ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਨੋਟਬੰਦੀ ਦੀ ਡਾ. ਮਨਮੋਹਨ ਸਿੰਘ ਨੇ ਸਖ਼ਤ ਸ਼ਬਦਾਂ ਵਿੱਚ ਕੀਤੀ ਨਿਖੇਧੀ
ਨੋਟਬੰਦੀ ਦੀ ਡਾ. ਮਨਮੋਹਨ ਸਿੰਘ ਨੇ ਸਖ਼ਤ ਸ਼ਬਦਾਂ ਵਿੱਚ ਕੀਤੀ ਨਿਖੇਧੀ
Page Visitors: 2479

ਨੋਟਬੰਦੀ ਦੀ ਡਾ. ਮਨਮੋਹਨ ਸਿੰਘ ਨੇ ਸਖ਼ਤ ਸ਼ਬਦਾਂ ਵਿੱਚ ਕੀਤੀ ਨਿਖੇਧੀ

Posted On 09 Dec 2016
mona

ਨਵੀਂ ਦਿੱਲੀ, 9 ਦਸੰਬਰ (ਪੰਜਾਬ ਮੇਲ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਾਗੂ ਕੀਤੀ ਨੋਟਬੰਦੀ ਦੀ ਸਾਬਕਾ ਪ੍ਰਧਾਨ ਮੰਤਰੀ ਤੇ ਉੱਘੇ ਅਰਥ ਸ਼ਾਸਤਰੀ ਮਨਮੋਹਨ ਸਿੰਘ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ‘ਦ ਹਿੰਦੂ’ ਅਖ਼ਬਾਰ ਵਿੱਚ ਲਿਖੇ ਆਪਣੇ ਲੇਖ ਵਿੱਚ ਮੰਤਰੀ ਮਨਮੋਹਨ ਸਿੰਘ ਨੇ ਆਖਿਆ ਕਿ ਮੋਦੀ ਦੀ ਨੋਟਬੰਦੀ ਕਾਰਨ ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੇ ਆਮ ਲੋਕਾਂ ਨੂੰ ਹੋਰ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨ ਪਵੇਗਾ। ਉਨ੍ਹਾਂ ਆਖਿਆ ਕਿ ਮੋਦੀ ਨੇ ਪ੍ਰਧਾਨ ਮੰਤਰੀ ਦੇ ਮੌਲਿਕ ਅਧਿਕਾਰਾਂ ਦੀ ਦੁਰਵਰਤੋਂ ਕਰਦਿਆਂ ਇੱਕ ਅਰਬ ਭਾਰਤੀਆਂ ਨਾਲ ਵਿਸ਼ਵਾਸਘਾਤ ਕੀਤਾ ਹੈ। ‘ਵਿਸ਼ਾਲ ਤ੍ਰਾਸਦੀ ਦੀ ਰਚਨਾ’ ਸਿਰਲੇਖ ਹੇਠ ਲਿਖੇ ਲੇਖ ਵਿੱਚ ਡਾ. ਮਨਮੋਹਨ ਸਿੰਘ ਨੇ ਸਖ਼ਤ ਸ਼ਬਦਾਂ ਵਿੱਚ ਨੋਟਬੰਦੀ ਦੀ ਅਲੋਚਨਾ ਕੀਤੀ। ਉਨ੍ਹਾਂ ਆਖਿਆ ਕਿ ਨੋਟਬੰਦੀ ਦੇ ਕਾਰਨ ਭਵਿੱਖ ਵਿੱਚ ਜੀਡੀਪੀ ਤੇ ਨੌਕਰੀਆਂ ਉੱਤੇ ਕਾਫ਼ੀ ਬੁਰਾ ਪ੍ਰਭਾਵ ਪਵੇਗਾ। ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ।
ਉਨ੍ਹਾਂ ਆਖਿਆ ਕਿ ਨੋਟਬੰਦੀ ਕਾਰਨ ਇਮਾਨਦਾਰ ਹਿੰਦੁਸਤਾਨੀਆਂ ਨੂੰ ਭਾਰੀ ਨੁਕਸਾਨ ਹੋਵੇਗਾ ਜਦੋਂਕਿ ਬੇਈਮਾਨ ਤੇ ਕਾਲਾ ਧੰਨ ਜਮ੍ਹਾਂ ਕਰਨ ਵਾਲੇ ਇਸ ਦੇ ਬਾਵਜੂਦ ਬਚ ਨਿਕਲਣਗੇ।
24 ਨਵੰਬਰ ਨੂੰ ਸੰਸਦ ਵਿੱਚ ਵੀ ਸਾਬਕਾ ਪ੍ਰਧਾਨ ਮੰਤਰੀ ਨੇ ਨੋਟਬੰਦੀ ਦੇ ਫ਼ੈਸਲੇ ਨੂੰ ‘ਸੰਗਠਿਤ ਤੇ ਕਾਨੂੰਨੀ ਲੁੱਟ’ ਦਾ ਨਾਮ ਦਿੱਤਾ ਸੀ। ਇਸ ਸੰਪਾਦਕੀ ਲੇਖ ਵਿੱਚ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਨੂੰ ਵਿਸਥਾਰ ਨਾਲ ਸਮਝਾਇਆ ਹੈ। ਡਾਕਟਰ ਸਿੰਘ ਅਨੁਸਾਰ ਬਿਨ ਸੋਚੇ-ਸਮਝੇ ਕੀਤੇ ਗਏ ਫ਼ੈਸਲੇ ਨਾਲ ਪ੍ਰਧਾਨ ਮੰਤਰੀ ਨੇ ਕਰੋੜਾਂ ਭਾਰਤੀਆਂ ਦੀ ਆਸਥਾ ਤੇ ਵਿਸ਼ਵਾਸ ਨੂੰ ਚਕਨਾਚੂਰ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਰਾਤੋ-ਰਾਤ ਲਾਗੂ ਕੀਤੀ ਗਈ ਨੋਟਬੰਦੀ ਕਾਰਨ ਕਰੋੜਾਂ ਭਾਰਤੀਆਂ ਦੀ ਆਸਥਾ ਨੂੰ ਠੇਸ ਪਹੁੰਚੀ ਤੇ ਇਸ ਨਾਲ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਡਾਕਟਰ ਮਨਮੋਹਨ ਸਿੰਘ ਅਨੁਸਾਰ ਜ਼ਿਆਦਾਤਰ ਭਾਰਤੀਆਂ ਦੀ ਇਮਾਨਦਾਰੀ ਦੀ ਕਮਾਈ ਨੂੰ ਪਹਿਲਾਂ ਰਾਤੋ-ਰਾਤ ਖ਼ਤਮ ਕਰ ਦਿੱਤਾ ਤੇ ਫਿਰ ਉਨ੍ਹਾਂ ਨੂੰ ਕੈਸ਼ ਲਈ ਬੈਂਕਾਂ ਦੀ ਲਾਈਨ ਵਿੱਚ ਖੜ੍ਹਾ ਕਰ ਦਿੱਤਾ। ਉਨ੍ਹਾਂ ਆਖਿਆ ਸਰਕਾਰ ਵੱਲੋਂ ਦਿੱਤਾ ਗਿਆ ਇਹ ਜ਼ਖਮ ਬਹੁਤ ਡੂੰਘਾ ਹੋ ਚੁੱਕਾ ਹੈ ਜੋ ਛੇਤੀ ਭਰ ਨਹੀਂ ਸਕਦਾ। ਲੇਖ ਵਿੱਚ ਇੱਕ ਥਾਂ ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਵੀ ਕੀਤੀ ਹੈ। ਟੈਕਸ ਚੋਰੀ ਤੇ ਦਹਿਸ਼ਤਗਰਦਾਂ ਵੱਲੋਂ ਨਕਲੀ ਕਰੰਸੀ ਦੇ ਇਸਤੇਮਾਲ ਨੂੰ ਖ਼ਤਮ ਕਰਨ ਲਈ ਉਨ੍ਹਾਂ ਪ੍ਰਧਾਨ ਮੰਤਰੀ ਦੀ ਤਾਰੀਫ਼ ਵੀ ਕੀਤੀ। ਉਨ੍ਹਾਂ ਨਾਲ ਹੀ ਪ੍ਰਧਾਨ ਮੰਤਰੀ ਦੀ ਉਸ ਸੋਚ ਨੂੰ ਗ਼ਲਤ ਕਰਾਰ ਦਿੱਤਾ ਕਿ ਸਾਰੀ ਨਕਦੀ ਕਾਲਾ ਧਨ ਹੈ ਤੇ ਕਾਲਾ ਧਨ ਨਕਦੀ ਦੇ ਰੂਪ ਵਿੱਚ ਹੀ ਹੋ ਸਕਦਾ ਹੈ।
ਡਾਕਟਰ ਮਨਮੋਹਨ ਸਿੰਘ ਅਨੁਸਾਰ 90 ਫ਼ੀਸਦੀ ਤੋਂ ਜ਼ਿਆਦਾ ਭਾਰਤੀ ਕਾਮਿਆਂ ਨੂੰ ਅੱਜ ਵੀ ਤਨਖ਼ਾਹ ਨਕਦੀ ਦੇ ਰੂਪ ਵਿੱਚ ਮਿਲਦੀ ਹੈ। ਉਨ੍ਹਾਂ ਆਖਿਆ ਕਿ ਇਸ ਨੂੰ ਕਾਲਾ ਧਨ ਦੇ ਨਾਮ ਨਾਲ ਬਦਨਾਮ ਕਰਨਾ ਤੇ ਕਰੋੜਾਂ ਭਾਰਤੀਆਂ ਦੀ ਜ਼ਿੰਦਗੀ ਨੂੰ ਬੁਰੇ ਦੌਰ ਵਿੱਚ ਧੱਕ ਦੇਣਾ ਵਿਸ਼ਾਲ ਤ੍ਰਾਸਦੀ ਹੈ। ਡਾਕਟਰ ਮਨਮੋਹਨ ਸਿੰਘ ਅਨੁਸਾਰ ਜ਼ਿਆਦਾਤਰ ਭਾਰਤੀ ਨਕਦੀ ਵਿੱਚ ਕਮਾਉਂਦੇ ਹਨ, ਨਕਦੀ ਵਿੱਚ ਹੀ ਲੈਣ-ਦੇਣ ਕਰਦੇ ਹਨ ਤੇ ਨਕਦੀ ਵਿੱਚ ਹੀ ਬੱਚਤ ਕਰਦੇ ਹਨ। ਲੋਕਤੰਤਰ ਵਿੱਚ ਇਸ ਦੀ ਰਾਖੀ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.