ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਲਹਿਰਾ ਖਾਨਾ ਵਿਖੇ ਚੱਲ ਰਹੇ ਜਾਤੀ ਵਿਵਾਦ ਤੋਂ ਪੰਥਕ ਦਰਦੀ ਦੁਖੀ
ਲਹਿਰਾ ਖਾਨਾ ਵਿਖੇ ਚੱਲ ਰਹੇ ਜਾਤੀ ਵਿਵਾਦ ਤੋਂ ਪੰਥਕ ਦਰਦੀ ਦੁਖੀ
Page Visitors: 2453

     ਲਹਿਰਾ ਖਾਨਾ ਵਿਖੇ ਚੱਲ ਰਹੇ ਜਾਤੀ ਵਿਵਾਦ ਤੋਂ ਪੰਥਕ ਦਰਦੀ ਦੁਖੀ
*ਜਾਤਪਾਤ ਦਾ ਵਖਰੇਵਾਂ ਕਰ ਰਹੇ ਸਿੱਖੀ ਭੇਖ ਵਾਲੇ ਬਾਬੇ ਗੁਰੂ ਨਾਨਕ ਦੀ ਸਿੱਖੀ ਨੂੰ ਲੱਗੇ ਘੁਣ ਦੇ ਬਰਾਬਰ ਹਨ: ਭਾਈ ਪੰਥਪ੍ਰੀਤ ਸਿੰਘ
*ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਜਾਤਪਾਤ ਦਾ ਵਿਰੋਧ ਕਰਨ ਵਾਲੇ ਸਿੱਧੇ ਸਾਧੇ ਸ਼ਬਦਾਂ ਦੀ ਸੋਝੀ ਨਹੀਂ ਹੈ ਉਹ ਅਧਿਆਤਮਕ ਰਮਜਾਂ ਦੀ ਸੋਝੀ ਪ੍ਰਪਤ ਕਰਕੇ ਮਹਾਂਪੁਰਖ ਕਿਵੇਂ ਬਣ ਸਕਦੇ ਹਨ?  ਭਾਈ ਪਰਮਜੀਤ ਸਿੰਘ ਖ਼ਾਲਸਾ
*ਗੁਰਦੁਆਰੇ ਦੀ ਜ਼ਮੀਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਤਾਂ ਇੱਥੇ ਮਰਿਆਦਾ ਤੇ ਹੁਕਮ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਚੱਲ ਸਕਦਾ ਹੈ; ਕਿਸੇ ਬਾਬੇ ਦਾ ਨਹੀਂ:      ਭਾਈ ਅਨਭੋਲ ਸਿੰਘ ਦੀਵਾਨਾ
*ਜਾਤਪਾਤ ਦਾ ਵਿਤਕਰਾ ਕਰਨ ਵਾਲੇ ਸੁਖਦੇਵ ਸਿੰਘ ਸੁੱਖਾ ਤੋਂ ਸਨਮਾਨ ਹਾਸਲ ਕਰ ਰਹੇ ਹਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖ਼ੁਦ ਕਰ ਰਹੇ ਹਨ ਸਿੱਖ ਰਹਿਤ ਮਰਿਆਦਾ ਤੇ ਦੇਸ਼ ਦੇ ਸੰਵਿਧਾਨ ਦੀ ਉਲੰਘਣਾ: ਭਾਈ ਦਰਵੇਸ਼
*28 ਮਾਰਚ ਤੱਕ ਅਕਾਲ ਤਖ਼ਤ ਦੀ ਮਰਿਆਦਾ ਬਹਾਲ ਨਾ ਕੀਤੀ ਤਾਂ ਉਹ ਜਾਤੀ ਵਿਤਕਰੇ ਕਰਨ ਵਾਲਿਆਂ ਵਿਰੁਧ ਸੰਘਰਸ਼ ਕਰ ਰਹੇ ਗਰੀਬ ਸਿੱਖਾਂ ਦੇ ਧਰਨੇ ਵਿੱਚ ਖ਼ੁਦ ਸ਼ਾਮਲ ਹੋਣਗੇ: ਬਾਬਾ ਹਰਦੀਪ ਸਿੰਘ
*ਜਾਤਪਾਤ ਵਿਤਕਰੇ ਕਰਨ ਵਾਲੇ ਡੇਰਿਆਂ ਦੀ ਪੁਸ਼ਤਪਨਾਹੀ ਕਰਨ ਵਾਲੇ ਰਾਜਨੀਤਕ ਆਗੂ ਅਤੇ ਵੇਖ ਕੇ ਅੱਖਾਂ ਮੀਟਣ ਵਾਲੇ ਧਾਰਮਿਕ ਆਗੂਆਂ ਮੁੱਖ ਦੋਸ਼ੀ: ਬਾਬਾ ਬਲਜੀਤ ਸਿੰਘ
ਬਠਿੰਡਾ, 25 ਮਾਰਚ (ਕਿਰਪਾਲ ਸਿੰਘ): ਬਠਿੰਡਾ ਜਿਲ੍ਹਾ ਦੇ ਪਿੰਡ ਲਹਿਰਾ ਖਾਨਾ ਦੇ ਗੁਰਦੁਆਰੇ ਵਿੱਚ ਡੇਰਾਵਾਦੀਆਂ ਵੱਲੋਂ ’ਚ ਜਾਤੀ ਵਿਤਕਰੇ ਕਾਰਣ ਪੈਦਾ ਹੋਈ
ਸਾਰੀ ਸਥਿਤੀ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਜੀ ਨੂੰ ਦੱਸੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸਥਿਤੀ ਸਿਰਫ ਲਹਿਰਾ ਖਾਨਾ ਵਿੱਚ ਹੀ ਨਹੀਂ ਅਨੇਕਾਂ ਹੋਰ ਡੇਰਿਆਂ ਵਿੱਚ ਇਹੀ ਕੁਝ ਵਾਪਰ ਰਿਹਾ ਹੈ ਜਿਹੜਾ ਕਿ ਸਿੱਖੀ ਲਈ ਘਾਤਕ ਹੈ। ਉਨ੍ਹਾਂ ਕਿਹਾ ਜਾਤਪਾਤ ਦਾ ਵਖਰੇਵਾਂ ਕਰ ਰਹੇ ਸਿੱਖੀ ਭੇਖ ਵਾਲੇ ਬਾਬੇ ਗੁਰੂ ਨਾਨਕ ਦੀ ਸਿੱਖੀ ਨੂੰ ਲੱਗੇ ਘੁਣ ਦੇ ਬਰਾਬਰ ਹਨ ਜਿਹੜੇ ਨਾਨਕ ਵੀਚਾਰਾਧਾਰਾ ਦਾ ਪ੍ਰਚਾਰ ਨਹੀਂ ਸਗੋਂ ਜਾਤਪਾਤ ਦੇ ਵਖਰੇਵੇਂ ਖੜ੍ਹੇ ਕਰਕੇ ਨਾਨਕ ਵੀਚਾਰਧਾਰਾ ਨੂੰ ਮੁੱਢੋਂ ਹੀ ਨਕਾਰ ਰਹੇ ਹਨ। ਜਾਤੀ ਭਿੰਨਭੇਦ ਵਿਰੁਧ ਉਹ ਸਿੱਖ ਸੰਗਤਾਂ ਨੂੰ ਹਰ ਦੀਵਾਨ ਵਿੱਚ ਹੀ ਸੁਚੇਤ ਕਰਦੇ ਹਨ ਤੇ 1, 2, 3 ਅਪ੍ਰੈਲ ਨੂੰ ਉਨ੍ਹਾਂ ਦੇ ਪਿੰਡ ਭਾਈ ਬਖਤੌਰ ਵਿਖੇ ਹੋ ਰਹੇ ਰਾਜ ਪੱਧਰੀ ਦੀਵਾਨ ਵਿੱਚ ਜਾਤਪਾਤ ਦੇ ਇਸ ਕੋੜ੍ਹ ਨੂੰ ਹੀ ਸਮ੍ਰਪਤ ਕਰਕੇ ਸਿੱਖਾਂ ਨੂੰ ਇਨ੍ਹਾਂ ਸੰਤਾਂ ਤੋਂ ਸੁਚੇਤ ਕਰਨਗੇ। ਉਨ੍ਹਾਂ ਕਿਹਾ ਕਲਜੁਗ ਨੂੰ ਤਾੜਨਾ ਕਰਨ ਵਾਲੇ ਅਖੌਤੀ ਮਹਾਂਪੁਰਖ਼ ਖ਼ੁਦ ਕਲਯੁਗੀ ਬਣੇ ਬੈਠੇ ਹਨ ਇਸੇ ਕਾਰਣ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਤਾਂ ਅਥਾਹ ਸਤਿਕਾਰ ਕਰਨ ਦਾ ਵਿਖਾਵਾ ਕਰਦੇ ਹਨ ਪਰ ਇਨ੍ਹਾਂ ਡੇਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਦੀ ਸ਼ਰੇਆਮ ਉਲੰਘਣਾ ਹੋ ਰਹੀ ਹੈ।
ਭਾਈ ਪਰਮਜੀਤ ਸਿੰਘ ਖ਼ਾਲਸਾ ਅਨੰਦਪੁਰ ਸਾਹਿਬ ਵਾਲੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ 23 ਮਾਰਚ ਨੂੰ ਗੁਰਦੁਆਰਾ ਬੰਗਲਾ ਸਾਹਿਬ ਜਿੱਥੋਂ ‘ਚੜ੍ਹਦੀਕਲਾ ਟਾਈਮ ਟੀਵੀ’ ਤੋਂ ਸਿੱਧਾ ਪ੍ਰਸਾਰਣ ਹੋ ਰਿਹਾ ਸੀ ਅਤੇ 25 ਮਾਰਚ ਨੂੰ ਗੁਰਦੁਆਰਾ ਸੀਸਗੰਜ਼ ਨਵੀਂ ਦਿੱਲੀ ਜਿੱਥੋਂ ‘ਸਾਡਾ ਚੈੱਨਲ ਟੀਵੀ’ ਤੋਂ ਸਿੱਧਾ ਪ੍ਰਸਾਰਣ ਹੋ ਰਿਹਾ ਸੀ; ਦੌਰਾਣ ਗੁਰਬਾਣੀ ’ਚੋਂ ਬਹੁਤ ਹੀ ਢੁਕਵੀਆਂ ਉਦਾਹਰਣਾ ਦੇ ਕੇ ਸਿੱਖੀ ਵਿੱਚ ਜਾਤੀ ਵਿਤਕਰੇ ਕਰਨ ਵਾਲੇ ਚਿੱਟੇ ਚੋਲੇ ਵਾਲੇ ਸੰਤਾਂ ਨੂੰ ਬਗਲੇ ਭਗਤ ਦੱਸਿਅ ਤੇ ਉਨ੍ਹਾਂ ਦੇ ਗੁਰਬਾਣੀ ਪ੍ਰਮਾਣਾਂ ਰਾਹੀ ਚੋਟਾਂ ਰੂਪੀ ਛਿੱਤਰ ਭਿਉਂ ਭਿਉਂ ਕੇ ਮਾਰੇ ਤੇ ਇਨ੍ਹਾਂ ਨੂੰ ਸਿਰਸਾ ਸਾਧ, ਨੂਰ ਮਹਿਲਈਏ, ਭਨਿਆਰੇ ਆਦਕ ਡੇਰਿਆਂ ਨਾਲੋਂ ਵੱਧ ਘਾਤਕ ਦੱਸਿਆ। ਉਨ੍ਹਾਂ ਕਿਹਾ ਇਨ੍ਹਾਂ ਦੇ ਭਜਾਏ ਗਰੀਬ ਸਿੱਖ ਹੀ ਸਿੱਖ ਵਿਰੋਧੀ ਡੇਰਿਆਂ ਦੇ ਸ਼ਰਧਾਲੂ ਬਣ ਰਹੇ ਹਨ। ਇਨ੍ਹਾਂ ਨੇ ਰਵੀਦਾਸੀਏ ਭਾਈਚਾਰੇ ਨੂੰ ਸਿੱਖੀ ਨਾਲੋਂ ਦੂਰ ਕੀਤਾ, ਰਹਿੰਦੇ ਸਿੱਖਾਂ ਨੂੰ ਸਿੱਖੀ ਨਾਲ ਤੋੜ ਦੇਣਗੇ ਤੇ ਅਖੀਰ ਉਨ੍ਹਾਂ ਵਾਂਗ ਆਪਣੇ ਵੀ ਸਿੱਖੀ ਤੋਂ ਵੱਖਰੇ ਡੇਰੇ ਬਣਾ ਲੈਣਗੇ। ਕਿਉਂਕਿ ਇਨ੍ਹਾਂ ਦੇ ਡੇਰਿਆਂ ਵਿੱਚ ਤਾਂ ਹੁਣ ਵੀ ਸਿੱਖੀ ਦਾ ਨਿਸ਼ਾਨ, ਨਿਸ਼ਾਨ ਸਾਹਿਬ ਨਹੀਂ ਹੈ, ਨਾਂ ਹੀ ਸਿੱਖ ਰਹਿਤ ਮਰਿਆਦਾ ਲਾਗੂ ਹੈ।
ਸਿੱਖ ਨੂੰ ਗੁਰੂ ਵੱਲੋਂ ਬਖ਼ਸ਼ਿਆ ਨਾਹਰਾ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ’ ਵੀ ਇਨ੍ਹਾਂ ਨੂੰ ਚੰਗੀ ਨਹੀਂ ਲਗਦੀ ਇਸ ਲਈ ‘ਧੰਨ ਗੁਰੂ ਨਾਨਕ’ ਕਹਿੰਦੇ ਹਨ ਪਰ ਗੁਰੂ ਨਾਨਕ ਦੇ ਉਪਦੇਸ਼ ਨੂੰ ਇਹ ਨੇੜੇ ਵੀ ਢੁਕਣ ਨਹੀਂ ਦਿੰਦੇ। ਕੜਾਹ ਪ੍ਰਸ਼ਾਦ ਦੀ ਥਾਂ ਮਿਸ਼ਰੀ ਦਾ ਪ੍ਰਸ਼ਾਦ ਦਿੰਦੇ ਹਨ। ਇਸ ਲਈ ਸਿੱਖੀ ਨਾਲ ਲਗਾਓ ਤਾਂ ਕੁਝ ਵੀ ਨਹੀਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੀਆਂ ਗੱਦੀਆਂ ਕਾਇਮ ਰੱਖਣ ਲਈ ਵਰਤ ਰਹੇ ਹਨ। ਭਾਈ ਪਰਮਜੀਤ ਸਿੰਘ ਖ਼ਾਲਸਾ ਨੇ ਕਿਹਾ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਜਾਤਪਾਤ ਦਾ ਵਿਰੋਧ ਕਰਨ ਵਾਲੇ ਸਿੱਧੇ ਸਾਧੇ ਸ਼ਬਦਾਂ ਦੀ ਸੋਝੀ ਨਹੀਂ ਹੈ ਉਹ ਅਧਿਆਤਮਕ ਰਮਜਾਂ ਦੀ ਸੋਝੀ ਪ੍ਰਪਤ ਕਰਕੇ ਮਹਾਂਪੁਰਖ ਕਿਵੇਂ ਬਣ ਸਕਦੇ ਹਨ?
ਉਨ੍ਹਾਂ ਕਿਹਾ ਜੇ ਜਾਤ ਅਭਿਮਾਨੀ ਪੰਡਿਤਾਂ ਨੇ ਭਗਤ ਨਾਮਦੇਵ ਜੀ ਨੂੰ ਮੰਦਿਰ ਵਿੱਚ ਵੜਨ ਤੋਂ ਰੋਕ ਲਿਆ ਤਾਂ ਇਹ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੌਜੂਦ ਬਾਬਾ ਨਾਮਦੇਵ ਜੀ, ਬਾਬਾ ਕਬੀਰ ਜੀ, ਬਾਬਾ ਰਵੀਦਾਸ ਜੀ ਆਦਿਕ ਭਗਤਾਂ ਦੀ ਹਾਜਰੀ ਵਿੱਚ ਉਨ੍ਹਾਂ ਦੇ ਭਗਤਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਰਹੇ ਹਨ; ਇਸ ਲਈ ਇਹ ਉਨ੍ਹਾਂ ਪੰਡਿਤਾਂ ਤੋਂ ਕਿਤੇ ਵੱਧ ਦੋਸ਼ੀ ਹਨ। ‘ਸੱਚ ਕੀ ਬੇਲਾ’ ਹਫਤਾਵਾਰੀ ਦੇ ਮੁੱਖ ਸੰਪਾਦਕ ਭਾਈ ਅਨਭੋਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਖ਼ੁਦ ਲਹਿਰੇ ਖਾਨੇ ਪਹੁੰਚ ਕੇ ਡੇਰਵਾਦੀ ਕਮੇਟੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਗੁਰਦੁਆਰੇ ਦੀ ਜਮੀਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਹੈ, ਇੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹਨ ਤਾਂ ਇੱਥੇ ਮਰਿਆਦਾ ਤੇ ਹੁਕਮ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਚੱਲ ਸਕਦਾ ਹੈ ਕਿਸੇ ਬਾਬੇ ਦਾ ਨਹੀਂ!
ਉਨ੍ਹਾਂ ਦੱਸਿਆ ਕਿ ਤੁਹਾਡੀ ਪਿੱਠ ਪੂਰਨ ਲਈ ਬਾਬੇ, ਤਖ਼ਤਾਂ ਦੇ ਜਥੇਦਾਰ, ਤੇ ਰਾਜਨੀਤਕ ਆਗੂ ਜਿੰਨੇ ਮਰਜੀਥਾਪੜੇ ਦੇਈ ਜਾਣ ਪਰ ਲੋਕ ਕਚਿਹਰੀ ਵਿੱਚ ਆ ਕੇ ਇਨ੍ਹਾਂ ’ਚੋਂ ਕਿਸੇ ਨੇ ਵੀ ਤੁਹਾਡੀ ਬਾਂਹ ਨਹੀਂ ਫੜ ਸਕਣੀ ਕਿਉਂਕਿ ਜਿਥੇ ਗੁਰਬਾਣੀ ਤੇ ਸਿੱਖ ਰਹਿਤ ਮਰਿਆਦਾ ਦੇ ਤੌਰ ’ਤੇ ਤੁਸੀਂ ਗਲਤ ਹੋ ਉਥੇ ਦੇਸ਼ ਦੇ ਕਾਨੂੰਨ ਅਨੁਸਾਰ ਵੀ ਤੁਸੀਂ ਦੋਸ਼ੀ ਹੋ। ਇਸ ਲਈ ਚੰਗਾ ਹੈ ਕਿ ਬਹੁਤੀ ਕਿਰਕਰੀ ਕਰਾ ਕੇ ਗਲਤੀ ਮੰਨਣ ਦੀ ਥਾਂ ਤੁਸੀਂ ਪਹਿਲਾਂ ਹੀ ਸਿੱਖ ਰਹਿਤ ਮਰਿਆਦਾ ਲਾਗੂ ਕਰਕੇ ਆਪਣੀ ਗਲਤੀ ਸੁਧਾਰ ਲਵੋ। ਪਰ ਕੁਝ ਮੰਨਣ ਦੇ ਬਾਵਯੂਦ ਉਨ੍ਹਾਂ ਨੂੰ ਵੀ ਜਵਾਬ ਇਹੀ ਦਿੱਤਾ ਕਿ ਜੇ ਬਾਬਾ ਜੀ ਮੰਨ ਜਾਣ ਤਾਂ ਮਰਿਆਦਾ ਬਹਾਲ ਕਰਨ ਲਈ ਤਿਆਰ ਹਨ।
ਸ਼੍ਰੋਮਣੀ ਖ਼ਾਲਸਾ ਪੰਚਾਇਤ ਦੇ ਮੁੱਖ ਪੰਚ ਭਾਈ ਹਰਿੰਦਰ ਸਿੰਘ ਦਰਵੇਸ਼ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਨਾਨਕਸਰ ਝੋਰੜਾਂ ਵਿਖੇ ਬਾਬਾ ਈਸ਼ਰ ਸਿੰਘ ਜੀ ਦੀ ਸ਼ਤਬਾਦੀ ਸਮਾਰੋਹਾਂ ਵਿੱਚ ਸ਼ਾਮਲ ਹੋ ਕੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤਾਂ ਜਾਤਪਾਤ ਦਾ ਵਿਤਕਰਾ ਕਰਨ ਵਾਲੇ ਸੁਖਦੇਵ ਸਿੰਘ ਸੁੱਖਾ ਤੋਂ ਸਨਮਾਨ ਹਾਸਲ ਕਰ ਰਹੇ ਹਨ। ਇਸ ਮੌਕੇ ਸਿੱਖ ਰਹਿਤ ਮਰਿਆਦਾ ਤੇ ਦੇਸ਼ ਦੇ ਕਾਨੂੰਨ ਦੀ ਪਾਲਣਾ ਕਰਨ ਦਾ ਚੇਤਾ ਕਰਵਾਉਣ ਦੀ ਥਾਂ ਸ: ਬਾਦਲ ਇਨ੍ਹਾਂ ਬਾਬਿਆਂ ਦੀ ਪ੍ਰਸੰਸਾਂ ਕਰਕੇ ਖ਼ੁਦ ਵੀ ਸਿੱਖ ਰਹਿਤ ਮਰਿਆਦਾ ਤੇ ਸੰਵਿਧਾਨ ਦੀ ਉਲੰਘਣਾ ਕਰਨ ਦੇ ਦੋਸ਼ੀ ਹਨ। ਭਾਈ ਦਰਵੇਸ਼ ਨੇ ਕਿਹਾ ਉਹ ਭਾਈ ਪਰਮਜੀਤ ਸਿੰਘ ਖ਼ਾਲਸਾ ਅਤੇ ਭਾਈ ਪੰਥਪ੍ਰੀਤ ਸਿੰਘ ਵਰਗੇ ਗੁਰੂ ਕੇ ਪ੍ਰਚਾਰਕਾਂ ਦੀਆਂ ਸੀਡੀਆਂ ਪਿੰਡ ਪਿੰਡ ਵਿੱਚ ਵਿਖਾ ਕੇ ਪੰਥ ਨੂੰ ਜਾਗਰੂਕ ਕਰਨਗੇ।
ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਧਾਰਮਿਕ ਵਿੰਗ ਦੇ ਮੁਖੀ ਬਾਬਾ ਹਰਦੀਪ ਸਿੰਘ ਗੁਰੂ ਸਰ ਮਹਿਰਾਜ ਨੇ ਕਿਹਾ ਕਿ ਉਨ੍ਹਾਂ ਨੇ 28 ਮਾਰਚ ਤੱਕ ਦੀ ਮੋਹਲਤ ਦਿੱਤੀ ਹੈ ਜੇ ਉਸ ਸਮੇਂ ਤੱਕ ਅਕਾਲ ਤਖ਼ਤ ਦੀ ਮਰਿਆਦਾ ਬਹਾਲ ਨਾ ਕੀਤੀ ਤਾਂ ਉਹ ਜਾਤੀ ਵਿਤਕਰੇ ਕਰਨ ਵਾਲਿਆਂ ਵਿਰੁਧ ਸੰਘਰਸ਼ ਕਰ ਰਹੇ ਗਰੀਬ ਸਿੱਖਾਂ ਦੇ ਧਰਨੇ ਵਿੱਚ ਖ਼ੁਦ ਸ਼ਾਮਲ ਹੋਣਗੇ। ਇਸੇ ਤਰ੍ਹਾਂ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸਿੱਖੀ ਵਿੱਚ ਜਾਤਪਾਤ ਨੂੰ ਕੋਈ ਥਾਂ ਨਹੀਂ ਹੈ ਜਿਸ ਦੀ ਉਹ ਸਖਤ ਸਬਦਾਂ ਵਿੱਚ ਨਿਖੇਧੀ ਕਰਦੇ ਹਨ। ਇਸ ਦੇ ਦੋਸ਼ੀ ਉਨ੍ਹਾਂ ਨੇ ਜਾਤਪਾਤ ਵਿਤਕਰੇ ਕਰਨ ਵਾਲੇ ਡੇਰਿਆਂ ਦੀ ਪੁਸ਼ਤਪਨਾਹੀ ਕਰਨ ਵਾਲੇ ਰਾਜਨੀਤਕ ਆਗੂਆਂ ਤੇ ਵੇਖ ਕੇ ਅੱਖਾਂ ਮੀਟਣ ਵਾਲੇ ਧਾਰਮਿਕ ਆਗੂਆਂ ਨੂੰ ਦੱਸਿਆ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.