ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਸਿੱਖ ਅਤੇ ਕੇਸ :-
-: ਸਿੱਖ ਅਤੇ ਕੇਸ :-
Page Visitors: 1941

-: ਸਿੱਖ ਅਤੇ ਕੇਸ :-

ਬਾਬੇ ਤੋਂ ਅਪਗਰੇਡ ਹੋ ਕੇ ਬਣੇ ਭਾਈ ਸਾਹਿਬ ਦਾ ਸਵਾਲ:-
ਗੁਰਬਾਣੀ ਵਿੱਚ ਕਿੱਥੇ ਲਿਖਿਆ ਹੈ ਕਿ ਸਿੱਖ ਲਈ ਕੇਸ ਰੱਖਣੇ ਜਰੂਰੀ ਹਨ? ਗੁਰਬਾਣੀ ਤਾਂ ਕਹਿੰਦੀ ਹੈ;

 ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ ॥
 ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ
॥ (ਪੰਨਾ 1365)

ਇਸ ਲਈ ਚਾਹੇ ਕੋਈ ਕੇਸ ਰੱਖੇ ਜਾਂ ਨਾ ਰੱਖੇ, ਇਹ ਹਰ ਇੱਕ ਦੀ ਆਪਣੀ ਮਰਜ਼ੀ ਹੈ।
ਵਿਚਾਰ:- ਗੁਰਬਾਣੀ ਵਿੱਚ ਸਿਰਫ ਅਤੇ ਸਿਰਫ ਮਨ ਨੂੰ ਅਧਿਆਤਮਕ ਪੱਖੋਂ ਉਚੀ ਅਵਸਥਾ ਤੱਕ ਲੈ ਜਾਣ ਦਾ ਸੁਨੇਹਾ ਹੈ ਅਤੇ ਕੇਸ ਹੋਣ ਜਾਂ ਨਾ ਹੋਣ ਦਾ ਅਧਿਆਤਮਕਤਾ ਨਾਲ ਕੋਈ ਲੈਣਾ ਦੇਣਾ ਨਹੀਂ।
ਪਰ; ਵਿਚਾਰ ਅੱਗੇ ਤੋਰਨ ਤੋਂ ਪਹਿਲਾਂ ਰਹਿਤ ਮਰਯਾਦਾ ਵਿੱਚ ਲਿਖੀਆਂ ਕੁਝ ਮਦਾਂ ਬਾਰੇ ਜਾਣਕਾਰੀ ਸਾਂਝੀ ਕਰਨੀ ਜਰੂਰੀ ਹੈ_

ਰਹਿਤ ਮਰਯਾਦਾ ਵਿੱਚੋਂ ਕੁਝ ਅੰਸ਼:-
“ * ਸਿੱਖ ਦੀ ਤਾਰੀਫ਼ *--
ਜੋ ਇਸਤਰੀ ਜਾਂ ਪੁਰਸ਼ ਇਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤਕ), ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, * ਉਹ ਸਿੱਖ ਹੈ *। ”
2. ਗੁਰਮਤਿ ਦੀ ਰਹਿਣੀ ਸਿੱਖ ਦੀ ਆਮ ਰਹਿਣੀ, ਕ੍ਰਿਤ, ਵਿਰਤ, ਗੁਰਮਤਿ ਅਨੁਸਾਰ ਹੋਵੇ।

ਗੁਰਮਤਿ ਇਹ ਹੈ :-
(ੳ) ਇਕ ਅਕਾਲ ਪੁਰਖ ਤੋਂ ਛੁਟ ਕਿਸੇ ਦੇਵੀ ਦੇਵਤੇ ਦੀ ਉਪਾਸਨਾ ਨਹੀਂ ਕਰਨੀ।
(ਅ) ਆਪਣੀ ਮੁਕਤੀ ਦਾ ਦਾਤਾ ਤੇ ਇਸ਼ਟ ਕੇਵਲ ਦਸ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਮੰਨਣਾ।
(ੲ) ਦਸ ਗੁਰੂ ਸਾਹਿਬਾਨ ਨੂੰ ਇਕੋ ਜੋਤ ਦਾ ਪ੍ਰਕਾਸ਼ ਰੂਪ ਕਰਕੇ ਮੰਨਣਾ।
....

(ਹ) ਖਾਲਸਾ ਸਾਰੇ ਮਤਾਂ ਤੋਂ ਨਿਆਰਾ ਰਹੇ, ਪਰ ਕਿਸੇ ਅਨਧਰਮੀ ਦਾ ਦਿਲ ਨਾ ਦੁਖਾਵੇ।
(ਕ) ਹਰ ਇਕ ਕੰਮ ਕਰਨ ਤੋਂ ਪਹਿਲਾਂ ਵਾਹਿਗੁਰੂ ਅੱਗੇ ਅਰਦਾਸ ਕਰੇ।
...
(ਘ) ਕੇਸ ਲੜਕੇ ਕੇ ਜੋ ਹੋਏ ਸੋ ਉਨ੍ਹਾਂ ਦਾ ਬੁਰਾ ਨਾ ਮੰਗੇ, ਕੇਸ ਉਹੀ(ਜਮਾਂਦਰੂ) ਰੱਖੇ, ਨਾਮ ਸਿੰਘ ਰੱਖੇ। ਸਿੱਖ ਆਪਣੇ ਲੜਕੇ ਲੜਕੀਆਂ ਦੇ ਕੇਸ ਸਾਬਤ ਰੱਖੇ।
...
ਜਨਮ ਤੇ ਨਾਮ-ਸੰਸਕਾਰ
(ੳ) .....ਲੜਕੇ ਦੇ ਨਾਉਂ ਪਿੱਛੇ ‘ਸਿੰਘ’ ਸ਼ਬਦ ਅਤੇ ਲੜਕੀ ਦੇ ਨਾਮ ਪਿੱਛੇ ‘ਕੌਰ’ ਸ਼ਬਦ ਲਗਾਇਆ ਜਾਵੇ।
ਗੁਰੂ ਪੰਥ ..... ਸਿੱਖ ਦੀ ਸਾਰੀ ਜ਼ਿੰਦਗੀ ਪਰਉਪਕਾਰ ਵਾਲੀ ਹੈ। ਸੇਵਾ, ਸਫਲ ਉਹ ਹੈ, ਜੋ ਥੋੜ੍ਹੇ ਜਤਨ ਨਾਲ ਵਧੀਕ ਤੋਂ ਵਧੀਕ ਹੋ ਸਕੇ। ਇਹ ਗੱਲ ਜਥੇਬੰਦੀ ਦੇ ਰਾਹੀਂ ਹੋ ਸਕਦੀ ਹੈ। ਸਿੱਖ ਨੇ ਇਸ ਲਈ ਸ਼ਖਸੀ ਧਰਮ ਪੂਰਾ ਕਰਦਿਆਂ ਹੋਇਆਂ ਨਾਲ ਹੀ ਪੰਥਕ ਫਰਜ਼ ਭੀ ਪੂਰੇ ਕਰਨੇ ਹਨ। ਇਸ ਜਥੇਬੰਦੀ ਦਾ ਨਾਂ ਪੰਥ ਹੈ। ਹਰ ਇਕ ਸਿੱਖ ਨੇ ‘ਪੰਥ’ ਦਾ ਇਕ ਅੰਗ ਹੋ ਕੇ ਭੀ ਆਪਣਾ ਧਰਮ ਨਿਭਾਉਣਾ ਹੈ।
.....
ਇਹ ਚਾਰ ਕੁਰਹਿਤਾਂ ਨਹੀਂ ਕਰਨੀਆਂ :-

1) * ਕੇਸਾਂ ਦੀ ਬੇ-ਅਦਬੀ * ।
2) ਕੁੱਠਾ ਖਾਣਾ।
3) ਪਰ-ਇਸਤ੍ਰੀ ਜਾਂ ਪਰ-ਪੁਰਸ਼ ਦਾ ਗਮਨ (ਭੋਗਣਾ)।
4) ਤੰਬਾਕੂ ਦੀ ਵਰਤੋਂ ।
....
ਸਿਰਗੁੰਮ, ਨੜੀ ਮਾਰ (ਜੋ ਸਿੱਖ ਹੋ ਕੇ ਇਹ ਕੰਮ ਕਰਨ) ਦਾ ਸੰਗ ਨਹੀਂ ਕਰਨਾ।
(ਨੋਟ: ਸਿਰਗੁੰਮ= ਕੇਸਧਾਰੀ ਹੋ ਕੇ ਜੋ ਕੇਸ ਕਟਾ ਦੇਵੇ। ) .....
----
ਵਿਚਾਰ ਅੱਗੇ ਤੋਰਨ ਤੋਂ ਪਹਿਲਾਂ ਇਹ ਗੱਲ ਵੀ ਸਮਝਣੀ ਜਰੂਰੀ ਹੈ ਕਿ ਰਹਿਤ ਮਰਯਾਦਾ ਦੀਆਂ ਮਦਾਂ, ਸਿੱਧੇ ਤੌਰ ਤੇ ਗੁਰਬਾਣੀ ਵਿੱਚੋਂ ਨਹੀਂ ਹਨ, ਪਰ ਗੁਰਬਾਣੀ-ਸਿਧਾਂਤਾਂ ਨੂੰ ਪੂਰੀ ਤਰ੍ਹਾਂ ਧਿਆਨ ਵਿੱਚ ਰੱਖਕੇ ਰਹਿਤ ਮਰਯਾਦਾ ਬਣਾਈ ਗਈ ਹੈ। ਰਹਿਤ ਮਰਯਾਦਾ ਦੀ ਕੋਈ ਵੀ ਮਦ ਗੁਰਬਾਣੀ ਦੇ ਕਿਸੇ ਵੀ ਸਿਧਾਂਤ ਦੇ ਉਲਟ ਜਾਂ ਵਿਰੋਧ ਵਿੱਚ ਨਹੀਂ ਹੈ।

ਇਕ ਸਵਾਲ;
ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ, ਰਹਿਤ ਮਰਯਾਦਾ ਬਨਾਉਣ ਦੀ ਜਰੂਰਤ ਕਿਉਂ ਪਈ:
ਵਿਚਾਰ_ ਲੰਮਾਂ ਸਮਾਂ ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ ਦੇ ਹੱਥਾਂ ਵਿੱਚ ਰਹਿਣ ਕਰਕੇ, ਜਿਆਦਾਤਰ ਸਿੱਖਾਂ ਦੇ ਮਨਾਂ ਵਿੱਚੋਂ ਗੁਰਮਤਿ ਸਿਧਾਂਤ ਵਿਸਰਕੇ, ਬ੍ਰਾਹਮਣੀ ਕਰਮ ਕਾਂਡ ਘਰ ਕਰ ਚੁੱਕੇ ਸਨ। ਸਿੱਖਾਂ ਨੇ ਗੁਰਦੁਆਰੇ ਤਾਂ ਮਹੰਤਾਂ ਪਾਸੋਂ ਆਜ਼ਾਦ ਕਰਵਾ ਲਏ, ਪਰ ਆਮ ਸਿੱਖ ਭਾਈਚਾਰੇ ਵਿੱਚ ਵੱੜ ਚੁੱਕੇ ਬ੍ਰਹਮਣੀ ਕਰਮ ਕਾਂਡ ਉਸੇ ਤਰ੍ਹਾਂ ਹੀ ਘਰ ਕਰੀ ਬੈਠੇ ਸਨ। ਐਸੇ ਵਿੱਚ ਸਾਰੇ ਸਿੱਖ ਭਾਈਚਾਰੇ ਨੂੰ ਮੁੜ ਸਿੱਖੀ ਸਿਧਾਂਤਾਂ ਨਾਲ ਜੋੜਕੇ, ਸਾਰੇ ਸਿੱਖ ਭਾਈਚਾਰੇ ਨੂੰ ਇੱਕ-ਸਾਰਤਾ ਅਤੇ ਇੱਕ-ਰੂਪ ਵਿੱਚ ਲਿਆਉਣਾ ਜਰੂਰੀ ਸੀ।ਇਸ ਮਿਸ਼ਨ ਨੂੰ ਮੁੱਖ ਰੱਖਦੇ ਹੋਏ ਰਹਿਤ ਮਰਯਾਦਾ ਹੋਂਦ ਵਿੱਚ ਲਿਆਂਦੀ  ਗਈ।
ਸੋ, ਜੇ ਸਿੱਖ ਕੇਸ ਕਟਾਂਦਾ ਹੈ ਤਾਂ ਇਸ ਨਾਲ ਅਧਿਆਤਮ ਪੱਖੋਂ ਬੇਸ਼ੱਕ ਗੁਰਮਤਿ ਸਿਧਾਂਤਾਂ ਦਾ ਖੰਡਣ ਨਹੀਂ ਹੁੰਦਾ। ਪਰ ਕੇਸ ਕਟਾਉਣ ਨਾਲ ਸਿੱਖ ਭਾਈਚਾਰੇ ਦੁਆਰਾ ਅਤੇ ਸਿੱਖ ਭਾਈਚਾਰੇ ਲਈ ਨਿਰਧਾਰਿਤ ਕੀਤੇ ਗਏ ਨਿਯਮਾਂ ਦਾ ਉਲੰਘਣ ਜਰੂਰ ਹੁੰਦਾ ਹੈ। ਸੋ ਜੇ ਕੋਈ ਸਿੱਖ ਜੱਥੇਬੰਦੀ ਲਈ ਨਿਰਧਾਰਿਤ ਕੀਤੇ ਗਏ ਨਿਯਮਾਂ ਦਾ ਉਲੰਘਣ ਕਰਦਾ ਹੈ ਤਾਂ ਉੁਸ ਨੂੰ ਸਿੱਖ ਜੱਥੇਬੰਦੀ ਜਾਂ ਸਿੱਖ ਭਾਈਚਾਰੇ ਦਾ ਹਿੱਸਾ ਮੰਨਣ ਦਾ ਅਧਿਕਾਰ ਨਹੀਂ ਰਹਿ ਜਾਂਦਾ।
ਜੇ ਅਪਗਰੇਡਿਡ ਭਾਈ ਸਾਹਿਬ ਕੇਸਾਂ ਬਾਰੇ ਆਪਣੀ ਮਰਜ਼ੀ ਮੁਤਾਬਕ ਚੱਲਣਾ ਚਾਹੁੰਦਾ ਹੈ ਜਾਂ ਆਪਣੇ ਮਗ਼ਰ ਲੱਗੇ ਸਿੱਖਾਂ ਨੂੰ ਗੁਮਰਾਹ ਕਰਕੇ ਕੇਸ ਰੱਖਣ ਜਾਂ ਕਟਵਾਉਣ ਦੀ ਖੁਲ੍ਹ ਦਿੰਦਾ ਹੈ, ਤਾਂ ਬੇਸ਼ੱਕ ਆਪਣੇ ਅਤੇ ਆਪਣੇ ਮਗ਼ਰ ਲੱਗੇ ਸਿੱਖਾਂ ਦੇ ਕੇਸ ਕਟਵਾ ਸਕਦਾ ਹੈ, ਪਰ ਉਸ ਹਾਲਤ ਵਿੱਚ ਇਹ-ਲੋਕ ਸਿੱਖ ਭਾਈਚਾਰੇ ਦਾ ਹਿੱਸਾ ਨਹੀਂ ਰਹਿ ਜਾਂਦੇ ਅਤੇ ਇਹਨਾ ਨੂੰ * ਸਿੱਖ * ਅਖਵਾਉਣ ਦਾ ਕੋਈ ਹੱਕ ਨਹੀਂ ਬਣਦਾ।
ਜੇ ਅਪਗਰੇਡਿਡ ਭਾਈ ਸਾਹਿਬ ਸਿੱਖ ਭਾਈਚਾਰੇ ਦੁਆਰਾ ਨਿਰਧਾਰਿਤ ਕੀਤੇ ਗਏ ਨਿਯਮਾਂ ਦਾ ਪਾਲਣ ਨਹੀਂ ਕਰਦਾ ਅਤੇ ਫੇਰ ਵੀ ਆਪਣੇ ਆਪ ਨੂੰ ਸਿੱਖ ਅਖਵਾਉਂਦਾ ਹੈ, ਤਾਂ ਇਹ ਸਰਾਸਰ ਸਿੱਖਾਂ ਵਿੱਚ ਘੁਸਪੈਠ ਹੈ ਅਤੇ ਇਸ ਦਾ ਸਿੱਖਾਂ ਦੁਆਰਾ ਪੁਰਜ਼ੋਰ ਵਿਰੋਧ ਹੋਣਾ ਲਾਜਮੀ ਹੈ ਅਤੇ ਇਸ ਦੀਆਂ ਸਿੱਖ-ਵਿਰੋਧੀ ਗਤੀਵਿਧੀਆਂ ਤੇ ਗੰਭੀਰਤਾ ਨਾਲ ਨੋਟਿਸ ਲਿਆ ਜਾਣਾ ਚਾਹੀਦਾ ਹੈ।
ਦੂਸਰੀ ਗੱਲ; ਜੇ ਇਹ ਭਾਈ ਸਾਹਿਬ ਸਿੱਖ ਰਹਿਤ ਮਰਯਾਦਾ ਨੂੰ ਨਹੀਂ ਮੰਨਕੇ ਰਾਜੀ ਤਾਂ ਇਸ ਨੂੰ ਆਪਣੇ ਨਾਮ ਨਾਲੋਂ * ਸਿੰਘ * ਲਫਜ਼ ਵੀ ਹਟਾ ਲੈਣਾ ਚਾਹੀਦਾ ਹੈ। ਇਹ ਵੀ ਸਿੱਖਾਂ ਵਿੱਚ ਘੁਸਪੈਠ ਹੀ ਹੋਵੇਗੀ।
ਸਿੱਖ ਵੀਰਾਂ ਅੱਗੇ ਬੇਨਤੀ ਹੈ ਕਿ ਜੇ ਇਹ ਭਾਈ ਸਾਹਿਬ (ਅਤੇ ਹੋਰ ਵੀ ਜਿਹੜੇ ਲੋਕ) ਸਿੱਖ ਰਹਿਤ ਮਰਯਾਦਾ ਨੂੰ ਮੰਨਣ ਤੋਂ ਇਨਕਾਰੀ ਹਨ ਉਹਨਾ ਦੇ ਨਾਮ ਨਾਲ * ਸਿੰਘ * ਸ਼ਬਦ ਨਾ ਵਰਤਿਆ ਜਾਵੇ ਅਤੇ ਇਹਨਾ ਨੂੰ ਮਹੰਤਾਂ ਦੀ ਕੈਟੇਗਰੀ ਵਿੱਚ ਹੀ ਸਮਝਿਆ ਜਾਣਾ ਚਾਹੀਦਾ ਹੈ।

ਜਸਬੀਰ ਸਿੰਘ ਵਿਰਦੀ 10-09-2021

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.