ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਅਕਾਲ ਤਖਤ ਦੀ ਅਹਿਮੀਅਤ :-
-: ਅਕਾਲ ਤਖਤ ਦੀ ਅਹਿਮੀਅਤ :-
Page Visitors: 2456

-: ਅਕਾਲ ਤਖਤ ਦੀ ਅਹਿਮੀਅਤ :-
ਸਿੱਖ ਜਗਤ ਵਿੱਚ ਅਕਾਲ ਤਖਤ ਦੀ ਕੀ ਮਹਾਨਤਾ ਅਤੇ ਅਹਿਮੀਅਤ ਹੈ, ਜਾਨਣ ਤੋਂ ਪਹਿਲਾਂ ਇਸ ਦੀ ਸਥਾਪਨਾ ਦੇ ਉਦੇਸ਼ ਨੂੰ ਸਮਝ ਲਿਆ ਜਾਏ ਤਾਂ ਇਸ ਦੀ ਮਹਾਨਤਾ ਅਤੇ ਮਹੱਤਤਾ ਬਾਰੇ ਆਪੇ ਪਤਾ ਲੱਗ ਜਾਏਗਾ।
ਦਰਬਾਰ ਸਾਹਿਬ ਅੰਮ੍ਰਿਤਸਰ ਅੰਦਰ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਏ ਹੋਣ ਦੇ ਬਾਵਜੂਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੱਖਰਾ ਤਖਤ ਹੋਂਦ ਵਿੱਚ ਲਿਆਂਦਾ ਸੀ। ਸਿੱਖ ਨੇ ਅਧਿਆਤਮਕਤਾ ਪੱਖੋਂ ਸੇਧ ਗੁਰੂ ਗ੍ਰੰਥ ਸਾਹਿਬ ਤੋਂ ਲੈਣੀ ਹੈ। ਪਰ ਸਿੱਖ ਦਾ ਅਧਿਆਤਮਕ ਪੱਖ, ਨਵਿਰਤੀ ਮਾਰਗ (ਘਰ ਬਾਰ ਤਿਆਗਕੇ ਜੰਗਲਾਂ ਪਹਾੜਾਂ ਵਿੱਚ ਜਾ ਕੇ ਪਰਮਾਤਮਾ ਨੂੰ ਖੋਜਣ ਵਾਲਾ) ਨਹੀਂ ਬਲਕਿ ਪ੍ਰਵਿਰਤੀ ਮਾਰਗ (ਸੰਸਾਰ ਵਿੱਚ ਘਰ ਬਾਰ ਵਿੱਚ ਰਹਿੰਦੇ ਹੋਏ, ਕਾਰ ਵਿਹਾਰ ਕਰਦੇ ਹੋਏ ਪ੍ਰਭੂ-ਮਿਲਾਪ ਵਾਲਾ ਮਾਰਗ) ਹੈ। ਪ੍ਰਵਿਰਤੀ ਵਾਲੇ
ਅਧਿਆਤਮ ਦੇ ਰਾਹ ਤੇ ਚੱਲਦੇ ਹੋਏ ਮਨੁੱਖ ਨੂੰ ਅਨੇਕਾਂ ਕਿਸਮ ਦੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ।
ਗੁਰੂ ਅਰਜੁਨ ਜੀ ਦੀ ਸ਼ਹੀਦੀ ਤੋਂ ਬਾਅਦ ਮਹਿਸੂਸ ਕੀਤਾ ਗਿਆ ਕਿ ਅਧਿਆਤਮ ਤੋਂ ਇਲਾਵਾ ਸਿੱਖ ਨਾਲ ਜੁੜੇ ਹੋਰ ਮਸਲਿਆਂ ਦੇ ਹਲ ਬਾਰੇ ਵੀ ਉਪਰਾਲੇ ਕਰਨੇ ਜਰੂਰੀ ਹੋ ਗਏ ਹਨ। ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਅਧਿਆਤਮਕ ਰਾਹ ਵਿੱਚ ਸਮਾਜਕ ਅਤੇ ਦੁਨਿਆਵੀ ਮਸਲਿਆਂ ਦੀ ਦਖਲ ਅੰਦਾਜੀ ਨਾ ਹੋਵੇ, ਇਸ ਲਈ ਸਿੱਖਾਂ ਨਾਲ ਜੁੜੇ ਹੋਰ ਮਸਲਿਆਂ ਬਾਰੇ ਵਿਚਾਰ ਵਿਮਰਸ਼ ਕਰਨ ਲਈ ਗੁਰੂ ਸਾਹਿਬ ਨੇ ਵੱਖਰੇ ਸਥਾਨ ਦੀ ਸਥਾਪਨਾ ਕੀਤੀ। ਜਿਸ ਨੂੰ ਸ਼ੁਰੂ ਵਿੱਚ ਥੜਾ ਸਾਹਿਬ ਕਿਹਾ ਜਾਂਦਾ ਸੀ ਅਤੇ ਫਿਰ ਅਕਾਲ ਬੁੰਗਾ ਨਾਮ ਦਿੱਤਾ ਗਿਆ, ਜੋ ਕਿ ਬਾਅਦ ਵਿੱਚ ਅਕਾਲ ਤਖਤ ਦੇ ਨਾਮ ਨਾਲ ਜਾਣਿਆ ਜਾਣ ਲੱਗਾ।
  ਸੋਚਣ ਵਾਲੀ ਗੱਲ ਹੈ ਕਿ ਅਕਾਲ ਤਖਤ ਦੀ ਸਥਾਪਨਾ ਦਰਬਾਰ ਸਾਹਿਬ ਦੇ ਸਾਹਮਣੇ ਅਤੇ ਬਿਲਕੁਲ ਨਾਲ ਲੱਗਦੇ ਪਰ ਵੱਖਰੇ ਸਥਾਨ ਤੇ ਕਿਉਂ ਕੀਤੀ ਗਈ?
  ਜਵਾਬ ਇਹ ਹੈ ਕਿ, ਸਿੱਖੀ ਦੇ ਅਧਿਆਤਮਕ ਪੱਖ ਵਿੱਚ ਸਮਾਜਕ ਜਾਂ ਦੁਨਿਆਵੀ ਕਿਸੇ ਵੀ ਗਤੀ ਵਿਧੀ ਦੀ ਰਲਗੱਡ ਨਹੀਂ ਕੀਤੀ ਜਾ ਸਕਦੀ। ਪਰ ਪ੍ਰਵਿਰਤੀ ਮਾਰਗ ਹੋਣ ਕਰਕੇ ਸਿੱਖੀ ਦੇ ਅਧਿਆਤਮਕ ਪੱਖ ਨਾਲੋਂ ਸਮਾਜਕ ਅਤੇ ਦੁਨਿਆਵੀ ਪੱਖਾਂ ਨੂੰ ਵੱਖ ਵੀ ਨਹੀਂ ਕੀਤਾ ਜਾ ਸਕਦਾ।
  ਸਿੱਖ ਲਈ ਇਹ ਗੱਲ ਸਮਝਣੀ ਬਹੁਤ ਜਰੂਰੀ ਹੈ ਕਿ__
 ਦਰਬਾਰ ਸਾਹਿਬ ਦੇ ਸਾਹਮਣੇ ਅਤੇ ਬਿਲਕੁਲ ਨਾਲ ਲੱਗਦੇ ਵੱਖਰੇ ਸਥਾਨ ਤੇ ਅਕਾਲ ਤਖਤ ਦੀ ਸਥਾਪਨਾ ਕੀਤੀ ਹੋਣ ਨਾਲ ਸਿਧਾਂਤਕ ਸੁਨੇਹਾ ਮਿਲਦਾ ਹੈ ਕਿ ਅਧਿਆਤਮ ਵਿੱਚ ਸਮਾਜਕ ਅਤੇ ਦੁਨਿਆਵੀ ਪਹਿਲੂ ਦੀ ਰਲਗੱਡ ਨਹੀਂ ਕੀਤੀ ਜਾ ਸਕਦੀ, ਪਰ ਦੋਨੋਂ ਪੱਖ ਇਕ ਦੂਜੇ ਤੋਂ ਵੱਖ ਵੀ ਨਹੀਂ। ਦੋਨੋਂ ਪੱਖ ਨਾਲ ਨਾਲ ਚੱਲਦੇ ਹਨ।
ਜੇ ਗੁਰਮਤਿ ਦੇ ਇਸ ਸੰਕਲਪ ਦੀ ਸਮਝ ਆ ਜਾਏ ਤਾਂ ਅਕਾਲ ਤਖਤ ਦੀ ਮਹਾਨਤਾ ਅਤੇ ਅਹਿਮੀਅਤ ਅਤੇ ਸਰਵਉੱਚਤਾ ਦੀ ਵੀ ਸਮਝ ਆ ਜਾਂਦੀ ਹੈ।
  ਅਕਾਲ ਤਖਤ ਦੀ ਅਹਿਮੀਅਤ ਨੂੰ ਨਕਾਰਨਾ ਜਾਂ ਇਸ ਦੇ ਖਾਤਮੇ ਦੀਆਂ ਸਕੀਮਾਂ ਘੜਨ ਦਾ ਮਤਲਬ ਹੈ ਕਿ ਗੁਰਮਤਿ ਨੂੰ ਅਧੂਰਾ ਕਰਕੇ ਜੋਗੀਆਂ ਵਾਲਾ ਨਿਵਿਰਤੀ ਮਾਰਗ ਬਣਾ ਦੇਣਾ।
 ਸੋ ਸਿੱਖ ਲਈ ਜਿਵੇਂ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਮਹੱਤਤਾ ਅਤੇ ਅਹਿਮੀਅਤ ਹੈ ਉਸੇ ਤਰ੍ਹਾਂ ਅਤੇ ਓਨੀ ਹੀ ਮਹੱਤਤਾ ਅਤੇ ਅਹਿਮੀਅਤ ਅਕਾਲ ਤਖਤ ਦੀ ਵੀ ਹੈ। ਜਿਵੇਂ ਦਰਬਾਰ ਸਾਹਿਬ ਸਿੱਖ ਲਈ ਅਧਿਆਤਮ ਦਾ ਕੇਂਦਰੀ ਅਤੇ ਪ੍ਰਮੁੱਖ ਸਥਾਨ ਹੈ। ਉਸੇ ਤਰ੍ਹਾਂ ਸਿੱਖ ਨਾਲ ਜੁੜੇ ਸਮਾਜਕ ਅਤੇ ਦੁਨਿਆਵੀ ਮਸਲਿਆਂ ਦੇ ਸਮਾਧਾਨ ਲਈ ਅਕਾਲ ਤਖਤ ਪ੍ਰਮੁੱਖ ਅਤੇ ਕੇਂਦਰੀ ਸਥਾਨ ਹੈ।
 ਅਜੋਕੇ ਸਮੇਂ ਆਪਣੇ ਹੀ ਕੁਝ ਸਿੱਖ ਭਰਾਵਾਂ ਨੇ ਜਾਣੇ-ਅਨਜਾਣੇ ਜਿਵੇਂ ਹਰ ਹਾਲਤ ਵਿੱਚ ਅਕਾਲ ਤਖਤ ਦਾ ਖਾਤਮਾ ਹੀ ਮਿਥਿਆ ਹੋਵੇ। ਇਸਦੇ ਖਾਤਮੇ ਲਈ ਕਈ ਕਿਸਮ ਦੀਆਂ ਦਲੀਲਾਂ ਘੜੀਆਂ ਜਾਂਦੀਆਂ ਹਨ।
  ਅਜੋਕੇ ਸਮੇਂ ਵੀ ਸਿੱਖ ਪੰਥ ਨਾਲ ਜੁੜੇ ਸਿੱਖਾਂ ਦੇ ਅੰਦਰੂਨੀ ਅਤੇ ਬਾਹਰਲੇ ਅਨੇਕਾਂ ਮਸਲੇ ਹਨ। ਜਿਨ੍ਹਾਂ ਨੂੰ ਸਿੱਖਾਂ ਦੇ ਇਕ ਕੇਂਦਰੀ ਸਥਾਨ ਤੋਂ ਹੀ ਸੁਲਝਾਇਆ ਜਾ ਸਕਦਾ ਹੈ। ਕੀ ਦਰਬਾਰ ਸਾਹਿਬ ਅੰਦਰ ਜਿੱਥੇ ਸ਼ਬਦ ਕੀਰਤਨ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ, ਉਸੇ
ਸਥਾਨ ਤੇ ਸਿੱਖ ਬੈਠ ਕੇ ਸਿੱਖ ਪੰਥ ਨਾਲ ਜੁੜੇ ਮਸਲਿਆਂ ਬਾਰੇ ਵਿਚਾਰ ਵਟਾਂਦਰੇ ਕਰ ਸਕਦੇ ਹਨ? ਨਹੀਂ, ਐਸਾ ਕਰਨਾ ਗੁਰਮਤਿ ਅਨੁਸਾਰੀ ਵੀ ਨਹੀਂ ਹੈ।
 ਹੋਣਾ ਤਾਂ ਇਹ ਚਾਹੀਦਾ ਸੀ ਕਿ ਸਿੱਖ ਪੰਥ ਦੇ ਸੁਲਝੇ, ਇਮਾਨਦਾਰ ਅਤੇ ਸਿੱਖੀ ਨੂੰ ਪਰਣਾਏ ਹੋਏ ਵਿਦਵਾਨ ਅਕਾਲ ਤਖਤ ਤੋਂ ਵਿਚਾਰ ਵਿਮਰਸ਼ ਕਰਕੇ ਸਿੱਖ ਜਗਤ ਦੇ ਹਿਤ ਵਿੱਚ ਫੈਸਲੇ ਕਰਕੇ, ਸਿਖ ਜਗਤ ਨੂੰ ਸੇਧ ਦਿੰਦੇ। ਅਤੇ ਹਰ ਗੁਰਸਿੱਖ ਪੰਥਕ ਫੈਸਲਿਆਂ ਨੂੰ ਮੰਨਣ ਵਿੱਚ ਫਖ਼ਰ ਮਹਿਸੂਸ ਕਰਦਾ। ਪਰ ਮੌਜੂਦਾ ਸਮੇਂ ਹੋ ਇਹ ਰਿਹਾ ਹੈ ਕਿ ਅਕਾਲ ਤਖਤ ਦੇ ਪ੍ਰਬੰਧਕ ਸਿਆਸੀ ਆਗੂਆਂ ਦੇ ਦਬਾਵ ਹੇਠਾਂ ਕੰਮ ਕਰ ਰਹੇ ਹਨ, ਅਤੇ ਸਿਆਸੀ ਆਗੂ ਆਪਣੇ ਨਿਜੀ ਲਾਲਚਾਂ ਅਤੇ ਹਿਤਾਂ ਕਰਕੇ ਸਿੱਖ-ਵਿਰੋਧੀ ਸੰਸਥਾਵਾਂ ਅਤੇ ਏਜੰਸੀਆਂ ਹੱਥੀਂ ਵਿਕੇ ਹੋਏ ਹਨ। ਇਸ ਲਈ ਅਕਾਲ ਤਖਤ ਤੋਂ ਜੋ ਵੀ ਗਤੀਵਿਧੀਆਂ ਹੋ ਰਹੀਆਂ ਹਨ, ਪੰਥਕ ਹਿਤਾਂ ਦੀ ਬਜਾਏ ਪੰਥ ਦਾ ਬੇੜਾ ਡੋਬਣ ਵਾਲੀਆਂ ਹੀ ਹੋ ਰਹੀਆਂ ਹਨ।
  ਜੇ ਅੱਜ ਅਕਾਲ ਤਖਤ ਦੀ ਵਿਵਸਥਾ ਵਿੱਚ ਖਰਾਬੀ ਆ ਚੁੱਕੀ ਹੈ ਤਾਂ ਇਸ ਦੇ ਸੁਧਾਰ ਲਈ ਸੋਚਣ ਦੀ ਜਰੂਰਤ ਹੈ, ਨਾ ਕਿ ਗੁਰੂ ਸਾਹਿਬ ਦੁਆਰਾ ਬਖਸ਼ੇ ਅਕਾਲ ਤਖਤ ਨਾਲ ਜੁੜੇ ਸਿਧਾਂਤਾਂ ਅਤੇ ਸੰਕਲਪਾਂ ਨੂੰ ਨਜ਼ਰ ਅੰਦਾਜ ਕਰਕੇ ਅਕਾਲ ਤਖਤ ਦੇ ਖਾਤਮੇ ਬਾਰੇ ਸਕੀਮਾਂ ਘੜੀਆਂ ਜਾਣ।
  ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮੌਜੂਦਾ ਕਾਫੀ ਲੰਮੇਂ ਸਮੇਂ ਤੋਂ, ‘ਅਕਾਲ ਤਖਤ’ ਦੇ ਪ੍ਰਬੰਧ ਅਤੇ ਇਸ ਦੀ ਵਿਵਸਥਾ ਵਿੱਚ ਖਰਾਬੀ ਜਰੂਰ ਆਈ ਹੈ, ਪਰ ਗੁਰੂ ਸਾਹਿਬ ਦੁਆਰਾ ਬਖਸ਼ੇ ਅਕਾਲ ਤਖਤ ਦੇ ਸਿਧਾਂਤ ਅਤੇ ਸੰਕਲਪ ਦੀ ਅਹਿਮੀਅਤ ਨਹੀਂ ਘਟੀ।
ਅੱਜ ਵੀ ਸਿੱਖਾਂ ਨੂੰ ਮਸਲੇ ਦਰ-ਪੇਸ਼ ਹਨ, ਸ਼ਾਇਦ ਗੁਰੂ ਸਾਹਿਬਾਂ ਦੇ ਸਮੇਂ ਤੋਂ ਵੀ ਵੱਧ। ਅੱਜ ਵੀ ਸਿੱਖਾਂ ਨੂੰ ਚੜ੍ਹਦੀ ਕਲਾ ਲਈ ਇੱਕ ਸਾਂਝੀ ਸੇਧ ਦੀ ਜਰੂਰਤ ਹੈ। ਅੱਜ ਵੀ ਸਿਖ ਪੰਥ ਨਾਲ ਜੁੜੇ ਮਸਲਿਆਂ ਦੀਆਂ ਵਿਚਾਰਾਂ ਲਈ ਇੱਕ ਕੇਂਦਰੀ ਧੁਰਾ, ਕੇਂਦਰੀ ਸਥਾਨ
ਹੋਣਾ ਚਾਹੀਦਾ ਹੈ।
  ਜਰੂਰਤ ਤਾਂ ਇਸ ਗੱਲ ਦੀ ਹੈ ਕਿ, ਅਕਾਲ ਤਖਤ ਨੂੰ ਸਿੱਖ-ਵਿਰੋਧੀ ਤਾਕਤਾਂ ਤੋਂ ਆਜ਼ਾਦ ਕਰਵਾਉਣ ਬਾਰੇ ਸਕੀਮਾਂ ਘੜੀਆਂ ਜਾਣ। ਅਕਾਲ ਤਖਤ ਦੇ ਖਾਤਮੇ ਲਈ ਕੁਝ ਦਲੀਲਾਂ ਦਿੱਤੀਆਂ ਜਾਂਦੀਆਂ ਹਨ, ਜਿਵੇਂ__
ਖਾਲਸਾ ਪੰਥ ਦੀ ਸਿਰਜਣਾ ਅਕਾਲ ਤਖਤ ਤੋਂ ਨਹੀਂ ਹੋਈ।
ਗੁਰੂ ਸਾਹਿਬਾਂ ਨੂੰ ਗੁਰਤਾ ਗੱਦੀ ਅਕਾਲ ਤਖਤ ਤੋਂ ਨਹੀਂ ਦਿੱਤੀ ਗਈ।
ਅਕਾਲ ਤਖਤ ਤੋਂ ਗੁਰੂ ਸਾਹਿਬਾਂ ਦੁਆਰਾ ਲੰਮਾ ਸਮਾਂ ਕੋਈ ਗਤੀ ਵਿਧੀ ਨਹੀਂ ਹੋਈ....
ਵਿਚਾਰ--
ਅਕਾਲ ਤਖਤ ਦੀ ਅਹਿਮੀਅਤ ਬਾਰੇ ਜੋ ਵਿਚਾਰਾਂ ਉਪਰ ਦਿੱਤੀਆਂ ਜਾ ਚੁੱਕੀਆਂ ਹਨ, ਉਹਨਾ ਮਹੱਤਤਾਵਾਂ ਦੇ ਹੁੰਦਿਆਂ ਇਸ ਕਿਸਮ ਦੇ ਸਵਾਲਾਂ ਦੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ।
ਗੁਰੂ ਗੋਬਿੰਦ ਸਿੰਘ ਜੀ ਆਪਣੇ ਜੀਵਨ ਕਾਲ ਵਿੱਚ ਕਦੇ ਵੀ ਅੰਮ੍ਰਿਤਸਰ ਦਰਬਾਰ ਸਾਹਿਬ ਨਹੀਂ ਜਾ ਸਕੇ। ਇਸ ਦਾ ਮਤਲਬ ਇਹ ਨਹੀਂ ਕਿ ਸਿੱਖਾਂ ਵਿੱਚ ਦਰਬਾਰ ਸਾਹਿਬ ਦੀ ਅਹਿਮੀਅਤ ਘਟ ਗਈ। ਇਸੇ ਤਰ੍ਹਾਂ ਜੇ ਗੁਰੂ ਸਾਹਿਬਾਂ ਦੇ ਸਮੇਂ ਵੀ ਲੰਮਾ ਸਮਾਂ ਅਕਾਲ ਤਖਤ ਦੀ ਵਰਤੋਂ ਕੁਝ ਕਾਰਣਾਂ ਕਰਕੇ ਨਹੀਂ ਹੋ ਸਕੀ ਤਾਂ ਇਸ ਨਾਲ ਅਕਾਲ ਤਖਤ ਦੀ ਅਹਿਮੀਅਤ ਨਹੀਂ ਘਟ ਗਈ। ਗੁਰੂ ਸਾਹਿਬਾਂ ਦੇ ਸਮੇਂ, ਉਹ ਜਿੱਥੇ ਮੌਜੂਦ ਹੁੰਦੇ ਸਨ ਓਥੋਂ ਸੰਦੇਸ਼ ਅਤੇ ਆਦੇਸ਼ ਜਾਰੀ ਕਰਦੇ ਰਹੇ। ਪਰ ਹੁਣ ਜਦੋਂ ਕਿ ਸਿੱਖ ਅਨੇਕਾਂ ਧੜਿਆਂ ਵਿੱਚ ਵੰਡੇ ਪਏ ਹਨ ਤਾਂ ਸਿੱਖ ਜਗਤ ਲਈ ਕੋਈ ਸਾਂਝੇ ਸੰਦੇਸ਼ ਅਤੇ ਆਦੇਸ਼ ਕਿਤੋਂ ਵੀ ਜਾਰੀ ਕੀਤੇ ਜਾਣੇ ਸੰਭਵ ਨਹੀਂ।
  ਮੈਜੂਦਾ ਸਮੇਂ ਸਿੱਖਾਂ ਨੂੰ ਅਨੇਕਾਂ ਹੀ ਮਸਲੇ ਦਰ-ਪੇਸ਼ ਹਨ।ਜਿਹੜੇ ਸੱਜਣ ਅਕਾਲ ਤਖਤ ਦੀ ਅਹਿਮੀਅਤ ਤੋਂ ਮੁਨਕਰ ਹੋ ਰਹੇ ਹਨ, ਕੀ ਉਹ ਦੱਸ ਸਕਦੇ ਹਨ ਕਿ__
ਪੰਥ ਨੂੰ ਦਰ-ਪੇਸ਼ ਮਸਲਿਆਂ ਦਾ ਹਲ ਹੋਣਾ ਚਾਹੀਦਾ ਹੈ ਕਿ ਨਹੀਂ?
 ਜੇ ਹੋਣਾ ਚਾਹੀਦਾ ਹੈ ਤਾਂ ਕੀ ਵੱਖ ਵੱਖ ਧੜਿਆਂ ਵਿੱਚ ਵੰਡੇ ਰਹਿ ਕੇ ਕੋਈ ਵੀ ਮਸਲਾ ਹਲ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ? ਜੇ ਮਸਲੇ ਸਿੱਖਾਂ ਦੇ ਸਾਂਝੇ ਹਨ ਤਾਂ ਵੱਖ ਵੱਖ ਧੜੇ ਖਤਮ ਕਰਕੇ, ਮਸਲਿਆਂ ਦੇ ਹਲ ਲਈ ਕਿਸੇ ਇਕ ਕੇਂਦਰੀ ਸਥਾਨ ਤੋਂ ਮੀਟਿੰਗਾਂ ਕਰਕੇ ਵਿਚਾਰ ਵਿਮਰਸ਼ ਹੋਣੇ ਚਾਹੀਦੇ ਹਨ ਕਿ ਨਹੀਂ?
  ਜੇ ਹੋਣੇ ਚਾਹੀਦੇ ਹਨ ਤਾਂ ਫੇਰ ਗੁਰੂ ਸਾਹਿਬ ਦੁਆਰਾ ਬਖਸ਼ੇ ਅਕਾਲ ਤਖਤ ਤੇ ਹੀ ਇਹ ਕੰਮ ਕਿਉਂ ਨਾ ਹੋਵੇ?
 ਜੇ ਮੌਜੂਦਾ ਸਮੇਂ ਅਕਾਲ ਤਖਤ ਤੇ ਸਿੱਖ-ਵਿਰੋਧੀ ਅਨਸਰ ਕਾਬਜ ਹਨ ਤਾਂ, ਅਕਾਲ ਤਖਤ ਨੂੰ ਉਹਨਾ ਅਨਸਰਾਂ ਤੋਂ ਆਜ਼ਾਦ ਕਰਵਾਉਣ ਬਾਰੇ ਸੋਚਣਾ ਚਾਹੀਦਾ ਹੈ। ਨਾ ਕਿ ਅਕਾਲ ਤਖਤ ਦੇ ਖਾਤਮੇ ਦੀਆਂ ਗੱਲਾਂ ਕੀਤੀਆਂ ਜਾਣ।
ਜਸਬੀਰ ਸਿੰਘ ਵਿਰਦੀ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.