ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
63 ਸਾਲਾਂ ਤੋਂ ਦੇਸ਼ ਦੇ ਲੋਕਾਂ ਅਤੇ ਸੰਵਿਧਾਨ ਨਾਲ
63 ਸਾਲਾਂ ਤੋਂ ਦੇਸ਼ ਦੇ ਲੋਕਾਂ ਅਤੇ ਸੰਵਿਧਾਨ ਨਾਲ
Page Visitors: 2490

                     63 ਸਾਲਾਂ ਤੋਂ ਦੇਸ਼ ਦੇ ਲੋਕਾਂ ਅਤੇ ਸੰਵਿਧਾਨ ਨਾਲ
                                                     ਬਾਦਲ ਵੱਲੋਂ  ਕੀਤਾ ਜਾ ਰਿਹਾ ਫਰਾਡ ਖਤਮ ਹੋਣ ਵਾਲਾ ਹੈ: ਖੇੜਾ
*ਮਾਨਸਾ ਵਿਖੇ ਸ਼ੋਸ਼ਲਿਸਟ ਪਾਰਟੀ (ਇੰਡੀਆ) ਦਾ ਸੂਬਾਈ ਸਮਾਗਮ ਅੱਜ
*ਪਾਰਟੀ ਦੇ ਰਾਸ਼ਟਰੀ ਸਥਾਪਨਾ ਸਮਾਗਮ ਦੀ ਤਿਆਰੀ ਲਈ ਲਖਨਊ ਵਿਖੇ ਰਾਸ਼ਟਰੀ ਕਾਰਜਕਾਰਣੀ ਦੀ ਮੀਟਿੰਗ 30-31 ਮਾਰਚ ਨੂੰ
*ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਰੁੱਧ ਹੁਸ਼ਿਆਰਪੁਰ ਦੀ ਅਦਾਲਤ ਵਿੱਚ ਚੱਲ ਰਹੇ ਧੋਖਾਧੜੀ, ਫਰਾਡ ਤੇ ਜਾਲ੍ਹਸਾਜੀ ਦੇ ਮਾਮਲਾ ਦਾ ਫੈਸਲਾ ਅੱਜ ਸੁਣਾਏ ਜਾਣ ਦੀ ਸੰਭਾਵਨਾ
ਬਠਿੰਡਾ, 15 ਮਾਰਚ (ਕਿਰਪਾਲ ਸਿੰਘ): 63 ਸਾਲਾਂ ਤੋਂ ਦੇਸ਼ ਦੇ ਲੋਕਾਂ ਅਤੇ ਸੰਵਿਧਾਨ ਨਾਲ ਸ: ਬਾਦਲ ਵੱਲੋਂ ਕੀਤਾ ਜਾ ਰਿਹਾ ਫਰਾਡ ਖਤਮ ਹੋਣ ਵਾਲਾ ਹੈ। ਇਹ ਸ਼ਬਦ ਸ਼ੋਸ਼ਲਿਸਟ ਪਾਰਟੀ ਆਫ ਇੰਡੀਆ ਦੇ ਕੌਮੀ ਕਾਰਜਕਾਰਣੀ ਮੈਂਬਰ ਬਲਵੰਤ ਸਿੰਘ ਖੇੜਾ ਨੇ ਅੱਜ ਇੱਥੇ ਇਕ ਪ੍ਰੈੱਸ ਕਾਨਫਰੰਸ ਨੂੰ ਸਬੋਧਨ ਕਰਦੇ ਹੋਏ ਕਹੇ। ਸ਼੍ਰੀ ਖੇੜਾ ਆਪਣੀ ਪਾਰਟੀ ਦੇ ਕੇਰਲ ਦੀ ਰਾਜਧਾਨੀ ਟ੍ਰੀਵੈਂਡਰਮ ਵਿਖੇ 16-17-18 ਮਈ 2013 ਨੂੰ ਕੀਤੇ ਜਾ ਰਹੇ ਤਿੰਨ ਦਿਨਾਂ ਪਹਿਲੇ ਰਾਸ਼ਟਰੀ ਸਥਾਪਨਾ ਸਮਾਗਮ ਦੀਆਂ ਤਿਆਰੀਆਂ ਸਬੰਧੀ ਜਾਣਕਾਰੀ ਦੇਣ ਲਈ ਇੱਥੇ ਪਹੁੰਚੇ ਸਨ। ਉਨ੍ਹਾਂ ਦੱਸਿਆ ਕਿ ਸਮਾਗਮ ਦੀ ਤਿਆਰੀ ਲਈ 30-31 ਮਾਰਚ ਨੂੰ ਲਖਨਊ ਵਿਖੇ ਰਾਸ਼ਟਰੀ ਕਾਰਜਕਾਰਣੀ ਦੀ ਮੀਟਿੰਗ ਰੱਖੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਾਰਟੀ ਦਾ ਸੂਬਾਈ ਸਮਾਗਮ 16 ਮਾਰਚ ਨੂੰ ਮਾਨਸਾ ਵਿਖੇ ਹੋ ਰਿਹਾ ਹੈ, ਜਿਸ ਵਿੱਚ ਸਾਬਕਾ ਚੀਫ ਜਸਟਿਸ ਸ਼੍ਰੀ ਰਜਿੰਦਰ ਸੱਚਰ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਣਗੇ ਅਤੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਭਾਣਜਾ ਪ੍ਰੋ. ਜਗਮੋਹਨ ਸਿੰਘ, ਰਾਸ਼ਟਰੀ ਜਨਰਲ ਸਕੱਤਰ ਪ੍ਰੇਮ ਸਿੰਘ ਅਤੇ ਹੋਰ ਨੇਤਾ ਸਬੋਧਨ ਕਰਨਗੇ। ਸ਼੍ਰੀ ਖੇੜਾ ਨੇ ਦੱਸਿਆ ਕਿ ਪਾਰਟੀ ਦਾ ਇੱਕ ਪ੍ਰਤੀਨਿਧ ਮੰਡਲ ਪੰਜਾਬ ਦੇ ਰਾਜਪਾਲ ਸ਼੍ਰੀ ਸ਼ਿਵਰਾਜ ਪਾਟਿਲ ਨੂੰ ਮਿਲ ਕੇ ਯਾਦ-ਪੱਤਰ ਦੇਵੇਗਾ ਜਿਸ ਵਿੱਚ ਪੰਜਾਬ ’ਚ ਇੱਕ ਮਜਬੂਤ ਲੋਕ ਆਯੁਕਤ ਬਣਾਉਣ, ਸਿੱਖਿਆ ਅਤੇ ਸਿਹਤ ਨੂੰ ਸੁਧਾਰਨ, ਸੰਵਿਧਾਨ ਦੀ 73ਵੀਂ ਅਤੇ 74ਵੀਂ ਸੋਧ ਮੁਤਾਬਿਕ ਪੰਚਾਇਤਾਂ ਅਤੇ ਜਿਲ੍ਹਾ ਪ੍ਰੀਸ਼ਦਾਂ ਨੂੰ ਵੱਧ ਅਧਿਕਾਰ ਅਤੇ ਫੰਡ ਦੇਣ, ਛੋਟੇ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨ, ਟੋਲ ਪਲਾਜਿਆਂ ’ਤੇ ਠੇਕੇਦਾਰਾਂ ਰਾਹੀਂ ਕੀਤੀ ਜਾ ਰਹੀ ਲੁੱਟ ਬੰਦ ਕਰਨ ਤੋਂ ਇਲਾਵਾ ਹੋਰ ਮੁੱਦੇ ਵੀ ਉਠਾਏ ਜਾਣਗੇ।
ਸ਼੍ਰੀ ਖੇੜਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ 26 ਜਨਵਰੀ 1950 ਤੋਂ ਪੰਥ ਦੇ ਨਾਮ ਦੀ ਦੁਰਵਰਤੋਂ ਅਤੇ ਸੰਵਿਧਾਨ, ਲੋਕ ਪ੍ਰਤੀਨਿਧ ਐਕਟ ਅਤੇ ਕੋਡ ਆਫ ਕੰਡਕਟ ਦੀ ਉਲੰਘਨਾ ਕਰਦਾ ਆ ਰਿਹਾ ਹੈ। 15 ਜੂਨ 1989 ਨੂੰ ਭਾਰਤ ਦੇ ਚੋਣ ਕਮਿਸ਼ਨ ਨੇ ਸਾਰੀਆਂ ਪਾਰਟੀਆਂ ਨੂੰ ਧਰਮਨਿਰਪੱਖ ਕਦਰਾਂ ਕੀਮਤਾਂ ’ਤੇ ਚੱਲਣ ਲਈ ਕਿਹਾ। ਸ਼੍ਰੋ.ਅ.ਦਲ ਦੇ ਉਸ ਸਮੇਂ ਦੇ ਜਨਰਲ ਸਕੱਤਰ ਸ: ਮਨਜੀਤ ਸਿੰਘ ਕਲਕੱਤਾ ਨੇ ਪਾਰਟੀ ਵੱਲੋਂ ਇਹ ਹਲਫ਼ਨਾਮਾ ਦਿੱਤਾ ਪਰ ਨਾਲ ਇਹ ਨੋਟ ਵੀ ਦਿੱਤਾ ਕਿ ਅਸੀਂ ਆਪਣੇ ਪੁਰਾਣੇ ਵਿਧਾਨ ’ਤੇ ਚਲਦੇ ਰਹਾਂਗੇ। ਸ਼੍ਰੀ ਖੇੜਾ ਨੇ ਕਿਹਾ ਜਨਰਲ ਸਕੱਤਰ ਵੱਲੋਂ ਦਿੱਤਾ ਗਿਆ ਇਹ ਹਲਫ਼ਨਾਮਾ ਅਤੇ ਨੋਟ ਇਸ ਪਾਰਟੀ ਦਾ ਦੋਗ਼ਲਾਪਨ ਜੱਗ ਜ਼ਾਹਰ ਕਰਦਾ ਹੈ ਕਿਉਂਕਿ ਪਾਰਟੀ ਦਾ ਪੁਰਾਣਾ ਸੰਵਿਧਾਨ ਧਰਮ ਨਿਰਪੱਖ ਨਹੀਂ ਬਲਕਿ ਧਰਮ ਅਧਾਰਤ ਹੈ। ਜਿਸ ਦਾ ਭਾਵ ਹੈ ਕਿ ਪੁਰਾਣੇ ਵਿਧਾਨ ’ਤੇ ਚੱਲ ਕੇ ਅਕਾਲੀ ਦਲ ਧਰਮ ਨਿਰਪੱਖ ਕਦਰਾਂ ਕੀਮਤਾਂ ’ਤੇ ਨਹੀਂ ਚੱਲ ਸਕਦਾ।    
       11 ਮਾਰਚ 1994 ਨੂੰ ਭਾਰਤ ਦੀ ਸੁਪ੍ਰੀਮ ਕੋਰਟ ਦੇ 9 ਜੱਜਾਂ ਦੀ ਬੈਂਚ ਨੇ ਐੱਸ.ਆਰ. ਬੋਮਈ ਬਨਾਮ ਭਾਰਤ ਸਰਕਾਰ ਦੇ ਮਾਮਲੇ ਵਿੱਚ ਫੈਸਲਾ ਦਿੱਤਾ ਕਿ ਸਿਆਸਤ ਅਤੇ ਧਰਮ ਨੂੰ ਅੱਗ ਪਾਣੀ ਦਾ ਮੇਲ ਸਮਝਿਆ ਜਾਵੇਗਾ ਇਸ ਲਈ ਦੇਸ਼ ਵਿੱਚ ਕੋਈ ਵੀ ਪਾਰਟੀ ਸਿਆਸਤ ਅਤੇ ਧਰਮ ਦਾ ਰਲਗੱਡ ਨਹੀਂ ਕਰ ਸਕਦੀ। 1996 ਵਿੱਚ ਸ: ਬਾਦਲ ਨੇ ਮੋਗਾ ਕਾਨਫਰੰਸ ਵਿੱਚ ਐਲਾਨ ਕਰ ਦਿੱਤਾ ਕਿ ਸ਼੍ਰੋ.ਅ.ਦਲ ਹੁਣ ਪੰਥਕ ਪਾਰਟੀ ਨਹੀਂ ਰਹੀ ਤੇ ਇਹ ਇੱਕ ਧਰਮ ਨਿਰਪੱਖ ਪੰਜਾਬੀ ਪਾਰਟੀ ਬਣ ਗਈ ਹੈ ਪਰ ਆਪਣੀ ਪਾਰਟੀ ਸੰਵਿਧਾਨ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਅਤੇ ਨਾ ਹੀ ਕਾਰਵਾਈ ਰਜਿਸਟਰ ਵਿੱਚ ਦਰਜ ਕੀਤੀ।
25 ਨਵੰਬਰ 2003 ਨੂੰ ਇਸ ਪਾਰਟੀ ਨੇ ਫਿਰ ਗੁਰਦੁਆਰਾ ਚੋਣ ਕਮਿਸ਼ਨ ਕੋਲ ਆਪਣੇ ਆਪ ਨੂੰ ਪੰਥਕ ਪਾਰਟੀ ਦਰਸਾਉਂਦਾ ਸੰਵਿਧਾਨ ਪੇਸ਼ ਕਰਕੇ ਗੁਰਦੁਆਰਾ ਚੋਣਾਂ ਲੜਨ ਲਈ ਰਜਿਸਟ੍ਰੇਸ਼ਨ ਕਰਨ ਅਤੇ ਚੋਣ ਨਿਸ਼ਾਨ ਅਲਾਟ ਕਰਨ ਦੀ ਬੇਨਤੀ ਕੀਤੀ, ਜਿਹੜੀ ਕਿ ਲੋਕਾਂ ਨੂੰ ਮੂਰਖ ਬਣਾਉਣ ਤੇ ਸੰਵਿਧਾਨ ਨਾਲ ਧੋਖਾ ਕਰਨ ਦੇ ਤੁਲ ਹੈ। ਸ: ਖੇੜਾ ਨੇ ਅੱਗੇ ਦੱਸਿਆ ਕਿ ਪਾਰਟੀ ਵੱਲੋਂ ਚੋਣ ਕਮਿਸ਼ਨ ਕੋਲ ਦੂਹਰੇ ਸੰਵਿਧਾਨ ਪੇਸ਼ ਕੀਤੇ ਜਾਣ ਕਰਕੇ ਚੰਡੀਗੜ੍ਹ ਦੇ ਐਡਵੋਕੇਟ ਸ਼ਮਸ਼ੇਰ ਸਿੰਘ ਅਤੇ ਹੁਸ਼ਿਆਰਪੁਰ ਦੇ ਸਵ: ਸ਼੍ਰੀ ਪ੍ਰਿਥਵੀ ਪਰਾਸ਼ਰ ਹੁਰਾਂ ਨੇ 8 ਸਤੰਬਰ 1996 ਅਤੇ ਖੁਦ ਮੇਰੇ (ਬਲਵੰਤ ਸਿੰਘ) ਵੱਲੋਂ 20 ਸਤੰਬਰ 2004 ਨੂੰ, ਸ਼੍ਰੋ.ਅ.ਦਲ ਦੀ ਮਾਨਤਾ ਰੱਦ ਕਰਾਉਣ ਲਈ ਸ਼ਿਕਾਇਤਾਂ ਕੀਤੀਆਂ ਸਨ ਪਰ ਚੋਣ ਕਮਿਸ਼ਨ ਨੇ ਚੁੱਪ ਧਾਰੀ ਰੱਖੀ। ਉਨ੍ਹਾਂ ਕਿਹਾ ਕਿ ਸ਼੍ਰੋ. ਅ.ਦਲ ਵੱਲੋਂ ਸੰਵਿਧਾਨ ਤੇ ਚੋਣ ਕਮਿਸ਼ਨਾਂ ਨਾਲ ਕੀਤੀ ਜਾ ਰਹੀ ਜਾਲ੍ਹਸਾਜੀ ਦੇ ਸਾਰੇ ਸਬੂਤ ਹੁਣ ਸੂਚਨਾ ਅਧਿਕਾਰ ਐਕਟ ਰਾਹੀਂ ਪ੍ਰਾਪਤ ਕਰ ਲਏ ਗਏ ਹਨ ਤੇ ਦਿੱਲੀ ਹਾਈ ਕੋਰਟ ਵਿੱਚ ਉਹ ਸਬੂਤ ਪੇਸ਼ ਕਰਕੇ ਸ਼੍ਰੋ.ਅ.ਦਲ ਦੀ ਮਾਣਤਾ ਰੱਦ ਕਰਨ ਲਈ ਕੇਸ ਦਾਇਰ ਕੀਤਾ ਹੋਇਆ ਹੈ ਜਿਸ ਦੀ 13 ਮਾਰਚ ਤੋਂ ਸੁਣਵਾਈ ਸ਼ੁਰੂ ਹੋ ਚੁੱਕੀ ਹੈ।
ਸ਼੍ਰੀ ਖੇੜਾ ਨੇ ਉਮੀਦ ਜ਼ਾਹਰ ਕੀਤੀ ਕਿ ਹਾਈ ਕੋਰਟ ਸਬੂਤਾਂ ਦੀ ਅਣਦੇਖੀ ਨਹੀਂ ਕਰੇਗੀ ਤੇ ਜਲਦੀ ਹੀ ਸ਼੍ਰੋ.ਅ.ਦਲ ਦੀ ਮਾਣਤਾ ਰੱਦ ਕਰਨ ਦਾ ਫੈਸਲਾ ਆਉਣ ਵਾਲਾ ਹੈ ਜਿਸ ਨਾਲ 63 ਸਾਲਾਂ ਤੋਂ ਦੇਸ਼ ਦੇ ਲੋਕਾਂ ਅਤੇ ਸੰਵਿਧਾਨ ਨਾਲ ਸ: ਬਾਦਲ ਵੱਲੋਂ ਕੀਤਾ ਜਾ ਰਿਹਾ ਫਰਾਡ ਖਤਮ ਹੋ ਜਾਵੇਗਾ।
ਸ਼੍ਰੀ ਖੇੜਾ ਨੇ ਹੋਰ ਦੱਸਿਆ ਕਿ ਦਿੱਲੀ ਹਾਈ ਕੋਰਟ ਤੋਂ ਇਲਾਵਾ ਹੁਸ਼ਿਆਰਪੁਰ ਦੇ ਚੀਫ ਯੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਰੁੱਧ ਫੌਜਦਾਰੀ ਦਾ ਇੱਕ ਹੋਰ ਕੇਸ ਦਰਜ ਕਰਵਾਇਆ ਹੋਇਆ ਹੈ ਜਿਸ ਧੋਖਾਧੜੀ, ਫਰਾਡ ਤੇ ਜਾਲ੍ਹਸਾਜੀ ਦਾ ਮਾਮਲਾ ਹੈ; ਕਿ ਬਤੌਰ ਪ੍ਰਧਾਨ ਉਸ ਨੇ ਪਾਰਟੀ ਸੰਵਿਧਾਨ ਦਾ ਕੋਈ ਵੀ ਰੀਕਾਰਡ ਨਹੀ ਰੱਖਿਆ ਤੇ ਲੋੜ ਪੈਣ ’ਤੇ ਉਹ ਆਪਣੀ ਮਰਜੀ ਦਾ ਸੰਵਿਧਾਨ ਪੇਸ਼ ਕਰ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਕੇਸ ਵਿੱਚ ਅਦਾਲਤ ਵੱਲੋਂ ਸੰਮਨ ਜਾਰੀ ਹੋ ਚੁੱਕਾ ਹੈ ਤੇ ਉਹ ਪਾਰਟੀ ਦੇ ਦਫਤਰ ਵਿੱਚ ਕਿਸੇ ਵਿਅਕਤੀ ਨੂੰ ਸੰਮਨ ਡਿਲਿਵਰ ਕਰਕੇ ਉਸ ਤੋਂ ਰਸੀਦ ਲਈ ਜਾ ਚੁੱਕੀ ਹੈ।
ਬਾਅਦ ਵਿੱਚ ਪਾਰਟੀ ਵਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਜਿਸ ਵਿਅਕਤੀ ਨੇ ਪਾਰਟੀ ਵੱਲੋਂ ਸੰਮਨ ਪ੍ਰਾਪਤ ਕੀਤੇ ਹਨ ਉਸ ਨਾਮ ਦਾ ਕੋਈ ਵਿਅਕਤੀ ਉਨ੍ਹਾਂ ਦੇ ਦਫਤਰ ਵਿੱਚ ਕੰਮ ਹੀ ਨਹੀਂ ਕਰਦਾ। ਇਸ ਉਪ੍ਰੰਤ ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੂੰ ਰੀਕਾਰਡ ਪੇਸ਼ ਕਰਨ ਲਈ ਤਲਬ ਕਰ ਲਿਆ ਗਿਆ ਹੈ ਪਰ ਇਸ ਦੇ ਬਾਵਯੂਦ ਉਹ ਵੀ ਰੀਕਾਰਡ ਲੈ ਕੇ ਅਦਾਲਤ ਵਿੱਚ ਹਾਜਰ ਨਹੀਂ ਹੋਇਆ। ਸ਼੍ਰੀ ਖੇੜਾ ਨੇ ਕਿਹਾ ਕਿ ਅਦਾਲਤ ਨੇ ਇਸ ਕੇਸ ’ਚ ਫੈਸਲਾ ਤਾਂ ਤਕਰੀਬਨ ਕਰ ਹੀ ਲਿਆ ਹੈ ਪਾਰਟੀ ਵੱਲੋਂ ਅਦਾਲਤ ਵਿੱਚ ਲਗਾਤਾਰ ਪਿਛਲੀਆਂ ਤਿੰਨ ਤਰੀਕਾਂ 2, 7, 12 ਮਾਰਚ ਨੂੰ ਹਾਜਰ ਨਾ ਹੋਣ ਕਾਰਣ ਜੱਜ ਸਾਹਿਬ ਨੇ ਰਾਖਵਾਂ ਰੱਖ ਲਿਆ ਹੈ ਤੇ ਚੌਥੀ ਤਰੀਕ 16 ਮਾਰਚ ਨੂੰ ਰੱਖੀ ਗਈ ਹੈ ਜਿਸ ਵਿੱਚ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਫੈਸਲਾ ਬਾਦਲ ਦਲ ਦੇ ਵਿਰੁੱਧ ਜਾਣ ਵਾਲਾ ਹੈ ਜਿਸ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਕੋਰ ਕਮੇਟੀ ਦੇ ਮੈਂਬਰ ਲਪੇਟੇ ਜਾਣ ਦੀ ਸੰਭਾਵਨਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.