ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਸਿੱਖ ਚਿੰਤਕ ਤੇ ਇਤਿਹਾਸਕਾਰ ਅਜਮੇਰ ਸਿੰਘ ਦੀ ਚੌਥੀ ਪੁਸਤਕ ਰਿਲੀਜ਼
ਸਿੱਖ ਚਿੰਤਕ ਤੇ ਇਤਿਹਾਸਕਾਰ ਅਜਮੇਰ ਸਿੰਘ ਦੀ ਚੌਥੀ ਪੁਸਤਕ ਰਿਲੀਜ਼
Page Visitors: 2619

ਸਿੱਖ ਚਿੰਤਕ ਤੇ ਇਤਿਹਾਸਕਾਰ ਅਜਮੇਰ ਸਿੰਘ ਦੀ ਚੌਥੀ ਪੁਸਤਕ ਰਿਲੀਜ਼
ਪੁਸਤਕ ਸੂਖਮ ਅਤੇ ਬੌਧਿਕ ਹਮਲਿਆਂ ਦੀ ਨਿਸ਼ਾਨਦੇਹੀ ਕਰਦੀ ਹੈ : ਜਸਪਾਲ ਸਿੱਧੂ
ਬਠਿੰਡਾ, 20 ਜੂਨ (ਕਿਰਪਾਲ ਸਿੰਘ): ਸਥਾਨਕ ਟੀਚਰਜ਼ ਹੋਮ ਵਿਖੇ ਹੋਏ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪ੍ਰਸਿੱਧ ਲੇਖਕ ਅਤੇ ਸਿੱਖ ਚਿੰਤਕ ਅਜਮੇਰ ਸਿੰਘ ਮੰਡੀਕਲਾਂ ਦੀ ਪੁਸਤਕ ‘ਵੀਂਹਵੀ ਸਦੀ ਦੀ ਸਿੱਖ ਰਾਜਨੀਤੀ ਭਾਗ ਚੌਥਾ’ ਰੀਲੀਜ਼ ਕੀਤੀ ਗਈ। ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਦੇ ਟਾਇਟਲ ਹੇਠ ਛਪੀ ਇਸ ਪੁਸਤਕ ਨੂੰ ਯੂਐਨਆਈ ਦੇ ਸਾਬਕਾ ਸੀਨਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ, ਉੱਘੇ ਲੇਖਕ ਰਾਜਵਿੰਦਰ ਸਿੰਘ ਰਾਹੀ, ਤੋਗਾ ਸਿੰਘ, ਸ਼੍ਰੋ:ਅ:ਦ: (ਪੰਚ ਪ੍ਰਧਾਨੀ) ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਅਤੇ ਸ਼੍ਰੋ:ਅ:ਦ: (ਅ) ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਨੇ ਬੁਧੀਜੀਵੀ ਲੋਕਾਂ ਦੇ ਭਰਵੇਂ ਇਕੱਠ ਦੌਰਾਨ ਰਿਲੀਜ਼ ਕੀਤਾ। ਸ: ਅਜਮੇਰ ਸਿੰਘ ਨੇ ਪੁਸਤਕ ਦੀ ਪਹਿਲੀ ਕਾਪੀ ਰਾਜਵਿੰਦਰ ਸਿੰਘ ਰਾਹੀ ਨੂੰ ਭੇਟ ਕੀਤੀ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਜਸਪਾਲ ਸਿੰਘ ਸਿੱਧੂ ਨੇ ਆਪਣਾ ਪੱਤਰਕਾਰੀ ਦੇ ਖੇਤਰ ਦਾ ਤਜ਼ਰਬਾ ਸਾਂਝਾ ਕਰਦਿਆਂ ਕਿਹਾ ਕਿ ਮੀਡੀਆ ਦੇ ਇੱਕ ਵੱਡੇ ਹਿੱਸੇ ਨੇ ਨੇਸ਼ਨ ਸਟੇਟ ਦੀ ਉਸਾਰੀ ਦੇ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਲਈ ਸੱਭਿਆਚਾਰਕ, ਧਾਰਮਿਕ ਅਤੇ ਭਾਸ਼ਾਈ ਵੰਨਸੁਵੰਨਤਾ ਨੂੰ ਦਰੜਨ ਦੀ ਸਟੇਟ ਨੀਤੀ ਨੂੰ ਲਾਗੂ ਕਰਨ ਲਈ ਮੁੱਖ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਮੀਡੀਆ ਛੋਟੀਆਂ ਛੋਟੀਆਂ ਖਬਰਾਂ ਨੂੰ ਸਨਸਨੀਖੇਜ਼ ਬਣਾ ਕੇ ਪੇਸ਼ ਕਰਦਾ ਆ ਰਿਹਾ ਹੈ, ਜਿਸ ਕਾਰਨ ਖ਼ਬਰ ਜਾ ਘਟਨਾ ਦੀ ਅਸਲ ਤਸਵੀਰ ਪੇਸ਼ ਹੀ ਨਹੀਂ ਹੁੰਦੀ। ਸ. ਸਿੱਧੂ ਨੇ ਅੱਗੇ ਕਿਹਾ ਕਿ ਕਾਲੇ ਦੌਰ ਦੌਰਾਨ ਮੀਡੀਆ ਦੇ ਇੱਕ ਹਿੱਸੇ ਨੇ ਇੱਕ ਗਿਣੀ ਮਿਥੀ ਸਾਜ਼ਿਸ ਤਹਿਤ ਖਬਰਾਂ ਦੇ ਮਾਮਲੇ ਵਿੱਚ ਨਾਕਾਰਾਤਮਿਕ ਭੂਮਿਕਾ ਅਦਾ ਕੀਤੀ, ਜਿਸ ਕਾਰਨ ਮੀਡੀਆ ਦੀ ਭਰੋਸੇ ਯੋਗਤਾ ’ਤੇ ਸਵਾਲ ਉਠਣ ਲੱਗੇ ਹਨ। ਉਨ੍ਹਾਂ ਕਿਹਾ ਕਿ ਅਜਮੇਰ ਸਿੰਘ ਦੀ ਇਸ ਪੁਸਤਕ ਵਿੱਚ ਜਿੱਥੇ ਕੁੱਝ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਵੱਲੋਂ ਕਾਲੇ ਦੌਰ ਦੌਰਾਨ ਨਿਭਾਏ ਗਏ ਮਾੜੇ ਰੋਲ ਦਾ ਜ਼ਿਕਰ ਕੀਤਾ ਗਿਆ ਹੈ, ਉਥੇ ਹੀ ਇਹ ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖ ਕੌਮ ’ਤੇ ਹੋਏ ਸੂਖਮ ਅਤੇ ਬੌਧਿਕ ਹਮਲਿਆਂ ਦੀ ਨਿਸ਼ਾਨਦੇਹੀ ਕਰਦੀ ਹੈ। ਉਨ੍ਹਾਂ ਕਿਹਾ ਕਿ ਪੁਸਤਕ ਵਿੱਚ ਅਜਮੇਰ ਸਿੰਘ ਨੇ ਇਹ ਦੱਸਣ ਦਾ ਸਫਲ ਯਤਨ ਕੀਤਾ ਹੈ ਕਿ ਰਾਜ ਦੇ ਸਿੱਖ ਬੁਧੀਜੀਵੀਆਂ ਦੇ ਇੱਕ ਵਰਗ ਨੇ ਆਪਣੀ ਬਣਦੀ ਭੂਮਿਕਾ ਨਿਭਾਉਣ ਦੀ ਬਜਾਏ ਨਾਕਾਰਾਤਮਿਕ ਰੋਲ ਅਦਾ ਕੀਤਾ।
ਪੁਸਤਕ ਦੇ ਰਚੇਤਾ ਅਜਮੇਰ ਸਿੰਘ ਨੇ ਕਿਹਾ ਕਿ ਵੀਹਵੀਂ ਸਦੀ ਦੀ ਸਿੱਖ ਰਾਜਨੀਤੀ ਦੀ ਲੜੀ ਤਹਿਤ ਛਾਪੀ ਗਈ ਇਹ ਚੌਥੀ ਪੁਸਤਕ ‘ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ’ ਪਹਿਲਾਂ ਛਪੀਆਂ ਪੁਸਤਕਾਂ ਨਾਲੋਂ ਵੱਖਰੀ ਸੈਲੀ ਵਿੱਚ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਛਪੀਆਂ ਪੁਸਤਕਾਂ ਵਿੱਚ ਜਿਥੇ ਸਿੱਖਾਂ ਵਿਰੁੱਧ ਸਥੂਲ ਪੱਧਰ ’ਤੇ ਹੋਰ ਹਮਲਿਆਂ ਅਤੇ ਜਿਸਮਾਨੀ ਜ਼ਬਰ ਦੀ ਵਿਆਖਿਆ ਪੇਸ਼ ਕੀਤੀ ਗਈ, ਉਥੇ ਇਹ ਪੁਸਤਕ ਭਾਰਤੀ ਹਾਕਮਾਂ ਵਲੋਂ ਸਿੱਖ ਕੌਮ ਨੂੰ ਸਿਧਾਂਤਕ ਤੌਰ ’ਤੇ ਨਿਹੱਥਾ ਕਰਨ ਲਈ ਚਲਾਈ ਗਈ ਮੁਹਿੰਮ ਨੂੰ ਵੀ ਉਜਾਗਰ ਕਰਦੀ ਹੈ। ਉਨ੍ਹਾਂ ਕਿਹਾ ਵਿਸ਼ਵਭਰ ਵਿੱਚ ਪਿਛਲੇ 300 ਸਾਲਾਂ ਵਿੱਚ ਚੱਲੀਆਂ ਲਹਿਰਾਂ ਉਪਰ ਜੇ ਸਰਸਰੀ ਝਾਤ ਮਾਰੀ ਜਾਵੇ ਤਾਂ ਇਹ ਵੇਖਣ ਵਿੱਚ ਆਉਂਦਾ ਹੈ ਕਿ ਉਨ੍ਹਾਂ ਲਹਿਰਾਂ ਦੀ ਅਗਵਾਈ ਬੁੱਧੀਜੀਵੀ ਵਰਗ ਨੇ ਕੀਤੀ ਪਰ ਪਿਛਲੀ ਸਦੀ ਦੇ ਆਖਰੀ ਦਹਾਕਿਆਂ ਵਿੱਚ ਪੰਜਾਬ ਵਿੱਚ ਚੱਲੀ ਲਹਿਰ ਦੌਰਾਨ ਸਿੱਖ ਬੁੱਧੀਜੀਵੀ ਵਰਗ ਦਾ ਕੁਝ ਹਿੱਸਾ ਤਾਂ ਬਿਲਕੁਲ ਖਾਮੋਸ਼ ਰਿਹਾ ਅਤੇ ਕੁਝ ਨੇ ਪੂਰੀ ਤਰ੍ਹਾਂ ਨਕਾਰਾਤਮਿਕ ਭੂਮਿਕਾ ਨਿਭਾਈ ਜਿਨ੍ਹਾਂ ਵਿੱਚੋਂ ਖਾਸ ਤੌਰ ’ਤੇ ਭਗਵੰਤ ਸਿੰਘ ਸਿੱਧੂ, ਡਾ: ਤਾਰਨ ਸਿੰਘ, ਸ: ਖੁਸ਼ਵੰਤ ਸਿੰਘ, ਪ੍ਰੋ: ਅਤਰ ਸਿੰਘ, ਡਾ: ਤੇਜਵੰਤ ਸਿੰਘ ਗਿੱਲ, ਅਤੇ ਸੰਘਰਸ਼ ਨੂੰ ਕੁਚਲਣ ਲਈ ਵਿਸ਼ੇਸ਼ ਤੌਰ ’ਤੇ ਗਵਰਨਰ ਪੰਜਾਬ ਵਜੋਂ ਨਿਯੁਕਤ ਕਰਕੇ ਭੇਜੇ ਗਏ ਸਿਧਾਰਥਾ ਸੰਕਰ ਰੇਅ ਦੀਆਂ ਰੰਗੀਨ ਮਜ਼ਲਿਸਾਂ ਦਾ ਸ਼ਿਗਾਰ ਬਣਨ ਵਾਲੇ ਸਿੱਖ ਵਿਦਵਾਨਾਂ ਦੀ ਨਕਾਰਾਤਮਿਕ ਭੂਮਿਕਾ ਨੂੰ ਠੋਸ ਹਵਾਲਿਆਂ ਨਾਲ ਪੁਸਤਕ ਵਿੱਚ ਪ੍ਰਮਾਣਿਤ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਸਿੱਖ ਬੁੱਧੀਜੀਵੀਆਂ ਨੂੰ ਆਪਣੀ ਮਰਜੀ ਮੁਤਾਬਿਕ ਤੋਰਨ ਲਈ ਨੇਸ਼ਨ ਸਟੇਟ ਵਲੋਂ ਕਿੰਨੇ ਵਿਆਪਕ ਤੇ ਜਥੇਬੰਦਕ ਯਤਨ ਕੀਤੇ ਗਏ ਸਨ। ਦੂਹਰੇ ਤੀਹਰੇ ਰੋਲ ਨਿਭਾਉਣ ਵਾਲਿਆਂ ਵਿੱਚੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮੌਜੂਦਾ ਮੀਡੀਆ ਇੰਚਾਰਜ ਹਰਚਰਨ ਬੈਂਸ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰਦਿਆਂ ਸ: ਅਜਮੇਰ ਸਿੰਘ ਨੇ ਕਿਹਾ ਕਿ ਕਾਲੇ ਦੌਰਾਨ ਉਹ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਦੇ ਅਹੁਦੇ ’ਤੇ ਤਾਇਨਾਤ ਸਨ। ਉਸ ਨੇ ਛੁੱਟੀ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਉਣ ਦੀ ਵਿਸ਼ੇਸ਼ ਮੁਹਿੰਮ ਵਿੱਢੀ। ਜਿਸ ਸਮੇਂ ਸਿਮਰਨਜੀਤ ਸਿੰਘ ਮਾਨ ਦੀ ਪੂਰੀ ਚੜ੍ਹਤ ਸੀ ਤਾਂ ਉਸ ਵੇਲੇ ਬੈਂਸ ਮਾਨ ਦਾ ਚਹੇਤਾ ਸਲਾਹਕਾਰ ਸੀ। ਬੇਅੰਤ ਸਿੰਘ ਦੀ ਕਾਂਗਰਸ ਸਰਕਾਰ ਆਉਣ ਸਮੇਂ ਉਹ ਮੁੱਖ ਮੰਤਰੀ ਬੇਅੰਤ ਸਿੰਘ ਦਾ ਮੀਡੀਆ ਸਲਾਹਕਾਰ ਬਣ ਗਿਆ। ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਲਿਖੇ ਲੇਖ ਹਾਲੀ ਵੀ ਪੁਰਾਣੇ ਅਖ਼ਬਾਰਾਂ ਵਿੱਚ ਮੌਜੂਦ ਹਨ। ਪਰ ਉਹੀ ਬੈਂਸ ਬਾਦਲ ਸਰਕਾਰ ਬਣਨ ਸਮੇਂ ਬਾਦਲ ਦੇ ਨੇੜੇ ਹੋ ਗਿਆ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਮੀਡੀਆ ਸਲਾਹਕਾਰ ਬਣ ਗਿਆ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਸਮੇਂ ਉਸ ਨੇ ਅਮਰਿੰਦਰ ਸਿੰਘ ਦੇ ਨੇੜੇ ਹੋਣ ਦੀ ਕੋਸ਼ਿਸ਼ ਕੀਤੀ ਪਰ ਅਮਰਿੰਦਰ ਸਿੰਘ ਨੇ ਉਸ ਨੂੰ ਮੂੰਹ ਨਾ ਲਾਇਆ। ਦੁਬਾਰਾ ਬਾਦਲ ਸਰਕਾਰ ਬਣਨ ’ਤੇ ਹੁਣ ਫਿਰ ਸ: ਬਾਦਲ ਦਾ ਮੁੱਖ ਸਲਾਹਕਾਰ ਅਤੇ ਮੀਡੀਆ ਇੰਚਾਰਜ ਬਣਿਆ ਬੈਠਾ ਹੈ।  
ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਰਾਜਪਾਲ ਸਿੰਘ ਨੇ ਨਿਭਾਉਂਦਿਆਂ ਆਏ ਹੋਏ ਬੁੱਧੀਜੀਵੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਸ: ਅਜਮੇਰ ਸਿੰਘ ਦੀ ਇਹ ਪੁਸਤਕ ਉਨ੍ਹਾਂ ਦੇ ਪਿਤਾ ਸ: ਵੀਰ ਸਿੰਘ ਨਿਰਵੈਰ ਤੋਂ ਰੀਲੀਜ਼ ਕਰਵਾਉਣ ਦਾ ਪ੍ਰੋਗਰਾਮ ਬਣਾਇਆ ਸੀ ਪਰ ਉਨ੍ਹਾਂ ਦੀ ਉਮਰ 90 ਸਾਲ ਤੋਂ ਉਪਰ ਹੋਣ ਕਰਕੇ ਸਿਹਤ ਪੱਖੋਂ ਉਹ ਸਮਾਗਮ ਵਿੱਚ ਆਉਣ ਦੇ ਯੋਗ ਨਹੀਂ ਸਨ। ਇਸ ਲਈ ਸਮਾਰੋਹ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਸ: ਪਰਮਜੀਤ ਸਿੰਘ ਗਾਜ਼ੀ ਵੱਲੋਂ ਰੀਕਾਰਡ ਕੀਤੇ ਗਏ ਉਨ੍ਹਾਂ ਦੇ ਸੰਦੇਸ਼ ਦੀ ਵੀਡੀਓ ਰੀਕਾਰਡਿੰਗ ਪ੍ਰੋਜੈਕਟਰ ਰਾਹੀਂ ਸਟੇਜ਼ ’ਤੇ ਪ੍ਰਦਸ਼ਿਤ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੇ ਆਪਣੇ ਪੁੱਤਰ ਵੱਲੋਂ ਲਿਖੀਆਂ ਪੁਸਤਕਾਂ ’ਤੇ ਮਾਣ ਕਰਦਿਆਂ ਉਨ੍ਹਾਂ ਦੀ ਹੁਣ ਤੱਕ ਪੰਜਵੀਂ ਪਰ ‘ਵੀਂਹਵੀ ਸਦੀ ਦੀ ਸਿੱਖ ਰਾਜਨੀਤੀ’ ਲੜੀ ਦੀ ਚੌਥੀ ਪੁਸਤਕ ਰੀਲੀਜ਼ ਹੋਣ ’ਤੇ ਖੁਸ਼ੀ ਜ਼ਾਹਰ ਕੀਤੀ। ਬੀਬੀ ਸਿਮਰਜੀਤ ਕੌਰ ਨੇ ਇੱਕ ਕਵਿਤਾ ਪੇਸ਼ ਕੀਤੀ। ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਗਾਜੀ, ਗੁਰਵਿੰਦਰ ਸਿੰਘ ਬਠਿੰਡਾ, ਹਰਤੇਜ ਸਿੰਘ ਮਹਿਤਾ, ਮੇਘਰਾਜ ਸਿੰਘ ਬੁੱਟਰ, ਬਲਵਿੰਦਰ ਸਿੰਘ ਜੈ ਸਿੰਘ ਵਾਲਾ, ਗੁਰਅਵਤਾਰ ਸਿੰਘ ਗੋਗੀ, ਦਰਸ਼ਨ ਸਿੰਘ ਜਗ੍ਹਾਰਾਮ ਤੀਰਥ, ਸੁਰਿੰਦਰ ਸਿੰਘ ਨਥਾਣਾ, ਹਰਫੂਲ ਸਿੰਘ ਆਦਿ ਵੀ ਹਾਜਰ ਸਨ। 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.