ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਸਾਨ ਫਰਾਂਸਿਸਕੋ ਦੀ ਆਜ਼ਾਦੀ ਪਰੇਡ ‘ਚ ਹਜ਼ਾਰਾਂ ਸੰਗਤਾਂ ਸ਼ਾਮਲ
ਸਾਨ ਫਰਾਂਸਿਸਕੋ ਦੀ ਆਜ਼ਾਦੀ ਪਰੇਡ ‘ਚ ਹਜ਼ਾਰਾਂ ਸੰਗਤਾਂ ਸ਼ਾਮਲ
Page Visitors: 2705

ਸਾਨ ਫਰਾਂਸਿਸਕੋ ਦੀ ਆਜ਼ਾਦੀ ਪਰੇਡ ‘ਚ ਹਜ਼ਾਰਾਂ ਸੰਗਤਾਂ ਸ਼ਾਮਲ

Posted On 08 Jun 2016

Front page nagar kirtanਸਾਨਫਰਾਂਸਿਸਕੋ, 8 ਜੂਨ (ਪੰਜਾਬ ਮੇਲ)- ਜੇ ਜੂਨ 1984 ਨੂੰ ਭਾਰਤੀ ਫੌਜ ਵਲੋਂ ਸ੍ਰੀ ਦਰਬਾਰ ਸਾਹਿਬ ‘ਤੇ ਕੀਤੇ ਹਮਲੇ ਵਿਰੁੱਧ ਗੁੱਸਾ ਅਤੇ ਰੋਸ ਜਿਉਂ ਦਾ ਤਿਉਂ ਕਾਇਮ ਹੈ, ਤਾਂ ਉਸ ਦੇ ਨਾਲ ਹੀ ਆਜ਼ਾਦੀ ਦੀ ਤਾਂਘ, ਰੀਝ ਅਤੇ ਚਿਣਗ ਵੀ ਆਪਣੇ ਪੂਰੇ ਜਾਹੋ-ਜਲਾਲ ਵਿਚ ਹੈ।
ਇਹ ਨਜ਼ਾਰਾ ਮੈਂ ਸਾਨ ਫਰਾਂਸਿਸਕੋ ਦੀ ਆਜ਼ਾਦੀ ਪਰੇਡ ਵਿਚ ਦੇਖਿਆ ਅਤੇ ਮਹਿਸੂਸ ਕੀਤਾ ਕਿ ਜੇਕਰ ਇਹੋ ਜਿਹੀ ਸੁਚੇਤ ਸਰਗਰਮੀ, ਉਤਸ਼ਾਹ ਅਤੇ ਚਾਅ ਪੰਜਾਬ ਵਿਚ ਵੀ ਹੋਏ ਤਾਂ ਖਾਲਿਸਤਾਨ ਦੀ ਮੰਜ਼ਿਲ ਦੂਰ ਨਹੀਂ। ਕੈਲੀਫੋਰਨੀਆ ਦੇ ਬਹੁਤ ਸਾਰੇ ਗੁਰਦੁਆਰਿਆਂ ਅਤੇ ਵਿਸ਼ੇਸ਼ ਕਰਕੇ ਨੌਜਵਾਨਾਂ ਦੇ ਉੱਦਮ ਨਾਲ ਕੀਤੀ ਗਈ ਪਰੇਡ ਦੇ ਨਜ਼ਾਰੇ ਵੇਖਣ ਵਾਲੇ ਹੀ ਹੁੰਦੇ ਹਨ। ਹਜ਼ਾਰਾਂ ਸਿੱਖ ਆਪਣੇ ਪਰਿਵਾਰਾਂ ਸਮੇਤ ਆਜ਼ਾਦੀ ਨੂੰ ਸਮਰਪਿਤ ਇਸ ਪਰੇਡ ਵਿਚ ਹੁੰਮ-ਹੁਮਾ ਕੇ ਹਾਜ਼ਰੀ ਭਰਦੇ ਹਨ। ਸਾਨ ਫਰਾਂਸਿਸਕੋ ਦੀ ਲਗਾਤਾਰ ਇਹ ਤੀਜੀ ਪਰੇਡ ਹੈ, ਜੋ 2014 ਤੋਂ ਆਰੰਭ ਹੋਈ, ਜਦਕਿ ਇਹੋ ਜਿਹੀ ਪਰੇਡ ਲੰਦਨ ਵਿਚ ਕਈ ਸਾਲਾਂ ਤੋਂ ਲਗਾਤਾਰ ਹੁੰਦੀ ਆ ਰਹੀ ਹੈ। ਇਸ ਤੋਂ ਇਲਾਵਾ ਨਿਊਯਾਰਕ ਅਤੇ ਸਰੀ ਦੀਆਂ ਵਿਸਾਖੀ ਦੇ ਮੌਕੇ ‘ਤੇ ਕੀਤੀਆਂ ਜਾਣ ਵਾਲੀਆਂ ਆਜ਼ਾਦੀ ਪਰੇਡਾਂ ਸਾਰੀ ਦੁਨੀਆਂ ਵਿਚ ਮਸ਼ਹੂਰ ਹਨ। ਫਰੀਮਾਂਟ ਗੁਰਦੁਆਰਾ ਅਤੇ ਕੈਲੀਫੋਰਨੀਆ ਦੇ ਪ੍ਰਮੁੱਖ ਗੁਰਦੁਆਰਿਆਂ ਵਲੋਂ ਕੀਤੀ ਜਾਣ ਵਾਲੀ ਇਹ ਪਰੇਡ 5 ਜੂਨ ਨੂੰ ਸੈਕਿੰਡ ਮਾਰਕੀਟ ਸਟਰੀਟ ਤੋਂ ਦੁਪਹਿਰ 12:00 ਵਜੇ ਸ਼ੁਰੂ ਹੋਈ ਅਤੇ 2 ਕਿਲੋਮੀਟਰ ਪੈਦਲ ਮਾਰਚ ਕਰਦੇ ਹੋਏ ਹਜ਼ਾਰਾਂ ਸਿੱਖ ਸਿਵਕ ਸੈਂਟਰ ਪਲਾਜ਼ਾ ‘ਚ ਪਹੁੰਚੇ, ਜਿਥੇ ਇਕ ਖੁੱਲ੍ਹੇ ਮੈਦਾਨ ਵਿਚ ਘਾਹ ਦੀ ਸੇਜ ਉਤੇ ਦੀਵਾਨ ਸਜਿਆ, ਜੋ ਕਰੀਬ ਤਿੰਨ ਘੰਟੇ ਜਾਰੀ ਰਿਹਾ। ਇਸ ਵਿਚ ਕੈਨੇਡਾ ਤੋਂ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਤੋਂ ਹੈਲਥ ਐਂਡ ਸੇਫਟੀ ਦੇ ਡਾਇਰੈਕਟਰ ਭਾਈ ਮਨਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ। ਇਸ ਪਰੇਡ ਦੀ ਵਰਨਣਯੋਗ ਗੱਲ ਇਹ ਸੀ ਕਿ ਇਹ ਪਰੇਡ ਮਨੋਰੰਜਨ ਦਾ ਕੋਈ ਆਮ ਮੇਲਾ ਨਹੀਂ ਸੀ, ਸਗੋਂ ਇਹ ਸਿੱਖੀ ਸਿਧਾਂਤਾਂ ਅਤੇ ਸਿੱਖੀ ਜੀਵਨ ਜਾਂਚ ਦਾ ਇਕ ਅਜਿਹਾ ਸੁਮੇਲ ਸੀ, ਜਿਸ ਵਿਚ ਅਨੋਖੀ ਗੰਭੀਰਤਾ ਸੀ, ਚੜ੍ਹਦੀ ਕਲਾ ਵਾਲੀ ਉਦਾਸੀ ਅਤੇ ਖੁਸ਼ੀ ਸੀ ਅਤੇ ਸ਼ਾਂਤਮਈ ਮਾਰਚ ਸੀ, ਜਿਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਸੀ। ਸਟੇਜ ਦਾ ਪ੍ਰਬੰਧ ਭਾਈ ਦਵਿੰਦਰ ਸਿੰਘ ਅਤੇ ਬੀਬੀ ਰਾਜਬੀਰ ਕੌਰ ਦੇ ਹੱਥ ਵਿਚ ਸੀ। ਜਿਥੋਂ ਬੁਲਾਰਿਆਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਲਈ ਸੱਦਾ ਦਿੱਤਾ ਜਾਂਦਾ ਸੀ ਅਤੇ ਜਿਥੋਂ ਉਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਸੀ, ਜਿਨ੍ਹਾਂ ਨੇ ਖਾਲਿਸਤਾਨ ਦੀ ਸਥਾਪਨਾ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਇਸ ਵਿਚ ਉਹ ਨਜ਼ਾਰਾ ਦੇਖਣ ਵਾਲਾ ਸੀ, ਜਦੋਂ ਜੈਕਾਰਿਆਂ ਦੀ ਗੂੰਜ ਵਿਚ ਭਾਈ ਦਿਲਾਵਰ ਸਿੰਘ ਦੀ ਮਾਤਾ ਨੂੰ ਸਨਮਾਨਿਤ ਕੀਤਾ ਗਿਆ, ਜਿਸ ਨੇ ਮਨੁੱਖੀ ਬੰਬ ਬਣ ਕੇ ਵਕਤ ਦੇ ਜ਼ਾਲਮ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਖ਼ਤਮ ਕਰਕੇ ਇਹ ਸੰਦੇਸ਼ ਦਿੱਤਾ ਸੀ ਕਿ ਸਿੱਖ ਜ਼ੁਲਮ ਕਰਨ ਵਾਲੇ ਨੂੰ ਕਦੇ ਵੀ ਨਹੀਂ ਬਖ਼ਸ਼ਦੇ। ਬੁਲਾਰਿਆਂ ਵਿਚ ਭਾਈ ਮਨਿੰਦਰ ਸਿੰਘ ਤੋਂ ਇਲਾਵਾ ਡਾਕਟਰ ਅਮਰਜੀਤ ਸਿੰਘ ਅਤੇ ਇਨ੍ਹਾਂ ਸਤਰਾਂ ਦਾ ਲੇਖਕ ਵੀ ਸ਼ਾਮਲ ਸੀ। ਸਿੱਖਸ ਫਾਰ ਜਸਟਿਸ ਦੇ ਜਤਿੰਦਰ ਸਿੰਘ ਗਰੇਵਾਲ ਨੇ ਵੀ 2020 ਦੇ ਰੈਫਰੈਂਡਮ ਦੇ ਉਦੇਸ਼ ਅਤੇ ਰੋਡ ਮੈਪ ਬਾਰੇ ਸੰਗਤ ਨੂੰ ਜਾਣਕਾਰੀ ਦਿੱਤੀ।
     ਭਾਈ ਮਨਿੰਦਰ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹੁਣ ਤੱਕ ਹੋਏ ਹਮਲਿਆਂ ਦਾ ਇਤਿਹਾਸ ਦੱਸ ਕੇ ਸੁਝਾਅ ਦਿੱਤਾ ਕਿ ਸਿੱਖ ਕੌਮ ਦੀਆਂ ਸਾਰੀਆਂ ਪਰਤਾਂ ਨਾਲ ਜੁੜੇ ਲੋਕਾਂ ਨੂੰ ਆਜ਼ਾਦੀ ਦੀ ਜੱਦੋ-ਜਹਿਦ ‘ਚ ਸ਼ਾਮਲ ਹੋਣਾ ਚਾਹੀਦਾ ਹੈ। ਉਨ੍ਹਾਂ ਦੀ ਤਕਰੀਰ ਵਿਚ ਗੁਰਬਾਣੀ ਅਤੇ ਇਤਿਹਾਸ ਦਾ ਸੰਗਮ ਸੀ। ਡਾਕਟਰ ਅਮਰਜੀਤ ਸਿੰਘ ਦੀ ਤਕਰੀਰ ਸੰਗਤਾਂ ਨੂੰ ਅੰਤਰਰਾਸ਼ਟਰੀ ਸਮਝ ਅਤੇ ਪਹੁੰਚ ਨਾਲ ਲੈਸ ਕਰਦੀ ਹੋਈ ਸਿੱਖ ਇਤਿਹਾਸ ਨਾਲ ਜੋੜਦੀ ਸੀ, ਜਦਕਿ ਪੰਜਾਬ ਵਿਚ ਸਿੱਖ ਲੀਡਰਸ਼ਿਪ ਦਾ ਵੱਡਾ ਹਿੱਸਾ ਇਸ ਤਰ੍ਹਾਂ ਦੀ ਸਮਝ ਤੋਂ ਲਗਭਗ ਸੱਖਣਾ ਹੀ ਹੈ। ਇਹ ਇਕ ਕੌੜੀ ਸੱਚਾਈ ਹੈ ਕਿ ਇਹੋ ਜਿਹੇ ਵਿਸ਼ਾਲ ਪ੍ਰੋਗਰਾਮ ਨੂੰ ਜਥੇਬੰਦ ਕਰਨ ਲਈ ਮੁਸ਼ਕਲਾਂ ਅਤੇ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਸ ਦੇ ਬਾਵਜੂਦ 100 ਦੇ ਕਰੀਬ ਨੌਜਵਾਨਾਂ ਨੇ ਜਿਵੇਂ ਸੁਚੱਜੇ ਢੰਗ ਨਾਲ ਇਸ ਪਰੇਡ ਦਾ ਪ੍ਰਬੰਧ ਕੀਤਾ ਅਤੇ ਗੁਰਦੁਆਰਾ ਕਮੇਟੀਆਂ ਦਾ ਸਹਿਯੋਗ ਅਤੇ ਅਗਵਾਈ ਹਾਸਲ ਕੀਤੀ, ਉਸ ਤੋਂ ਪਤਾ ਲੱਗਦਾ ਹੈ ਕਿ ਨੌਜਵਾਨ ਸਹਿਜੇ-ਸਹਿਜੇ ਸੰਗਤਾਂ ਵਿਚ ਹਰਮਨਪਿਆਰੇ ਬਣਦੇ ਜਾ ਰਹੇ ਹਨ। ਉਨ੍ਹਾਂ ਨੇ ਪਰੇਡ ਦੀ ਸਫਲਤਾ ਲਈ ਸਚਮੁੱਚ ਹੀ ਇਕ ਟੀਮ ਦੇ ਤੌਰ ‘ਤੇ ਕੰਮ ਕੀਤਾ। ਗਤਕਾ ਦਲ ਦੇ ਜੌਹਰ ਵੀ ਸੰਗਤਾਂ ਨੂੰ ਪ੍ਰਭਾਵਿਤ ਕਰ ਰਹੇ ਸਨ। ਇਸ ਵਿਚ ਭਾਈ ਜਸਪ੍ਰੀਤ ਸਿੰਘ ਅਤੇ ਭਾਈ ਦੀਦਾਰ ਸਿੰਘ ਦੇ ਯਤਨਾਂ ਨਾਲ ਕਰੀਬ 400 ਬੱਚੇ ਇਸ ਪੁਰਾਤਨ ਜੰਗੀ ਰਵਾਇਤ ਵਿਚ ਨਿਪੁੰਨ ਹੋਏ। ਆਜ਼ਾਦੀ ਦੀ ਇਸ ਪਰੇਡ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹਾਸਲ ਸੀ, ਜਿਸ ਕਰਕੇ ਪਰੇਡ ਵਿਚ ਮਾਰਚ ਕਰਦੀ ਸੰਗਤ ਵਿਚ ਸਹਿਜ ਸੁਭਾਅ ਹੀ ਅਨੁਸ਼ਾਸਨ ਦਾ ਮਾਹੌਲ ਸੀ। ਇਸ ਅਨੁਸ਼ਾਸਨ ਤੋਂ ਪੁਲਿਸ ਵੀ ਬੇਹੱਦ ਪ੍ਰਭਾਵਤ ਸੀ।
ਇਸ ਮੌਕੇ ਪਰੇਡ ਵਿਚ ਨੌਜਵਾਨ ਲੜਕੇ-ਲੜਕੀਆਂ ਅਤੇ ਇਥੋਂ ਤੱਕ ਬਜ਼ੁਰਗਾਂ ਦੇ ਹੱਥਾਂ ਵਿਚ ਫੜੇ ਸਾਈਨ ਬੋਰਡ ਇਹ ਦੱਸਦੇ ਸਨ ਕਿ ਇਥੋਂ ਦੀ ਸੰਗਤ ਵਿਚ ਪੰਜਾਬ ‘ਚ ਵਾਪਰ ਰਹੀਆਂ ਘਟਨਾਵਾਂ ਬਾਰੇ ਚੇਤੰਨਤਾ ਭਰ-ਜੋਬਨ ਵਿਚ ਹੈ। ਪਰੇਡ ਵਿਚ ਢੱਠੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫਲੋਟ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ ਅਤੇ ਇਹ ਫਲੋਟ ਨੌਜਵਾਨਾਂ ਵਲੋਂ ਤਿਆਰ ਕੀਤਾ ਗਿਆ ਸੀ। ਇਸ ਫਲੋਟ ਦੇ ਚਾਰੇ ਪਾਸੇ ਜੋ ਤਸਵੀਰਾਂ ਅਤੇ ਸਮੱਗਰੀ ਲਿਖੀ ਗਈ ਸੀ, ਉਸ ਨੂੰ ਟੀ.ਵੀ. ਚੈਨਲ 5 ਨੇ ਬਕਾਇਦਾ ਕਵਰ ਕੀਤਾ ਅਤੇ ਲਾਈਵ ਦਿਖਾਇਆ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.