ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
'ਆਪ' ਦੀ ਚੰਡੀਗੜ੍ਹ 'ਚ ਗਰਜਵੀਂ ਆਮਦ
'ਆਪ' ਦੀ ਚੰਡੀਗੜ੍ਹ 'ਚ ਗਰਜਵੀਂ ਆਮਦ
Page Visitors: 2523

'ਆਪ' ਦੀ ਚੰਡੀਗੜ੍ਹ 'ਚ ਗਰਜਵੀਂ ਆਮਦ
ਚੰਡੀਗੜ੍ਹ, 12 ਜਨਵਰੀ (ਸਰਬਜੀਤ ਢਿੱਲੋਂ) : ਆਮ ਆਦਮੀ ਪਾਰਟੀ (ਆਪ) ਨੇ ਅੱਜ ਸੈਕਟਰ 25 ਦੇ ਰੈਲੀ ਮੈਦਾਨ 'ਚ ਭਾਰੀ ਰੈਲੀ ਕੀਤੀ, ਜਿਸ ਵਿਚ ਚੰਡੀਗੜ੍ਹ ਅਤੇ ਆਸ ਪਾਸ ਦੇ ਇਲਾਕਿਆਂ ਤੋਂ ਪੰਜ ਹਜ਼ਾਰ ਤੋਂ ਵੱਧ ਲੋਕ ਸ਼ਾਮਲ ਹੋਏ। 
ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਰਾਸ਼ਟਰੀ ਐਗਜ਼ੈਕਟਿਵ ਮੈਂਬਰ ਪ੍ਰੋ. ਯੋਗਿੰਦਰ ਯਾਦਵ ਨੇ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਦੇ ਤਖ਼ਤ 'ਤੇ ਬੈਠ ਕੇ ਆਮ ਆਦਮੀ ਦਾ ਸਿਰ ਉੱਚਾ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਦਿੱਲੀ 'ਚ 28 ਸੀਟਾਂ ਜਿੱਤ ਕੇ ਸਰਕਾਰ ਬਣਾ ਲਈ ਅਤੇ ਪਾਰਲੀਮੈਂਟ 'ਚ 280 ਸੀਟਾਂ ਜਿੱਤਾਂਗੇ ਤਾਂ ਦੇਸ਼ ਦੀ ਆਜ਼ਾਦੀ ਦਾ ਦੂਜਾ ਦੌਰ ਸ਼ੁਰੂ ਹੋ ਜਾਵੇਗਾ। ਉਨ੍ਹਾਂ ਲੋਕਾਂ ਅੰਦਰ ਉਤਸ਼ਾਹ ਭਰਦਿਆਂ ਕਿਹਾ 'ਪਹਿਲੇ ਦਿੱਲੀ ਹੁਈ ਹਮਾਰੀ, ਅਬ ਚੰਡੀਗੜ੍ਹ ਕੀ ਵਾਰੀ'। ਇਸ ਮੌਕੇ ਉਨ੍ਹਾਂ ਨੇ ਪਾਰਟੀ ਦੀ ਇਕ ਕਰੋੜ ਮੈਂਬਰਸ਼ਿਪ ਦੇਣ ਦਾ ਐਲਾਨ ਕੀਤਾ ਅਤੇ ਪਾਰਟੀ ਦਾ ਦਫ਼ਤਰ ਕੋਠੀ ਨੰ:1 ਸੈਕਟਰ 16 'ਚ ਖੋਲ੍ਹਿਆ ਗਿਆ। 
ਪ੍ਰੋ. ਯੋਗਿੰਦਰ ਯਾਦਵ ਨੇ ਕਿਹਾ ਕਿ ਉਸ ਦਾ ਇਸ ਸ਼ਹਿਰ ਨਾਲ ਪੁਰਾਣਾ ਰਿਸ਼ਤਾ ਹੈ, ਉਹ ਪੰਜਾਬ ਯੂਨੀਵਰਸਿਟੀ ਵਿਚ 1983 ਤੋਂ 1993 ਤਕ ਪੜ੍ਹਾਉਂਦੇ ਰਹੇ ਹਨ। ਉੁਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਪਿੰਡ ਡੱਡੂਮਾਜਰਾ 'ਚ ਕਿਰਾਏ 'ਤੇ ਰਹਿੰਦੇ ਸਨ। ਉੁਨ੍ਹਾਂ ਕਿਹਾ ਕਿ ਸ਼ਹਿਰ ਤੋਂ ਉੁਨ੍ਹਾਂ ਨੇ ਬਹੁਤ ਕੁੱਝ ਸਿਖਿਆ ਹੈ। 
ਪ੍ਰੋ. ਯਾਦਵ ਨੇ ਕਿਹਾ ਕਿ ਦਿੱਲੀ ਦੀਆਂ ਚੋਣਾਂ 'ਚ ਹੋਈ ਪਾਰਟੀ ਦੀ ਜਿੱਤ ਨੇ ਆਮ ਆਦਮੀ ਲਈ ਆਸ ਦੀ ਨਵੀਂ ਕਿਰਨ ਪੈਦਾ ਕੀਤੀ। ਉੁਨ੍ਹਾਂ ਕਿਹਾ ਕਿ ਕੇਜਰੀਵਾਲ ਹੀ ਹੈ ਜਿਸ ਨੇ ਸਾਧਾਰਣ ਆਦਮੀ ਦੀ ਬਾਂਹ ਫੜ ਕੇ ਲੋਕਾਂ ਨੂੰ ਨਵੀਂ ਪਛਾਣ ਦਿਤੀ।
ਉੁਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਨੇਤਾ ਅਤੇ ਪ੍ਰਸ਼ਾਸਨ ਭ੍ਰਿਸ਼ਟ ਤੌਰ ਤਰੀਕੇ ਅਪਣਾ ਰਹੇ ਹਨ। ਉੁਨ੍ਹਾਂ ਕਿਹਾ ਕਿ ਜੇ ਐਤਕੀਂ ਲੋਕ ਸਭਾ ਚੋਣਾਂ 'ਚ ਪਾਰਟੀ ਜਿੱਤ ਗਈ ਤਾਂ ਉਹ ਸਾਰੇ ਗੰਧਲੇ ਸਿਸਟਮ ਨੂੰ ਬਦਲ ਕੇ ਰੱਖ ਦੇਣਗੇ। 
ਉੁਨ੍ਹਾਂ ਕਿਹਾ ਕਿ ਪਾਰਟੀ ਦੇ ਉਮੀਦਵਾਰ ਦਾ ਫ਼ੈਸਲਾ ਸਥਾਨਕ ਲੋਕਾਂ ਦੀ ਪ੍ਰਵਾਨਗੀ ਨਾਲ ਹੀ ਲਿਆ ਜਾਵੇਗਾ। ਪਾਰਟੀ 'ਚ ਕਿਸੇ ਕਿਸਮ ਦੇ ਦਾਗ਼ੀ ਜਾਂ ਮਾੜੇ ਅਕਸ ਵਾਲੇ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਜਾਤੀਵਾਦ 'ਤੇ ਕੋਈ ਵੀ ਰਾਜਨੀਤੀ ਨਹੀਂ ਕਰਦੇ। ਇਸ ਮੌਕੇ ਪੰਜਾਬ ਤੋਂ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਅਤੇ ਕਈ ਹੋਰ ਸੀਨੀਅਰ ਅਕਾਲੀ ਆਗੂ ਤੇ ਕਾਂਗਰਸੀ ਨੇਤਾ ਵੀ ਆਮ ਆਦਮੀ ਦੀ ਪਾਰਟੀ ਨਾਲ ਜੁੜਨ ਲਈ ਕੋਸ਼ਿਸ਼ ਕਰਦੇ ਵੇਖੇ ਗਏ। ਇਸ ਮੌਕੇ ਹਰਿਆਣਾ ਤੋਂ ਵੀ ਕਈ ਸੀਨੀਅਰ ਸਿਵਲ ਅਤੇ ਪੁਲਿਸ ਅਧਿਕਾਰੀ ਵੀ ਪਾਰਟੀ ਦੀ ਰੈਲੀ ਵਿਚ ਸ਼ਾਮਲ ਹੋਏ।
ਇਸ ਮੌਕੇ ਹਰਿਆਣਾ ਤੇ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਨਵੀਨ ਜੈਹਿੰਦ ਨੇ ਵੀ ਸੰਬੋਧਨ ਕੀਤਾ। ਉੁਨ੍ਹਾਂ ਨੇ ਚੰਡੀਗੜ੍ਹ ਤੋਂ ਸੰਸਦ ਮੈਂਬਰ ਪਵਨ ਬਾਂਸਲ ਦਾ ਨਾਂ ਲਏ ਬਗ਼ੈਰ ਕਿਹਾ ਕਿ ਅਸੀਂ ਭ੍ਰਿਸ਼ਟ ਲੋਕਾਂ ਨੂੰ ਬਦਲਣਾ ਹੈ। ਉੁਨ੍ਹਾਂ ਕਿਹਾ ਕਿ ਅਸੀਂ ਮਾਮੇ, ਭਾਣਜੇ ਦੀਆਂ ਭ੍ਰਿਸ਼ਟ ਨੀਤੀਆਂ ਨੂੰ ਖ਼ਤਮ ਕਰਨਾ ਹੈ। ਉੁਨ੍ਹਾਂ ਨੇ ਲੋਕਾਂ ਨੂੰ ਦੂਜੀ ਕ੍ਰਾਂਤੀ ਲਿਆਉਣ ਲਈ ਇਕ ਪਲੇਟਫ਼ਾਰਮ 'ਤੇ ਇਕੱਠੇ ਹੋਣ ਦਾ ਸੱਦਾ ਦਿਤਾ। ਇਸ ਮੌਕੇ ਕਈ ਹੋਰ ਆਗੂਆਂ ਨੇ ਵੀ ਅਪਣੇ ਵਿਚਾਰ ਰੱਖੇ। 
  ਇਸ ਸਮਾਗਮ ਨੂੰ ਡਾ. ਆਸਾਵੰਤ ਕਨਵੀਨਰ ਨੇ ਵੀ ਸੰਬੋਧਨ ਕੀਤਾ। ਉੁਨ੍ਹਾਂ ਕਿਹਾ ਕਿ ਦਿੱਲੀ 'ਚ ਸਰਕਾਰ ਤਾਂ ਕੀ ਬਣਾਉਣੀ ਸੀ, ਸਾਡੇ ਬੈਨਰ ਤਕ ਵਿਰੋਧੀ ਪਾਰਟੀਆਂ ਉਤਾਰ ਦੇਂਦੀਆਂ ਸਨ। ਉਨ੍ਹਾਂ ਕਿਹਾ ਕਿ ਪਾਰਟੀ ਦੀ ਸਖ਼ਤ ਮਿਹਨਤ ਹੀ ਰੰਗ ਲਿਆਈ। ਸਾਡੀ ਸਫ਼ੈਦ ਟੋਪੀ ਹੀ  ਭ੍ਰਿਸ਼ਟ ਅਫ਼ਸਰਸ਼ਾਹੀ ਲਈ ਵੰਗਾਰ ਬਣ ਗਈ ਹੈ। ਇਸ ਮੌਕੇ ਆਮ ਆਦਮੀ ਪਾਰਟੀ ਲਈ ਮੌਕੇ 'ਤੇ ਹੀ ਹਜ਼ਾਰਾਂ ਲੋਕਾਂ ਨੇ ਮੈਂਬਰਸ਼ਿਪ ਲਈ ਫ਼ਾਰਮ ਭਰੇ। 
 ਪ੍ਰੋ. ਜੋਗਿੰਦਰ ਯਾਦਵ ਦੀ ਅਪੀਲ 'ਤੇ ਲੋਕਾਂ ਨੇ 43 ਹਜ਼ਾਰ 52 ਰੁਪਏ ਚੰਦਾ ਇਕੱਤਰ ਕਰ ਕੇ ਪਾਰਟੀ ਨੂੰ ਦਿਤਾ। ਪੰਡਾਲ 'ਚ ਸਫ਼ੈਦ ਟੋਪੀਆਂ ਵਾਲੇ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਲੋਕਾਂ ਨੇ ਤਿਰੰਗੇ ਝੰਡੇ ਫੜੇ ਹੋਏ ਸਨ। 
ਚੰਡੀਗੜ੍ਹ ਜਨ ਮੋਰਚਾ ਆਪ ਪਾਰਟੀ 'ਚ ਸ਼ਾਮਲ 
ਇਸ ਮੌਕੇ ਚੰਡੀਗੜ੍ਹ ਜਨ ਮੋਰਚਾ ਦੇ ਪ੍ਰਧਾਨ ਕ੍ਰਿਸ਼ਨ ਚੰਦਰ ਅਹੂਜਾ ਅਪਣੇ ਸਾਥੀਆ ਸਣੇ ਪ੍ਰੋ. ਜੋਗਿੰਦਰ ਯਾਦਵ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ। ਉੁਨ੍ਹਾਂ ਨੇ ਪਾਰਟੀ ਦੀਆਂ ਨੀਤੀਆਂ ਨਾਲ ਪੂਰੀ ਤਰ੍ਹਾਂ ਸਹਿਮਤੀ ਪ੍ਰਗਟਾਈ ਹੈ। 



 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.