ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਗਿਆਨੀ ਗੁਰਬਚਨ ਸਿੰਘ ਵੱਲੋਂ ਵਰਤੇ ਗਏ ਹਰ ਹਰਬੇ ਦੇ ਬਾਵਯੂਦ ਪ੍ਰੋ: ਦਰਸ਼ਨ ਸਿੰਘ ਦਾ ਸਮਾਗਮ ਹੋਇਆ ਸਫਲਤਾ ਪੂਰਬਕ ਸੰਪੰਨ
ਗਿਆਨੀ ਗੁਰਬਚਨ ਸਿੰਘ ਵੱਲੋਂ ਵਰਤੇ ਗਏ ਹਰ ਹਰਬੇ ਦੇ ਬਾਵਯੂਦ ਪ੍ਰੋ: ਦਰਸ਼ਨ ਸਿੰਘ ਦਾ ਸਮਾਗਮ ਹੋਇਆ ਸਫਲਤਾ ਪੂਰਬਕ ਸੰਪੰਨ
Page Visitors: 2582

                   ਗਿਆਨੀ ਗੁਰਬਚਨ ਸਿੰਘ ਵੱਲੋਂ ਵਰਤੇ ਗਏ ਹਰ ਹਰਬੇ ਦੇ ਬਾਵਯੂਦ
               ਪ੍ਰੋ: ਦਰਸ਼ਨ ਸਿੰਘ ਦਾ ਸਮਾਗਮ ਹੋਇਆ ਸਫਲਤਾ ਪੂਰਬਕ ਸੰਪੰਨ
*ਖ਼ੂਨ ਨਾਲ ਲਾਏ ਅੰਗੂਠਿਆਂ ਦਾ ਡੀਐੱਨਏ ਟੈਸਟ ਕਰਵਾਇਆ ਜਾਵੇ ਕਿਉਂਕਿ ਸਾਨੂੰ ਤਾਂ ਇੰਝ ਲਗਦਾ ਹੈ ਕਿ ਇਹ ਮਨੁੱਖਾਂ ਦਾ ਖ਼ੂਨ ਨਹੀਂ ਬਲਕਿ ਮੁਰਗੇ ਦਾ ਖ਼ੂਨ ਹੈ: ਅਕਾਲੀ ਜਥਾ ਕਾਨ੍ਹਪੁਰ *ਗੁਰੂ ਦੀ ਬਖ਼ਸ਼ਿਸ਼ ਨਾਲ ਸਵੇਰ ਦਾ ਸਾਰਾ ਸਮਾਗਮ ਸ਼ਾਂਤੀ ਪੂਰਬਕ ਸਿਰੇ ਚੜ੍ਹ ਗਿਆ ਹੈ ਤੇ ਸ਼ਾਮ ਨੂੰ ਵੀ ਗੁਰੂ ਕ੍ਰਿਪਾ ਕਰਨਗੇ: ਹਰਵਿੰਦਰ ਸਿੰਘ ਲਾਰਡ
*ਸ਼ਾਤੀ ਲੱਭਣ ਲਈ ਗੁਰਦੁਆਰੇ ਜਾਂਦੇ ਹਾਂ ਤੇ ਗੁਰੂ ਦੀ ਬਾਣੀ ਪੜ੍ਹਦੇ ਹਾਂ ਪਰ ਰਾਜਨੀਤੀ ਕਾਰਣ ਕੁਝ ਬੰਦਿਆ ਨੇ ਗੁਰਦੁਆਰਿਆਂ ਅਤੇ ਕੀਰਤਨ ਸਮਾਗਮਾਂ ਨੂੰ ਵੀ ਝਗੜੇ ਝਮੇਲਿਆਂ ਵਿੱਚ ਤਬਦੀਲ ਕਰ ਦਿੱਤਾ ਹੈ ਤਾਂ ਸ਼ਾਂਤੀ ਲੱਭਣ ਲਈ ਕਿੱਥੇ ਜਾਈਏ?: ਪ੍ਰੋ. ਦਰਸ਼ਨ ਸਿੰਘ *ਵਿਰੋਧਤਾ ਕਰਨ ਵਾਲਾ ਕੁਲਦੀਪ ਸਿੰਘ ਆਪਣੇ ਸਟੇਟਸ ਦਾ ਹੀ ਰੋਣਾਂ ਰੋਂਦਾ ਰਿਹਾ ਪਰ ਨਹੀਂ ਦੱਸ ਸਕਿਆ ਕਿ ਉਹ ਸਮਾਗਮ ਨੂੰ ਰੋਕ ਸਕਿਆ ਜਾਂ ਨਹੀਂ [ 
 ਬਠਿੰਡਾ, 17 ਫਰਵਰੀ (ਕਿਰਪਾਲ ਸਿੰਘ): ਕਾਨ੍ਹਪੁਰ ਦੇ ਸਥਾਨਕ ਸਿੱਖ ਆਗੂਆਂ ਨਾਲ ਗੱਲ ਕਰਨ ’ਤੇ ਪਤਾ ਲੱਗਾ ਕਿ ਅਕਾਲੀ ਜਥਾ ਕਾਨ੍ਹਪੁਰ ਵਲੋਂ ਕਾਨ੍ਹਪੁਰ ਵਿਖੇ 16-17 ਫਰਵਰੀ ਨੂੰ ਅਯੋਜਿਤ ਕੀਤੇ ਜਾ ਰਹੇ ਸਮਾਗਮ, ਜਿਸ ਵਿੱਚ ਪ੍ਰੋ: ਦਰਸ਼ਨ ਸਿੰਘ ਨੇ ਸ਼ਮੂਲੀਅਤ ਕੀਤੀ ਨੂੰ ਰੋਕਣ ਲਈ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਵਰਤੇ ਗਏ ਹਰ ਹਰਬੇ ਦੇ ਬਾਵਯੂਦ ਉਹ ਬਹੁਤ ਹੀ ਸਫਲਤਾ ਪੂਰਬਕ ਸੰਪੰਨ ਹੋਇਆ ਤੇ ਪ੍ਰੋ: ਦਰਸ਼ਨ ਸਿੰਘ ਨੇ 17 ਫਰਵਰੀ ਨੂੰ ਸਵੇਰ ਸ਼ਾਮ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਜਦ ਕੁਲਦੀਪ ਸਿੰਘ ਸਾਬਕਾ ਕਾਂਗਰਸੀ ਐੱਮਐੱਲਸੀ ਜਿਸ ਦੀ ਡਿਊਟੀ ਗਿਆਨੀ ਗੁਰਬਚਨ ਸਿੰਘ ਵੱਲੋਂ ਸਮਾਗਮ ਨੂੰ ਰੁਕਵਾਉਣ ਲਈ ਲਾਈ ਗਈ ਸੀ, ਸਮਾਗਮ ਰੁਕਵਾਉਣ ਵਿੱਚ ਸਫਲ ਨਾ ਹੋ ਸਕਿਆ ਤਾਂ ਗਿਆਨੀ ਗੁਰਬਚਨ ਸਿੰਘ ਨੇ ਸਿੱਧੇ ਤੌਰ ’ਤੇ ਡੀਐੱਮ ਕਾਨ੍ਹਪੁਰ ਅਤੇ ਐੱਸਐੱਸਪੀ ਕਾਨਪੁਰ ਨੂੰ ਫੈਕਸ ਰਾਹੀਂ ਅਤੇ ਨਿੱਜੀ ਫੋਨ ਰਾਹੀਂ ਬੇਨਤੀ ਕੀਤੀ ਕਿ ਪ੍ਰੋ: ਦਰਸ਼ਨ ਸਿੰਘ ਨੂੰ ਅਕਾਲ ਤਖ਼ਤ ਤੋਂ ਛੇਕਿਆ ਗਿਆ ਹੈ ਇਸ ਲਈ ਉਸ ਨੂੰ ਕਾਨਪੁਰ ਵਿੱਚ ਕੀਰਤਨ ਕਰਨ ਤੋਂ ਰੋਕਿਆ ਜਾਵੇ। ਉਧਰ ਸਿਟੀ ਮੈਜਿਸਟਰੇਟ (ਦਰਜਾ ਪਹਿਲਾ) ਸ਼੍ਰੀ ਯੋਗੇਂਦਰ ਅਤੇ ਥਾਣਾ ਗੋਬਿੰਦ ਨਗਰ ਦੇ ਇੰਸਪੈਕਟਰ ਮੁਹੰਮਦ ਅੱਬਾਸ ਨੇ ਦੋਵਾਂ ਧਿਰਾਂ ਨਾਲ ਮੀਟਿੰਗਾਂ ਕਰਨ ਉਪ੍ਰੰਤ ਜਦ ਇਹ ਅੰਦਾਜ਼ਾ ਲਾ ਲਿਆ ਸੀ ਕਿ ਕਾਨ੍ਹਪੁਰ ਦੀ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਪ੍ਰੋ: ਦਰਸ਼ਨ ਸਿੰਘ ਤੋਂ ਗੁਰਬਾਣੀ ਦਾ ਕੀਰਤਨ ਸੁਣਨਾ ਚਾਹੁੰਦੀ ਹੈ ਤੇ ਕੁਲਦੀਪ ਸਿੰਘ ਨਾਲ ਸਿਰਫ ਗਿਣਤੀ ਦੇ ਹੀ ਬੰਦੇ ਹਨ ਤੇ ਉਹ ਸਿਰਫ ਅਖ਼ਬਾਰੀ ਖ਼ਬਰਾਂ ਰਾਹੀਂ ਹੀ ਦਹਿਸ਼ਤ ਫੈਲਾ ਕੇ ਪ੍ਰਸ਼ਾਸ਼ਨ ਦੀ ਸਹਾਇਤਾ ਨਾਲ ਪ੍ਰੋਗਰਾਮ ਰੋਕਣਾ ਚਾਹੁੰਦਾ ਹੈ, ਤਾਂ ਥਾਣਾ ਗੋਬਿੰਦ ਨਗਰ ਦੇ ਇੰਸਪੈਕਟਰ ਮੁਹੰਮਦ ਅੱਬਾਸ ਨੇ ਅਕਾਲੀ ਜਥੇ ਦੇ ਆਗੂਆਂ ਨੂੰ 17 ਫਰਵਰੀ ਨੂੰ ਕੀਰਤਨ ਸਮਾਗਮ ਕਰਵਾਉਣ ਦੀ ਤਾਂ ਲਿਖਤੀ ਇਜਾਜਤ ਦੇ ਦਿੱਤੀ ਪਰ ਨਿਜੀ ਤੌਰ ’ਤੇ ਬੇਨਤੀ ਕੀਤੀ ਕਿ ਕਾਨ੍ਹਪੁਰ ਦੀ ਪੁਲਿਸ ਫੋਰਸ ਦੀਆਂ ਵੱਡੀ ਗਿਣਤੀ ਵਿੱਚ ਡਿਊਟੀਆਂ 15 ਤਰੀਖ ਤੱਕ ਕੁੰਭ ਦੇ ਮੇਲੇ ਲਈ ਅਲਾਹਾਬਾਦ ਲੱਗੀਆਂ ਹੋਈਆਂ ਹਨ ਇਸ ਲਈ ਪ੍ਰੋ: ਦਰਸ਼ਨ ਸਿੰਘ ਜਿਸ ਨੇ 15 ਫਰਵਰੀ ਨੂੰ ਕਾਨ੍ਹਪੁਰ ਪਹੁੰਚਣਾ ਹੈ ਤੇ 16-17 ਫਰਵਰੀ ਨੂੰ ਦੋ ਦਿਨਾਂ ਸਮਾਗਮ ਕਰਨਾ ਹੈ ਉਨ੍ਹਾਂ ਨੂੰ ਇੱਕ ਦਿਨ ਹੋਰ ਰੋਕ ਲਿਆ ਜਾਵੇ ਕਿਉਂਕਿ ਉਸ ਦਿਨ ਉਨ੍ਹਾਂ ਨੂੰ ਪੂਰੀ ਸੁਰੱਖਿਆ ਮੁਹੱਈਆ ਨਹੀਂ ਕਰਵਾ ਸਕਣਗੇ। ਪ੍ਰਸ਼ਾਸ਼ਨ ਤੇ ਪੁਲਿਸ ਦਾ ਸਜਿਯੋਗੀ ਰਵਈਆ ਵੇਖ ਕੇ ਅਕਾਲੀ ਜਥੇ ਦੇ ਆਗੂਆਂ ਨੇ ਪ੍ਰੋ: ਦਰਸ਼ਨ ਸਿੰਘ ਨੂੰ ਇੱਕ ਦਿਨ ਲਈ ਰੋਕ ਲਿਆ। ਪਰ ਸ਼ਨੀਵਾਰ ਦੁਪਹਿਰ ਸਮੇਂ ਗਿਆਨੀ ਗੁਰਬਚਨ ਸਿੰਘ ਵੱਲੋਂ ਨਿਜੀ ਤੌਰ ’ਤੇ ਫੈਕਸ ਅਤੇ ਫ਼ੋਨ ਕੀਤੇ ਜਾਣ ਉਪ੍ਰੰਤ ਐੱਸਐੱਸਪੀ ਨੇ ਸਮਾਗਮ ਦੇ ਪ੍ਰਬੰਧਕ ਅਕਾਲੀ ਜਥੇ ਦੇ ਪ੍ਰਧਾਨ ਹਰਚਰਨ ਸਿੰਘ, ਕਨਵੀਨਰ ਇੰਦਰਜੀਤ ਸਿੰਘ ਹਰਪਾਲ ਸਿੰਘ, ਮਨਮੀਤ ਸਿੰਘ ਤੇ ਸੋਨੂ ਰੇਖੀ ਆਦਿ ਅਤੇ ਸਮਾਗਮ ਦਾ ਵਿਰੋਧ ਕਰ ਰਹੇ ਸ਼੍ਰੀ ਗੁਰੂ ਸਿੰਘ ਸਭਾ ਕਾਨ੍ਹਪੁਰ ਮਹਾਂਨਗਰ ਦੇ ਪ੍ਰਧਾਨ ਤੇ ਸਾਬਕਾ ਕਾਂਗਰਸੀ ਐੱਮਐੱਲਸੀ ਕੁਲਦੀਪ ਸਿੰਘ ਨਾਲ ਮੀਟਿੰਗ ਕੀਤੀ।
ਅਖ਼ਬਾਰ ਵਿੱਚ ਪ੍ਰੋ: ਦਰਸ਼ਨ ਸਿੰਘ ਦੇ ਪੁਤਲੇ ਸਾੜਨ ਦੀ ਫੋਟੋ ਅਤੇ ਇੱਕ ਪੱਤਰ ਜਿਸ ’ਤੇ ਖੂਨ ਨਾਲ ਅੰਗੂਠਿਆਂ ਦੇ ਨਿਸ਼ਾਨ ਲਾਏ ਸਨ ਵਿਖਾਏ ਤੇ ਧਮਕੀ ਦਿੱਤੀ ਕਿ ਜੇ ਪ੍ਰੋ: ਦਰਸ਼ਨ ਸਿੰਘ ਸਮਾਗਮ ਦੀ ਸਟੇਜ ’ਤੇ ਚੜ੍ਹੇ ਤਾਂ ਉਹ ਖੂਨ ਬਹਾ ਦੇਣ ਤੋਂ ਸੰਕੋਚ ਨਹੀਂ ਕਰਨਗੇ। ਅਕਾਲੀ ਜਥੇ ਦੇ ਆਗੂਆਂ ਨੇ ਜਵਾਬ ਵਿੱਚ ਕਿਹਾ ਜਿਥੋਂ ਤੱਕ ਪੁਤਲੇ ਸਾੜਨ ਦੀ ਗੱਲ ਹੈ ਇਸ ਦੀ ਫੋਟੋ ਵਿੱਚ ਵੇਖੋ ਕਿ ਸਿਰਫ 11 ਵਿਅਕਤੀ ਵਿਖਾਈ ਦੇ ਰਹੇ ਹਨ ਜਿਨ੍ਹਾਂ ਵਿੱਚ 6 ਸਿੱਖ ਤੇ 5 ਗੈਰ ਸਿੱਖ ਵਿਖਾਈ ਦੇ ਰਹੇ ਹਨ। ਇਨ੍ਹਾਂ ਵਿੱਚੋਂ ਕਈ ਰਾਹ ਜਾਂਦੇ ਤਮਾਸ਼ਬੀਨ ਰਾਹਗੀਰ ਵੀ ਹੋ ਸਕਦੇ ਹਨ, ਤਾਂ ਕਾਨ੍ਹਪੁਰ ਵਿੱਚ ਕਿੰਨੇ ਕੁ ਸਿੱਖ ਹੋਏ ਜਿਹੜੇ ਪ੍ਰੋ: ਦਰਸ਼ਨ ਸਿੰਘ ਦਾ ਕੀਰਤਨ ਜ਼ਬਰੀ ਰੋਕਣਾ ਚਾਹੁੰਦੇ ਹਨ? ਦੂਸਰੇ ਪਾਸੇ ਤੁਸੀਂ ਪ੍ਰੋ: ਦਰਸ਼ਨ ਸਿੰਘ ਦਾ ਇਥੇ ਪਹੁੰਚਣ ’ਤੇ ਸੁਆਗਤ ਕਰਨ ਵਾਲੇ ਅਤੇ ਉਨ੍ਹਾਂ ਵੱਲੋਂ ਕੀਤਾ ਗਿਆ ਕੁਲਦੀਪ ਸਿੰਘ ਨੇ ਇੱਕ ਗੁਰਬਾਣੀ ਦਾ ਕੀਰਤਨ ਵਖਿਆਣ ਸੁਣਨ ਲਈ ਪੂਰਨ ਸਿੱਖੀ ਸਰੂਪ ਵਾਲੇ ਤੇ ਗੁਰਬਾਣੀ ਪੜ੍ਹਨ ਵਾਲੇ ਗੁਰਸਿੱਖਾਂ ਦੀ ਗਿਣਤੀ ਵੇਖਣਾ ਉਹ ਕਈ ਸੈਂਕੜਿਆਂ ਵਿੱਚ ਹੋਵੇਗੀ।
ਤਾਂ ਕੀ ਦੋ ਚਾਰ ਬੰਦੇ ਸੈਂਕੜਿਆਂ ਬੰਦਿਆਂ ਦਾ ਗੁਰਬਾਣੀ ਸੁਣਨ ਦਾ ਸੰਵਿਧਾਨ ਵੱਲੋਂ ਹੱਕ ਜ਼ਬਰੀ ਖੋਹ ਸਕਣ ਦਾ ਅਧਿਕਾਰ ਰੱਖਦੇ ਹਨ? ਦੂਸਰੀ ਗੱਲ ਹੈ ਕਿ ਖ਼ੂਨ ਨਾਲ ਲਾਏ ਅੰਗੂਠਿਆਂ ਦਾ ਡੀਐੱਨਏ ਟੈਸਟ ਕਰਵਾਇਆ ਜਾਵੇ ਤਾਂ ਕਿਉਂਕਿ ਸਾਨੂੰ ਤਾਂ ਇੰਝ ਲਗਦਾ ਹੈ ਕਿ ਇਹ ਮਨੁੱਖਾਂ ਦਾ ਖ਼ੂਨ ਨਹੀਂ ਬਲਕਿ ਮੁਰਗੇ ਦਾ ਖ਼ੂਨ ਹੈ। ਡੀਐੱਨਏ ਟੈਸਟ ਕਰਵਾਉਣ ਨਾਲ ਪਤਾ ਲੱਗ ਜਾਵੇਗਾ ਕਿ ਸਮਾਗਮ ਨੂੰ ਕਿਹੜੇ ਬੰਦੇ ਰੋਕਣਾ ਚਾਹੁੰਦੇ ਹਨ ਜਾਂ ਮੁਰਗੇ? ਅਕਾਲੀ ਜਥੇ ਦੇ ਆਗੂਆਂ ਨੇ ਕਿਹਾ ਆਪਣੇ ਧਾਰਮਕ ਅਕੀਦੇ ਅਨੁਸਾਰ ਰੱਬ ਦੀ ਇਬਾਦਤ ਕਰਨੀ ਆਪਣੇ ਗੁਰੂ ਦੀ ਬਾਣੀ ਦਾ ਕੀਰਤਨ ਕਰਨ ਸੁਣਨ ਦਾ ਸਾਡਾ ਸੰਵਿਧਾਨਕ ਹੱਕ ਜਿਸ ਲਈ ਸਾਨੂੰ ਕਿਸੇ ਸਰਕਾਰ ਜਾਂ ਪ੍ਰਸ਼ਾਸ਼ਨ ਕੋਲੋਂ ਮੰਨਜੂਰੀ ਲੈਣ ਦੀ ਕੋਈ ਲੋੜ ਨਹੀਂ ਹੈ । ਤੁਸੀਂ ਸਾਨੂੰ ਸ਼ਰਾਰਤੀ ਅਨਸਰ ਤੋਂ ਸੁਰੱਖਿਆ ਦੇ ਸਕਦੇ ਹੋ ਤਾਂ ਤੁਹਾਡਾ ਧੰਨਵਾਦ ਜੇ ਕਰ ਨਹੀਂ ਦੇ ਸਕਦੇ ਤਾਂ ਸਾਨੂੰ ਦੱਸੋ ਅਸੀਂ ਆਪਣੀ ਸੁਰੱਖਿਆ ਖ਼ੁਦ ਕਰਨ ਦਾ ਪ੍ਰਬੰਧ ਕਰ ਲਵਾਂਗਾ।
ਕੋਈ ਗੱਲ ਨਾ ਬਣਦੀ ਵੇਖ ਐੱਸਐੱਸਪੀ ਕਾਨ੍ਹਪੁਰ ਨੇ ਪ੍ਰੋ: ਦਰਸ਼ਨ ਸਿੰਘ ਨੂੰ ਫ਼ੋਨ ਕਰ ਕੇ ਕਿਹਾ ਕਿ ਕਾਨ੍ਹਪੁਰ ਵਿੱਚ ਮਾਹੌਲ ਖ਼ਰਾਬ ਹੈ ਇਸ ਲਈ ਤੁਸੀਂ ਵਾਪਸ ਮੁੜ ਜਾਓ। ਪ੍ਰੋ: ਦਰਸ਼ਨ ਸਿੰਘ ਨੇ ਕਿਹਾ ਮੈਨੂੰ ਕਾਨ੍ਹਪੁਰ ਦੀ ਸੰਗਤ ਬੁਲਾ ਰਹੀ ਹੈ, ਇਸ ਲਈ ਮੈਂ ਸੰਗਤ ਦੇ ਸੱਦੇ ਨੂੰ ਠੁਕਰਾ ਨਹੀਂ ਸਕਦਾ ਤੇ ਹਰ ਹਾਲਤ ਆਵਾਂਗਾ। ਗੁਰੂ ਦੀ ਬਾਣੀ ਪੜ੍ਹਨ ਸੁਣਨ ਲਈ ਸਾਨੂੰ ਕਿਸੇ ਦੀ ਮਨਜੂਰੀ ਦੀ ਲੋੜ ਨਹੀਂ ਪਰ ਜੇ ਤੁਸੀ ਪਾਬੰਦੀ ਲਾਈ ਹੈ ਤਾਂ ਸਾਨੂੰ ਪਾਬੰਦੀ ਦੇ ਲਿਖਤੀ ਹੁਕਮ ਦੇ ਦੇਵੋ ਤਾਂ ਉਸ ਤੋਂ ਬਾਅਦ ਅਸੀਂ ਕਾਨਪੁਰ ਦੀ ਸਿੱਖ ਸੰਗਤ ਨਾਲ ਸਲਾਹ ਮਸ਼ਵਰਾ ਕਰਕੇ ਆਪਣਾ ਫੈਸਲਾ ਦੱਸ ਦੇਵਾਂਗੇ। ਅਖੀਰ ਪੁਲਿਸ ਪ੍ਰਸ਼ਾਸ਼ਨ ਨੇ ਸਕੀਮ ਬਣਾਈ ਕਿ ਪ੍ਰੋ: ਦਰਸ਼ਨ ਸਿੰਘ ਨੂੰ ਰਸਤੇ ਵਿੱਚ ਹੀ ਰੋਕ ਕੇ ਵਾਪਸ ਕਰ ਦਿੱਤਾ ਜਾਵੇ। ਜਦ ਪੁਲਿਸ ਵੱਲੋਂ ਰਸਤੇ ਦੀ ਨਾਕਾਬੰਦੀ ਕਰ ਲਈ ਤੇ ਇਸ ਗੱਲ ਦੀ ਭਿਣਕ ਅਕਾਲੀ ਜਥੇ ਦੇ ਆਗੂਆਂ ਨੂੰ ਲੱਗੀ ਤਾਂ ਉਨ੍ਹਾਂ ਪ੍ਰੋ: ਦਰਸ਼ਨ ਸਿੰਘ ਨਾਲ ਤਾਲਮੇਲ ਕਰਕੇ ਉਨ੍ਹਾਂ ਦਾ ਰੂਟ ਤਬਦੀਲ ਕਰਵਾ ਦਿੱਤਾ। ਉਨ੍ਹਾਂ ਨੂੰ ਦੱਸਿਆ ਗਿਆ ਕਿ ਜਦੋਂ ਵੀ ਫ਼ੋਨ ’ਤੇ ਆਪਣੀ ਗੱਲ ਹੋਵੇਗੀ ਤਾਂ ਸਿਰਫ ਸੜਕ ’ਤੇ ਲੱਗੇ ਮੀਲ ਪੱਥਰ ਦਾ ਕਿਲੋਮੀਟਰ ਹੀ ਦੱਸਣਾਂ ਹੈ ਕਿਸੇ ਕਸਬੇ ਜਾਂ ਸ਼ਹਿਰ ਦਾ ਨਾਮ ਨਹੀਂ ਲੈਣਾ ਅਤੇ ਨਾ ਹੀ ਕੋਈ ਹੋਰ ਗੱਲ ਕਰਨੀ ਹੈ ਤਾਂ ਕਿ ਐਸਾ ਨਾ ਹੋਵੇ ਕਿ ਆਪਣੇ ਫ਼ੋਨ ਪ੍ਰਸ਼ਾਸ਼ਨ ਵੱਲੋਂ ਟੈਪ ਕੀਤੇ ਜਾਣ ਕਰਕੇ ਆਪਣਾ ਰੂਟ ਤੇ ਤੁਹਾਡੇ ਇੱਥੇ ਪਹੁੰਚਣ ਦਾ ਸਮਾਂ ਨਸ਼ਰ ਹੋ ਜਾਣ ਕਰਕੇ ਪੁਲਿਸ ਤੁਹਾਨੂੰ ਰਸਤੇ ਵਿੱਚ ਨਾ ਰੋਕ ਲਵੇ। ਇਸ ਤਰ੍ਹਾਂ ਰਸਤਾ ਬਦਲ ਕੇ ਪ੍ਰੋ: ਦਰਸ਼ਨ ਸਿੰਘ ਕਾਨਪੁਰ ਪਹੁੰਚ ਗਏ ਜਿਥੇ ਅਕਾਲੀ ਜਥੇ ਦੇ ਆਗੂਆਂ ਤੇ ਸਿੱਖ ਨੌਜਵਾਨਾਂ ਨੇ ਵਰਦੇ ਮੀਂਹ ਵਿੱਚ ਉਨ੍ਹਾਂ ਦਾ ਗਰਮ ਜੋਸ਼ੀ ਨਾਲ ਸੁਆਗਤ ਕੀਤਾ ਤੇ ਗੋਬਿੰਦ ਨਗਰ ਵਿੱਚ ਸਥਿਤ ਸ: ਇੰਦਰਜੀਤ ਸਿੰਘ ਦੇ ਘਰ ਲੈ ਆਏ ਉਨ੍ਹਾਂ ਨਾਲ ਸ: ਤੇਜਪਾਲ ਸਿੰਘ ਦਿੱਲੀ ਅਤੇ ਸ: ਸੱਤਪਾਲ ਸਿੰਘ ਡੁਗਰੀ ਲੁਧਿਆਣਾ ਵਾਲੇ ਵੀ ਸਨ। 
ਉਧਰ ਪੁਲਿਸ ਵਾਲਿਆਂ ਦੇ ਜਦ ਕੁਝ ਹੱਥ ਪੱਲੇ ਨਾ ਪਿਆ ਤਾਂ ਉਨ੍ਹਾਂ ਇੰਦਰਜੀਤ ਸਿੰਘ ਨੂੰ ਫ਼ੋਨ ਕਰਕੇ ਪੁੱਛਿਆ ਕਿ ਪ੍ਰੋ: ਦਰਸ਼ਨ ਸਿੰਘ ਕਿਥੇ ਹਨ ਤੇ ਇਥੇ ਕਦੋਂ ਪਹੁੰਚਣਗੇ ਤੇ ਉਨ੍ਹਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਤਾਂ ਸਾਡੇ ਘਰ ਪਹੁੰਚ ਚੁੱਕੇ ਹਨ। ਪੁਲਿਸ ਨੇ ਇੰਦਰਜੀਤ ਸਿੰਘ ਦੇ ਘਰ ਨੂੰ ਘੇਰਾ ਪਾ ਲਿਆ ਤੇ ਸਮਾਗਮ ਵਾਲੀ ਥਾਂ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤੀ। ਪਰ ਪ੍ਰੋ: ਦਰਸ਼ਨ ਸਿੰਘ ਦੇ ਸਮਰਥਨ ਵਿੱਚ ਆਏ ਅਕਾਲੀ ਜਥੇ ਦੇ ਸਮੂਹ ਆਗੂ ਤੇ ਹੋਰ ਵਰਕਰਾਂ ਦੇ ਭਾਰੀ ਇਕੱਠ ਤੇ ਉਨ੍ਹਾਂ ਦਾ ਉਤਸ਼ਾਹ ਦੇਖ ਕੇ ਪੁਲਿਸ ਨੇ ਸਮਾਗਮ ਵਿੱਚ ਕੋਈ ਵਿਘਨ ਨਾ ਪਾਇਆ। 
ਅੱਜ ਸਵੇਰੇ ਜਦੋਂ ਪ੍ਰੋ: ਦਰਸ਼ਨ ਸਿੰਘ ਨਾਲ ਫ਼ੋਨ ’ਤੇ ਗੱਲ ਹੋਈ ਉਨ੍ਹਾਂ ਕਿਹਾ ਅਸੀਂ ਸ਼ਾਤੀ ਲੱਭਣ ਲਈ ਗੁਰਦੁਆਰੇ ਜਾਂਦੇ ਹਾਂ ਤੇ ਗੁਰੂ ਦੀ ਬਾਣੀ ਪੜ੍ਹਦੇ ਹਾਂ ਪਰ ਰਾਜਨੀਤੀ ਕਾਰਣ ਕੁਝ ਬੰਦਿਆ ਨੇ ਗੁਰਦੁਆਰਿਆਂ ਅਤੇ ਕੀਰਤਨ ਸਮਾਗਮਾਂ ਨੂੰ ਵੀ ਝਗੜੇ ਝਮੇਲਿਆਂ ਵਿੱਚ ਤਬਦੀਲ ਕਰ ਦਿੱਤਾ ਹੈ ਤਾਂ ਸ਼ਾਂਤੀ ਲੱਭਣ ਲਈ ਕਿੱਥੇ ਜਾਈਏ? ਉਨ੍ਹਾਂ ਕਿਹਾ ਸ਼ਬਦ ਗੁਰੂ ਤੋਂ ਟੁੱਟੇ ਮਨੁੱਖ ਜਿਹੜੇ ਆਪ ਤਾਂ ਭਟਕਣਾਂ ਵਿੱਚ ਪੈ ਕੇ ਆਪਣੇ ਮਨ ਦੀ ਸ਼ਾਂਤੀ ਗੁਆਈ ਹੀ ਬੈਠੇ ਹਨ ਉਹ ਦੂਸਰਿਆਂ ਦੀ ਸ਼ਾਂਤੀ ਭੰਗ ਕਰਨ’ਤੇ ਵੀ ਤੁਲੇ ਹੋਏ ਹਨ। ਗੁਰੂ ਸਭ ਨੂੰ ਸੁਮੱਤ ਬਖ਼ਸ਼ੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠ ਕੇ ਗੁਰਬਾਣੀ ਪੜ੍ਹਦੇ ਹੋਏ ਆਪ ਅਨੰਦ ਮਾਣੀਏ ਤੇ ਦੂਸਰਿਆਂ ਨੂੰ ਅਨੰਦ ਮਾਨਣ ਵਿੱਚ ਸਹਿਯੋਗ ਕਰੀਏ।
ਸਵੇਰ ਦੇ ਸਮਾਗਮ ਵਿੱਚ ਉਨ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰ: 332 ’ਤੇ ਗਉੜੀ ਰਾਗੁ ਵਿੱਚ ਦਰਜ ਭਗਤ ਕਬੀਰ ਸਾਹਿਬ ਜੀ ਦੇ ਸ਼ਬਦ 
‘ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥1॥’ ਦੇ ਰਹਾਉ ਦੇ ਬੰਦ ,
ਕੁਸਲੁ ਕੁਸਲੁ ਕਰਤੇ ਜਗੁ ਬਿਨਸੈ ਕੁਸਲੁ ਭੀ ਕੈਸੇ ਹੋਈ ॥1॥’ ਨੂੰ ਸਥਾਈ ਬਣਾ ਕੇ ਪੂਰੇ ਸ਼ਬਦ ਦਾ ਗਾਇਣ ਕੀਤਾ : ‘ਰਾਗੁ ਗਉੜੀ ਬੈਰਾਗਣਿ ਕਬੀਰ ਜੀ ੴ ਸਤਿਗੁਰ ਪ੍ਰਸਾਦਿ ॥ ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥1॥
ਮੋ ਕਉ ਕੁਸਲੁ ਬਤਾਵਹੁ ਕੋਈ ॥ ਕੁਸਲੁ ਕੁਸਲੁ ਕਰਤੇ ਜਗੁ ਬਿਨਸੈ ਕੁਸਲੁ ਭੀ ਕੈਸੇ ਹੋਈ॥1॥
ਰਹਾਉ ॥ ਮਾਟੀ ਕੇ ਕਰਿ ਦੇਵੀ ਦੇਵਾ ਤਿਸੁ ਆਗੈ ਜੀਉ ਦੇਹੀ ॥ ਐਸੇ ਪਿਤਰ ਤੁਮਾਰੇ ਕਹੀਅਹਿ ਆਪਨ ਕਹਿਆ ਨ ਲੇਹੀ ॥2॥
ਸਰਜੀਉ ਕਾਟਹਿ ਨਿਰਜੀਉ ਪੂਜਹਿ ਅੰਤ ਕਾਲ ਕਉ ਭਾਰੀ ॥ ਰਾਮ ਨਾਮ ਕੀ ਗਤਿ ਨਹੀ ਜਾਨੀ ਭੈ ਡੂਬੇ ਸੰਸਾਰੀ ॥3॥
ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮੁ ਨਹੀ ਜਾਨਾ ‘ਮੋ ਕਉ ਕੁਸਲੁ ਬਤਾਵਹੁ ॥ ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ ॥
4॥1॥45॥’
ਗੁਰਬਾਣੀ ਵਿਚੋਂ ਢੁਕਵੇਂ ਸ਼ਬਦਾਂ ਦੇ ਪ੍ਰਮਾਣ ਦੇ ਕੇ ਕਿਹਾ ਕਿ ਜਿਨ੍ਹਾਂ ਨੇ ਸਰਬ ਵਿਆਪੀ ਰਾਮ ਦੇ ਨਾਮ ਦੀ ਸਾਰ ਨਹੀਂ ਜਾਣੀ, ਅਜਿਹੇ ਲੋਕ ਮਿੱਟੀ ਦੇ ਬਣਾਏ ਹੋਏ ਦੇਵੀ-ਦੇਵਤਿਆˆ ਨੂੰ ਪੂਜਦੇ ਹਨ ਤੇ ਸਹਿਮੇ ਭੀ ਰਹਿੰਦੇ ਹਨ ਕਿਉਂਕਿ ਅਸਲ 'ਕੁਸ਼ਲ' ਦੇਣ ਵਾਲੇ) ਅਕਾਲ ਪੁਰਖ ਨੂੰ ਉਹ ਜਾਣਦੇ ਹੀ ਨਹੀˆ ਹਨ, ਉਹ ਜਾਤ-ਕੁਲ-ਰਹਿਤ ਪ੍ਰਭੂ ਨੂੰ ਨਹੀˆ ਸਿਮਰਦੇ ਉਹ (ਸਦਾ) ਮਾਇਆ ਨਾਲ ਲਪਟੇ ਰਹਿੰਦੇ ਹਨ ਤੇ ਮਾਇਆ ਨਾਲ ਲਿਪਟੇ ਬੰਦੇ ਆਪਣੀ ਸ਼ਾਂਤੀ ਤਾਂ ਭੰਗ ਕਰਦੇ ਹੀ ਹਨ ਉਹ ਦੂਸਰਿਆਂ ਦੀ ਸ਼ਾਤੀ ਵੀ ਭੰਗ ਕਰਦੇ ਹਨ।
ਸਮਾਗਮ ਦਾ ਵਿਰੋਧ ਕਰ ਰਹੇ ਕੁਲਦੀਪ ਸਿੰਘ ਨੂੰ ਜਦ ਸੰਪਰਕ ਕਰਕੇ ਪੁੱਛਿਆ ਕਿ ਕੀ ਤੁਸੀਂ ਸਮਾਗਮ ਰੋਕਣ ਵਿੱਚ ਸਫਲ ਰਹੇ? ਤਾਂ ਉਨ੍ਹਾਂ ਨੇ ਗਿਲਾ ਕੀਤਾ ਕਿ ਉਹ ਨੈਸ਼ਨਲ ਪੱਧਰ ਦੇ ਆਗੂ ਹਨ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਾਲ ਸਿੱਧੀ ਪਹੁੰਚ ਰਹੀ ਹੈ। ਪੰਜਾਬ ਉਨ੍ਹਾਂ ਨੇ ਬਚਾਇਆ, ਰਾਜੀਵ ਲੌਂਗੋਵਾਲ ਸਮਝੌਤਾ ਉਨ੍ਹਾਂ ਨੇ ਕਰਵਾਇਆ, ਉਹ ਅਕਾਲ ਤਖ਼ਤ ਨੂੰ ਪੂਰੀ ਤਰ੍ਹਾਂ ਸਮਰਪਤ ਹਨ। ਇਸ ਲਈ ਅਕਾਲ ਤਖ਼ਤ ਤੋਂ ਛੇਕੇ ਕਿਸੇ ਵਿਅਕਤੀ ਦਾ ਸਮਾਗਮ ਕਿਸੇ ਹਾਲਤ ਵਿੱਚ ਨਹੀਂ ਹੋਣ ਦੇਣਗੇ ਭਾਵੇਂ ਸਾਨੂੰ ਖ਼ੂਨ ਹੀ ਕਿਉਂ ਨਾ ਬਹਾਉਣਾ ਪਏ। 5-6 ਦਿਨਾਂ ਤੋਂ ਸਾਰੀ ਪਲੈਨਿੰਗ ਮੈਂ ਬਣਾਈ ਕਿ ਕਿਸ ਤਰ੍ਹਾਂ ਗੁਰੀਲਾ ਐਕਸ਼ਨ ਕਰਨਾ ਤੇ ਕਿਹੜਾ ਕਿਹੜਾ ਗਰੁੱਪ ਕਿਥੇ ਕਿਥੇ ਡਿਊਟੀ ਨਿਭਾਏਗਾ। ਇਤਨਾ ਰੁਝਾ ਹੋਣ ਕਰਕੇ ਜੇ ਮੈਂ ਤੁਹਾਡੀ ਗੱਲ ਦਾ ਜਵਾਬ ਨਹੀਂ ਦੇ ਸਕਿਆ ਤਾਂ ਤੁਸੀਂ ਸਿਰਫ ਇੱਕ ਲਾਈਨ ਲਿਖ ਕੇ ਹੀ ਮੇਰੀ ਕੀਤੀ ਕਰਾਈ ਖੂਹ ਵਿੱਚ ਪਾ ਦਿੰਦੇ ਹੋ ਕਿ ਕੁਲਦੀਪ ਸਿੰਘ ਕੋਲ ਕੋਈ ਜਵਾਬ ਨਹੀਂ ਜਾਂ ਉਹ ਜਵਾਬ ਨਹੀਂ ਦੇਣਾਂ ਚਾਹੁੰਦਾ। ਸਮਾਗਮ ਲੰਘਣ ਤੋਂ ਬਾਅਦ ਜਦ ਤਕ ਮੈਂ ਵਿਹਲਾ ਹੋ ਕੇ ਸਾਰੀ ਗੱਲ ਕਰਨੀ ਸੀ ਉਸ ਤੋਂ ਬਾਅਦ ਹੀ ਤੁਹਾਨੂੰ ਖ਼ਬਰਾਂ ਛਾਪਣੀਆਂ ਚਾਹੀਦੀਆਂ ਸਨ ਪਰ ਤੁਸੀਂ ਮੇਰੀ ਉਡੀਕ ਕੀਤੇ ਤੋਂ ਬਿਨਾਂ ਹੀ ਦੂਸਰੇ ਬੰਦੇ ਜਿਨ੍ਹਾਂ ਦੀ ਕੋਈ ਵੁਕਤ ਹੀ ਨਹੀਂ ਉਨ੍ਹਾਂ ਦਾ ਪੱਖ ਛਾਪ ਕੇ ਮੈਨੂੰ ਨੀਵਾਂ ਵਿਖਾਉਣ ਦਾ ਯਤਨ ਕੀਤਾ ਹੈ। ਕੁਲਦੀਪ ਸਿੰਘ ਜੀ ਨੂੰ ਬੇਨਤੀ ਕੀਤੀ ਗਈ ਕਿ ਜਦ ਤੋਂ ਵਿਵਾਦ ਸ਼ੁਰੂ ਹੋਇਆ ਹੈ ਮੈਂ ਤਾਂ ਹਰ ਰੋਜ ਘੱਟ ਤੋਂ ਘੱਟ ਦੋ ਵਾਰ ਤੁਹਾਨੂੰ ਫ਼ੋਨ ਕਰਕੇ ਤਾਜਾ ਸਥਿਤੀ  ਅਤੇ ਤੁਹਾਡੇ ਵੱਲੋਂ ਕੀਤੀ ਗਈ ਤੇ ਕੀਤੇ ਜਾਣ ਵਾਲੀ ਕਾਰਵਾਈ ਪੁੱਛਦਾ ਰਿਹਾ ਹਾਂ ਪਰ ਤੁਸੀਂ ਕਦੀ ਜਵਾਬ ਹੀ ਨਹੀਂ ਦਿੱਤਾ ਤਾਂ ਮੈਂ ਤੁਹਾਡਾ ਪੱਖ ਕਿਸ ਤਰ੍ਹਾਂ ਪੇਸ਼ ਕਰਾਂ? ਤੁਸੀ ਹੁਣ ਜੋ ਦੱਸਣਾਂ ਚਾਹੁੰਦੇ ਹੋ ਉਹ ਦੱਸੋ ਮੈਂ ਜਰੂਰ ਛਾਪਾਂਗਾ। ਉਨ੍ਹਾਂ ਦਾ ਕਹਿਣਾ ਸੀ ਕਿ ਮੇਰੇ ਲਈ ਪਹਿਲਾਂ ਆਪਣੇ ਬੰਦਿਆਂ ਦੀਆਂ ਡਿਊਟੀਆਂ ਲਾਣੀਆਂ ਜਾਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਮੀਟਿੰਗਾਂ ਕਰਨੀਆਂ ਜਰੂਰੀ ਸਨ ਜਾਂ ਤੁਹਾਨੂੰ ਜਾਣਕਾਰੀ ਦੇਣਾ? ਉਨ੍ਹਾਂ ਨੂੰ ਪੁਛਿਆ ਗਿਆ ਕਿ ਹੁਣ ਤਾਂ ਸਭ ਕੁਝ ਹੋ ਗਿਆ ਹੈ ਹੁਣ ਦੱਸੋ ਕਿ ਤੁਸੀਂ ਪ੍ਰੋਗਰਾਮ ਰੋਕਣ ਵਿੱਚ ਕਾਮਯਾਬ ਹੋਏ ਜਾਂ ਨਹੀਂ। ਪਰ ਉਸ ਕੋਲ ਕੋਈ ਜਵਾਬ ਹੋਵੇ ਤਾਂ ਹੀ ਅਤੇ ਦੱਸੇ। ਉਨ੍ਹਾਂ ਕਿਹਾ ਮੈਂ ਦੋ ਸ਼ਬਦਾਂ ਵਿੱਚ ਤੁਹਾਨੂੰ ਨਹੀਂ ਦੱਸ ਸਕਦਾ ਕਿ ਪ੍ਰੋਗਰਾਮ ਹੋਇਆ ਹੈ ਜਾਂ ਨਹੀਂ, ਪਰ ਪ੍ਰੋ: ਦਰਸ਼ਨ ਸਿੰਘ ਵਿੱਚ ਜੇ ਹਿੰਮਤ ਹੈ ਤਾਂ ਉਹ ਜਨਤਕ ਤੌਰ ’ਤੇ ਪ੍ਰੋਗਰਾਮ ਕਰਕੇ ਵਿਖਾਏ। ਉਨ੍ਹਾਂ ਨੂੰ ਕਿਹਾ ਗਿਆ ਕਿ ਕਿੰਨੇ ਦਿਨਾਂ ਪਹਿਲਾਂ ਤੋਂ ਉਨ੍ਹਾਂ ਸਮਾਗਮ ਲਈ ਜਨਤਕ ਤੌਰ ’ਤੇ ਇਸ਼ਤਿਹਾਰ ਛਪਵਾਏ। ਜਨਤਕ ਥਾਂ ’ਤੇ ਸਮਾਗਮ ਹੋ ਰਿਹਾ ਹੈ ਤਾਂ ਤੁਸੀਂ ਹੋਰ ਕਿਸ ਤਰ੍ਹਾਂ ਦੇ ਪ੍ਰੋਗਰਾਮ ਨੂੰ ਜਨਤਕ ਮੰਨੋਗੇ? 9 ਮਿੰਟ ਤੋਂ ਵੱਧ ਸਮੇਂ ਤੱਕ ਉਨ੍ਹਾਂ ਨਾਲ ਗੱਲ ਹੁੰਦੀ ਰਹੀ ਪਰ ਉਹ ਲਿਖਣਯੋਗ ਇੱਕ ਵੀ ਗੱਲ ਨਹੀਂ ਦੱਸ ਸਕੇ ਤੇ ਨਾਂ ਹੀ ਇਸ ਗੱਲ ਦਾ ਜਵਾਬ ਦੇ ਸਕੇ ਕਿ ਕਿਤਨੇ ਹੀ ਹੋਰ ਹੁਕਨਾਮੇ ਹਨ ਜਿਨ੍ਹਾਂ ’ਤੇ ਅੱਜ ਤੱਕ ਕੋਈ ਅਮਲ ਨਹੀਂ ਹੋ ਸਕਿਆ, ਤੁਸੀ ਉਨ੍ਹਾਂ ਸਾਰਿਆਂ ਨੂੰ ਅੱਖੌਂ ਪਰੋਖੇ ਕਰਕੇ ਸਿਰਫ ਇਸ ਹੁਕਮਨਾਮੇ ਨੂੰ ਲਾਗੂ ਕਰਵਾਉਣ ਵਿੱਚ ਇੰਨੀ ਦਿਲਚਸਪੀ ਕਿਉਂ ਲੈ ਰਹੇ ਹੋ? ਸਮਾਗਮ ਦੀ ਮੌਜੂਦਾ ਸਥਿਤੀ ਸਬੰਧੀ ਉਨ੍ਹਾਂ ਵੱਲੋਂ ਕੁਝ ਦੱਸਣ ਦੀ ਬਜ਼ਾਏ ਆਪਣਾ ਸਟੇਸ ਦੱਸਣ ’ਤੇ ਹੀ ਸਾਰਾ ਜੋਰ ਲਾ ਰੱਖਿਆ।
ਸ਼੍ਰੀ ਗੁਰੂ ਸਿੰਘ ਸਭਾ ਲਾਟੂਸ ਰੋਡ ਕਾਨ੍ਹਪੁਰ ਦੇ ਪ੍ਰਧਾਨ ਹਰਵਿੰਦਰ ਸਿੰਘ ਲਾਰਡ ਨਾਲ ਸੰਪਰਕ ਕਰਕੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਉਹ ਤਾਂ ਆਪਣੇ ਕਿਸੇ ਨਿਜੀ ਕੰਮ ’ਤੇ ਸ਼ਹਿਰ ਤੋਂ ਬਾਹਰ ਗਏ ਸਨ ਪਰ ਗੁਰੂ ਦੀ ਬਖ਼ਸ਼ਿਸ਼ ਨਾਲ ਸਵੇਰ ਦਾ ਸਾਰਾ ਸਮਾਗਮ ਸ਼ਾਂਤੀ ਪੂਰਬਕ ਸਿਰੇ ਚੜ੍ਹ ਗਿਆ ਹੈ ਤੇ ਸ਼ਾਮ ਨੂੰ ਵੀ ਗੁਰੂ ਕ੍ਰਿਪਾ ਕਰਨਗੇ। ਕੁਲਦੀਪ ਸਿੰਘ ਦੇ ਰੋਲ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਇਹ ਬੰਦਾ ਕਾਨ੍ਹਪੁਰ ਦੇ ਸ਼ਾਂਤ ਮਹੌਲ ਨੂੰ ਖ਼ਰਾਬ ਕਰਨ ’ਤੇ ਤੁਲਿਆ ਹੈ ਪਰ ਸਿੱਖਾਂ ਨੂੰ ਉਹ ਗੁੰਮਰਾਹ ਨਹੀਂ ਕਰ ਸਕੇਗਾ।
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਫ਼ੋਨ ਬੰਦ ਆ ਰਿਹਾ ਸੀ।

 

 

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.