ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਜਥੇਦਾਰ ਜੀ! ਗੁਰਦੁਆਰਿਆਂ ਵਿੱਚ ਜਾਤੀ ਵਿਤਕਰੇ ਕਰਨ ਵਾਲਿਆਂ ਨੂੰ ਕਦੋਂ ਛੇਕੋਗੇ?
ਜਥੇਦਾਰ ਜੀ! ਗੁਰਦੁਆਰਿਆਂ ਵਿੱਚ ਜਾਤੀ ਵਿਤਕਰੇ ਕਰਨ ਵਾਲਿਆਂ ਨੂੰ ਕਦੋਂ ਛੇਕੋਗੇ?
Page Visitors: 2494

 

ਜਥੇਦਾਰ ਜੀ! ਗੁਰਦੁਆਰਿਆਂ ਵਿੱਚ ਜਾਤੀ ਵਿਤਕਰੇ ਕਰਨ ਵਾਲਿਆਂ ਨੂੰ ਕਦੋਂ ਛੇਕੋਗੇ?: ਭਾਈ ਸਿਰਸਾ

*ਜਿਸ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ, ਸਿੱਖ ਰਹਿਤ ਮਰਿਆਦਾ ਅਤੇ ਦੇਸ਼ ਦੇ ਕਾਨੂੰਨ ਦੀ ਸ਼ਰੇਆਮ

ਉਲੰਘਣਾਂ ਹੋ ਰਹੀ ਹੋਵੇ ਉਥੇ ਮਰਿਆਦਾ ਲਾਗੂ ਕਰਨ ਲਈ ਤਿੰਨ ਦਿਨਾਂ ਦੀ ਮੋਹਲਤ ਵੀ ਕਿਉਂ ਇਹ ਤੁਰੰਤ ਲਾਗੂ ਕੀਤੀ ਜਾਣੀ ਚਾਹੀਦੀ ਸੀ: ਭਾਈ ਸਿਰਸਾ

*ਗੁਰਦੁਆਰਾ ਲਹਿਰਾਖਾਨਾ ਦੀ ਪ੍ਰਬੰਧਕੀ ਕਮੇਟੀ ਨੂੰ ਅਗਲੀ ਮੀਟੰਗ ਦੌਰਾਨ ਸਪਸ਼ਟੀਕਰਨ ਦੇਣ ਲਈ ਬੁਲਾਇਆ ਗਿਆ ਹੈ: ਗਿਆਨੀ ਗੁਰਬਚਨ ਸਿੰਘ

 ਬਠਿੰਡਾ, 27 ਮਾਰਚ (ਕਿਰਪਾਲ ਸਿੰਘ): ਅਮਰੀਕਾ ਵਿੱਚ ਸਥਿਤ ਰੋਚੈਸਟਰ ਦੇ ਗੁਰਦੁਆਰੇ ’ਚ ਕਿਰਪਾਨ ਵਿਵਾਦ ਮਾਮਲੇ ’ਚ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸੰਤੋਖ ਸਿੰਘ ਬਦੇਸ਼ਾ ਨੂੰ ਤਲਬ ਕਰਨ ਅਤੇ ਪਾਕਿਸਤਾਨ ’ਚ ਗੁਰਧਾਮਾਂ ਦੀ ਬੇਅਦਬੀ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਣ ਵਾਲੇ ਜਥੇਦਾਰ, ਪੰਜਾਬ ਦੇ ਗੁਰਦੁਆਰਿਆਂ ਵਿੱਚ ਹੋ ਰਹੇ ਜਾਤੀ ਵਿਤਕਰੇ ਨੂੰ ਗੰਭੀਰਤਾ ਨਾਲ ਕਦੋਂ ਲੈਣਗੇ ਅਤੇ ਜਾਤੀ ਵਿਤਕਰੇ ਨੂੰ ਉਤਸ਼ਾਹਤ ਕਰ ਰਹੇ ਸਾਧਾਂ ਨੂੰ ਕਦੋਂ ਛੇਕਣਗੇ? ਇਹ ਸ਼ਬਦ 25 ਮਾਰਚ ਨੂੰ ਅਕਾਲ ਤਖ਼ਤ ’ਤੇ ਪੰਜੇ ਜਥੇਦਾਰਾਂ ਦੀ ਮੀਟਿੰਗ ਵਿੱਚ ਹੋਏ ਫੈਸਲਿਆਂ ’ਤੇ ਪ੍ਰਤੀਕਰਮ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਉਪ

ਪ੍ਰਧਾਨ ਭਾਈ ਬਲਦੇਵ ਸਿੰਘ ਸਿਰਸਾ ਨੇ ਕਹੇ।

ਉਨ੍ਹਾਂ ਕਿਹਾ ਇਹ ਠੀਕ ਹੈ ਕਿ ਗੁਰਦੁਆਰਿਆਂ ਦੀ ਹੋ ਰਹੀ ਬੇਅਦਬੀ ਅਤੇ ਗੁਰੂ ਵੱਲੋਂ ਸਿੱਖ ਨੂੰ ਬਖ਼ਸ਼ੀ ਕ੍ਰਿਪਾਨ ’ਤੇ ਪਾਬੰਦੀ ਲਾਉਣੀ ਗੰਭੀਰ ਮਸਲਾ ਹੈ ਤੇ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਪਰ ਸਿੱਖੀ ਵਿੱਚ ਜਾਤਪਾਤ ਨੂੰ ਵੜਾਵਾ ਦੇਣਾ ਤਾਂ ਸਿੱਖੀ ਦਾ ਥੰਮ ਹਿਲਾਉਣ ਦੇ ਬਰਾਬਰ ਹੈ। ਭਾਈ ਸਿਰਸਾ ਨੇ ਕਿਹਾ ਰੋਚੈਸਟਰ ਦੇ ਗੁਰਦੁਆਰੇ ਦੇ ਪ੍ਰਬੰਧ ਨੂੰ ਹਥਿਆਉਣ ਲਈ ਉਥੋਂ ਦੀ

ਅਦਲਾਤ ਵਿੱਚ ਦੋ ਧਿਰਾਂ ਵਿਚਕਾਰ ਕੇਸ ਚਲ ਰਿਹਾ ਹੈ ਤੇ ਗੁਰਦੁਆਰੇ ਵਿੱਚ ਦੋਵਾਂ ਧਿਰਾਂ ਵਿੱਚ ਕਿਸੇ ਵੀ ਵੇਲੇ ਖੂਨੀ ਝੜਪਾਂ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਸੂਰਤ ਵਿੱਚ ਜੇ ਪ੍ਰਬੰਧਕਾਂ ਨੇ 3 ਫੁੱਟੀ ਕਿਰਪਾਨ ਦੇ ਦਾਖ਼ਲੇ ’ਤੇ ਪਾਬੰਦੀ ਲਾ ਦਿੱਤੀ ਹੈ ਤਾਂ ਇਹ ਕੋਈ ਗੰਭੀਰ ਮਸਲਾ ਵੀ ਨਹੀਂ ਕਿਹਾ ਜਾ ਸਕਦਾ।

ਝਗੜੇ ਵਾਲੇ ਸਥਾਨ ’ਤੇ ਹਥਿਆਰਾਂ ਸਮੇਤ ਇਕੱਤਰ ਹੋਣ ਦੀ ਕਿਸੇ ਵੀ ਦੇਸ਼ ਦਾ ਕਨੂੰਨ ਇਜਾਜਤ ਨਹੀਂ ਦਿੰਦਾ। ਇਸੇ ਤਰ੍ਹਾਂ ਜਾਤੀ ਅਧਾਰ ’ਤੇ ਕਿਸੇ ਵੀ ਸਥਾਨ ’ਤੇ ਕਿਸੇ ਵੀ ਵਿਅਕਤੀ ਦੇ ਦਾਖ਼ਲੇ ’ਤੇ ਭਾਰਤ ਸਮੇਤ ਕਿਸੇ ਵੀ ਦੇਸ਼ ਦਾ ਕਾਨੂੰਨ ਇਜਾਜਤ ਨਹੀਂ ਦਿੰਦਾ। ਗੁਰਦੁਆਰਿਆਂ ਤੇ ਡੇਰਿਆਂ ਜਿਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤੇ ਅਣਗਿਣਤ ਪਾਠ ਪਠਨ ਹੁੰਦੇ ਹੋਣ, ਉਸ

ਸਥਾਨ ’ਤੇ ਜਾਤੀ ਵਿਤਕਰੇ ਕਰਨ ਸਬੰਧੀ ਤਾਂ ਸੋਚਿਆ ਵੀ ਨਹੀਂ ਜਾ ਸਕਦਾ। ਪਰ ਪੰਜਾਬ ਦੇ ਕਈ ਗੁਰਦੁਆਰਿਆਂ ਖਾਸ ਕਰਕੇ ਨਾਨਕਸਰ ਸੰਪ੍ਰਦਾਇ ਦੇ ਪ੍ਰਭਾਵ ਹੇਠਲੀਆਂ ਠਾਠਾਂ ਤੇ ਗੁਰਦੁਆਰਿਆਂ ਵਿੱਚ ਤਾਂ ਜਾਤੀ ਭਿੰਨਭੇਦ ਸਿਖਰਾਂ ਛੂਹ ਰਹੇ ਹਨ। ਭਾਈ ਸਿਰਸਾ ਨੇ ਕਿਹਾ ਕਿ ਬਠਿੰਡਾ ਜਿਲ੍ਹਾ ਦੇ ਪਿੰਡ ਲਹਿਰਾਖਾਨਾ ਦੇ ਗੁਰਦੁਆਰੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਜਾਤੀ ਵਿਤਕਰੇ ਦੀ ਅਫਸੋਸਨਾਕ ਖ਼ਬਰਾਂ ਛਪ ਰਹੀਆਂ ਹਨ। ਪੀੜਤ ਭਾਈਚਾਰੇ ਵੱਲੋਂ ਅਕਾਲ ਤਖ਼ਤ ਸ਼੍ਰੀ ਅੰਮ੍ਰਿਤਸਰ ਅਤੇ ਤਖ਼ਤ ਸ਼੍ਰੀ ਦਮਦਮਾ ਸਹਿਬ ਦੇ ਜਥੇਦਾਰਾਂ ਕੋਲ ਸ਼ਿਕਇਤਾਂ ਵੀ ਪਹੁੰਚ ਚੁਕੀਆਂ ਸਨ; ਇੱਕ ਦਲਿਤ ਪ੍ਰਵਾਰ ਦੀ ਲੜਕੀ ਦੇ ਅਨੰਦ ਕਾਰਜ ਕਰਨ ਤੋਂ ਨਾਂਹ ਕੀਤੇ ਜਾਣ ਦੀ ਸ਼ਿਕਾਇਤ ’ਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੇ ਗੁਰਦੁਆਰੇ ਦੀ ਪ੍ਰਬੰਧਕੀ ਕਮੇਟੀ ਨੂੰ 1 ਅਪ੍ਰੈਲ ਨੂੰ ਸਪਸ਼ਟੀਕਰਨ ਦੇਣ ਲਈ ਬੁਲਾਇਆ ਵੀ ਗਿਆ ਹੈ। ਪਰ ਇਸ ਦੇ ਬਾਵਯੂਦ ਪ੍ਰਬੰਧਕੀ ਕਮੇਟੀ ਦੇ ਵਤੀਰੇ ’ਤੇ ਭੋਰਾ ਭਰ ਅਸਰ ਨਹੀਂ ਹੋਇਆ ਤੇ ਦਲਿਤ ਭਾਈਚਾਰੇ ਵੱਲੋਂ ਗੁਰਦੁਆਰੇ ਵਿੱਚ ਰੱਖੇ ਗਏ ਸਹਿਜ ਪਾਠ ਦੇ 25 ਮਾਰਚ ਨੂੰ ਪਾਏ ਜਾਣ ਵਾਲੇ ਭੋਗ ਮੌਕੇ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਲੰਗਰ ਬਣਾਉਣ ਤੋਂ

ਰੋਕੇ ਜਾਣ ਦੇ ਰੋਸ ਵਜੋਂ ਦਲਿਤ ਭਾਈਚਾਰੇ ਦੇ ਵੀਰ ਗੁਰਦੁਆਰੇ ਦੇ ਗੇਟ ਅੱਗੇ ਧਰਨਾ ਲਾਈ ਬੈਠੇ ਹੋਣ ਤੇ ਉਸੇ ਦਿਨ ਅਕਾਲ ਤਖ਼ਤ ’ਤੇ ਪੰਜਾਂ ਦੀ ਹੋਈ ਮੀਟਿੰਗ ਪਿੱਛੋਂ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਇਸ ਦਾ ਜ਼ਿਕਰ ਤੱਕ ਨਾ ਕਰਨਾ ਜਥੇਦਾਰਾ ਵੱਲੋਂ ਆਪਣੇ ਫਰਜ਼ ਨਿਭਾਉਣ ਵਿੱਚ ਕੀਤੀ ਕੁਤਾਹੀ ਦਾ ਸਿਖਰ ਹੈ; ਜਿਹੜਾ ਕਿ ਬ੍ਰਦਾਸ਼ਤ ਨਹੀਂ ਕੀਤਾ ਜਾ ਸਕਦਾ। ਬਾਬਾ ਈਸ਼ਰ ਸਿੰਘ ਦੀ ਜਨਮ ਸ਼ਤਾਬਦੀ ਮਨਾ ਰਹੇ ਬਾਬਾ ਸੁਖਦੇਵ ਸਿੰਘ ਨੂੰ ਪੁੱਛਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਕੜੇ ਅਖੰਡਪਾਠਾਂ ਦੀਆਂ ਲੜੀਆਂ, ਇੱਕੋਤਰੀਆਂ, ਸੰਪਟ ਪਾਠ ਤੇ ਜਪਤਪ ਸਮਾਗਮ ਕਰਵਾਉਣ ਦਾ ਕੀ ਲਾਭ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਧੇ ਸਾਧੇ

ਇਨ੍ਹਾਂ ਸ਼ਬਦਾਂ ਦੀ ਵੀਚਾਰ ਤੁਹਾਡੇ ਅਮਲੀ ਜੀਵਨ ਵਿੱਚ ਵੇਖਣ ਨੂੰ ਨਾ ਮਿਲੇ:

 ‘ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥’ (ਸੋਰਠਿ ਮ: 5, ਗੁਰੂ ਗ੍ਰੰਥ ਸਾਹਿਬ - ਪੰਨਾ 611)

‘ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥1॥

ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥1॥ ਰਹਾਉ ॥’ (ਭੈਰਉ ਮ: 3, ਗੁਰੂ ਗ੍ਰੰਥ ਸਾਹਿਬ -ਪੰਨਾ 1128),

 ‘ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥1॥’ (ਪ੍ਰਭਾਤੀ ਭਗਤ ਕਬੀਰ ਜੀਉ, ਗੁਰੂ ਗ੍ਰੰਥ ਸਾਹਿਬ - ਪੰਨਾ 1349)

ਭਾਈ ਸਿਰਸਾ ਨੇ ਕਿਹਾ ਪਾਠ ਦੌਰਾਨ ਜਦੋਂ ਤੁਸੀਂ ਭਗਤ ਨਾਮ ਦੇਵ ਜੀ ਦਾ ਇਹ ਸ਼ਬਦ ਵੀ ਪੜ੍ਹਦੇ ਹੋ: 

‘ਸੂਦੁ ਸੂਦੁ ਕਰਿ ਮਾਰਿ ਉਠਾਇਓ ਕਹਾ ਕਰਉ ਬਾਪ ਬੀਠੁਲਾ ॥1॥ 

ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ ॥ 

ਏ ਪੰਡੀਆ ਮੋ ਕਉ ਢੇਢ ਕਹਤ ਤੇਰੀ ਪੈਜ ਪਿਛੰਉਡੀ ਹੋਇਲਾ ॥2॥ 

ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈਂ ਅਤਿਭੁਜ ਭਇਓ ਅਪਾਰਲਾ ॥ 

ਫੇਰਿ ਦੀਆ ਦੇਹੁਰਾ ਨਾਮੇ ਕਉ ਪੰਡੀਅਨ ਕਉ ਪਿਛਵਾਰਲਾ ॥3॥2॥’ (ਮਲਾਰ ਭਗਤ ਨਾਮਦੇਵ, ਗੁਰੂ ਗ੍ਰੰਥ ਸਾਹਿਬ – ਪੰਨਾ  1292)           ਤਾਂ ਕੀ ਨਾਨਕਸਰੀਏ ਇਹ ਨਹੀਂ ਸੋਚਦੇ ਕਿ ਇਹ ਸ਼ਬਦ ਭਗਤ ਜੀ ਨੇ ਸਿਰਫ ਉਸ ਸਮੇਂ ਪੰਡਿਤਾਂ ਨੂੰ ਹੀ ਨਹੀਂ ਕਹੇ ਸਨ, ਅੱਜ ਵੀ ਉਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬੈਠੇ ਤੁਹਾਨੂੰ ਵੀ ਕਹਿ ਰਹੇ ਹਨ। ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਨ੍ਹਾਂ ਬਚਨਾਂ ਦੀ ਤੁਹਾਨੂੰ ਕੋਈ ਪ੍ਰਵਾਹ ਨਹੀਂ ਤਾਂ ਤੁਸੀਂ ਲੱਖਾਂ ਪਾਠਾਂ ਦੀਆਂ ਲੜੀਆਂ ਤੇ ਅਖੌਤੀ ਜਪਤਪ ਸਮਾਗਮ ਕਰਵਾ ਲਵੋ ਇਨ੍ਹਾਂ ਰਾਹੀਂ ਤੁਸੀਂ ਲੋਕਾਂ ਤੋਂ ਮਾਇਆਂ ਤਾਂ ਬਟੋਰ ਸਕਦੇ ਹੋ ਪਰ ਅਧਿਆਤਮਕ ਤੌਰ ’ਤੇ ਕੋਈ ਲਾਭ ਮਿਲਣ ਵਾਲਾ ਨਹੀਂ ਹੈ।

ਭਾਈ ਸਿਰਸਾ ਨੇ ਕਿਹਾ ਕਿ ਸਿੱਖ ਸੰਤਾਂ ਦੀ ਇਸ ਬ੍ਰਾਹਮਣਵਾਦੀ ਸੋਚ ’ਤੇ ਅਧਾਰਤ ਜਾਤਪਾਤ ਦੇ ਵਿਤਕਰੇ ਅਤੇ ਅਕਾਲ ਤਖ਼ਤ ਦੇ ਜਥੇਦਾਰਾਂ ਵੱਲੋਂ ਵੇਖ ਕੇ ਅੱਖਾਂ ਮੀਟਣ ਦੀ ਕੀਤੀ ਜਾ ਰਹੀ ਕੁਤਾਹੀ ਕਾਰਣ ਹੀ ਪੰਜਾਬ ਵਿੱਚ ਸਿੱਖ ਵਿਰੋਧੀ ਡੇਰੇ ਵਧ ਫੁਲ ਰਹੇ ਹਨ, ਇਨ੍ਹਾਂ ਸਦਕਾ ਹੀ ਰਵੀਦਾਸ ਭਾਈ ਚਾਰਾ ਸਿੱਖੀ ਨਾਲੋਂ ਨਾਤਾ ਤੋੜਨ ਦੇ ਰਾਹ ਪੈ ਚੁੱਕਾ ਹੈ ਤੇ ਬਾਕੀਆਂ ਨੂੰ ਸੰਭਾਲਨ ਦੀ ਥਾਂ ਉਨ੍ਹਾਂ ਨੂੰ ਸਿੱਖੀ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ; ਜਿਸ ਪਿੱਛੇ ਆਰਐੱਸਐੱਸ ਦੀ ਸਾਜਿਸ਼ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਭਾਈਵਾਲੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਪ੍ਰਬੰਧਕੀ ਕਮੇਟੀ ਨੂੰ ਪ੍ਰਸ਼ਾਸ਼ਨ ਵੱਲੋਂ 28 ਮਾਰਚ ਤੱਕ ਸਿੱਖ ਰਹਿਤ ਮਰਿਆਦਾ ਲਾਗੂ ਕਰ ਦਿੱਤੇ ਜਾਣ ਦੀ ਦਿੱਤੀ ਮੋਹਲਤ ਦੀ ਸ਼ਲਾਘਾ ਕਰਦਦਿਆਂ ਭਾਈ ਸਿਰਸਾ ਨੇ ਪ੍ਰਸ਼ਾਸ਼ਨ ਤੋਂ ਇਹ ਵੀ ਪੁੱਛਿਆ ਕਿ ਜਿਸ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ, ਸਿੱਖ ਰਹਿਤ ਮਰਿਆਦਾ ਅਤੇ ਦੇਸ਼ ਦੇ ਕਾਨੂੰਨ ਦੀ ਸ਼ਰੇਆਮ ਉਲੰਘਣਾਂ ਹੋ ਰਹੀ ਹੋਵੇ ਉਥੇ ਇਹ ਤਿੰਨ ਦਿਨਾਂ ਦੀ ਮੋਹਲਤ ਵੀ ਕਿਉਂ ਇਹ ਤੁਰੰਤ ਲਾਗੂ ਕੀਤੀ ਜਾਣੀ ਚਾਹੀਦੀ ਸੀ।

ਜਦ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਸੰਪਰਕ ਕਰਕੇ ਇਸ ਅਹਿਮ ਮਸਲੇ ’ਤੇ ਧਾਰੀ ਗਈ ਚੁੱਪ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕੋਈ ਚੁੱਪ ਧਾਰਨ ਨਹੀਂ ਕੀਤੀ; 25 ਮਾਰਚ ਨੂੰ ਹੋਈ ਮੀਟਿੰਗ ਵਿੱਚ ਇਸ ਮਸਲੇ ’ਤੇ ਵੀਚਾਰ

ਹੋਈ ਸੀ, ਅਤੇ ਗੁਰਦੁਆਰਾ ਲਹਿਰਾਖਾਨਾ ਦੀ ਪ੍ਰਬੰਧਕੀ ਕਮੇਟੀ ਨੂੰ ਅਗਲੀ ਮੀਟਿੰਗ ਵਿੱਚ ਸਪਸ਼ਟੀਕਰਨ ਦੇਣ ਲਈ ਬੁਲਾਇਆ ਗਿਆ ਹੈ।

ਜਦੋਂ ਇਹ ਪੁੱਛਿਆ ਗਿਆ ਕਿ ਮੀਟਿੰਗ ਤੋਂ ਬਾਅਦ ਕੀਤੀ ਗਈ ਪ੍ਰੈੱਸ ਕਾਨਫਰੰਸ ਵਿੱਚ ਜਿਸ ਤਰ੍ਹਾਂ ਰੋਚੈਸਟਰ ਦੇ ਗੁਰਦੁਆਰੇ ਦੇ ਪ੍ਰਧਾਨ ਨੂੰ ਪੇਸ਼ ਹੋਣ ਲਈ ਇੱਕ ਮਹੀਨੇ ਦੇ ਸਮੇਂ ਦਾ ਐਲਾਨ ਕੀਤਾ ਗਿਆ ਹੈ ਉਸ ਤਰ੍ਹਾਂ ਲਹਿਰਾਖਾਨਾ ਦੀ ਪ੍ਰਬੰਧਕੀ ਕਮੇਟੀ ਨੂੰ ਪੇਸ਼ ਹੋਣ ਦੇ ਹੁਕਮ ਸਬੰਧੀ ਤੁਹਾਡਾ ਕੋਈ ਬਿਆਨ ਨਹੀਂ ਆਇਆ। ਇਸ ਦਾ ਜਵਾਬ ਦਿੰਦਿਆਂ ਗਿਆਨੀ ਗੁਰਬਚਨ ਸਿੰਘ

ਨੇ ਕਿਹਾ ਪ੍ਰੈੱਸ ਕਾਨਫਰੰਸ ਦੌਰਾਨ ਸਾਰੀਆਂ ਗਲਾਂ ਯਾਦ ਵੀ ਨਹੀਂ ਰਹਿੰਦੀਆਂ ਪਰ ਉਨ੍ਹਾਂ ਨੂੰ ਸੱਦੇ ਜਾਣ ਦਾ ਫੈਸਲਾ ਜਰੂਰ ਹੋਇਆ ਸੀ।

ਜਦੋਂ ਇਹ ਪੁੱਛਿਆ ਗਿਆ ਕਿ ਬੁਲਾਇਆ ਕਿਸ ਨੂੰ ਹੈ- ਪ੍ਰਬੰਧਕੀ ਕਮੇਟੀ ਨੂੰ ਜਾਂ ਬਾਬਾ ਸੁਖਦੇਵ ਸਿੰਘ ਸੁੱਖਾ ਨੂੰ, ਜਿਸ ਦੀ ਦੇਖ ਰੇਖ ਹੇਠ ਇਹ ਪ੍ਰਬੰਧ ਚੱਲ ਰਿਹਾ ਹੈ। ਇਸ ਦੇ ਜਵਾਬ ’ਚ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਉਨ੍ਹਾਂ ਪਾਸ ਸ਼ਿਕਾਇਤ ਪ੍ਰਬੰਧਕੀ ਕਮੇਟੀ ਦੀ ਕੀਤੀ ਗਈ ਹੈ, ਇਸ ਲਈ ਉਨ੍ਹਾਂ ਨੂੰ ਹੀ ਬੁਲਾਇਆ ਗਿਆ ਹੈ; ਪਰ ਜੇ ਉਹ ਕਹਿਣਗੇ ਕਿ ਬਾਬਾ ਸੁਖਦੇਵ ਸਿੰਘ ਦੀਆਂ ਹਦਾਇਤਾਂ ’ਤੇ ਉਹ ਵਿਤਕਰਾ ਕਰ ਰਹੇ ਹਨ ਤਾਂ ਉਸ ਤੋਂ ਬਾਅਦ ਵੇਖ ਲਵਾਂਗੇ ਕੀ ਕਾਰਵਾਈ ਕਰਨੀ ਹੈ। ਅਗਲੀ ਹੋਣ ਵਾਲੀ ਮੀਟਿੰਗ ਦੀ ਮਿਤੀ ਸਬੰਧੀ ਵੀ ਉਹ ਕੁਝ ਨਾ ਦੱਸ ਸਕੇ ਤੇ ਕਿਹਾ ਹੁਣ ਉਨ੍ਹਾਂ ਨੂੰ ਪੱਕੀ ਤਰ੍ਹਾਂ ਯਾਦ ਨਹੀਂ ਹੈ। ਉਨ੍ਹਾਂ ਨੂੰ ਇਹ ਵੀ ਯਾਦ ਨਹੀਂ ਸੀ ਕਿ ਜਾਤੀ ਵਿਤਕਰਾ ਕਰਨ ਵਾਲੀ ਕਮੇਟੀ ਨੂੰ ਅਕਾਲ ਤਖ਼ਤ ’ਤੇ ਸੱਦੇ ਜਾਣ ਲਈ ਪੱਤਰ ਜਾਰੀ ਹੋ ਚੁੱਕਾ ਹੈ ਜਾਂ ਹਾਲੀ ਹੋਣਾ ਹੈ।

ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਜਾਤੀ ਵਿਤਕਰਾ ਤਾਂ ਨਾਨਕਸਰ ਦੀਆਂ ਸਾਰੀਆਂ ਠਾਠਾਂ ਵਿੱਚ ਹੋ ਰਿਹਾ ਹੈ। ਇਸ ਦੇ ਬਾਵਯੂਦ ਤੁਸੀਂ ਉਨ੍ਹਾਂ ਦੇ ਸਮਾਗਮਾਂ ਵਿੱਚ ਜਾ ਕੇ ਉਨ੍ਹਾਂ ਦੀ ਪ੍ਰਸੰਸਾ ਕਰਦੇ ਹੋ, ਉਨ੍ਹਾਂ ਤੋਂ ਸਨਮਾਨ ਹਾਸਲ ਕਰਦੇ ਹੋ ਤੇ ਉਨ੍ਹਾਂ ਨੂੰ ਸਨਮਾਨਤ ਕਰਦੇ ਹੋ। ਜੇ ਉਸ ਸਮੇਂ ਉਨ੍ਹਾਂ ਨੂੰ ਗੁਰੂ ਸਿਧਾਂਤਾਂ ਦਾ ਚੇਤਾ ਕਰਵਾ ਕੇ ਜਾਤੀ ਭਿੰਨਭੇਦ ਛੱਡਣ ਦੀ ਸਲਾਹ ਨਹੀਂ ਦਿੰਦੇ ਤਾਂ ਉਨ੍ਹਾਂ ਵਿਰੁੱਧ ਕਿਸੇ ਕਾਰਵਾਈ ਹੋਣ ਦੀ ਤੁਹਾਥੋਂ ਕੀ ਉਮੀਦ ਰੱਖੀ ਜਾ ਸਕਦੀ ਹੈ? ਇਸ ਦੇ ਜਵਾਬ ’ਚ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਉਨ੍ਹਾਂ ਦੀ ਕੋਈ ਸ਼ਿਕਾਇਤ ਤਾਂ ਕਿਤੇ ਨਹੀਂ ਆਈ।

ਪੁੱਛਿਆ ਗਿਆ ਕਿ ਸਾਧਾਰਣ ਸ਼ਿਕਾਇਤ ਤਾਂ ਤੁਹਾਨੂੰ ਓਨਾਂ ਚਿਰ ਸੁਣਾਈ ਹੀ ਨਹੀਂ ਦਿੰਦੀ ਜਦ ਤੱਕ ਇਸ ਤਰ੍ਹਾਂ ਦੇ ਧਰਨੇ ਨਾ ਲੱਗਣ। ਪਰ ਡੇਰਾ ਰੂੰਮੀ ਭੁੱਚੋ ਕਲਾਂ ਵਿਰੁੱਧ ਤਾ ਇੱਕ ਵਾਰ ਲੰਬਾ ਸੰਘਰਸ਼ ਵੀ ਚਲਦਾ ਰਿਹਾ ਹੈ। ਇਸ ਦੇ ਜਵਾਬ ਵਿੱਚ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹਾਂ ਇੱਕ ਵਾਰ ਆਈ ਸੀ ਉਸ ਵੇਲੇ ਉਨ੍ਹਾਂ ਨੂੰ ਸਮਝਾ ਦਿੱਤਾ ਸੀ ਉਸ ਤੋਂ ਪਿੱਛੋਂ ਕੋਈ ਸ਼ਿਕਾਇਤ ਨਹੀਂ ਆਈ। ਜੇ ਕੋਈ ਸਬੂਤ ਦੇ ਕੇ ਹੁਣ ਸ਼ਿਕਾਇਤ ਕਰੇਗਾ ਤਾਂ ਵੇਖ ਲਵਾਂਗੇ।

ਗਿਆਨੀ ਗੁਰਬਚਨ ਸਿੰਘ ਨੂੰ ਕਿਹਾ ਗਿਆ ਕਿ ਸਬੂਤ ਤਾਂ ਇਹੀ ਹੋ ਸਕਦਾ ਹੈ ਕਿ ਹੁਣ ਜਦੋਂ ਤੁਸੀਂ ਉਨ੍ਹਾਂ ਦੇ ਡੇਰੇ ਸੰਤਾਂ ਨੂੰ ਮਿਲਣ ਗਏ ਤਾਂ ਦੋ ਰੰਘਰੇਟੇ ਸਿੰਘ ਆਪਣੇ ਨਾਲ ਲੈ ਜਾਣਾ ਤੇ ਲੰਗਰ ਛਕਣ ਵੇਲੇ ਸੰਤਾਂ ਦੇ ਦੋਵੇਂ ਪਾਸੇ ਇੱਕ ਇੱਕ ਬੈਠਾ ਕੇ ਵੇਖ ਲੈਣਾ। ਇਸ ਨੂੰ ਹਾਸੇ ਵਿੱਚ ਟਾਲਦੇ ਹੋਏ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਜੇ ਰੰਘਰੇਟੇ ਗੋਰੇ ਚਿੱਟੇ ਰੰਗ ਦੇ ਹੋਏ?

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.