ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਸਚਿਨ ਨੇ ਨਮ ਪਲਕਾਂ ਨਾਲ ਲਈ ਕ੍ਰਿਕਟ ਤੋਂ ਵਿਦਾਈ
ਸਚਿਨ ਨੇ ਨਮ ਪਲਕਾਂ ਨਾਲ ਲਈ ਕ੍ਰਿਕਟ ਤੋਂ ਵਿਦਾਈ
Page Visitors: 2617

ਸਚਿਨ ਨੇ ਨਮ ਪਲਕਾਂ ਨਾਲ ਲਈ ਕ੍ਰਿਕਟ ਤੋਂ ਵਿਦਾਈ

ਮੁੰਬਈ, 16 ਨਵੰਬਰ (ਪੰਜਾਬ ਮੇਲ)- ਅੱਜ ਨਮ ਪਲਕਾਂ ਨਾਲ ਸਚਿਨ ਤੇਂਦੁਲਕਰ ਨੇ ਜਦੋਂ ਕ੍ਰਿਕਟ ਤੋਂ ਵਿਦਾਈ ਲਈ ਤਾਂ ਉਨ੍ਹਾਂ ਆਪਣੇ ਭਾਵੁਕ ਭਾਸ਼ਣ ਨਾਲ ਸਾਰਿਆਂ ਦੇ ਦਿਲ ਨੂੰ ਛੂਹ ਲਿਆ। ਉਸ ਨੇ ਜਿੱਥੇ ਆਪਣੀ ਖੇਡ ਨੂੰ ਆਪਣੇ ਲਈ ‘ਆਕਸੀਜਨ’ ਵਜੋਂ ਅਹਿਮੀਅਤ ਦਿੱਤੀ, ਉਥੇ ਆਪਣੇ ਪਰਿਵਾਰ, ਕੋਚਾਂ, ਸਾਥੀ ਖਿਡਾਰੀਆਂ, ਦੋਸਤਾਂ-ਮਿੱਤਰਾਂ ਤੇ ਪ੍ਰਸੰਸਕਾਂ ਦਾ ਵੀ ਸ਼ੁਕਰੀਆ ਕੀਤਾ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਯਕੀਨ ਹੀ ਨਹੀਂ ਹੋ ਰਿਹਾ ਕਿ ਉਸ ਦੀ 22 ਗਜ਼ ਵਿਚਕਾਰ 24 ਸਾਲ ਦੇ ਸਫ਼ਰ ਤੋਂ ਰੁਖ਼ਸਤ ਹੋ ਗਈ ਹੈ।
ਆਪਣੀਆਂ ਭਾਵਨਾਵਾਂ ’ਤੇ ਕਾਬੂ ਰੱਖਦਿਆਂ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਬੇਹੱਦ ਭਾਵੁਕ ਪਲਾਂ ਦੌਰਾਨ ਜਦੋਂ ਸਚਿਨ ਦੇ 200ਵੇਂ ਟੈਸਟ ਮੈਚ ਦੀ ਸਮਾਪਤੀ ਹੋਈ ਤਾਂ ਭਾਰਤੀ ਟੀਮ ਦੇ ਕਪਤਾਨ ਐਮ.ਐਸ. ਧੋਨੀ ਤੇ ਉ¤ਭਰਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਉਸ ਨੂੰ ਚੁੱਕ ਲਿਆ। ਦਰਸ਼ਕਾਂ ਦੀਆਂ ਤਾੜੀਆਂ ਦੀ ਗੜਗੜਾਹਟ ਦੌਰਾਨ ਸਚਿਨ ਨੇ ਆਪਣਾ ਵਿਦਾਇਗੀ ਭਾਸ਼ਣ ਇਸ ਤਰ੍ਹਾਂ ਸ਼ੁਰੂ ਕੀਤਾ, ‘‘ਦੋਸਤੋ ਸ਼ਾਂਤ ਹੋ ਜਾਵੋ, ਨਹੀਂ ਤਾਂ ਮੈਂ ਬਹੁਤ ਭਾਵੁਕ ਹੋ ਜਾਵਾਂਗਾ, ਇਹ ਯਕੀਨ ਕਰਨਾ ਮੁਸ਼ਕਲ ਹੈ ਕਿ ਮੇਰਾ ਅਦਭੁੱਤ ਸਫ਼ਰ ਖ਼ਤਮ ਹੋ ਗਿਆ ਹੈ।’’ ਉਸ ਨੇ ਮਖੌਲੀਆ ਲਹਿਜੇ ਵਿੱਚ ਕਿਹਾ ਕਿ ਉਹ ਧੰਨਵਾਦ ਕਰਨ ਲਈ ਸੂਚੀ ਲੈ ਕੇ ਆਇਆ ਹੈ, ਕਿਉਂਕਿ ਉਹ ਕਈ ਵਾਰ ਭੁੱਲ ਜਾਂਦਾ ਹੈ।’’
ਅੱਜ ਇਨ੍ਹਾਂ ਭਾਵੁਕ ਪਲਾਂ ਦੌਰਾਨ ਭਾਰਤ ਦੇ ਇਸ ਮਹਾਨ ਕ੍ਰਿਕਟ ਖਿਡਾਰੀ ਨੇ ਆਪਣੇ ਮਰਹੂਮ ਪਿਤਾ, ਮਾਂ, ਭੈਣ-ਭਰਾਵਾਂ ਤੇ ਪਤਨੀ ਅੰਜਲੀ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ, ਜਿਨ੍ਹਾਂ ਦੇ ਸਹਿਯੋਗ ਤੇ ਮਾਰਗ ਦਰਸ਼ਨ ਸਦਕਾ ਉਹ ਇਸ ਮੁਕਾਮ ਤੱਕ ਪੁੱਜਾ ਹੈ। ਉਸ ਨੇ ਆਪਣੇ ਪਿਤਾ ਰਮੇਸ਼ ਤੇਂਦੁਲਕਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਉਹ ਸਾਡੇ ਵਿਚਕਾਰ ਭਾਵੇਂ ਨਹੀਂ ਹਨ, ਪਰ ਉਨ੍ਹਾਂ ਵੱਲੋਂ ਕੀਤੀ ਯੋਗ ਅਗਵਾਈ ਸਦਕਾ ਹੀ ਉਹ ਇੱਥੇ ਖੜ੍ਹਾ ਹੈ। ਉਸ ਨੇ ਕਿਹਾ, ‘‘ਉਨ੍ਹਾਂ ਮੈਨੂੰ ਗਿਆਰਾਂ ਸਾਲ ਦੀ ਉਮਰ ’ਚ ਆਜ਼ਾਦੀ ਦੇ ਦਿੱਤੀ ਤੇ ਕਿਹਾ, ‘ਆਪਣੇ ਸੁਪਨੇ ਪੂਰੇ ਕਰੋ, ਪਰ ਕਦੇ ਵੀ ‘ਸ਼ਾਰਟਕੱਟ’ ਢੰਗ ਨਾ ਅਪਣਾਈ ਤੇ ਸਖ਼ਤ ਮਿਹਨਤ ਦਾ ਪੱਲਾ ਨਾ ਛੱਡਣਾ ਤੇ ਉਨ੍ਹਾਂ ਮੈਨੂੰ ਚੰਗਾ ਇਨਸਾਨ ਬਣਨ ਦੀ ਨਸੀਹਤ ਦਿੱਤੀ। ਮੈਂ ਉਨ੍ਹਾਂ ਦੇ ਸ਼ਬਦਾਂ ’ਤੇ ਪੂਰਾ ਉਤਰਨ ਦੀ ਕੋਸ਼ਿਸ਼ ਕੀਤੀ ਹੈ।’’
ਇਸ ਤੋਂ ਬਾਅਦ ਸਚਿਨ ਨੇ ਆਪਣੀ ਮਾਂ ਰਜਨੀ ਦਾ ਜ਼ਿਕਰ ਕੀਤਾ, ‘‘ਮੈਨੂੰ ਸਮਝ ਨਹੀਂ ਆਉਂਦੀ ਕਿ ਉਹ ਮੇਰੇ ਵਰਗੇ ਸ਼ਰਾਰਤੀ ਬੱਚੇ ਨੂੰ ਕਿਵੇਂ ਕਾਬੂ ਰੱਖਦੀ ਸੀ।’’ ਅੱਜ ਪਰਿਵਾਰ ਦੇ ਬਾਕੀ ਜੀਆਂ ਨਾਲ ਉਹ ਵੀ ਪਹਿਲੀ ਵਾਰ ਸਚਿਨ ਦਾ ਵਿਦਾਇਗੀ ਮੈਚ ਦੇਖਣ ਪੁੱਜੀ ਹੋਈ ਸੀ। ਉਸ ਨੇ ਸਕੂਲ ਦਿਨਾਂ ਦੌਰਾਨ ਆਪਣੇ ਆਂਟੀ-ਅੰਕਲ ਕੋਲ ਬਿਤਾਏ ਪਲਾਂ ਲਈ ਉਨ੍ਹਾਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਉਸ ਨੂੰ ਆਪਣੇ ਹੀ ਬੱਚਿਆਂ ਦੀ ਤਰ੍ਹਾਂ ਪਿਆਰ ਦਿੱਤਾ। ਉਸ ਨੇ ਆਪਣੇ ਵੱਡੇ ਭਰਾ ਨਿਤਿਨ, ਅਜੀਤ ਅਤੇ ਭੈਣ ਸ਼ਵੇਤਾ ਤੇ ਪਤਨੀ ਅੰਜਲੀ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ।
ਇਸ ਵਿਸ਼ੇਸ਼ ਮੌਕੇ ਉਨ੍ਹਾਂ ਆਪਣੇ ਕੋਚ ਰਮਾ ਕਾਂਤ ਅਚਰੇਕਰ ਸਰ ਦਾ ਵੀ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ। ਉਨ੍ਹਾਂ ਆਪਣੇ ਬੱਚਿਆਂ ਧੀ ਸਾਰਾ ਤੇ ਪੁੱਤ ਅਰਜੁਨ ਦੀ ਸਾਂਭ-ਸੰਭਾਲ ਲਈ ਪਤਨੀ ਅੰਜਲੀ, ਜਿਸ ਨੇ ਉਸ ਦੇ ਖੇਡ ਜੀਵਨ ਲਈ ਆਪਣਾ ਡਾਕਟਰੀ ਦਾ ਕਿੱਤਾ ਨਿਛਾਵਰ ਕਰ ਦਿੱਤਾ, ਬਦਲੇ ਅੰਜਲੀ ਦੀ ਵੀ ਦਿਲ ਖੋਲ੍ਹ ਕੇ ਪ੍ਰਸੰਸਾ ਕੀਤੀ। ਉਨ੍ਹਾਂ ਆਪਣੇ ਬੱਚਿਆਂ ਨੂੰ ਵੀ ਭਰੋਸਾ ਦਿੱਤਾ ਕਿ ਉਹ ਬੀਤੇ ਸਮੇਂ ਦੌਰਾਨ ਉਨ੍ਹਾਂ ਨੂੰ ਸਮਾਂ ਨਾ ਦੇ ਸਕਣ ਦੀ ਭਵਿੱਖ ਵਿੱਚ ਭਰਪਾਈ ਕਰਨ ਦਾ ਯਤਨ ਕਰੇਗਾ। ਇਸ ਤਰ੍ਹਾਂ ਆਖ਼ਰੀ ਵਾਰ ਕਰੀਜ਼ ਨੂੰ ਚੁੰਮ ਕੇ ਇਸ ਮਹਾਨ ਕ੍ਰਿਕਟ ਖਿਡਾਰੀ ਨੇ ਵਿਦਾਈ ਲਈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.