ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਕਰਮ 3:- (ਗੁਰਮਤਿ ਦਾ ਕਰਮ ਸਿਧਾਂਤ-2) ਮਨੋ-ਵਿਗਿਆਨ ਤੇ ਕਰਮ:
-: ਕਰਮ 3:- (ਗੁਰਮਤਿ ਦਾ ਕਰਮ ਸਿਧਾਂਤ-2) ਮਨੋ-ਵਿਗਿਆਨ ਤੇ ਕਰਮ:
Page Visitors: 2853

        -: ਕਰਮ 3:-
                        (ਗੁਰਮਤਿ ਦਾ ਕਰਮ ਸਿਧਾਂਤ-2)
ਮਨੋ-ਵਿਗਿਆਨ ਤੇ ਕਰਮ:
(ਨੋਟ- ਇਹ ਲੇਖ ਭਗਤ ਸਿੰਘ ਹੀਰਾ ਦੀ ਕਿਤਾਬ ‘ਗੁਰਮਤਿ ਵਿਚਾਰਧਾਰਾ’ ਵਿੱਚੋਂ ਉਤਾਰਾ ਕੀਤਾ ਗਿਆ ਹੈ)
ਨਵੀਨ ਮਾਨਸਕ ਖੋਜ ਦੇ ਆਧਾਰ ਤੇ ਮਨੋ-ਵਿਗਿਆਨੀਆਂ ਨੇ ਹੇਠ ਲਿਖੇ ਨਿਰਣਯ ਕੀਤੇ ਹਨ:
1- ਅੰਤਹਕਰਣ ਦੇ ਦੋ ਵਡੇ ਭਾਗ ਹਨ:
 ੳ- ਸੁਚੇਤ (Concious)        ਅ- ਅਚੇਤ (Unconcious)
2- ਜਾਗ੍ਰਿਤ ਅਵਸਥਾ ਵਿੱਚ ਚੇਤਨਤਾ ਦੀ ਰੌਂ ਚਲਦੀ ਰਹਿੰਦੀ ਹੈ ਤੇ ਮਨ ਵਿੱਚ ਗਿਆਨ ਇੰਦ੍ਰੀਆਂ ਦੀ ਰਾਹੀਂ ਬਾਹਰਲੇ ਵਿਸ਼ਿਆਂ ਦੇ ਸੰਸਕਾਰ ਪੈਂਦੇ ਰਹਿੰਦੇ ਹਨ, ਤੇ ਇਸਤਰ੍ਹਾਂ ਚੱਲਦੀਆਂ ਫਿਰਦੀਆਂ ਤਸਵੀਰਾਂ ਦਾ ਤਮਾਸ਼ਾ ਲੱਗਾ ਰਹਿੰਦਾ ਹੈ।ਜਿਸ ਗਿਆਨ-ਇੰਦ੍ਰੇ ਨਾਲ ਮਨ ਜੁੜਕੇ ਕੋਈ ਚੀਜ ਧਿਆਨਦਾ ਹੈ, ਉਹ ਉਸ ਬੀਤ ਚੁੱਕੀ ਕ੍ਰਿਆ ਦਾ ਚੇਤਾ ਸਾਡੀ ਸਿਮਰਤੀ ਵਿੱਚ ਦਾਖਲ ਹੋ ਜਾਂਦਾ ਹੈ।ਭਾਵੇਂ ਇਹ ਚੇਤਾ ਹਰ ਸਮੇਂ ਚੇਤੰਨਤਾ ਹੀ ਲਹਿਰ ਵਿੱਚ ਹਾਜ਼ਰ ਨਹੀਂ ਰਹਿੰਦਾ, ਫੇਰ ਵੀ ਯਤਨ ਕਰਨ ਤੇ ਇਸ ਵਿੱਚ ਆ ਮੌਜੂਦ ਹੁੰਦਾ ਹੈ।
3- ਅਚੇਤ ਭਾਗ ਸੁਚੇਤ ਭਾਗ ਤੋਂ ਹੇਠਾਂ ਹੈ।ਸੁਚੇਤ ਭਾਗ ਵਿੱਚ ਕੁਝ ਕੁ ਅਜਿਹੇ ਸੰਕਲਪ ਪੈਦਾ ਹੁੰਦੇ ਰਹਿੰਦੇ ਹਨ ਜਿਨ੍ਹਾਂਨੂੰ ਧਰਮ, ਸਮਾਜ ਜਾਂ ਭਾਈਚਾਰੇ ਵਿਰੁੱਧ ਸਮਝਕੇ ਅਸੀਂ ਦਬਾ ਦਿੰਦੇ ਹਾਂ, ਪਰ ਫਿਰ ਵੀ ਉਹ ਸਾਡੇ ਅੰਤਹਕਰਣ ਵਿੱਚੋਂ ਨਿਕਲਦੇ ਨਹੀਂ, ਸਗੋਂ ਅਚੇਤ ਭਾਗ ਵਿੱਚ ਉਤਰ ਜਾਂਦੇ ਹਨ ਤੇ ਉੱਥੇ ਹੀ ਜਮ੍ਹਾ ਹੋ ਜਾਂਦੇ ਹਨ ਅਤੇ ਕਦੇ ਕਦੇ ਸਮਾਂ ਪਾ ਕੇ ਨਵੇਂ ਨਵੇਂ ਰੂਪ ਧਾਰ ਸੁਪਨਿਆਂ ਵਿੱਚ ਆ ਟਪਕਦੇ ਹਨ।ਇਹੋ ਕਾਰਣ ਹੈ ਕਿ ਕਈ ਵਾਰ ਸੁਪਨਿਆਂ ਵਿੱਚ ਅਸੀਂ ਦਿਲ-ਕੰਬਾਊ ਕਰਮ ਵੀ ਕਰ ਲੈਂਦੇ ਹਾਂ।
4- ਅਚੇਤ ਭਾਗ ਦੀ ਸਭ ਤੋਂ ਹੇਠਲੀ ਡੂੰਘ ਵਿੱਚ ਮਨੁੱਖੀ ਸੁਭਾਵ ਦਾ ਵਾਸਾ ਹੈ।ਇਹ ਸੁਭਾਵ ਮਨੁੱਖ ਨੂੰ ਜੰਮਣ ਸਮੇਂ ਵਿਰਸੇ ਵਿੱਚ ਹੀ ਮਿਲਦਾ ਹੈ।
5- ਗਿਆਨ-ਇੰਦ੍ਰੀਆਂ ਰਾਹੀਂ ਬਾਹਰਲੇ ਵਿਸ਼ੇ ਸਾਡੇ ਅੰਤਹਕਰਣ ਦੇ ਸੁਚੇਤ ਭਾਗ ਵਿੱਚ ਪ੍ਰਵੇਸ਼ ਕਰਦੇ ਹਨ, ਤਾਂ ਉਨ੍ਹਾਂ ਦੇ ਗ੍ਰਹਣ ਜਾਂ ਤਿਆਗ ਕਰਨ ਦਾ ਹੁਕਮ ਇਸ ਸੁਭਾਵ ਵਾਲੇ ਭਾਗ ਵਿੱਚੋਂ ਹੀ ਮਿਲਦਾ ਹੈ ਤੇ ਉਸਦੇ ਗ੍ਰਹਣ, ਤਿਆਗ ਲਈ ਲੋੜੀਂਦਾ ਤ੍ਰਾਣ ਵੀ ਇਹੋ ਭਾਗ ਮੁਹਈਆ ਕਰਦਾ ਹੈ।
ਤਜੱਰਬਾ ਦੱਸਦਾ ਹੈ, ਜੋ ਮਨੁੱਖ ਆਮ ਤੌਰ ਤੇ ਬੁੱਧੀ ਅਨੁਸਾਰ ਕਰਮ ਨਹੀਂ ਕਰਦਾ, ਉਸ ਪਾਸੋਂ ਸੁਭਾਵ ਸੁਤੇ ਹੀ ਕਰਮ ਕਰਵਾ ਲੈਂਦਾ ਹੈ।ਇਹੋ ਕਾਰਨ ਹੈ ਕਿ ਚੰਗੇ ਚੰਗੇ ਵਿਦਵਾਨ, ਬੁੱਧੀਮਾਨ ਤੇ ਗਿਆਨੀ ਪੁਰਸ਼ ਵੀ ਹਾਸੋ-ਹੀਣੇ ਕਰਮ ਕਰ ਗੁਜ਼ਰਦੇ ਹਨ।ਹਰ ਸੱਜਣ ਜਾਣਦਾ ਹੈ ਕਿ ਝੂਠ ਬੋਲਣਾ ਚੰਗਾ ਨਹੀਂ, ਪਰ ਨਿਗੂਣੀਆਂ ਗੱਲਾਂ ਤੇ ਝੂਠ ਬੋਲਿਆ ਜਾਂਦਾ ਹੈ।ਜਿਸ ਤੋਂ ਕਿਸੇ ਕਿਸਮ ਦਾ ਲਾਭ ਵੀ ਨਹੀਂ ਹੁੰਦਾ
ਮਿਸਾਲ ਦੇ ਤੌਰ ਤੇ ਡਾਕਟਰ ਨੇ ਮਰੀਜ ਨੂੰ ਕਿਹਾ ਤੇਰੀ ਪਕੌੜੇ ਖਾਣ ਦੀ ਆਦਤ ਨੇ ਤੇਰਾ ਪੇਟ ਖਰਾਬ ਕੀਤਾ ਹੈ।ਹੁਣ ਤੇਰਾ ਇਲਾਜ ਤਾਂ ਕਰ ਦਿੱਤਾ ਹੈ ਪਰ ਅੱਗੋਂ ਤੋਂ ਪਕੌੜੇ ਬਿਲਕੁਲ ਨਾ ਖਾਈਂ।ਜਿਸ ਦਿਨ ਪਕੌੜੇ ਖਾ ਲਏ ਉਸੇ ਦਿਨ ਤੇਰੀ ਮੌਤ ਹੋ ਸਕਦੀ ਹੈ।ਮਰੀਜ ਨੇ ਵਾਦਾ ਕੀਤਾ ਕਿ ਉਹ ਮੁੜ ਪਕੌੜੇ ਨਹੀਂ ਖਾਏਗਾ।ਪਰ ਥੋੜ੍ਹੇ ਹੀ ਦਿਨ ਬੀਤੇ ਹੋਣਗੇ ਕਿ ਘਰ ਪਕੌੜੇ ਬਣਨ ਦੀ ਖੁਸ਼ਬੂ ਆਉਣ ਤੇ ਉਸ ਤੋਂ ਰਿਹਾ ਨਾ ਗਿਆ।ਪਰ ਸੁਭਾਵ ਨੇ ਆਖਿਆ, ਕੀ ਹੋ ਚੱਲਿਆ ਹੈ, ਡਾਕਟਰ ਤਾਂ ਏਦਾਂ ਕਹਿੰਦੇ ਹੀ ਹੁੰਦੇ ਹਨ।ਇਕ ਦਿਨ ਦੇ ਪਕੌੜੇ ਖਾ ਲੈਣ ਨਾਲ ਕੁਝ ਨਹੀਂ ਵਿਗੜਦਾ, ਅਤੇ ਪਕੌੜੇ ਖਾ ਲਏ।ਉਸੇ ਰਾਤ ਉਸਨੂੰ ਅਸਹਿ ਢਿਡ ਪੀੜ ਹੋਈ ਤੇ ਪ੍ਰਾਣਾਂ ਦਾ ਅੰਤ ਹੋ ਗਿਆ।ਸੋ ਸੁਭਾਵ ਕਈ ਵਾਰੀਂ ਮੌਤ ਦਾ ਖੌਫ ਵੀ ਚੁਕਾ ਕੇ ਮਨ ਮਰਜੀ ਦਾ ਕੰਮ ਕਰਵਾ ਦਿੰਦਾ ਹੈ।
ਭਾਈ ਗੁਰਦਾਸ ਜੀ ਉਦਾਹਰਣ ਦਿੰਦੇ ਹਨ- ਇਕ ਗਿੱਦੜ ਨਿਲਾਰੀ ਦੇ ਮੱਟ ਵਿੱਚ ਡਿਗਕੇ ਰੰਗਿਆ ਗਿਆ।ਉਸ ਨੂੰ ਪਖੰਡ ਸੁੱਝਿਆ ਤੇ ਉਸਨੇ ਆਪਣੇ ਆਪ ਨੂੰ ਰੱਬ ਵੱਲੋਂ ਜੰਗਲ ਦਾ ਬਾਦਸ਼ਾਹ ਬਣਾ ਕੇ ਘੱਲੇ ਜਾਣ ਦਾ ਦਾਅਵਾ ਕੀਤਾ।ਹਾਥੀ, ਸ਼ੇਰ, ਚੀਤੇ ਸਾਰੇ ਉਸਦੇ ਝਾਂਸੇ ਵਿੱਚ ਆ ਗਏ ਅਤੇ ਸੇਵਾ ਵਿੱਚ ਜੁਟ ਗਏ।ਗਿੱਦੜ ਵੀ ਆਕੜ ਕੇ ਹੁਕਮ ਚਲਾਣ ਲੱਗ ਪਿਆ।ਇਕ ਦਿਨ ਅਚਾਨਕ ਥੋੜ੍ਹੀ ਦੂਰੀ ਤੇ ਇਕ ਗਿੱਦੜ ਚੀਕਿਆ ਜਿਸਨੇ ਪਖੰਡੀ ਗਿੱਦੜ ਦਾ ਸੁਭਾਵ ਜਗਾ ਦਿੱਤਾ।ਗਿੱਦੜ ਨੂੰ ਪਤਾ ਸੀ ਕਿ ਜੇਕਰ ਉਸ ਦਾ ਗਿੱਦੜਪੁਣਾ ਪ੍ਰਗਟ ਹੋ ਗਿਆ ਤਾਂ ਅਵੱਸ਼ ਹੀ ਉਹ ਮਾਰਿਆ ਜਾਏਗਾ।ਪਰ ਸੁਭਾਵ ਨੇ ਪੇਸ਼ ਨਾ ਜਾਣ ਦਿੱਤੀ, ਤੇ ਆਦਤ ਮੁਤਾਬਕ ਚੀਕ ਪਿਆ।ਸਾਰਾ ਪਾਜ ਉਘੜ ਪਿਆ ਤੇ ਬਾਦਸ਼ਾਹ ਬਣੇ ਗਿੱਦੜ ਦੀ ਬੁਰੀ ਤਰ੍ਹਾਂ ਸ਼ੇਰ ਤੇ ਹਾਥੀ ਹੱਥੋਂ ਮੌਤ ਹੋਈ।ਭਾਈ ਸਾਹਿਬ ਆਖਦੇ ਹਨ:
ਨਿਲਾਰੀ ਦੇ ਮਟ ਵਿਚ ਪੈ ਗਿਦੜ ਰੱਤਾ॥
ਜੰਗਲ ਅੰਦਰ ਜਾਇਕੈ ਪਖੰਡ ਕੀਤਾ॥
ਦਰ ਸੇਵੈ ਮਿਰਗਾਵਲੀ ਹੋਇ ਬਹੈ ਅਵੱਤਾ॥
ਕਰੈ ਹੁਕੂਮਤ ਅਮਲੀ ਕੂੜੈ ਮਦ ਮੱਤਾ॥
ਬੋਲਣ ਕਾਜ ਵਿਗਾੜਿਆ ਜਿਉ ਮੂਲੀ ਪੱਤਾ
॥2॥36॥”
ਉਪਰ ਦਿੱਤੀ ਗਈ ਵਿਚਾਰ ਤੋਂ ਇਹ ਗੱਲ ਸਮਝਣ ਵਿੱਚ ਕੋਈ ਔਖ ਨਹੀਂ ਰਹਿੰਦਾ ਕਿ ਅਸਲ ਕਰਮ ਕਰਨ ਦੀ ਪ੍ਰੇਰਨਾ ਜੀਵ ਨੂੰ ਉਸਦੇ ਨਿਜੀ ਸੁਭਾਵ ਤੋਂ ਹੀ ਮਿਲਦੀ ਹੈ ਤੇ ਇਹ ਸੁਭਾਵ ਮਨੁੱਖ ਨੂੰ ਵਿਰਸੇ ਵਿੱਚ ਮਿਲਦਾ ਹੈ।ਇਹ ਵਿਰਜਾ ਜੱਦੀ ਜਾਂ ਨਸਲੀ ਨਹੀਂ ਸਗੋਂ ਪੂਰਬਲੇ ਜਨਮਾਂ ਦੇ ਸਿੰਚਤ ਕਰਮਾਂ ਅਨੁਸਾਰ ਮਿਲਿਆ ਹੈ।
ਸਾਮੀ ਮੱਤ ਵਾਲੇ ਇਹ ਵਿਰਸਾ ਜੱਦੀ ਜਾਂ ਨਸਲੀ ਤਸਲੀਮ ਕਰਦੇ ਹਨ।ਉਨ੍ਹਾਂ ਦਾ ਅਕੀਦਾ ਆਵਾਗਵਣ ਦੇ ਸਿਧਾਂਤ ਤੋਂ ਮੁਨਕਰ ਹੈ।
ਗੁਰਮਤਿ ਇਸ ਵਿਰਸੇ ਵਿੱਚ ਆਏ ਸੁਭਾਵ ਨੂੰ ‘ਕਿਰਤ’ ਦਾ ਨਾਂ ਦਿੰਦੀ ਹੈ:
“ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ॥
ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੰਤੁ ਹਰੇ॥” (ਪੰਨਾ- 990)
ਕੁੰਟ ਚਾਰਿ ਦਹਿ ਦਿਸਿ ਭ੍ਰਮੇ ਕਰਮ ਕਿਰਤੁ ਕੀ ਰੇਖ॥
ਸੂਖ ਦੂਖ ਮੁਕਤਿ ਜੋਨਿ ਨਾਨਕਾ ਲਿਖਿਓ ਲੇਖ॥” (ਪੰਨਾ-253)
ਨਕਿ ਨਥ ਖਸਮ ਹਥ ਕਿਰਤੁ ਧਕੇ ਦੇ॥
ਜਹਾ ਦਾਣੇ ਤਹਾ ਖਾਣੇ ਨਾਨਕਾ ਸਚੁ ਹੇ॥” (ਪੰਨਾ- 653)
ਹਉਮੈ ਮੈਲਾ ਜਗੁ ਫਿਰੈ ਮਰਿ ਜੰਮੈ ਵਾਰੋ ਵਾਰ॥
ਪਇਐ ਕਿਰਤ ਕਮਾਵਣਾ ਕੋਇ ਨ ਮੇਟਣਹਾਰ॥” (ਪੰਨਾ-756)
ਬੰਧਨ ਬੰਧਿ ਭਵਾਏ ਸੋਇ॥ਪਇਐ ਕਿਰਤਿ ਨਚੈ ਸਭੁ ਕੋਇ॥” (ਪੰਨਾ- 465)
ਗੁਰਮਤਿ, ਸੁਭਾਵ ਨੂੰ ਉਸਦੀ ਆਤਮਾ ਦੇ ਪਿਛਲੇ ਸਹੇੜੇ ਜਨਮਾਂ ਦੇ ਸੰਸਕਾਰਾਂ ਦਾ ਹੀ ਫਲ਼ ਮੰਨਦੀ ਹੈ।ਰੇਤ ਵਿੱਚ ਤੁਰਨ ਨਾਲ ਜਿਵੇਂ ਖੁਰਾ (ਪੈੜ, ਪਦ-ਚਿੰਨ੍ਹ) ਲੱਗ ਜਾਂਦਾ ਹੈ, ਸਮੁੰਦਰ ਕੰਢੇ ਪਾਣੀ ਦੀ ਲਹਿਰ ਨਾਲ ਹਮਵਾਰ ਹੋਈ ਪੱਧਰ ਤੇ ਜਿਵੇਂ ਲੀਹਾਂ ਛੱਡ ਜਾਂਦੇ ਹਨ।ਇਸੇ ਤਰ੍ਹਾਂ ਮਨ ਵਿੱਚੋਂ ਲੰਘਦੇ ਫੁਰਨੇ ਆਪਣਾ ਖੁਰਾ ਛੱਡ ਜਾਂਦੇ ਹਨ ਤੇ ਯਤਨ ਕਰਨ ਤੇ ਮੁੜ ਸਾਡੇ ਚੇਤੇ ਵਿੱਚ ਆ ਜਾਂਦੇ ਹਨ।ਜੇਕਰ ਇਹ ਸੰਕਲਪ ਜਾਂ ਵਿਕਲਪ ਮਨ ਵਿੱਚ ਖੁਰਾ ਨਾ ਛੱਡਦੇ ਤਾਂ ਉਹ ਫੇਰ ਕਦੇ ਸਾਡੇ ਚੇਤੇ ਵਿੱਚ ਨਾ ਪਰਤ ਸਕਦੇ।ਇਕੋ ਫੁਰਨਾ ਜਦ ਮੁੜ-ਮੁੜ ਫੁਰੇ ਤਾਂ ਉਸ ਦਾ ਖੁਰਾ ਮਨ ਵਿੱਚ ਡੂੰਘ ਫੜ ਲੈਂਦਾ ਹੈ।ਹਰ ਸਰੀਰਕ ਕਰਮ ਦਾ ਮੁਢ ਪਹਿਲਾਂ ਸੰਕਲਪ ਤੋਂ ਹੀ ਬਝਦਾ ਹੈ।ਇਸ ਲਈ ਕਿਸੇ ਕਰਮ ਦਾ ਮੁੜ-ਮੁੜ ਕਰਨਾ ਇਕੋ ਫੁਰਨੇ ਸੰਕਲਪ ਦੇ ਬਾਰ-ਬਾਰ ਫੁਰਨ ਦਾ ਸੂਚਕ ਹੈ।ਕਿਸੇ ਇਕ ਕਰਮ ਦਾ ਕਈ ਵਾਰ ਦੋਹਰਾਰਾਣਾ ਆਦਤ ਘੜਦਾ ਹੈ ਤੇ ਇਹੋ ਆਦਤ ਹੌਲੀ-ਹੌਲੀ ਪੱਕਕੇ ਸਾਡਾ ਸੁਭਾਵ ਬਣ ਜਾਂਦੀ ਹੈ।ਸਾਡੇ ਪੂਰਬਲੇ ਕਰਮਾਂ (ਸਿੰਚਤ ਕਰਮਾਂ) ਨੇ ਹੀ ਸਾਡੀ ਕਿਰਤ ਬਣਾਈ ਹੈ।ਇਹ ਕਿਰਤ ਹੀ ਸਾਡਾ ਵਿਰਸੇ ਵਿੱਚ ਮਿਲਿਆ ਸੁਭਾਵ ਹੈ।ਇਸ ਵਿਰਸੇ ਵਿੱਚ ਮਿਲੇ ਸੁਭਾਵ ਦੇ ਅਧੀਨ ਹੀ ਅਸੀਂ ਵਰਤਮਾਨ ਜਨਮ ਦੇ ਨਵੇਂ ਕਰਮਾਂ ਵਿੱਚ ਪ੍ਰਵਿਰਤ ਹੁੰਦੇ ਹਾ।ਇਸ ਤਰ੍ਹਾਂ ਸਾਡੀ ਕਿਰਤ ਹੀ ਸਾਡੀ ਅਮਲੀ ਜ਼ਿੰਦਗ਼ੀ ਲਈ ਅੱਗੋਂ ਸਾਡੀ ਕਿਰਤ ਘੜਦੀ ਹੈ।ਜਿਵੇਂ ਇਕ ਬਰਫ ਦਾ ਤੋਦਾ ਪਹਾੜ ਤੋਂ ਹੇਠਾਂ ਵੱਲ ਰਿੜ੍ਹਦਾ ਹੈ, ਤਾਂ ਕਈ ਕੁਝ ਹੋਰ ਆਪਣੇ ਨਾਲ ਲਪੇਟ ਲੈਂਦਾ ਹੈ।ਜਿਉਂ-ਜਿਉਂ ਉਸਦੀ ਰੋੜ੍ਹ ਤੇਜ ਹੁੰਦੀ ਹੈ ਤਿਉਂ-ਤਿਉਂ ਉਸਦਾ ਆਕਾਰ ਵੀ ਵਧਦਾ ਜਾਂਦਾ ਹੈ।ਇਸੇ ਤਰ੍ਹਾਂ ਪਿਛਲੀ ਕਿਰਤ ਨਵੇਂ ਕਰਮਾਂ ਨੂੰ ਨਾਲ ਮੇਲ, ਪਹਿਲਾਂ ਨਾਲੋਂ ਵੀ ਸ਼ਕਤੀਸ਼ਾਲੀ ਹੋ, ਇਕ ਅਜਿਹਾ ਕਰਮ-ਜਾਲ਼ ਬਣਾ ਲੈਂਦੀ ਹੈ, ਕਿ ਜਿਸ ਤੋਂ ਛੁਟਕਾਰਾ ਪਾਣਾ ਮੁਸ਼ਕਿਲ ਹੋ ਜਾਂਦਾ ਹੈ।ਸਤਿਗੁਰੂ ਫੁਰਮਾਂਦੇ ਹਨ:
ਬੈਰ ਬਿਰੋਧ ਕਾਮ ਕ੍ਰੋਧ ਮੋਹ॥ਝੂਠ ਬਿਕਾਰ ਮਹਾ ਲੋਭ ਧ੍ਰੋਹ॥
ਇਆਹੂ ਜੁਗਤਿ ਬਿਹਾਨੇ ਕਈ ਜਨਮ
॥” (ਪੰਨਾ- 267)
ਤੇ ਫੇਰ ਇਹ ਜਨਮ-ਜਮਾਂਤਰਾਂ ਦੀ ਪੱਕੀ ਹੋਈ ਕਿਰਤ ਅਜਿਹੀ ਖਹਿੜੇ ਪੈ ਗਈ ਕਿ:
ਪਇਆ ਕਿਰਤ ਨ ਮੇਟੈ ਕੋਇ॥” (ਪੰਨਾ- 280)
ਅਸਲ ਗੱਲ ਤਾਂ ਇਹ ਹੈ ਕਿ ਪਹਿਲਾਂ ਨਿਰੰਕਾਰੀ ਹੁਕਮ ਨਾਲ ‘ਹਉਮੈ’ ਹੀ ਸ਼ਖਸੀਅਤ ਦਾ ਕੇੰਦਰ ਬਣੀ।ਇਸ ਕੇਂਦਰ ਅਧੀਨ ਕੀਤੇ ਕਰਮ ਫੇਰ ਉਸ ਸ਼ਖਸੀਅਤ ਦੇ ਖਾਸ ਸੁਭਾਵ ਦੇ ਰੂਪ ਵਿੱਚ ਪ੍ਰਗਟੇ।ਹੁਣ ਇਸ ਸੁਭਾਵ ਵਿੱਚ ਰਚ ਗਏ ਔਗਣ ਹੀ ਸਾਡੇ ਦੁਖ ਦਾ ਕਾਰਨ ਹਨ।ਏਹੀ ਔਗੁਣ ਸਾਡੇ ਲਈ ਬੰਧਨ ਹਨ, ਕਿਉਂਕਿ ਕੀਤੇ ਕਰਮਾਂ ਦਾ ਫਲ਼ ਤਾਂ ਅਸੀਂ ਜਰੂਰ ਭੁਗਤਣਾ ਹੀ ਹੈ।ਉਪਰੋਕਤ ਵਿਚਾਰ ਨੂੰ ਹੇਠ ਲਿਖੇ ਗੁਰਬਾਣੀ ਦੇ ਪ੍ਰਮਾਣ ਸਪੱਸ਼ਟ ਕਰ ਦਿੰਦੇ ਹਨ:
ਨਾਨਕ ਅਉਗੁਣ ਜੇਤੜੇ ਤੇਤੇ ਗਲੀ ਜੰਜੀਰ॥” (ਪੰਨਾ- 595)
ਜੇਹਾ ਕੀਤੋਨੁ ਤੇਹਾ ਹੋਆ ਜੇਹੇ ਕਰਮ ਕਮਾਇ॥” (ਪੰਨਾ- 33)
ਬੀਜ ਬੋਵਸਿ ਭੋਗ ਭੋਗਹਿ ਕੀਆ ਅਪਣਾ ਪਾਵਏ॥” (ਪੰਨਾ- 705)
ਨਿੰਦਾ ਕਰਿ ਕਰਿ ਬਹੁਤੁ ਵਿਗੂਤਾ ਗਰਭ ਜੋਨਿ ਮੁਹਿ ਕਿਰਤਿ ਪਇਆ
ਪੁਰਬ ਕਮਾਣੇ ਛੋਡਹਿ ਨਾਹੀ ਜਮਦੂਤਿ ਗ੍ਰਾਸਿਓ ਮਹਾ ਭਇਆ॥” (ਪੰਨਾ- 900)
ਦਿਨੁ ਰਾਤਿ ਕਮਾਇੜੋ ਸੋ ਆਇਓ ਮਾਥੈ॥ਜਿਸੁ ਪਾਸਿ ਲੁਕਾਇਦੜੋ ਸੋ ਵੇਖੀ ਸਾਥੈ॥” (ਪੰਨਾ- 461)
ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ॥” (ਪੰਨਾ- 470)
ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ॥” (ਪੰਨਾ- 473)
ਮਨਮੂਰਖ ਕਾਹੇ ਬਿਲਲਾਈਐ॥ਪੁਰਬ ਲਿਖੇ ਕਾ ਲਿਖਿਆ ਪਾਈਐ॥” (ਪੰਨਾ- 283)
ਅਸਲ ਵਿੱਚ ਇਹ ਧਰਤੀ ਇਕ ਧਰਮਸਾਲ ਹੈ।ਇਸ ਧਰਮਸਾਲ ਵਿੱਚ ਜੋ ਕੋਈ ਕੁਝ ਬੀਜੇਗਾ, ਓਹੀ ਕੁਝ ਓਹ ਵਢੇਗਾ।ਮੱਕੀ ਬੀਜਕੇ ਬਾਜਰਾ, ਜੌਂ ਬੀਜਕੇ ਕਣਕ, ਅੱਕ ਬੀਜਕੇ ਅੰਬ, ਬਿਖ ਬੀਜਕੇ ਅੰਮ੍ਰਿਤ ਜਾਂ ਕੰਡੇ ਬੀਜਕੇ ਅੰਗੂਰ ਦੀ ਆਸ ਰੱਖਣੀ ਬੇ-ਅਰਥ ਹੈ।ਅਸੀਂ ਆਪਣਾ ਕਤਿਆ ਹੀ ਹੰਢਾਣਾ ਹੈ।ਸ਼ਹਿਦ ਦੀ ਮੱਖੀ ਵਾਂਗ ਸਾਡਾ ਜੀਵਾਤਮਾ ਆਪਣਾ ਕਰਮ ਛੱਤਾ ਆਪ ਹੀ ਵਧਾ ਲੈਂਦਾ ਹੈ।ਇਹ ਕਿਰਤ ਕਰਮ ਵੀ ਭੋਗਦਾ ਹੈ ਤੇ ਨਾਲੋ ਨਾਲ ਨਵੇਂ ਕਰਮ-ਚਿਤਰ ਵੀ ਚਿਤਰਦਾ ਜਾਂਦਾ ਹੈ।ਜਿਵੇਂ ਬਰਫ ਦਾ ਗੋਲਾ ਰਿੜ੍ਹਦਾ ਰਿੜ੍ਹਦਾ ਆਪਣੇ ਨਾਲ ਹੋਰ ਬਰਫ ਵੀ ਲਪੇਟ ਲੈਂਦਾ ਹੈ, ਇਸ ਤਰ੍ਹਾਂ ਇਹ ਇਕ ਤਕੜਾ ਕਰਮ-ਜਾਲ ਬਣ ਜਾਂਦਾ ਹੈ।ਜਿਸ ਵਿੱਚੋਂ ਸਹਿਜੇ ਕੀਤੇ ਜੀਵ ਆਤਮਾ ਦਾ ਨਿਕਲਣਾ ਸੰਭਵ ਨਹੀਂ ਹੁੰਦਾ।
-ਚੱਲਦਾ-
ਜਸਬੀਰ ਸਿੰਘ ਵਿਰਦੀ                             13-01-2015

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.