਹਰੇਕ ਜੀਵ ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਾ ਸਮਝ ਕੇ, ਅਕਾਲ-ਪੁਰਖ ਦੀ ਵਡਿਆਈ ਦੱਸਣ ਦਾ ਜਤਨ ਕਰਦਾ ਹੈ, ਪਰ ਦੱਸ ਨਹੀਂ ਸਕਦਾ।
     ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥
     ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ॥21॥
      ਅਕਾਲ-ਪੁਰਖ ਸਭ ਤੋਂ ਵੱਡਾ ਹੈ, ਉਸ ਦੀ ਵਡਿਆਈ ਉੱਚੀ ਹੈ। ਜੋ ਕੁਝ ਜਗਤ ਵਿਚ ਹੋ ਰਿਹਾ ਹੈ, ਓਸੇ ਦਾ ਕੀਤਾ ਹੋ ਰਿਹਾ ਹੈ।
 ਹੇ ਨਾਨਕ, ਜੇ ਕੋਈ ਮਨੁੱਖ ਆਪਣੀ ਅਕਲ ਦੇ ਆਸਰੇ, ਪ੍ਰਭੂ ਦੀ ਵਡਿਆਈ ਦਾ ਅੰਤ ਪਾਣ ਦਾ ਜਤਨ ਕਰੇ, ਉਹ 
ਅਕਾਲ-ਪੁਰਖ ਦੇ ਦਰ ਤੇ ਜਾ ਕੇ ਆਦਰ ਨਹੀਂ ਪਾਉਂਦਾ।21।
 ਜਿਸ ਮਨੁੱਖ ਨੇ ਨਾਮ ਵਿਚ, ਪ੍ਰਭੂ ਦੀ ਰਜ਼ਾ ਵਿਚ ਸੁਰਤ ਜੋੜੀ ਹੈ, ਜਿਸ ਨੂੰ ਸਿਮਰਨ ਦੀ ਲਗਨ ਲੱਗ ਗਈ ਹੈ, ਜਿਸ ਦੇ ਮਨ ਵਿਚ ਪ੍ਰਭੂ ਦਾ ਪਿਆਰ ਉਪਜਿਆ ਹੈ, ਉਸ ਦਾ ਆਤਮਾ ਸ਼ੁੱਧ, ਪਵਿੱਤ੍ਰ ਹੋ ਜਾਂਦਾ ਹੈ। ਪਰ ਇਹ ਭਗਤੀ ਵੀ ਉਸ ਦੀ ਮਿਹਰ ਨਾਲ ਹੀ ਮਿਲਦੀ ਹੈ।   ਸਿਮਰਨ ਦਾ ਇਹ ਸਿੱਟਾ ਨਹੀਂ ਹੋ ਸਕਦਾ ਕਿ ਮਨੁੱਖ ਇਹ ਦੱਸ ਸਕੇ ਕਿ ਜਗਤ ਕਦੋਂ ਬਣਿਆ ? ਪੰਡਿਤ, ਕਾਜ਼ੀ, ਜੋਗੀ ਕੋਈ ਵੀ ਇਹ ਭੇਤ ਨਹੀਂ ਪਾ ਸਕੇ। ਪਰਮਾਤਮਾ ਬੇਅੰਤ ਵੱਡਾ ਹੈ, ਉਸ ਦੀ ਵਡਿਆਈ ਵੀ ਬੇਅੰਤ, ਉਸ ਦੀ ਰਚਨਾ ਵੀ ਬੇਅੰਤ ਹੈ।21।
  ਇਸ ਆਧਾਰ ਤੇ ਇਹ ਸਪੱਸ਼ਟ ਹੈ ਕਿ ਨਾਨਕ ਜੋਤ ਨੇ ਜੋ ਪਰਮਾਤਮਾ ਦਾ ਸ਼ਾਬਦਿਕ ਚਿਤ੍ਰ ਬਣਾਇਆ ਹੈ, ਉਸ ਦੇ ਆਖਰ ਤੇ ਇਹੀ ਸਪੱਸ਼ਟ ਕੀਤਾ ਹੈ ਕਿ ਇਹ ਸਾਰਾ ਕੁਝ ਵੀ ਮੈਂ ਸ਼ਬਦ ਗੁਰੂ ਦੀ ਬਖਸ਼ਿਸ਼ ਨਾਲ ਹੀ ਜਾਣਿਆ ਹੈ "ਗੁਰ ਪ੍ਰਸਾਦਿ" ਨਾਲ ਹੀ ਮੈਨੂੰ ਇਹ ਸੋਝੀ ਹੋਈ ਹੈ।
  ਏਨਾ ਕੁਝ ਹੋਣ ਤੇ ਵੀ ਸਿੱਖ ਭੇਸ ਵਿਚ ਲੱਖਾਂ ਹੀ ਅਜਿਹੇ ਹਨ, ਜੋ ਸਿੱਖਾਂ ਸਾਹਵੇਂ ਇਹ ਪੇਸ਼ ਕਰਦੇ ਹਨ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਵਿਚੋਂ ਲਈ ਸਿੱਖਆ ਹੀ ਤੁਹਾਨੂੰ ਦੇ ਰਹੇ ਹਾਂ, ਪਰ ਅਸਲ ਵਿਚ ਉਹ ਆਪਣੇ ਆਪ ਨੂੰ ਪਰਮਾਤਮਾ ਦੇ ਬਰਾਬਰ ਹੀ ਨਹੀਂ, ਉਸ ਨਾਲੋਂ ਵੀ ਉੱਚਾ ਸਮਝਦੇ ਹਨ, ਡੇਰੇ ਬਣਾਈ ਬੈਠੇ ਹਨ ਕਿ ਆਉ, ਜੋ ਚੀਜ਼ ਤੁਹਾਨੂੰ ਰੱਬ ਕੋਲੋਂ ਨਹੀਂ ਮਿਲੀ, ਉਹ ਚੀਜ਼ ਅਸੀਂ ਤੁਹਾਨੂੰ ਦੇਂਦੇ ਹਾਂ।
        ਚੰਦੀ ਅਮਰ ਜੀਤ ਸਿੰਘ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.