ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
- : ਮਨ ਅਤੇ ਦਿਮਾਗ਼ ਵਾਲੀ ਖੇਡ- 3 : -
- : ਮਨ ਅਤੇ ਦਿਮਾਗ਼ ਵਾਲੀ ਖੇਡ- 3 : -
Page Visitors: 12

- : ਮਨ ਅਤੇ ਦਿਮਾਗ਼ ਵਾਲੀ ਖੇਡ- 3 : -
ਮਨ ਅਤੇ ਦਿਮਾਗ਼ ਵਾਲੀ ਖੇਡ ਅਤਿ ਸੂਖਮ ਅਤੇ ਹੈਰਾਨੀ ਜਨਕ ਹੈ।ਇਹ ਦੋਨੋਂ ਇਕ ਦੂਜੇ ਨਾਲ ਇਸ ਤਰ੍ਹਾਂ ਕਦਮ ਨਾਲ ਕਦਮ ਮਿਲਾ ਕੇ ਚੱਲਦੇ ਹਨ ਕਿ, ਡੂੰਘੀ ਸੋਚ-ਵਿਚਾਰ ਦੀ ਅਣ-ਹੋਂਦ ਵਿੱਚ ਸਧਾਰਣ ਤੌਰ ਤੇ ਇਹਨਾ ਦਾ ਵਖਰੇਵਾਂਪਨ ਮਹਿਸੂਸ ਹੀ ਨਹੀਂ ਹੁੰਦਾ।
ਇਸੇ ਲਈ ਪਦਾਰਥਵਾਦੀ ਸੋਚ ਵਾਲੇ ਮਨ ਨੂੰ ਨਜ਼ਰ-ਅੰਦਾਜ ਕਰਕੇ, ਸਾਰਾ ਕੰਮ ਦਿਮਾਗ਼ ਦਾ ਹੀ ਦੱਸਦੇ ਹਨ।
ਕਾਰਲ ਮਾਰਕਸ ਦਾ ਸਮਾਜਕ ਬਰਾਬਰੀ ਵਾਲਾ ਸੁਪਨਾ ਕਿਉਂ ਕਾਮਜਾਬ ਨਹੀਂ ਹੋ ਸਕਿਆ?
ਕਿਉਂਕਿ ਉਸਨੇ ਸਮਾਜਕ ਬਰਾਬਰੀ ਲਿਆਉਣ ਵਾਲੇ ਸਿਧਾਂਤ ਘੜਨ ਲੱਗਿਆਂ ‘ਮਨ’ ਨੂੰ ਨਜ਼ਰ-ਅੰਦਾਜ ਹੀ ਕਰ ਛੱਡਿਆ ਸੀ।ਉਸਨੇ ਮਨੁੱਖ ਨੂੰ ਇੱਕ ਚੱਲਦੀ ਫਿਰਦੀ ਮਸ਼ੀਨ ਹੀ ਸਮਝ ਰੱਖਿਆ ਸੀ।ਮਨ ਜੋ ਕਿ ਬਹੁਤ ਹੀ ਪ੍ਰਬਲ ਵਸਤੂ ਹੈ, ਦੀਆਂ ਇੱਛਾਵਾਂ, ਭਾਵਨਾਵਾਂ ਅਤੇ ਲਾਲਸਾਵਾਂ ਨੂੰ ਉਹ ਨਜ਼ਰ ਅੰਦਾਜ ਕਰ ਗਿਆ, ਇਸੇ ਲਈ ਉਸ ਦੇ ਸਿਧਾਂਤ ਕਾਮਜਾਬ ਨਹੀਂ ਹੋ ਸਕੇ।ਮਨ ਤੋਂ ਬਿਨਾਂ, ਮਨੁੱਖ ਮਸ਼ੀਨ ਹੀ ਤਾਂ ਹੈ।ਇਹ ਮਨ ਹੀ ਹੈ ਜਿਹੜਾ ਚੱਲਦੀ ਫਿਰਦੀ ਮਸ਼ੀਨ ਨੂੰ ਮਨੁੱਖ ਬਣਾਉਂਦਾ ਹੈ।
ਮਨ ਅਤੇ ਦਿਮਾਗ਼ ਆਪਸ ਵਿੱਚ ਇਕ ਦੂਜੇ ਤੇ ਏਨੇ ਨਿਰਭਰ ਹਨ ਕਿ ਕਿਸੇ ਇਕ ਵਿੱਚ ਕਮੀਂ ਜਾਂ ਖਰਾਬੀ ਆਉਣ ਨਾਲ ਦੂਸਰਾ ਵੀ ਨਕਾਰਾ ਹੋ ਜਾਂਦਾ ਹੈ।ਜਿਵੇਂ ਆਪਣੇ ਦੋਨਾਂ ਪੈਰਾਂ’ਚੋਂ ਕੋਈ ਇੱਕ ਵੀ ਨਕਾਰਾ ਹੋ ਜਾਏ ਤਾਂ ਸਫਰ ਤੈਅ ਕਰਨਾ ਮੁਸ਼ਕਿਲ ਹੈ।
ਮਨ, ਦਿਮਾਗ਼ ਅਤੇ ਅਸੀਂ- ‘ਮਨ + ਆਤਮਾ’ ਅਤੇ ‘ਦਿਮਾਗ਼’ ਵਿਚਲਾ ਫਰਕ, ਇਕ ਉਦਾਹਰਣ ਦੇ ਜਰੀਏ ਸਮਝਣ ਦੀ ਕੋਸ਼ਿਸ਼ ਕਰਦੇ ਹਾਂ- ਮੰਨ ਲਓ ਸਾਡੇ ਨਾਲ ਕੋਈ ਬਹੁਤ ਭਿਆਨਕ ਹਾਦਸਾ ਵਾਪਰ ਜਾਂਦਾ ਹੈ। ਹਾਦਸਾ ਜੋ ਵਾਪਰਨਾ ਸੀ ਵਾਪਰ ਗਿਆ, ਜੋ ਹੋਣਾ ਸੀ ਹੋ ਗਿਆ। ਹੁਣ ਅਸੀਂ ਉਸ ਵਾਪਰੇ ਹੋਏ ਬਾਰੇ ਕੁਝ ਨਹੀਂ ਕਰ ਸਕਦੇ। ਪਰ ਹਾਦਸਾ ਬਹੁਤ ਭਿਆਨਕ ਹੋਣ ਕਰਕੇ ਸਾਡੇ ਦਿਮਾਗ਼ ਵਿੱਚ ਮੁੜ-ਮੁੜ ਉਸ ਹਾਦਸੇ ਬਾਰੇ ਹੀ ਵਿਚਾਰ ਘੁੰਮੀ ਜਾਂਦੇ ਹਨ।ਹਾਦਸੇ ਬਾਰੇ ਸੋਚ-ਸੋਚਕੇ ਦਿਮਾਗ਼ ਪਰੇਸ਼ਾਨ ਹੋਈ ਜਾਂਦਾ ਹੈ। ਹੋ ਚੁੱਕੇ ਬਾਰੇ ਅਸੀਂ ਕੁਝ ਨਹੀਂ ਕਰ ਸਕਦੇ, ਲਿਹਾਜਾ ਅਸੀਂ ਦਿਮਾਗ਼ ਨੂੰ ਹਾਦਸੇ ਬਾਰੇ ਸੋਚਣ ਵੱਲੋਂ ਹਟਾ ਕੇ ਕਿਸੇ ਹੋਰ ਸਧਾਰਣ ਵਿਚਾਰ ਵੱਲ ਸੋਚਣ ਲਗਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਹਾਦਸੇ ਬਾਰੇ ਸੋਚ ਸੋਚਕੇ ਦਿਮਾਗ਼ ਪਰੇਸ਼ਾਨ ਹੋਣੋਂ ਹਟੇ।
ਹੁਣ ਸੋਚਣ ਵਾਲੀ ਗੱਲ ਹੈ ਕਿ, ਦਿਮਾਗ਼ ਵਿੱਚ ਤਾਂ ਹਾਦਸੇ ਬਾਰੇ ਵਿਚਾਰ ਘੁੰਮੀ ਹੀ ਜਾਂਦੇ ਹਨ, ਪਰ ਦਿਮਾਗ਼ ਨੂੰ ਓਸ ਪਾਸਿਓਂ ਸੋਚਣੋ ਹਟਾ ਕੇ ਕਿਸੇ ਹੋਰ ਸਧਾਰਣ ਮੁੱਦੇ ਬਾਰੇ ਸੋਚਣ, ਕੌਣ ਲਗਾਉਂਦਾ ਹੈ, ਉਹ ਹਾਂ *ਅਸੀਂ*। ਅਸੀਂ, ਮਨ ਦੇ ਜਰੀਏ ਦਿਮਾਗ਼ ਨੂੰ ਕਿਸੇ ਸਾਧਾਰਣ ਵਿਸ਼ੇ ਬਾਰੇ ਸੋਚਣ ਵੱਲ ਲਗਾਉਂਦੇ ਹਾਂ।
ਮਨ ਨਾਲ ਜੁੜੇ ਦੋ ਹੋਰ ਪਹਿਲੂ ਹਨ ‘ਹਿਰਦਾ ਅਤੇ ਅੰਤਹਕਰਣ-ਅਸੀਂ ਸਾਰਾ ਦਿਨ ਜੋ ਦੇਖਦੇ, ਸੁਣਦੇ ਹਾਂ, ਉਸ ਤੋਂ ਸਾਡੇ ਮਨ ਵਿੱਚ ਕੋਈ ਨਾ ਕੋਈ ਵਿਚਾਰ ਉਪਜੀ ਜਾਂਦੇ ਹਨ।ਮਿਸਾਲ ਦੇ ਤੌਰ ਤੇ, ਸੈਂਕੜੇ ਲੋਕ ਸਾਡੀਆਂ ਅੱਖਾਂ ਅੱਗੋਂ ਦੀ ਦਿਨ ਭਰ ਵਿੱਚ ਗੁਜ਼ਰਦੇ ਹਨ।ਸਾਨੂੰ ਸਾਰਿਆਂ ਦੀ ਸ਼ਕਲ ਚੇਤੇ ਨਹੀਂ ਰਹਿੰਦੀ।
ਪਰ ਕੁਝ ਖਾਸ ਬੰਦਿਆਂ ਦੀ ਸ਼ਕਲ ਸਾਨੂੰ ਚੇਤੇ ਰਹਿ ਜਾਂਦੀ ਹੈ।ਉਸਦਾ ਕਾਰਣ ਇਹ ਹੈ ਕਿ ਹੋਰ ਸਾਰੇ ਲੋਕਾਂ ਨੂੰ ਅਸੀਂ ਹਿਰਦੇ ਦੀਆਂ ਗਹਿਰਾਈਆਂ ਨਾਲ ਨਹੀਂ ਦੇਖਿਆ ਸੁਣਿਆ ਹੁੰਦਾ।ਕੁਝ ਖਾਸ ਲੋਕਾਂ ਨੂੰ ਹੀ ਦਿਲ ਦੀਆਂ ਗਹਿਰਾਈਆਂ ਅਰਥਾਤ ਹਿਰਦੇ ਤੋਂ ਦੇਖਿਆ, ਸੁਣਿਆ ਹੁੰਦਾ ਹੈ।ਦਿਨ ਭਰ ਵਿੱਚ ਸੁਣੀਆਂ ਸਾਰੀਆਂ ਗੱਲਾਂ ਤੇ ਅਸੀਂ ਡੁੰਘਾਈ ਨਾਲ ਵਿਚਾਰ ਨਹੀਂ ਕਰਦੇ।ਕੁਝ ਖਾਸ ਅਤੇ ਸਾਡੇ ਲਈ ਅਹਮ ਨੁਕਤਿਆਂ ਬਾਰੇ ਹੀ ਅਸੀਂ ਵਧੇਰੇ ਵਿਚਾਰ ਕਰਦੇ ਹਾਂ।ਬਾਕੀ ਦੇ ਸਾਰੇ ਦੇ ਸਾਰੇ ਵਿਚਾਰ ਜ਼ਹਨ’ਚੋਂ ਵਿਸਰੀ ਜਾਂਦੇ ਹਨ ਅਰਥਾਤ ਦਿਮਾਗ਼ ਦੀ ਮੈਮਰੀ ਵਿੱਚ ਦਰਜ ਨਹੀਂ ਹੁੰਦੇ।
ਮਿਸਾਲ ਦੇ ਤੌਰ ਤੇ, ਸਾਡੇ ਨਾਲ ਕੋਈ ਵਿਅਕਤੀ ਗੱਲ ਕਰ ਰਿਹਾ ਹੁੰਦਾ ਹੈ, ਪਰ ਜੇ ਸਾਡੇ ਜ਼ਹਨ ਵਿੱਚ ਕੋਈ ਹੋਰ ਵਿਚਾਰ ਚੱਲ ਰਿਹਾ ਹੈ ਤਾਂ ਸਾਮ੍ਹਣੇ ਵਾਲੇ ਵਿਅਕਤੀ ਦੀ ਗੱਲ ਸੁਣਨੋਂ ਰਹਿ ਜਾਂਦੀ ਹੈ ਅਤੇ ਅਸੀਂ ਕਹਿ ਦਿੰਦੇ ਹਾਂ ਕਿ ਮੁਆਫ ਕਰਨਾ ਮੈਂ ਤੇਰੀ ਗੱਲ ਸੁਣੀ ਨਹੀਂ।
ਇਸ ਦਾ ਕਰਣ ਇਹ ਹੈ ਕਿ ਉਸ ਵਿਅਕਤੀ ਦੀਆਂ ਗੱਲਾਂ ਦੀਆਂ ਤਰੰਗਾਂ ਤਾਂ ਸਾਡੇ ਕੰਨਾਂ ਦੇ ਜ਼ਰੀਏ ਦਿਮਾਗ਼ ਤੱਕ ਜਰੂਰ ਪਹੁੰਚੀਆਂ ਪਰ ਉਹ ਮਨ/ਹਿਰਦੇ ਦੇ ਰਸਤੇ ਤੋਂ ਹੋ ਕੇ ਨਹੀਂ ਗੁਜ਼ਰੀਆਂ।ਅਰਥਾਤ ਪਹਿਲੇ ਕਦਮ ਨੂੰ ਛੱਡਕੇ ਸਿੱਧੀਆਂ ਦੂਜੇ ਕਦਮ ਤੱਕ ਪਹੁੰਚ ਗਈਆਂ ਅਤੇ ਪਹਿਲੇ ਕਦਮ ਤੋਂ ਬਿਨਾ ਦੂਜੇ ਕਦਮ ਦਾ ਕੰਮ ਕਿਸੇ ਕੰਮ ਦਾ ਨਹੀਂ।
ਹਿਰਦੇ ਸਬੰਧੀ ਗੁਰਬਾਣੀ ਸਾਨੂੰ ਉਪਦੇਸ਼ ਕਰਦੀ ਹੈ ਕਿ ਰਾਮ ਰਾਮ ਸਿਰਫ ਕਹਿਣ ਨਾਲ ਗੱਲ ਨਹੀਂ ਬਣਨੀ, ਮਨ ਦੀਆਂ ਗਹਿਰਾਈਆਂ ਅਰਥਾਤ ਹਿਰਦੇ ਤੋਂ ਰਾਮ ਦਾ ਨਾਮ ਜਪਣ ਨਾਲ ਹੀ ਗੱਲ ਬਣਨੀ ਹੈ।
ਅੰਤਹਕਰਣ-
ਜਿਵੇਂ ਦਿਮਾਗ਼ ਦੀ ਮੈਮਰੀ ਵਿੱਚ ਦੁਨਿਆਵੀ ਗਿਆਨ ਜਮ੍ਹਾ ਪਿਆ ਹੈ।ਪਰ ਜਿਹੜੀਆਂ ਗੱਲਾਂ ਸਾਡੇ ਲਈ ਕੋਈ ਖਾਸ ਅਹਮ ਨਹੀਂ, ਉਹ ਸਾਡੀ ਯਾਦਾਸ਼ਤ ਵਿੱਚੋਂ ਮਿਟ ਜਾਂਦੀਆਂ ਹਨ।
ਉਸੇ ਤਰ੍ਹਾਂ ਜਿਹੜੇ ਕੰਮ ਅਤੇ ਜਿਸ ਤਰ੍ਹਾਂ ਦੀ ਚੰਗੀ ਜਾਂ ਮਾੜੀ ਸੋਚ ਨਾਲ ਅਸੀਂ ਹਿਰਦੇ ਤੋਂ ਕੁਝ ਕਰਦੇ ਹਾਂ, ਸੰਸਕਾਰ-ਰੂਪ ਵਿੱਚ ਉਹ ਸਾਡੇ ਮਨ, ਸਾਡੇ ‘ਅੰਤਹਕਰਣ’ ਵਿੱਚ ਉਕਰੇ ਜਾਂਦੇ ਹਨ।ਉਸੇ ਤਰ੍ਹਾਂ ਦੀ ਸਾਡੀ ਸੋਚਣੀ ਅਤੇ ਸਾਡਾ ਸੁਭਾੳੇੁ ਬਣ ਜਾਂਦਾ ਹੈ।ਉਸੇ ਬਣੇ ਸੁਭਾੳੇੁ ਦੇ ਪਰੇਰੇ ਹੋਏ ਅਸੀਂ ਅੱਗੋਂ ਉਸੇ ਤਰ੍ਹਾਂ ਦੇ ਕੰਮ ਕਰੀ ਜਾਂਦੇ ਹਾਂ।ਸੁਭਾਉ ਦੇ ਅੱਗੇ ਸਿਆਣਪ ਵੀ ਹਥਿਆਰ ਸੁੱਟ ਦਿੰਦੀ ਹੈ।ਗੁਰਬਾਣੀ ਫੁਰਮਾਨ ਹੈ-
“ਕਬੀਰ ਮਨੁ ਜਾਨੈ ਸਭ ਬਾਤ, ਜਾਨਤ ਹੀ ਅਉਗਨੁ ਕਰੈ ॥ ਕਾਹੇ ਕੀ ਕੁਸਲਾਤ, ਹਾਥਿ ਦੀਪੁ ਕੂਏ ਪਰੈ ॥216॥ {ਪੰਨਾ 1376}”
ਦਿਮਾਗ਼ ਅੰਦਰ ਦਰਜ ਯਾਦਾਸ਼ਤ ਅਤੇ ਤਜਰਬੇ ਤੋਂ ਸਾਨੂੰ ਚੇਤਾਵਨੀ ਮਿਲਦੀ ਹੈ ਕਿ ਇਹ ਕੰਮ ਜੋ ਤੂੰ ਕਰਨ ਲੱਗਾ ਹੈ ਇਸ ਦੇ ਨਤੀਜੇ ਠੀਕ ਨਹੀਂ ਹੋਣ ਵਾਲੇ।ਪਰ ਅਚੇਤ ਮਨ ਅਰਥਾਤ ਅੰਤਹਕਰਣ ਦੇ ਅੰਦਰ ਦਰਜ ਸਾਡੇ ਸੰਸਕਾਰ ਅਤੇ ਸਾਡਾ ਸੁਭਾਅ ਸਾਨੂੰ ਉਸੇ ਵਿਕਾਰੀ ਕੰਮ ਨੂੰ ਕਰਨ ਵੱਲ ਪਰੇਰਦੇ ਹਨ ਅਤੇ ਅਸੀਂ ਜਾਣਦੇ ਬੁਝਦੇ ਹੋਏ ਵੀ ਅਉਗੁਣ ਕਰੀ ਜਾਂਦੇ ਹਾਂ।
“ਮਿਠਾ ਕਰਿ ਕੈ ਖਾਇਆ ਕਉੜਾ ਉਪਜਿਆ ਸਾਦੁ ॥ (ਪੰਨਾ 50)”
ਜੀਵ ਦੁਨੀਆ ਦੇ ਪਦਾਰਥਾਂ ਨੂੰ ਸੁਆਦਲੇ ਜਾਣ ਕੇ ਖਾਂਦਾ ਵਰਤਦਾ ਹੈ, ਪਰ ਇਹਨਾਂ (ਭੋਗਾਂ) ਦਾ ਸੁਆਦ (ਅੰਤ ਵਿਚ) ਕੌੜਾ (ਦੁਖਦਾਈ) ਸਾਬਤ ਹੁੰਦਾ ਹੈ (ਵਿਕਾਰ ਤੇ ਰੋਗ ਪੈਦਾ ਹੁੰਦੇ ਹਨ)।
ਸੋ ਸਾਡੇ ਅਚੇਤ ਮਨ ਅਰਥਾਤ ਅੰਤਹਕਰਣ ਵਿੱਚ ਦਰਜ ਸਾਡਾ ਸੁਭਾਉ ਅਤੇ ਸੰਸਕਾਰ ਹੀ ਅਸਲ ਵਿੱਚ ਸਾਡੇ ਜੀਵਨ ਦੇ ਰਾਹ-ਦਸੇਰੇ ਬਣਕੇ ਅੱਗੋਂ ਸਾਡੇ ਕੋਲੋਂ ਉਸੇ ਤਰ੍ਹਾਂ ਦੇ ਕੰਮ ਕਰਵਾ ਰਹੇ ਹਨ।
ਜੀਵਨ-ਸਫਰ ਖਤਮ ਹੋਣ ਤੇ ਸਰੀਰ ਦੇ ਨਾਲ ਦਿਮਾਗ਼ ਤਾਂ ਸਮਾਪਤ ਹੋ ਜਾਂਦਾ ਹੈ ਅਤੇ ਦਿਮਾਗ਼ ਦੇ ਨਾਲ ਇਸ ਵਿਚਲੀ ਸਾਰੀ ਯਾਦਾਸ਼ਤ ਵੀ ਖਰਮ ਹੋ ਜਾਂਦੀ ਹੈ।
ਪਰ, ਸਰੀਰ ਦੇ ਸਮਾਪਤ ਹੋ ਜਾਣ ਨਾਲ ਮਨ ਸਮਾਪਤ ਨਹੀਂ ਹੁੰਦਾ। ਜੀਵਨ ਵਿੱਚ ਮਨ ਦੀ ਜੋ ਘਾੜਤ ਘੜੀ ਗਈ ਹੈ, ਜਿਸ ਤਰ੍ਹਾਂ ਦੇ ਸੰਸਕਾਰ ਮਨ ਵਿੱਚ ਜਮ੍ਹਾ ਹੋ ਗਏ ਹਨ, ਉਹ ਸੰਸਕਾਰ, ਮਨ ਦੇ ਨਾਲ ਹੀ ਜਾਂਦੇ ਹਨ ਅਤੇ ਉਹਨਾ ਸੰਸਕਾਰਾਂ ਦੇ ਆਧਾਰ ਤੇ ਪ੍ਰਭੂ ਦੇ ਹੁਕਮ ਵਿੱਚ ਫੇਰ ਜਨਮ ਲੈਣਾ ਪੈਂਦਾ ਹੈ ਅਤੇ ਜਨਮ ਜਨਮ ਦੀ ਮੈਲ਼ (ਸੰਸਕਾਰ) ਲੈ ਕੇ ਸਾਡਾ ਮਨ ਸਾਡੇ ਨਾਲ ਹੀ ਰਹਿੰਦਾ ਹੈ।ਪਿਛਲੇ ਸੰਸਕਾਰਾਂ ਦੇ ਪਰੇਰੇ ਹੋਏ ਹੀ ਅਸੀਂ ਇਸ ਜਨਮ ਵਿੱਚ ਵੀ ਆਪਣਾ ਓਹੀ ਰਸਤਾ ਅਖਤਿਆਰ ਕਰ ਲੈਂਦੇ ਹਾਂ।
ਯਾਦ ਰੱਖਣ ਵਾਲੀ ਖਾਸ ਗੱਲ ਇਹ ਹੈ ਕਿ-
‘ਯਾਦਾਸ਼ਤ ਅਤੇ ਗਿਆਨ ਦੇ ਰੂਪ ਵਿੱਚ ਦਿਮਾਗ਼ ਵਿੱਚਲੀ ਮੈਮਰੀ’, ਅਤੇ ‘ਸੁਭਾਅ ਅਤੇ ਸੰਸਕਾਰਾਂ ਦੇ ਰੂਪ ਵਿੱਚ ਮਨ/ਅੰਤਹਕਰਣ ਵਿਚਲੀ ਮੈਮਰੀ’ ਦਾ ਫਰਕ ਸਮਝਣ ਅਤੇ ਚੇਤੇ ਰੱਖਣ ਦੀ ਲੋੜ ਹੈ।
ਜਸਬੀਰ ਸਿੰਘ ਵਿਰਦੀ 12-02-2024

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.