ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਸਿੱਖ ! ਸਰਬੱਤ ਖਾਲਸਾ ! ਅਤੇ ਸਿੱਖਾਂ ਦਾ ਟੀਚਾ ? (ਭਾਗ ਤੀਜਾ)
ਸਿੱਖ ! ਸਰਬੱਤ ਖਾਲਸਾ ! ਅਤੇ ਸਿੱਖਾਂ ਦਾ ਟੀਚਾ ? (ਭਾਗ ਤੀਜਾ)
Page Visitors: 2623

 ਸਿੱਖ ! ਸਰਬੱਤ ਖਾਲਸਾ ! ਅਤੇ ਸਿੱਖਾਂ ਦਾ ਟੀਚਾ ?  (ਭਾਗ ਤੀਜਾ)
 ਮੁੜਦੇ ਹਾਂ ਸਰਬੱਤ ਖਾਲਸਾ ਦੇ ਇਤਿਹਾਸ ਵੱਲ।  
1699 ਮਗਰੋਂ ਗੁਰੂ ਸਾਹਿਬ ਵਲੋਂ ਦਿੱਤੇ ਅਧਿਕਾਰਾਂ ਆਸਰੇ ਪਹਿਲਾ ਸਰਬੱਤ ਖਾਲਸਾ ਤਦ ਹੋਇਆ, ਜਦ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੀ ਪਰਖ ਲਈ ਦਾਦੂ ਦੀ ਕਬਰ ਵੱਲ ਤੀਰ ਦੀ ਨੁੱਕੀ ਝੁਕਾਈ ਤਾਂ, ਨਾਲ ਚੱਲ ਰਹੇ ਸਿੱਖਾਂ ਨੇ ਗੁਰੂ ਸਾਹਿਬ ਨੂੰ ਟੋਕ ਦਿੱਤਾ, ਅਤੇ ਤੰਖਾਹ ਲਾਈ। ਗੁਰੂ ਸਾਹਿਬ ਨੇ ਬੜੀ ਖੁਸ਼ੀ ਨਾਲ ਤੰਖਾਹ ਕਬੂਲ ਕੀਤੀ। ਇਸ ਮਗਰੋਂ ਦੂਸਰਾ ਸਰਬੱਤ ਖਾਲਸਾ ਇਕੱਠ ਉਸ ਵੇਲੇ ਹੋਇਆ ਜਦ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਚਮਕੌਰ ਦੀ ਗੜ੍ਹੀ ਛੱਡ ਜਾਣ ਦਾ ਹੁਕਮ ਕੀਤਾ।  (ਇਸ ਨੂੰ ਵੀ ਗੁਰੂ ਸਾਹਿਬ ਨੇ ਖਿੜੇ ਮੱਥੇ ਕਬੂਲ ਕੀਤਾ)
   ਏਥੇ ਇਕ ਗੱਲ ਹੋਰ ਵਿਚਾਰਨ ਵਾਲੀ ਹੈ ਕਿ, ਸਰਬੱਤ-ਖਾਲਸਾ ਇਕੱਠ ਵਿਚ ਕਿੰਨੇ ਸਿੰਘ ਸ਼ਾਮਲ ਹੋਣੇ ਜ਼ਰੂਰੀ ਹਨ ?
 ਇਤਿਹਾਸ ਦੀ ਗਵਾਹੀ ਅਨੁਸਾਰ ਇਸ ਇਕੱਠ ਵਿਚ 2 ਤੋਂ 20-25 ਸਿੰਘ ਤੱਕ ਸ਼ਾਮਲ ਹੋ ਸਕਦੇ ਹਨ। ਦੋ ਤੋਂ ਘੱਟ ਨਾਲ ਵਿਚਾਰ ਵਟਾਂਦਰਾ ਨਹੀਂ ਹੋ ਸਕਦਾ, ਅਤੇ 20-25 ਤੋਂ ਵੱਧ ਵਿਚ ਵੀ ਵਿਚਾਰ ਵਟਾਂਦਰਾ ਸੰਭਵ ਨਹੀਂ ਹੈ।
 ਇਤਿਹਾਸ ਮੁਤਾਬਕ ਦੋ ਸਿੰਘਾਂ, ਭਾਈ ਗਰਜਾ ਸਿੰਘ ਅਤੇ ਭਾਈ ਬੋਤਾ ਸਿੰਘ ਨੇ ਜਦ ਸਰਕਾਰ ਦਾ ਢੰਡੋਰਾ ਸੁਣਿਆ ਕਿ, ਸਾਰੇ ਸਿੱਖ ਖਤਮ ਕਰ ਦਿੱਤੇ ਗਏ ਹਨ ਤਾਂ ਉਨ੍ਹਾਂ ਗੁਰਮਤਾ ਕੀਤਾ ਅਤੇ ਸੜਕ ਤੇ ਚੁੰਗੀ ਲਗਾ ਦਿੱਤੀ, ਕਈ ਦਿਨ ਚੂੰਗੀ ਵਸੂਲਦੇ ਰਹੇ, ਇਹ ਵੀ ਸਰਬੱਤ-ਖਾਲਸਾ ਦਾ ਫੈਸਲਾ ਹੀ ਸੀ, ਸਿੱਖਾਂ ਦਾ ਇਕੱਠੇ ਹੋ ਕੇ, ਨਿਸਵਾਰਥ ਰੂਪ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ ਕੀਤਾ ਗੁਰਮਤਾ ਸਰਬੱਤ-ਖਾਲਸਾ ਦਾ ਫੈਸਲਾ ਹੀ ਹੁੰਦਾ ਹੈ।
  ਅਜਿਹਾ ਹੀ ਇਕ ਹੋਰ ਸਰਬੱਤ-ਖਾਲਸਾ ਤਦ ਹੋਇਆ ਜਦ ਗੁਰਦਵਾਰਾ ਬੁੱਢਾ-ਜੌਹੜ, (ਗੰਗਾ ਨਗਰ, ਰਾਸਥਾਨ) ਵਿਖੇ ਭਰੇ ਦੀਵਾਨ ਵਿਚ ਮੱਸੇ-ਰੰਘੜ ਦੇ ਜ਼ੁਲਮਾਂ ਬਾਰੇ ਚਰਚਾ ਹੋ ਰਹੀ ਸੀ ਤਾਂ ਦੋ ਸਿੱਖਾਂ, ਭਾਈ ਸੁੱਖਾ ਸਿੰਘ-ਭਾਈ ਮਤਾਬ ਸਿੰਘ ਨੇ ਮੱਸੇ ਰੰਘੜ ਨੂੰ ਸੋਧਣ ਦਾ ਗੁਰਮਤਾ ਕੀਤਾ। ਉਹ ਗੁਰਮਤਾ, ਜਿਹੜਾ ਗੁਰਮਤਿ ਅਨੁਸਾਰ, ਪੂਰੇ ਪੰਥ ਨਾਲ ਸਬੰਧਤ ਮਸਲ੍ਹੇ ਤੇ ਕੀਤਾ ਜਾਵੇ, ਉਹ ਸਰਬੱਤ-ਖਾਲਸਾ ਦਾ ਫੈਸਲਾ ਹੈ। ਵੈਸੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ, ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਵੀ ਸਰਬੱਤ-ਖਾਲਸਾ ਦੇ ਪ੍ਰਤੀਨਿਧੀ ਵਜੋਂ ਪੰਜ ਸਿੱਖ ਘੱਲੇ ਸਨ, ਇਹ ਗੱਲ ਵੱਖਰੀ ਹੈ ਕਿ ਕੁਝ ਸਵਾਰਥ ਕਾਰਨ, ਉਹ ਆਪਣਾ ਫਰਜ਼ ਪੂਰਾ ਨਾ ਕਰ ਸਕੇ, ਜਿਸ ਦੇ ਸਿੱਟੇ ਵਜੋਂ ਨਵ-ਜੰਮਿਆ ਖਾਲਸਾ ਰਾਜ ਖਤਮ ਹੋ ਗਿਆ। ਇਤਿਹਾਸ ਤਾਂ ਪੈਰ-ਪੈਰ ਤੇ ਸਾਡੀ ਅਗਵਾਈ ਕਰਦਾ ਹੈ, ਪਰ ਉਸ ਤੋਂ ਫਾਇਦਾ ਤਦ ਹੀ ਉਠਾਇਆ ਜਾ ਸਕਦਾ ਹੈ, ਜੇ ਅਸੀਂ ਉਸ ਨੂੰ ਪੂਰੀ ਤਰ੍ਹਾਂ ਸਮਝੀਏ ਅਤੇ ਉਸ ਅਨੁਸਾਰ ਅਮਲ ਕਰੀਏ। ਏਥੇ ਵੀ ਸਾਫ ਅਗਵਾਈ ਹੈ ਕਿ ਸਰਬੱਤ-ਖਾਲਸਾ ਤਦ ਹੀ ਕਾਮਯਾਬ ਹੋ ਸਕਦਾ ਹੈ, ਜੇ ਸਰਬੱਤ-ਖਾਲਸਾ ਕਰਨ ਵਾਲੇ ਸਵਾਰਥ ਤੋਂ ਰਹਿਤ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਵਿਚ ਸਰਬੱਤ ਦੇ ਭਲੇ ਦਾ ਫੈਸਲਾ ਲੈਣ।
    (ਇਸ ਗੱਲ ਤੇ ਮੁੜ-ਮੁੜ ਕੇ ਏਸੇ ਲਈ ਜੋਰ ਦਿੱਤਾ ਜਾ ਰਿਹਾ ਹੈ, ਕਿਉਂਕਿ ਅੱਜ ਦੇ ਜ਼ਮਾਨੇ ਵਿਚ ਸਵਾਰਥ ਤੋਂ ਖਾਲੀ ਸਿੱਖ ਲੱਭਣਾ ਬਹੁਤ ਮੁਸ਼ਕਿਲ ਹੈ, ਫਿਰ ਵੀ ਸਰਬੱਤ-ਖਾਲਸਾ ਕਰਨ ਵਾਲੇ ਭਾਵੇਂ ਦੋ ਹੀ ਹੋਣ, ਪਰ ਉਨ੍ਹਾਂ ਵਿਚ ਕੋਈ ਸਵਾਰਥੀ ਨਾ ਹੋਵੇ। ਮੈਂ ਇਹ ਜਾਣਦਾ ਹਾਂ ਕਿ ਇਹ ਕੰਮ ਬਹੁਤ ਮੁਸ਼ਕਿਲ ਹੀ ਨਹੀਂ ਲਗ-ਭਗ ਅਸੰਭਵ ਹੈ, ਪਰ ਜੇ ਅਸੀਂ ਸਹੀ ਰਾਹ ਤੇ ਆਉਣਾ ਹੈ ਤਾਂ ਇਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ, ਸਵਾਰਥੀ ਤਾਂ ਆਪਣੇ ਸਵਾਰਥ ਦੇ ਹੀ ਫੈਸਲੇ ਲੈਣਗੇ। ਇਹੀ ਕਾਰਨ ਹੈ ਕਿ ਸਿੱਖ ਲੀਡਰ ਇਕੱਠੇ ਹੋ ਕੇ ਨਹੀਂ ਬੈਠ ਰਹੇ, ਉਨ੍ਹਾਂ ਦਾ ਆਪਣਾ ਸਵਾਰਥ ਹੀ ਉਨ੍ਹਾਂ ਨੂੰ ਮਿਲ ਕੇ ਨਹੀਂ ਬੈਠਣ ਦਿੰਦਾ)  
  ਜਿਹੜੇ ਸਰਬੱਤ-ਖਾਲਸਾ ਇਕੱਠਾਂ ਨੇ ਪੰਥ ਦੀ ਨੁਹਾਰ ਬਦਲ ਦਿੱਤੀ, ਜਿਸ ਸਰਬੱਤ-ਖਾਲਸਾ ਤੋਂ ਦੁਸ਼ਮਣਾਂ ਨੂੰ ਹੀ ਨਹੀਂ, ਸਿੱਖ ਰਾਜਿਆਂ ਅਤੇ ਮਹਾਰਾਜਿਆਂ ਨੂੰ ਵੀ ਡਰ ਲਗਦਾ ਸੀ। ਉਨ੍ਹਾਂ ਵਿਚ 20-25 ਪ੍ਰਤੀਨਿਧੀ ਹੀ ਹਿੱਸਾ ਲੈਂਦੇ ਸਨ। ਜਿਹੜੇ ਅੱਜ ਖਿਲਾਰਾ ਪੌਣ ਦੀ ਨੀਅਤ ਨਾਲ ਇਹ ਕਹਿੰਦੇ ਹਨ ਕਿ ਉਸ ਵੇਲੇ ਸਿੱਖਾਂ ਦੀ ਗਿਣਤੀ ਬਹੁਤ ਘੱਟ ਸੀ, ਇਸ ਲਈ ਸਰਬੱਤ-ਖਾਲਸਾ ਸੱਦਣਾ ਆਸਾਨ ਸੀ, ਪਰ ਅੱਜ ਗਿਣਤੀ ਜ਼ਿਆਦਾ ਹੋਣ ਕਰ ਕੇ ਇਹ ਸੰਭਵ ਨਹੀਂ ਹੈ, ਅੱਜ ਸਾਰੀ ਦੁਨੀਆ ਵਿਚਲੀਆਂ ਸੰਸਥਾਵਾਂ ਦੇ ਨਮਾਇੰਦੇ ਲੈਣੇ ਪੈਣਗੇ। ਉਹ ਇਹ ਭੁੱਲ ਜਾਂਦੇ ਹਨ, ਜਾਂ ਜਾਣ-ਬੁਝ ਕੇ ਘੇਸਲ ਵੱਟ ਰਹੇ ਹਨ ਕਿ ਜਿਸ ਵੇਲੇ ਸਿੱਖਾਂ ਦੀ ਫੌਜ ਵਿਚ ਪੰਜਾਹ ਹਜ਼ਾਰ ਤੋਂ ਉਪਰ ਫੌਜੀ ਸਨ, ਉਸ ਵੇਲੇ ਸਿੱਖਾਂ ਦੀ ਗਿਣਤੀ ਘੱਟ ਕਿਵੇਂ ਹੋਵੇਗੀ ?                
   ਇਕ ਪੱਖ ਹੋਰ ਵਿਚਾਰਨ ਵਾਲਾ ਹੈ ਕਿ ਇਕ ਸਮੇ ਕਿੰਨੇ ਥਾਵਾਂ ਤੇ ਸਰਬੱਤ-ਖਾਲਸਾ ਇਕੱਠ ਕੀਤਾ ਜਾ ਸਕਦਾ ਹੈ ?
  ਆਪਾਂ ਉਪਰ ਵਿਚਾਰਿਆ ਹੈ ਕਿ ਸਰਬੱਤ-ਖਾਲਸਾ ਦੇ ਇਕੱਠ ਵਿਚ ਭਾਗ ਲੈਣ ਵਾਲਾ ਸਿੱਖ ਗੁਰਮੁਖਿ ਹੋਵੇ, ਧੜੇ-ਬੰਦੀ ਅਤੇ ਸਵਾਰਥ ਤੋਂ ਨਿਰਲੇਪ, ਸਰਬੱਤ ਦੇ ਭਲੇ ਦਾ ਅਭਿਲਾਖੀ ਹੋਵੇ।
        (ਇਸ ਮਾਮਲੇ ਵਿਚ ਢਿੱਲ ਦੇਣ ਦਾ ਚਾਹਵਾਨ ਸਾਰੇ ਪੰਥ ਨੂੰ ਜ਼ਹਰ ਦੇਣ ਦਾ ਦੋਸ਼ੀ ਗਿਣਿਆ ਜਾ ਸਕਦਾ ਹੈ)
   ਅਜਿਹੇ ਬੰਦੇ ਜਿੱਥੇ ਵੀ ਉਪਲਭਦ ਹੋਣ, ਭਾਵੇਂ ਦੋ ਹੀ ਹੋਣ, ਓਥੇ ਹੀ ਸਰਬੱਤ-ਖਾਲਸਾ ਦਾ ਇਕੱਠ ਕੀਤਾ ਜਾ ਸਕਦਾ ਹੈ। ਇਵੇਂ ਭਾਵੇਂ ਦੁਨੀਆਂ ਵਿਚ ਇਕ ਟਾਈਮ ਤੇ ਸੌ ਥਾਂ ਵੀ ਸਰਬੱਤ-ਖਾਲਸਾ ਦਾ ਇਕੱਠ ਹੋਵੇ, ਕੋਈ ਹਰਜ ਨਹੀਂ, ਸਵਾਂ ਇਸ ਤਰ੍ਹਾਂ ਨਾਲ ਇਕ ਹੀ ਮੁੱਦੇ ਤੇ ਬਹੁਤੇ ਥਾਂ ਕੀਤੇ ਗੁਰਮਤੇ, ਕਈ ਪੱਖਾਂ ਤੋਂ ਵਿਚਾਰੇ ਹੋਏ ਹੋਣਗੇ, ਜਿਨ੍ਹਾਂ ਵਿਚੋਂ ਕੱਢੇ ਨਚੋੜ ਵਿਚ ਗਲਤੀ ਰਹਣ ਦੀ ਬਹੁਤ ਘੱਟ ਸੰਭਾਵਨਾ ਹੋਵੇਗੀ, ਨਾਲੇ ਹਰ ਥਾਂ ਸਰਬੱਤ ਖਾਲਸਾ ਕਰਨ ਵਾਲਿਆਂ ਦੀ ਪੱਧਰ ਦਾ ਵੀ ਕੁਝ ਗਿਆਨ ਹੁੰਦਾ ਰਹੇਗਾ, ਜਿਸ ਨਾਲ ਚੰਗੇ ਲੀਡਰ ਕੱਢਣ ਵਿਚ ਸੌਖ ਹੋਵੇਗੀ।
     ਅਸੀਂ ਅਜਿਹੇ ਸਰਬੱਤ-ਖਾਲਸਾ ਦਾ ਇੰਤਜ਼ਾਮ ਕਿਵੇਂ ਕਰ ਸਕਦੇ ਹਾਂ ?
   ਦੁਨੀਆ ਦੇ ਜਿੰਨੇ ਵੀ ਧਰਮ ਹਨ, ਸਭ ਦੀਆਂ ਅਜਿਹੀਆਂ ਕਮੇਟੀਆਂ ਹਨ, ਜਿਨ੍ਹਾਂ ਨੂੰ ਥਿੰਕ-ਟੈਂਕ (Think Tank) ਕਿਹਾ ਜਾਂਦਾ ਹੈ, ਜਿਸ ਦੇ ਮੈਂਬਰ ਉਸ ਧਰਮ ਦੇ ਉਹ ਬੰਦੇ ਹੁੰਦੇ ਹਨ, ਜੋ 60-65 ਸਾਲ ਤੋਂ ਉਪਰ ਦੇ ਵਿਚਾਰਕ ਹੋਣ, ਜੋ ਆਪਣਾ ਦੁਨਿਆਵੀ ਫਰਜ਼, ਪੂਰਾ ਕਰ ਬੈਠੇ ਹੋਣ। ਉਹ ਹਰ ਵੇਲੇ ਮਿਲ-ਬੈਠ ਕੇ, ਅਜਿਹੀਆਂ ਸਕੀਮਾਂ ਬਣਾਉਂਦੇ ਰਹਿੰਦੇ ਹਨ, ਜਿਨ੍ਹਾਂ ਦੇ ਆਸਰੇ ਉਨ੍ਹਾਂ ਦਾ ਧਰਮ ਦੂਸਰੇ ਧਰਮਾਂ ਤੋਂ ਪੱਛੜ ਨਾ ਜਾਵੇ। ਇਵੇਂ ਸਿੱਖਾਂ ਵਿਚ ਵੀ ਬਹੁਤ ਸਾਰੇ ਦੂਰ-ਅੰਦੇਸ਼ ਸਿੱਖ ਪਏ ਹਨ, ਲੋੜ ਹੈ ਉਨ੍ਹਾਂ ਨੂੰ ਘਰਾਂ ਦੀ ਘੁਟਣ ਭਰੀ ਜ਼ਿੰਦਗੀ ਵਿਚੋਂ ਕੱਢ ਕੇ ਇਸ ਪਾਸੇ ਲਾਉਣ ਦੀ, ਉਨ੍ਹਾਂ ਨੂੰ ਇਕ ਥਾਂ ਇਕੱਠੇ ਰਹਣ ਦੀ ਸਹੂਲਤ ਦੇਣ ਦੀ, ਫਿਰ ਉਨ੍ਹਾਂ ਦਾ ਤਜਰਬਾ, ਸਿੱਖਾਂ ਨੂੰ ਉਹ ਸਭ ਕੁਝ ਦੇ ਸਕਦਾ ਹੈ, ਜਿਸ ਦੀ ਸਿੱਖੀ ਨੂੰ ਲੋੜ ਹੈ। ਅਜਿਹੀਆਂ ਇਕ ਤੋਂ ਵੱਧ ਕਮੇਟੀਆਂ ਵੀ ਬਣਾਈਆਂ ਜਾ ਸਕਦੀਆਂ ਹਨ, ਜੋ ਆਪਣੇ-ਆਪਣੇ ਮੁਲਕ ਵਿਚ ਹੀ ਇਹ ਕੰਮ ਕਰਨ।
  ਰਿਹਾ ਸਵਾਲ ਖਰਚੇ ਦਾ, ਤਾਂ ਸਿੱਖਾਂ ਦੇ ਗੁਰਦਵਾਰਿਆਂ, ਡੇਰਿਆਂ, ਟਕਸਾਲਾਂ ਆਦਿ ਵਿਚ ਸਾਲ ਦਾ ਜਿੰਨਾ ਪੈਸਾ ਚੜ੍ਹਾਵੇ ਦਾ ਆਉਂਦਾ ਹੈ, ਜਿੰਨੇ ਪੈਸੇ ਤੇ ਉਹ ਕੁੰਡਲੀ ਮਾਰੀ ਬੈਠੇ ਹਨ, ਇਸ ਕੰਮ ਵਿਚ ਉਸ ਦਾ ਹਜ਼ਾਰਵਾਂ ਹਿੱਸਾ ਵੀ ਨਹੀਂ ਖਰਚ ਹੋਣ ਵਾਲਾ। ਜੇ ਇਹ ਸਾਰੀਆਂ ਸੰਸਥਾਵਾਂ ਸਿੱਖਾਂ ਦੇ ਕੰਟਰੋਲ ਵਿਚ ਹੋਣ, ਸਾਰਾ ਪੈਸਾ ਪੰਥ-ਭਲਾਈ ਤੇ ਲੱਗੇ ਤਾਂ, ਕੁਝ ਦਹਾਕਿਆਂ ਵਿਚ ਹੀ ਸਿੱਖ ਆਪਣੇ ਟੀਚੇ ਵੱਲ ਤੁਰ ਸਕਦੇ ਹਨ।
    ਅਜਿਹੀਆਂ ਕਮੇਟੀਆਂ ਦੇ ਮੈਂਬਰਾਂ ਦੀ ਯੋਗਤਾ ਕੀ ਹੋਵੇ ?
   1.  ਪੂਰੀ ਤਰ੍ਹਾਂ ਗੁਰਮਤਿ ਨੂੰ ਸਮੱਰਪਿਤ ਹੋਵੇ ।
    2.  ਉਸ ਨੇ ਜਿਸ ਖੇਤਰ ਵਿਚ ਕੰਮ ਕੀਤਾ ਹੋਵੇ, ਉਸ ਦੀ ਊਚ-ਨੀਚ ਤੋਂ ਭਲੀ-ਭਾਂਤ ਜਾਣੂ ਹੋਵੇ ।
    3.  ਸਵਾਰਥੀ ਜਾਂ ਧੜੇਬਾਜ ਨਾ ਹੋਵੇ ।
   ਇਸ ਕਮੇਟੀ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਹੋਵੇ ?
 ਇਸ ਕਮੇਟੀ ਵਿਚ 5 ਤੋਂ 11 ਮੈਂਬਰ ਹੋ ਸਕਦੇ ਹਨ, ਵੈਸੈ ਲਾਇਕ ਬੰਦਿਆਂ ਦੇ ਹਿਸਾਬ ਨਾਲ ਇਨ੍ਹਾਂ ਦੀ ਗਿਣਤੀ ਕੁਝ ਵੀ ਰੱਖੀ ਜਾ ਸਕਦੀ ਹੇ, ਇਹ ਖਿਆਲ ਰੱਖਣਾ ਜ਼ਰੂਰੀ ਹੈ ਕਿ ਇਕ ਕਿੱਤੇ ਦੇ ਤਿੰਨ ਤੋਂ ਵੱਧ ਬੰਦੇ ਨਾ ਹੋਣ।
     ਅਜਿਹੀਆਂ ਕਮੇਟੀਆਂ ਦੀ ਗਿਣਤੀ ਕੀ ਹੋਵੇ ?
  ਚੰਗਾ ਇਹੀ ਹੈ ਕਿ ਅਜਿਹੀ ਇਕ ਕਮੇਟੀ, ਹਰ ਉਸ ਮੁਲਕ ਵਿਚ ਹੋਵੇ, ਜਿੱਥੇ ਸਿੱਖਾਂ ਦੀ ਵਸੋਂ ਹੋਵੇ। ਕਮੇਟੀ ਵਿਚ ਉਸ ਮੁਲਕ ਦੇ ਵਸਨੀਕ ਹੀ ਹੋਣੇ ਚਾਹੀਦੇ ਹਨ, ਤਾਂ ਜੋ ਉਸ ਮੁਲਕ ਵਿਚਲੇ ਸਿੱਘਾਂ ਦੀਆਂ ਸਮੱਸਿਆਵਾਂ ਬਾਰੇ ਸੁਗਮਤਾ ਨਾਲ ਵਿਚਾਰ ਕੀਤੀ ਜਾ ਸਕੇ। ਇਸ ਹਾਲਤ ਵਿਚ ਇਕ ਅਜਿਹੀ ਤਾਲ-ਮੇਲ ਕਮੇਟੀ ਹੋਣੀ ਚਾਹੀਦੀ ਹੈ, ਜਿਸ ਦਾ ਮੈਂਬਰ ਹਰ ਕਮੇਟੀ ਦਾ ਕਨਵਿਨਰ ਹੋਵੇ।
   (ਮੁਕਦੀ ਗੱਲ ਇਹ ਕਿ ਸਰਬੱਤ ਖਾਲਸਾ ਦਾ ਇਕੱਠ ਵਿਚਾਰਕਾਂ ਦਾ ਇਕੱਠ ਹੁੰਦਾ ਹੈ, ਅਜਿਹਾ ਇਕੱਠ ਨਹੀਂ ਹੁੰਦਾ, ਜਿਸ ਵਿਚ 2-4 ਬੰਦੇ ਜਾਂ ਇਕ-ਦੋ ਪਾਰਟੀਆਂ ਮਿਲ ਕੇ ਦੋ-ਚਾਰ ਹਜ਼ਾਰ ਦੇ ਇਕੱਠ ਨੂੰ ਆਪਪਣੇ ਸਵਾਰਥ ਦਾ ਪਾਠ ਪੜ੍ਹਾਉਂਦੇ ਹਨ ਅਤੇ ਜੈਕਾਰਿਆਂ ਦੀ ਆੜ ਵਿਚ ਆਪਣਾ ਸਵਾਰਥ ਸਿੱਧ ਕਰਦੇ ਹਨ। ਸਰਬੱਤ-ਖਾਲਸਾ ਦੀ ਆੜ ਵਿਚ ਸਵਾਰਥ ਦੇ ਅਜਿਹੇ ਡਰਾਮੇ ਨੂੰ ਬਿਲਕੁਲ ਵੀ ਮਾਨਤਾ ਨਹੀਂ ਦਿੱਤੀ ਜਾਵੇਗੀ)                                                       (ਚਲਦਾ)   

                               ਅਮਰ ਜੀਤ ਸਿੰਘ ਚੰਦੀ
                                            3-11-15        
   ਨੋਟ:- (ਅਗਲੇ (ਆਖਰੀ) ਭਾਗ ਵਿਚ ਸਰਬੱਤ-ਖਾਲਸਾ ਰਾਹੀਂ ਪਰਾਪਤ ਕਰਨ ਵਾਲੇ ਟੀਚੇ ਬਾਰੇ, ਖਾਲਿਸਤਾਨ ਬਾਰੇ, ਸਿੱਖ ਲੀਡਰਾਂ ਦੀ ਨਿਘਰੀ ਹਾਲਤ ਬਾਰੇ ਖੁਲ੍ਹ ਕੇ ਵਿਚਾਰ ਕੀਤੀ ਜਾਵੇਗੀ।) 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.