ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
*ਅਸੀਂ ਸੀਨੀਅਰ ਸਿਟੀਜ਼ਨ ਹਾਂ ਤਾਂ ਸਮਾਜ ਪ੍ਰਤੀ ਸਾਡੇ ਫਰਜ਼ ਵੀ ਬਹੁਤ ਬਣਦੇ ਹਨ
*ਅਸੀਂ ਸੀਨੀਅਰ ਸਿਟੀਜ਼ਨ ਹਾਂ ਤਾਂ ਸਮਾਜ ਪ੍ਰਤੀ ਸਾਡੇ ਫਰਜ਼ ਵੀ ਬਹੁਤ ਬਣਦੇ ਹਨ
Page Visitors: 2476

ਸਾਡਾ ਮਨੋਰਥ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਆਵਾਜ਼ ਉਠਾੳਣ ਤੋਂ ਇਲਾਵਾ ਸਮਾਜਕ ਚੇਤਨਾ ਪੈਦਾ ਕਰਨਾ ਵੀ ਹੈ: ਟੀਨਾ 
*ਅਸੀਂ ਸੀਨੀਅਰ ਸਿਟੀਜ਼ਨ ਹਾਂ ਤਾਂ ਸਮਾਜ ਪ੍ਰਤੀ ਸਾਡੇ ਫਰਜ਼ ਵੀ ਬਹੁਤ ਬਣਦੇ ਹਨ: ਕਿਰਪਾਲ ਸਿੰਘ
*ਮਹਿੰਗਾਈ ਭੱਤੇ ਦਾ 50 % ਮਹਿੰਗਾਈ ਤਨਖ਼ਾਹ ਵਿੱਚ ਤਬਦੀਲ ਕਰਕੇ ਪੰਜਾਬ ਸਰਕਾਰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਾ ਪੂਰਾ ਕਰੇ: ਕੇਵਲ ਸਿੰਘ
*1.6.2006 ਤੋਂ ਪਹਿਲਾਂ ਸੇਵਾ ਮੁਕਤ ਹੋਏ ਪੈਨਸ਼ਨਰਾਂ ਦੀ ਪੈਨਸ਼ਨ ਨੋਸ਼ਨਲ ਫਾਰਮੂਲਾ ਲਾਗੂ ਕਰਕ ਮੁੜ ਤੈਅ ਕਰਕੇ ਪੈਨਸ਼ਨਰਾਂ ਨਾਲ ਹੋਇਆ ਵਿਤਕਰਾ ਦੂਰ ਕਰੇ: ਵਧਾਵਨ
ਬਠਿੰਡਾ, 12 ਮਾਰਚ (ਕਿਰਪਾਲ ਸਿੰਘ): ਪੰਜਾਬ ਰਾਜ ਪਾਵਰ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਡ ਦੇ ਸੇਵਾ ਮੁਕਤ ਪੈਨਸ਼ਨਰਜ਼ ਐਸੋਸੀਏਸ਼ਨ ਬਠਿੰਡਾ ਦੀ ਅੱਜ ਇੱਥੇ ਹੋਈ ਮਹੀਨਾਵਾਰ ਮੀਟਿੰਗ ਦੀ ਸ਼ੁਰੂਆਤ ਕਰਦੇ ਹੋਏ ਐਸੋਸੀਏਸ਼ਨ ਦੇ ਸਕੱਤਰ ਇੰਜ: ਸੁਰਜੀਤ ਸਿੰਘ ਟੀਨਾ ਨੇ ਕਿਹਾ, ਸਾਡੀ ਐਸੋਸੀਏਸ਼ਨ ਦਾ ਮਨੋਰਥ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਆਵਾਜ਼ ਉਠਾੳਣ ਤੋਂ ਇਲਾਵਾ ਸਮਾਜਕ ਚੇਤਨਾ ਪੈਦਾ ਕਰਨਾ ਵੀ ਹੈ। ਉਨ੍ਹਾਂ ਕਿਹਾ ਹਰ ਸਾਲ 8 ਮਾਰਚ ਨੂੰ ਵਿਸ਼ਵ ਪੱਧਰ ’ਤੇ ਇਸਤਰੀ ਦਿਵਸ ਮਨਾਇਆ ਜਾਂਦਾ ਹੈ। ਅਜੇਹੇ ਦਿਵਸ ਮਨਾਉਣ ਦਾ ਮਨੋਰਥ ਹੁੰਦਾ ਹੈ ਕਿ ਸਮਾਜ ਵਿੱਚ ਚੇਤਨਤਾ ਪੈਦਾ ਕਰਕੇ ਇਸ ਵਰਗ ਨਾਲ ਹੋ ਰਹੀ ਧੱਕੇਸ਼ਾਹੀ ਬੰਦ ਕੀਤੀ ਜਾਵੇ ਤੇ ਉਨ੍ਹਾਂ ਨੂੰ ਮਰਦ ਦੇ ਬਰਾਬਰ ਅਧਿਕਾਰ ਤੇ ਸਨਮਾਨ ਦਿੱਤਾ ਜਾਵੇ। ਪਰ ਇਹ ਦਿਵਸ ਕੇਵਲ ਇੱਕ ਦਿਨ ਭਾਸ਼ਣਬਾਜ਼ੀ ਕਰਕੇ ਹੀ ਲੰਘਾ ਦਿੱਤਾ ਜਾਂਦਾ ਹੈ ਤੇ ਅਮਲੀ ਰੂਪ ’ਚ ਔਰਤਾਂ ਵਿਰੁੱਧ ਹੋ ਰਹੇ ਅਤਿਆਚਾਰਾਂ ਨੂੰ ਸਦਾ ਲਈ ਘਟਾਉਣ ਲਈ ਕੋਈ ਉਪ੍ਰਾਲਾ ਨਹੀਂ ਕੀਤਾ ਜਾਂਦਾ। ਉਨ੍ਹਾਂ ਮਿਸਾਲ ਦਿੱਤੀ ਕਿ 16 ਦਸੰਬਰ 2012 ਨੂੰ ਦਿੱਲੀ ਵਿੱਚ ਰਾਤ ਨੂੰ ਚਲਦੀ ਬੱਸ ਵਿੱਚ ਸਮੂਹਕ ਬਲਾਤਕਾਰ ਦੀ ਘਟਨਾ ਪਿੱਛੋਂ ਸਮੁੱਚੇ ਦੇਸ਼ ਵਿੱਚ ਜਲਸੇ ਮੁਜ਼ਾਹਰੇ ਹੋਏ ਲੋਕ ਸਭਾ ਵਿੱਚ ਵੀ ਇਸ ਦੀ ਚਰਚਾ ਹੋਈ ਤੇ ਅਜਿਹੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਲਈ ਕਾਨੂੰਨ ਬਣਾਉਣ ਦੀ ਕਾਰਵਾਈ ਵੀ ਹੋਈ ਪਰ ਬਲਾਤਕਾਰ ਵਰਗੀਆਂ ਸ਼ਰਮਨਾਕ ਘਟਨਾਵਾਂ ਬੇਰੋਕ ਉਸੇ ਤਰ੍ਹਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਜੇ ਸਮੁੱਚਾ ਸਮਾਜ ਗੁਰੂ ਸਾਹਿਬਾਨ ਦੀ ਸਿਖਿਆ: 
‘ਨਿਮਖ ਕਾਮ ਸੁਆਦ ਕਾਰਣਿ, ਕੋਟਿ ਦਿਨਸ ਦੁਖੁ ਪਾਵਹਿ ॥
ਘਰੀ ਮੁਹਤ ਰੰਗ ਮਾਣਹਿ, ਫਿਰਿ ਬਹੁਰਿ ਬਹੁਰਿ ਪਛੁਤਾਵਹਿ ॥1॥’ (ਆਸਾ ਮ: 5,ਗੁਰੂ ਗ੍ਰੰਥ ਸਾਹਿਬ - ਪੰਨਾ 403)
ਅਤੇ ਭਾਈ ਗੁਰਦਾਸ ਜੀ ਦੇ ਬਚਨ:
‘ਦੇਖਿ ਪਰਾਈਆ ਚੰਗੀਆ, ਮਾਵਾਂ ਭੈਣਾਂ ਧੀਆਂ ਜਾਣੈ।’ (ਵਾਰ 29 ਪਉੜੀ 11) ਤੇ ਅਮਲ ਕਰਦੇ ਹੋਏ ਹਰ ਵਿਅਕਤੀ ਪਰਾਈਆਂ ਔਰਤਾਂ ਨੂੰ ਆਪਣੀਆਂ ਮਾਵਾਂ, ਭਣਾਂ, ਧੀਆਂ ਦੇ ਸਮਾਨ ਸਮਝਣ ਲੱਗ ਪਵੇ ਤਾਂ ਕਦੀ ਵੀ ਬਲਾਤਕਾਰ ਵਰਗੀਆਂ ਸ਼ਰਮਨਾਕ ਘਟਨਾਵਾਂ ਨਹੀਂ ਵਾਪਰ ਸਕਦੀਆਂ। ਦਿੱਲੀ ਬੱਸ ਕਾਂਡ ਦੇ ਮੁੱਖ ਦੋਸ਼ੀ ਰਾਮ ਸਿੰਘ ਵੱਲੋਂ ਜੇਲ੍ਹ ’ਚ ਖੁਦਕਸ਼ੀ ਕੀਤੇ ਜਾਣ ਦੀ ਖ਼ਬਰ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਗੁਰੂ ਸਾਹਿਬ ਜੀ ਦੀ ਸਿੱਖਿਆ ਨੂੰ ਭੁਲਾ ਕੇ ਨਿਮਖ ਮਾਤਰ ਕਾਮ ਸੁਆਦ ਮਾਨਣ ਵਾਲੇ ਜਿਥੇ ਮਨੁੱਖੀ ਇਖ਼ਲਾਕ ਤੋਂ ਗਿਰ ਕੇ ਸਮੁੱਚੇ ਸਮਾਜ ਨੂੰ ਸ਼ਰਮਨਾਕ ਕਰਦੇ ਹਨ ਉਥੇ ਖ਼ੁਦ ਆਪਣੇ ਤੇ ਆਪਣੇ ਪ੍ਰਵਾਰ ਲਈ ਦੁੱਖ ਤੇ ਜ਼ਹਾਲਤ ਵੀ ਸਹੇੜਦੇ ਹਨ। ਗੁਰੂ ਸਾਹਿਬ ਜੀ ਦੀ ਸਿਖਿਆ ਦਾ ਪ੍ਰਚਾਰ ਕਰਕੇ ਇਨ੍ਹਾਂ ਨੂੰ ਸੁਧਾਰਣ ਦਾ ਯਤਨ ਕਰਨਾ ਚਾਹੀਦਾ ਹੈ।
ਇਸ ਤੋਂ ਇਲਾਵਾ ਸ: ਟੀਨਾ ਨੇ ਮੁਲਾਜ਼ਮਾਂ ਤੇ ਪੈਨਸ਼ਨਰਜ਼ ਨਾਲ ਸਬੰਧਤ ਮਹੀਨੇ ਭਰ ਦੀਆਂ ਖ਼ਬਰਾਂ ਸਮੁੱਚੇ ਮੈਂਬਰਾਂ ਨਾਲ ਸਾਂਝੀਆਂ ਕੀਤੀਆਂ ਤੇ ਸਰਕਾਰ ਵੱਲੋਂ ਇਨ੍ਹਾਂ ਮੰਗਾਂ ਸਬੰਧੀ ਅਪਣਾਈ ਜਾ ਰਹੀ ਬੇਰੁਖੀ ਦੀ ਅਲੋਚਨਾ ਕੀਤੀ ਪੰਜਾਬ ਦੇ ਖ਼ਜਾਨਾ ਮੰਤਰੀ ਵੱਲੋਂ ਮਹਿਲਾਵਾਂ ਨੂੰ ਹੋਰ ਸਹੂਲਤਾਂ ਦੇਣ ਲਈ ਵਿਸ਼ੇਸ਼ ਮਹਿਲਾ ਬੈਂਕ ਖੋਲ੍ਹੇ ਜਾਣ ਦੀ ਤਜ਼ਵੀਜ਼ ਦੀ ਅਲੋਚਨਾ ਕਰਦੇ ਹੋਏ ਜਨਰਲ ਸਕੱਤਰ ਸ: ਕੇਵਲ ਸਿੰਘ ਨੇ ਕਿਹਾ ਕਿ ਮਹਿਲਾਵਾਂ ਲਈ ਵੱਖਰੇ ਖੋਲ੍ਹੇ ਜਾਣ ਵਾਲੇ ਬੈਂਕ ਜਿੱਥੇ ਸਿਰਫ ਮਹਿਲਾ ਕ੍ਰਮਚਾਰੀ ਤੇ ਅਫ਼ਸਰ ਹੀ ਤਾਇਨਾਤ ਕੀਤੀਆਂ ਜਾਣਗੀਆਂ ਤੇ ਮਹਿਲਾਵਾਂ ਦੇ ਹੀ ਖਾਤੇ ਖੋਲ੍ਹੇ ਜਾਣਗੇ; ਇੱਕ ਹਾਸੋਹੀਣੀ ਤਜ਼ਵੀਜ਼ ਹੈ ਕਿਉਂਕਿ ਇਹ ਸਿੱਧ ਕਰਦੀ ਹੈ ਕਿ ਬਾਕੀ ਦੇ ਬੈਂਕਾਂ, ਦਫਤਰਾਂ ਤੇ ਸਕੂਲਾਂ ਜਿੱਥੇ ਮਹਿਲਾਵਾਂ ਕੰਮ ਕਾਜ਼ ਕਰਦੀਆਂ ਹਨ ਤੇ ਹੋਰ ਮਹਿਲਾਵਾਂ ਜੋ ਉਥੇ ਆਪਣੇ ਕੰਮ ਕਰਵਾਉਣ ਲਈਆਂ ਜਾਂਦੀਆਂ ਹਨ ਜਾਂ ਵਿਦਿਆਰਥਣਾਂ ਵਿਦਿਆ ਪ੍ਰਾਪਤ ਕਰਨ ਜਾਂਦੀਆਂ ਹਨ ਉਨ੍ਹਾਂ ਦੀ ਸੁਰੱਖਿਆ ਕਰਨ ਤੋਂ ਸਰਕਾਰ ਅਸਮਰਥ ਹੈ।
ਸ: ਕੇਵਲ ਸਿੰਘ ਨੇ ਕਿਹਾ ਕਿ ਚੋਣਾਂ ਤੋਂ ਪਹਿਲਾ ਪੰਜਾਬ ਸਰਕਾਰ ਦੀ ਵਿੱਤ ਮੰਤਰੀ ਬੀਬੀ ਉਪਿੰਦਰਜੀਤ ਕੌਰ ਨੇ ਵਾਅਦਾ ਕੀਤਾ ਸੀ ਕਿ ਮੁਲਾਜ਼ਮਾˆ/ਪੈਨਸ਼ਨਰਾˆ ਨੂੰ ਮਿਲ ਰਿਹਾ ਮਹਿੰਗਾਈ ਭੱਤਾ ਜਦੋਂ 50% ਤੋਂ ਵਧ ਜਾਵੇਗਾ ਤਾˆ ਉਸ ਨੂੰ ਮਹਿੰਗਾਈ ਤਨਖ਼ਾਹ (ਡੀਪੀ) ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਪਰ 1.1.2012 ਤੋਂ ਮੂਲ ਪੈਨਸ਼ਨ ’ਤੇ ਮਹਿੰਗਾਈ ਭੱਤੇ ਦੀ 7% ਹੋਰ ਕਿਸ਼ਤ ਮਿਲ ਜਾਣ ਕਰਕੇ ਮਹਿੰਗਾਈ ਭੱਤਾ ਵਧ ਕੇ 72% ਹੋ ਗਿਆ ਸੀ ਤੇ ਹੁਣ ਇਹ 80 % ਤੋਂ ਵਧ ਚੁੱਕਾ ਹੈ ਪਰ ਮੌਜੂਦਾ ਵਿੱਤ ਮੰਤਰੀ ਇਹ ਮੰਗ ਮੰਨਣ ਤੋਂ ਇਨਕਾਰੀ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਸਰਕਾਰ ਦੇ ਮੁਲਾਜ਼ਮਾˆ/ ਪੈਨਸ਼ਨਰਾˆ ਨੂੰ ਮਿਲ ਰਹੇ ਭੱਤਿਆˆ ’ਤੇ ਲਾਗੂ ਨਿਯਮਾˆ ’ਤੇ ਅਮਲ ਕਰਨ ਅਤੇ ਮਹਿੰਗਾਈ ਭੱਤੇ ਦਾ 50 % ਮਹਿੰਗਾਈ ਤਨਖ਼ਾਹ ਵਿੱਚ ਤਬਦੀਲ ਕਰਕੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ’ਤੇ ਖਰੇ ਉਤਰਨ।
ਪ੍ਰੈੱਸ ਸਕੱਤਰ ਕਿਰਪਾਲ ਸਿੰਘ ਨੇ ਕਿਹਾ ਅਸੀਂ ਸੀਨੀਅਰ ਸਿਟੀਜ਼ਨ ਦੇ ਤੌਰ ’ਤੇ ਸਰਕਾਰ ਅਤੇ ਸਮਾਜ ਤੋਂ ਵੱਧ ਅਧਿਕਾਰਾਂ ਤੇ ਵੱਧ ਸਹੂਲਤਾਂ ਦੀ ਆਸ ਰੱਖਦੇ ਹਾਂ ਤਾਂ ਚੰਗੇ ਸਮਾਜ ਦੀ ਉਸਾਰੀ ਤੇ ਇਸ ਦੀਆਂ ਨੈਤਿਕ ਕਦਰਾਂ ਕੀਮਤਾਂ ਸਲਾਮਤ ਰੱਖਣ ਲਈ ਜਿੰਮੇਵਾਰੀ ਨਿਭਾਉਣ ਦੇ ਸਾਡੇ ਫਰਜ਼ ਵੀ ਬਹੁਤ ਬਣਦੇ ਹਨ; ਜਿਹੜੇ ਕਿ ਸਾਨੂੰ ਪੂਰੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਸਿੱਖ ਗੁਰੂ ਸਾਹਿਬਾਨ ਵੱਲੋਂ ਹਰ ਤਰ੍ਹਾਂ ਦੇ ਨਸ਼ਿਆਂ ਤੋਂ ਪ੍ਰਹੇਜ਼ ਰੱਖਣ ਅਤੇ ਹਰ ਪਰਾਈ ਔਰਤ ਨੂੰ ਆਪਣੀ ਮਾਂ, ਭੈਣ, ਧੀ ਸਮਾਨ ਸਤਿਕਾਰ ਦੇ ਕੇ ਨੈਤਿਕ ਕਦਰਾਂ ਕੀਮਤਾਂ ਵਾਲਾ ਉਚਾ ਆਚਰਣ ਕਾਇਮ ਰੱਖਣ ਦੇ ਕੀਤੇ ਪ੍ਰਚਾਰ ਸਦਕਾ ਪੰਜਾਬ ਦਾ ਇੱਕ ਅਣਖੀ ਸਭਿਆਚਾਰ ਅਤੇ ਇਤਿਹਾਸ ਹੈ ਪਰ ਅੱਜ ਕੱਲ੍ਹ ਦੇ ਕਲਾਕਾਰਾਂ ਨੇ ਬਹਾਦਰ ਤੇ ਅਣਖੀ ਪੰਜਾਬੀਆਂ ਨੂੰ ਸ਼ਰਾਬੀ ਕਬਾਬੀ ਤੇ ਨੀਵੇਂ ਪੱਧਰ ਦੇ ਇਸ਼ਕ ਮਜ਼ਾਜ਼ੀ ਵਾਲੇ ਪੇਸ਼ ਕਰਕੇ ਕਿ ਅਵਾਰਾ ਨਚਾਰ ਬਣਾ ਰੱਖਿਆ ਹੈ ਤੇ ਆਪਣੇ ਗੀਤਾਂ ਵਿੱਚ ਕਈ ਐਸੇ ਬੋਲ, ਬੋਲ ਜਾਂਦੇ ਹਨ ਜਿਹੜੇ ਅਸੀਂ ਬੱਸਾਂ ਤੇ ਘਰਾਂ ਵਿੱਚ ਟੀਵੀ ’ਤੇ; ਆਪਣੀਆਂ ਮਾਵਾਂ, ਧੀਆਂ, ਭੈਣਾਂ ਤੇ ਪੋਤਰੀਆਂ ਨਾਲ ਬੈਠ ਕੇ ਸੁਣ ਨਹੀਂ  ਸਕਦੇ। ਜਿਹੜੇ ਗਾਣੇ ਅਸੀਂ ਆਪਣੇ ਪ੍ਰਵਾਰ ਵਿੱਚ ਬੈਠ ਕੇ ਸੁਣ ਨਹੀਂ ਸਕਦੇ ਉਹ ਸਾਡੇ ਸਭਿਆਚਾਰ ਦਾ ਹਿੱਸਾ ਨਹੀਂ ਹੋ ਸਕਦੇ। ਮਹਾਰਾਜਾ ਰਣਜੀਤ ਸਿੰਘ ਵੱਲੋਂ ਇੱਕ ਨਾਚੀ ਦਾ ਨਾਚ ਵੇਖਣ ਦੇ ਦੋਸ਼ ਹੇਠ ਜਥੇਦਾਰ ਅਕਾਲੀ ਫੂਲਾ ਸਿੰਘ ਵੱਲੋਂ ਉਸ ਨੂੰ ਅਕਾਲ ਤਖ਼ਤ ’ਤੇ ਤਲਬ ਕਰਕੇ ਕੋਰੜੇ ਮਾਰਨ ਦੀ ਸਜਾ ਸੁਣਾਏੇ ਜਾਣ ਦੀ ਘਟਨਾ ਦਰਸਾਉਂਦੀ ਹੈ ਕਿ ਮਨੁੱਖ ਨੂੰ ਆਪਣੇ ਇਖ਼ਲਾਕ ਤੋਂ ਡੇਗਣ ਵਾਲੇ ਅਸ਼ਲੀਲ ਗਾਣੇ ਨਾਚ ਆਦਿ ਸਿੱਖ ਨੇ ਨਹੀਂ ਵੇਖਣੇ। ਪਰ ਅਕਾਲੀ ਫੂਲਾ ਸਿੰਘ ਦੇ ਉਤਰਾਧਿਕਾਰੀ ਕਹਾਉਣ ਵਾਲੇ ਅੱਜ ਦੇ ਜਥੇਦਾਰ ਸਰਕਾਰੀ ਤੇ ਗੈਰਸਾਰੀ ਸਮਾਗਮਾਂ ਵਿੱਚ ਫੈਲਾਈ ਜਾ ਰਹੀ ਲੱਚਰਤਾ ਸਬੰਧੀ ਤਾਂ ਮੌਨ ਧਾਰੀ ਬੈਠੇ ਹਨ ਜਦੋਂ ਕਿ ਪ੍ਰੋ: ਦਰਸ਼ਨ ਸਿੰਘ ਦੇ ਗੁਰਬਾਣੀ ਕੀਰਤਨ ਰੁਕਵਾਉਣ ਲਈ ਆਪਣੀ ਸਾਰੀ ਸ਼ਕਤੀ ਝੋਕ ਦਿੰਦੇ ਹਨ। ਕੰਨੜ ਮੂਲ ਦੇ ਪ੍ਰੋ: ਪੰਡਿਤਰਾਓ ਸੀ. ਧ੍ਰੈੱਨਵਰ ਵੱਲੋਂ ਨਸ਼ਿਆਂ ਤੇ ਅਸ਼ਲੀਲਤਾ ਦਾ ਪ੍ਰਚਾਰ ਕਰ ਰਹੇ ਪੰਜਾਬੀ ਲੇਖਕ ਤੇ ਗਾਇਕਾਂ ਵਿਰੁੱਧ ਉਠਾਈ ਜਾ ਰਹੀ ਅਵਾਜ਼ ਦੀ ਜਾਣਕਾਰੀ ਦਿੰਦਿਆਂ ਕਿਰਪਾਲ ਸਿੰਘ ਨੇ ਕਿਹਾ ਕਿ ਜੇ ਇੱਕ ਗੈਰ ਪੰਜਾਬੀ ਪ੍ਰੋ: ਪੰਡਿਤਰਾਓ ਪੰਜਾਬੀ ਮਾਂ ਬੋਲੀ ਅਤੇ ਸਭਿਆਚਾਰ ਦਾ ਤ੍ਰਿਸਕਾਰ ਸਹਿਣ ਨਹੀਂ ਕਰ ਸਕਿਆ ਤਾਂ ਅਸੀਂ ਸੀਨੀਅਰ ਸਿਟੀਜ਼ਨ ਤੇ ਪੰਜਾਬੀ ਹੋਣ ਦਾ ਮਾਣ ਪ੍ਰਾਪਤ ਕਰਨ ਵਾਲੇ ਆਪਣਾ ਫਰਜ਼ ਪਛਾਣਦੇ ਹੋਏ; ਪੰਜਾਬੀ ਮਾਂ ਬੋਲੀ ਦਾ ਤ੍ਰਿਸਕਾਰ ਕਰਨ ਵਾਲੇ ਲੇਖਕ/ਗਾਇਕ ਅਤੇ ਆਪਣਾ ਫਰਜ਼ ਨਿਭਾਉਣ ਤੋਂ ਕੁਤਾਹੀ ਕਰਨ ਵਾਲੇ ਧਾਰਮਿਕ/ ਰਾਜਨੀਤਕ ਆਗੂਆਂ ਵਿਰੁਧ ਆਵਾਜ਼ ਉਠਾ ਕੇ ਆਪਣਾ ਫਰਜ਼ ਜਰੂਰ ਨਿਭਾਈਏ।
ਅਖੀਰ ’ਚ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਬੀ.ਕੇ. ਵਧਾਵਨ ਨੇ ਇਨਕਮ ਟੈਕਸ ਨਿਯਮਾਂ ਦੀ ਜਾਣਕਾਰੀ ਦਿੱਤੀ। 1.6.2006 ਤੋਂ ਪਹਿਲਾਂ ਸੇਵਾ ਮੁਕਤ ਹੋਏ ਪੈਨਸ਼ਨਰਾਂ ਨਾਲ ਹੋਏ ਵਿਤਕਰੇ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਕੇਂਦਰੀ ਸਰਕਾਰ ਨੇ ਇਹ ਵਿਤਕਰਾ ਦੂਰ ਕਰਨ ਲਈ ਨੋਸ਼ਨਲ ਫਾਰਮੂਲਾ ਲਾਗੂ ਕਰਦੇ ਹੋਏ 1.6.2006 ਤੋਂ ਪਹਿਲਾਂ ਸੇਵਾ ਮੁਕਤ ਹੋਏ ਪੈਨਸ਼ਨਰਾਂ ਦੀ ਪੈਨਸ਼ਨ ਮੁੜ ਸੋਧ ਕੇ ਤਹਿ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਵੀ ਇਸੇ ਅਧਾਰ ’ਤੇ ਨੋਸ਼ਨਲ ਫਾਰਮੂਲਾ ਲਾਗੂ ਕਰਕੇ ਪੈਨਸ਼ਨਰਾਂ ਨਾਲ ਹੋਇਆ ਇਹ ਵਿਤਕਰਾ ਦੂਰ ਕਰੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.