ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਥਕ ਮੁੱਦਿਆਂ ‘ਤੇ ਕਰਾਇਆ ਗਿਆ ਸੈਮੀਨਾਰ
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਥਕ ਮੁੱਦਿਆਂ ‘ਤੇ ਕਰਾਇਆ ਗਿਆ ਸੈਮੀਨਾਰ
Page Visitors: 2602

ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਥਕ ਮੁੱਦਿਆਂ ‘ਤੇ ਕਰਾਇਆ ਗਿਆ ਸੈਮੀਨਾਰ

Posted On 13 Jan 2016
102

ਮਿਲਪੀਟਸ, 13 ਜਨਵਰੀ (ਪੰਜਾਬ ਮੇਲ)- ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਖੇ ਸਾਹਿਬੇ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਪੰਥਕ ਮੁੱਦਿਆਂ ਸੰਬੰਧੀ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਵਿਚ ਡਾ. ਦਲਜੀਤ ਸਿੰਘ ਵਾਈਸ ਚਾਂਸਲਰ ਰਿਆਤ ਅਤੇ ਬਾਹਰਾ ਯੂਨੀਵਰਸਿਟੀ ਸ਼ਿਮਲਾ, ਪ੍ਰੋ. ਨਿਰੰਜਣ ਸਿੰਘ ਢੇਸੀ ਤੇ ਡਾ. ਅਮਰਜੀਤ ਸਿੰਘ ਵਾਸ਼ਿੰਗਟਨ ਡੀ.ਸੀ. ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਨ੍ਹਾਂ ਬੁੱਧੀਜੀਵੀਆਂ ਨੇ ਆਪੋ-ਆਪਣੀ ਮੁਹਾਰਤ ਵਿਚ ਆਈਆਂ ਸੰਗਤਾਂ ਨੂੰ ਬਹੁਮੁੱਲੇ ਵਿਚਾਰ ਪੇਸ਼ ਕੀਤੇ। ਸੈਮੀਨਾਰ ਦੇ ਸ਼ੁਰੂ ਵਿਚ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਜਸਵੰਤ ਸਿੰਘ ਹੋਠੀ ਨੇ ਇਨ੍ਹਾਂ ਮਹਿਮਾਨਾਂ ਬਾਰੇ ਸੰਗਤਾਂ ਨੂੰ ਜਾਣਕਾਰੀ ਦਿੱਤੀ। ਉਪਰੰਤ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਜਿਥੇ ਇਨ੍ਹਾਂ ਬੁੱਧੀਜੀਵੀਆਂ ਨੂੰ ਜੀ ਆਇਆਂ ਕਿਹਾ, ਉਥੇ ਆਈਆਂ ਸੰਗਤਾਂ ਦਾ ਵੀ ਸੁਆਗਤ ਕੀਤਾ ਅਤੇ ਦੱਸਿਆ ਕਿ ਇਸ ਗੁਰੂ ਘਰ ਵੱਲੋਂ ਅਕਸਰ ਹੀ ਪੰਥਕ ਮੁੱਦਿਆਂ ਨਾਲ ਸੰਬੰਧਤ ਸੈਮੀਨਾਰ ਕਰਵਾਏ ਜਾਂਦੇ ਹਨ, ਤਾਂਕਿ ਸਿੱਖ ਸੰਗਤ ਨੂੰ ਜਾਣਕਾਰੀ ਦਿੱਤੀ ਜਾ ਸਕੇ।
ਇਸ ਮੌਕੇ ਬੋਲਦਿਆਂ ਡਾ. ਦਲਜੀਤ ਸਿੰਘ ਨੇ ਭਾਰਤ ‘ਚ ਲਾਗੂ ਆਨੰਦ ਮੈਰਿਜ ਐਕਟ ਦੀ ਕੁਰੀਤੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਿਆਹ ਦੇ ਕਾਨੂੰਨ ਵਿਚ ਸਿਰਫ ਸਿੱਖ ਕੌਮ ਨਾਲ ਹੀ ਵਿਤਕਰਾ ਕੀਤਾ ਗਿਆ ਹੈ। ਆਨੰਦ ਮੈਰਿਜ ਐਕਟ 1909 ‘ਚ ਦੂਜੀਆਂ ਕੌਮਾਂ ਨੂੰ ਸਭ ਕੁਝ ਦਿੱਤਾ ਗਿਆ ਹੈ, ਜਦਕਿ ਸਿੱਖਾਂ ਬਾਰੇ ਉਸ ਵਿਚ ਕੋਈ ਵਿਸ਼ੇਸ਼ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੇ ਰਾਜਨੀਤਿਕ ਆਗੂ ਇਸ ਸੰਬੰਧੀ ਗੰਭੀਰ ਨਹੀਂ ਹਨ। ਇਨ੍ਹਾਂ ਆਗੂਆਂ ਵੱਲੋਂ ਇਸ ਐਕਟ ਨੂੰ ਤਾਰਪੀਡੋ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਸਿੱਖਾਂ ਲਈ ਕੋਈ ਵੱਖਰਾ ਮੈਰਿਜ ਸਰਟੀਫਿਕੇਟ ਨਹੀਂ ਦਿੱਤਾ ਜਾਂਦਾ, ਬਲਕਿ ਹਿੰਦੂ ਮੈਰਿਜ ਐਕਟ ਦੇ ਅਧੀਨ ਹੀ ਸਿੱਖਾਂ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਆਗੂਆਂ ਨੂੰ ਇਸ ਸੰਬੰਧੀ ਪਾਰਲੀਮੈਂਟ ਵਿਚ ਆਵਾਜ਼ ਉਠਾਉਣੀ ਚਾਹੀਦੀ ਹੈ। ਡਾ. ਦਲਜੀਤ ਸਿੰਘ ਨੇ ਵਿਦੇਸ਼ਾਂ ‘ਚ ਰਹਿੰਦੇ ਸਿੱਖਾਂ ਨੂੰ ਵੀ ਇਕੱਠੇ ਹੋ ਕੇ ਇਸ ਸੰਬੰਧੀ ਆਵਾਜ਼ ਉਠਾਉਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਅਕਾਲ ਤਖ਼ਤ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅਕਾਲ ਤਖ਼ਤ ‘ਤੇ ਬੈਠਣ ਵਾਲਾ ਜਥੇਦਾਰ ਉਸ ਦੇ ਲਾਇਕ ਹੋਣਾ ਜ਼ਰੂਰੀ ਹੈ।
ਇਸ ਮੌਕੇ ਬੋਲਦਿਆਂ ਪ੍ਰੋ. ਨਿਰੰਜਣ ਸਿੰਘ ਢੇਸੀ ਨੇ ਦੱਸਾਂ ਗੁਰੂਆਂ ਦੀਆਂ ਫਿਲਾਸਫੀ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਗਿਆਨਕ ਢੰਗ ਨਾਲ ਲਿਖੀ ਗਈ ਹੈ। ਜੋ ਅੱਜ ਦੇ ਵਿਗਿਆਨੀ ਕਾਢਾਂ ਕੱਢ ਰਹੇ ਹਨ, ਉਸ ਬਾਰੇ ਸਾਡੇ ਗੁਰੂਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਲਿਖਿਆ ਹੋਇਆ ਹੈ। ਉਨ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਗੁਰਪੁਰਬ ਮੌਕੇ ਬੋਲਦਿਆਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਪਰਿਵਾਰ ਸਿੱਖ ਧਰਮ ਨੂੰ ਬਚਾਉਣ ਲਈ ਵਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਜਾਗਣ ਤੇ ਜੁੜਨ ਦਾ ਸੁਨੇਹਾ ਦੇ ਕੇ ਗਏ ਸਨ। ਜਿਸ ਤਰ੍ਹਾਂ ਸਾਡੇ ਗੁਰੂਆਂ ਨੇ ਧਰਮ ਦੀ ਖਾਤਰ ਕੁਰਬਾਨੀਆਂ ਦਿੱਤੀਆਂ, ਅੱਜ ਦੇ ਰਾਜਨੀਤਿਕ ਆਗੂ ਉਸ ਰਾਹ ‘ਤੇ ਨਹੀਂ ਚੱਲ ਰਹੇ। ਪ੍ਰੋ. ਢੇਸੀ ਨੇ ਕਿਹਾ ਕਿ ਸਾਨੂੰ ਗੁਰੂ ਨਾਨਕ ਦੇ ਫਲਸਫੇ ਨੂੰ ਸਮਝਣਾ ਚਾਹੀਦਾ ਹੈ। ਸਿੱਖੀ ਤਾਂ ਹੀ ਫੈਲ ਸਕਦੀ ਹੈ, ਜੇ ਸਿੱਖ ਆਪਸ ਵਿਚ ਲੜਨੋਂ ਹੱਟ ਜਾਣ। ਉਨ੍ਹਾਂ ਨੇ ਪੰਜਾਬ ਵਿਚ ਕਾਰ ਸੇਵਾ ਦੇ ਨਾਂ ‘ਤੇ ਪੁਰਾਣੇ ਸਿੱਖ ਇਤਿਹਾਸਕ ਅਸਥਾਨਾਂ ਦਾ ਨਾਮੋ-ਨਿਸ਼ਾਨ ਮਿਟਾਉਣ ਦੀ ਨਿੰਦਾ ਕੀਤੀ ਅਤੇ ਕਾਰ ਸੇਵਾ ਨੂੰ ਵਗਾਰ ਸੇਵਾ ਨਾਲ ਜੋੜਿਆ।
ਅਮਰੀਕਾ ਦੇ ਉੱਘੇ ਸਿੱਖ ਆਗੂ ਡਾ. ਅਮਰਜੀਤ ਸਿੰਘ ਨੇ ਇਸ ਮੌਕੇ ਆਪਣੀ ਤਕਰੀਰ ‘ਚ ਬੋਲਦਿਆਂ ਕਿਹਾ ਕਿ ਸਾਨੂੰ ਗੁਰੂ ਸਾਹਿਬਾਨਾਂ ਦੀ ਰਹਿਤ-ਮਰਿਆਦਾ ਅਨੁਸਾਰ ਚੱਲਣਾ ਚਾਹੀਦਾ ਹੈ। ਡਾ. ਅਮਰਜੀਤ ਸਿੰਘ ਨੇ ਸਿੱਖ ਗੁਰੂਆਂ ਦੇ 1469 ਤੋਂ 1699 ਤੱਕ ਦੇ ਸਫਰ ਦੇ ਫਲਸਫੇ ਨੂੰ ਬਿਆਨ ਕੀਤਾ। ਉਨ੍ਹਾਂ ਦੱਸਿਆ ਕਿ ਹਿੰਦੂ ਧਰਮ ‘ਚ ਕ੍ਰਿਸ਼ਨ ਨੇ ਅਰਜੁਨ ਨੂੰ ਮਾਰਨ ਲਈ ਹਥਿਆਰ ਚੁੱਕਣ ਲਈ ਪ੍ਰੇਰਿਆ ਸੀ। ਪਰ ਸਿੱਖ ਧਰਮ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੁਰਮ ਦੇ ਖਿਲਾਫ ਹਥਿਆਰ ਚੁੱਕਿਆ। ਸਿੱਖ ਧਰਮ ਵਿਚ ਔਰਤ ਅਤੇ ਮਰਦ ਨੂੰ ਇਕੋ ਜਿਹੇ ਹੱਕ ਦਿੱਤੇ ਗਏ ਸਨ।
ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਅਸੀਂ 30 ਸਾਲਾਂ ‘ਚ ਹੀ ਹੌਂਸਲਾ ਛੱਡ ਗਏ ਹਾਂ। ਯਹੂਦੀਆਂ ਦੀ ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਕੌਮ ਲੰਮੇ ਸਮੇਂ ਤੱਕ ਲੜਦੀ ਰਹੀ ਅਤੇ ਅੱਜ ਇਹ ਕਾਮਯਾਬੀ ਨਾਲ ਅੱਗੇ ਵੱਧ ਰਹੀ ਹੈ। ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਹਰ ਸਿੱਖ ਦੇ ਅੰਦਰ ਦੱਬੀ ਹੋਈ ਚੰਗਿਆੜੀ ਹੈ। ਸਿੱਖਾਂ ਲਈ ਆਜ਼ਾਦ ਪ੍ਰਭੁਸੱਤਾ ਖਾਲਿਸਤਾਨ ਦੀ ਕਾਇਮੀ ਹੋਣਾ ਬਹੁਤ ਜ਼ਰੂਰੀ ਹੈ। ਪੰਜਾਬ ਨੂੰ ਇਸ ਵੇਲੇ ਬਲਦੀ ‘ਚ ਧੱਕ ਕੇ ਸਿੱਖੀ ਖਤਮ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਨਾਨਕਸ਼ਾਹੀ ਕੈਲੰਡਰ ਲਾਗੂ ਹੋਣਾ ਬਹੁਤ ਜ਼ਰੂਰੀ ਹੈ। ਇਸ ਨੂੰ ਆਰ.ਐੱਸ.ਐੱਸ. ਵੱਲੋਂ ਰੋਕਿਆ ਜਾਂਦਾ ਹੈ। ਆਨੰਦ ਮੈਰਿਜ ਐਕਟ ਬਣਨ ਨਾਲ ਸਿੱਖ ਕੌਮ ਦੀ ਹੋਂਦ ਕਾਇਮ ਹੋਵੇਗੀ। ਪੰਜਾਬ ‘ਚ ਪਿਛਲੇ ਦਿਨੀਂ ਹੋਈਆਂ ਬੇਅਦਬੀ ਬਾਰੇ ਉਨ੍ਹਾਂ ਕਿਹਾ ਕਿ ਸਾਡਾ ਤਾਂ ਗੁਰੂ ਗ੍ਰੰਥ ਸਾਹਿਬ ਵੀ ਹਿਫਾਜ਼ਤ ਵਿਚ ਨਹੀਂ ਹੈ। ਉਨ੍ਹਾਂ ਸਮੂਹ ਸੰਗਤਾਂ ਨੂੰ ਆਪਣੇ ਫਰਜ਼ਾਂ ਨੂੰ ਪਛਾਣਨ ਦੀ ਅਪੀਲ ਕੀਤੀ।
ਸੈਮੀਨਾਰ ਦੇ ਅੰਤ ਵਿਚ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਹੋਠੀ, ਅਤੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਆਏ ਵਿਦਵਾਨਾਂ ਅਤੇ ਸਮੂਹ ਸੰਗਤ ਦਾ ਧੰਨਵਾਦ ਕੀਤਾ ਅਤੇ ਜਾਣਕਾਰੀ ਦਿੱਤੀ ਕਿ ਇਸ ਗੁਰੂ ਘਰ ਵਿਚ ਹਮੇਸ਼ਾ ਹੀ ਵਿਦਵਾਨਾਂ ਨੂੰ ਸੱਦ ਕੇ ਸੰਗਤ ਨੂੰ ਸੇਧ ਦਿੱਤੀ ਜਾਂਦੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.