ਪੰਜਾਬੀਆਂ ਨੇ ਆਪਣੇ ਸੁਭਾਅ ਅਨੁਸਾਰ ਹੀ ਚੰਡੀਗੜ੍ਹੋਂ ਵਾਪਸ ਮੁੜਦਿਆਂ ਖਰੀਦਿਆ ਦਾਰੂ ਸਿੱਕਾ
ਸੋਸ਼ਲ ਮੀਡੀਆ ਤੇ ਕੀਤਾ ਜਾਂਦਾ ਰਿਹਾ ਮਜ਼ਾਕ
"ਅਖੇ ਵਿਧਾਨ ਸਭਾ ਘੇਰਨ ਗੲੇ ਅਕਾਲੀ 25 ਸੈਕਟਰ ਦਾ ਠੇਕਾ ਘੇਰਕੇ ਵਾਪਸ ਮੁੜੇ"
By : ਜਗਦੀਸ਼ ਥਿੰਦ
Tuesday, Mar 20, 2018 06:42 PM
-
ਚੰਡੀਗੜ੍ਹ ਸੈਕਟਰ 25 ਵਿੱਚ ਪੰਜਾਬੀਆਂ ਵੱਲੋਂ ਪੀਣ ਲਈ ਖਰੀਦੀ ਗਈ ਵਿਸਕੀ ਦੀਆਂ ਬੋਤਲਾਂ ਸਮੇਤ ਆਪਣੇ ਵਹੀਕਲਾਂ ਵੱਲ ਮੁੜਦੇ ਲੋਕ
ਜਗਦੀਸ਼ ਥਿੰਦ
ਚੰਡੀਗੜ੍ਹ 20 ਮਾਰਚ 2018 :ਪੰਜਾਬ ਦੇ ਕਿਸਾਨਾਂ ਦੇ ਕਰਜ਼ਾ ਮੁਆਫੀ ਦੇ ਵਾਅਦੇ ਉੱਪਰ ਪੰਜਾਬ ਸਰਕਾਰ ਵੱਲੋਂ ਪੂਰਾ ਨਾ ਉਤਰਨ ਦੇ ਮੁੱਦੇ ਅਤੇ ਪੰਜਾਬ ਦੇ ਆਮ ਲੋਕਾਂ ਦੀਆਂ ਹੋਰ ਮੰਗਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਵਿਧਾਨ ਸਭਾ ਘੇਰਨ ਦੀ ਕੋਸ਼ਿਸ਼ ਤੋਂ ਪਹਿਲਾਂ ਸੈਕਟਰ 25 ਵਿੱਚ ਕੀਤੀ ਗਈ ਰੈਲੀ ਵਿੱਚ ਪੰਜਾਬ ਭਰ ਵਿੱਚੋਂ ਪੁੱਜੇ ਆਮ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਅਤੇ ਹੋਰ ਆਗੂਆਂ ਨੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਖਿਲਾਫ ਰੱਜ ਕੇ ਭੜਾਸ ਕੱਢੀ ਅਤੇ ਪੰਜਾਬ ਵਿਧਾਨ ਸਭਾ ਵੱਲ ਮਾਰਚ ਕਰਦਿਆਂ ਪਾਣੀ ਦੀਆਂ ਬੁਛਾੜਾਂ ਅਤੇ ਲਾਠੀਚਾਰਜ ਦਾ ਵੀ ਸਾਹਮਣਾ ਵੀ ਕਰਨਾ ਪਿਆ ।
ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ , ਬਿਕਰਮ ਮਜੀਠੀਆ ਅਤੇ ਪਰਮਿੰਦਰ ਸਿੰਘ ਢੀਂਡਸਾ ਆਦਿ ਆਗੂਆਂ ਨੂੰ ਪੁਲਸ ਨੇ ਗ੍ਰਿਫਤਾਰ ਵੀ ਕੀਤਾ ਪਰ ਪੰਜਾਬੀਆਂ ਵੱਲੋਂ ਆਪਣੇ ਕੁਦਰਤੀ ਸੁਭਾਅ ਅਨੁਸਾਰ ਹੀ ਵਾਪਸ ਮੁੜਨ ਮੌਕੇ ਇੱਕ- ਇੱਕ ਦੋ -ਦੋ ਅਤੇ ਕਈਆਂ ਨੇ ਜ਼ਿਆਦਾ ਦਾਰੂ ਦੀਆਂ ਬੋਤਲਾਂ ਖਰੀਦ ਕੀਤੀਆਂ ਤਾਂ ਸ਼ਰਾਰਤੀ ਕਿਸਮ ਦੇ ਲੋਕਾਂ ਨੇ ਉਨ੍ਹਾਂ ਦੀਆਂ ਤਸਵੀਰਾਂ ਖਿੱਚ ਕੇ ਸੋਸ਼ਲ ਮੀਡੀਆ ਤੇ ਪਾ ਕੇ ਮਜ਼ਾਕ ਬਣਾਉਣ ਦੀ ਕੋਸ਼ਿਸ਼ ਕੀਤੀ । ਵਿਸਕੀ ਦੀ ਪੇਟੀ ਚੁੱਕੀ ਇੱਕ ਕਿਸਾਨ ਦੀ ਫੋਟੋ ਸੋਸ਼ਲ ਮੀਡੀਆ ਉੱਤੇ ਪਾ ਕੇ ਲਿਖਿਆ ਗਿਆ ਕਿ ਅਕਾਲੀ ਗੲੇ ਸੀ ਵਿਧਾਨ ਸਭਾ ਘੇਰਨ , ਪਰ ਸੈਕਟਰ 25 ਦਾ ਠੇਕਾ ਘੇਰ ਕੇ ਵਾਪਸ ਮੁੜ ਗੲੇ । ਇਸ ਤੋਂ ਇਲਾਵਾ ਹੋਰ ਵੀ ਕਈ ਟਿੱਪਣੀਆਂ ਕੀਤੀਆਂ ਗਈਆਂ ।
ਸੋਸ਼ਲ ਮੀਡੀਆ ਤੇ ਇਨ੍ਹਾਂ ਫੋਟੋਆਂ ਦੇ ਥੱਲੇ ਟਿੱਪਣੀਆਂ ਕਰਦਿਆਂ ਹੋਇਆਂ ਲਿਖਿਆ ਗਿਆ ਕਿ ਅਕਾਲੀ ਛੇ ਮਹੀਨੇ ਦਾ ਰਾਸ਼ਨ ਲੈ ਕੇ ਗੲੇ ਹਨ । ਇਸ ਸਬੰਧੀ ਅਕਾਲੀ ਦਲ ਦਾ ਹੀ ਵਿੰਗ ਸੋਈ ਨਾਲ ਸਬੰਧਤ ਇੱਕ ਨੌਜਵਾਨ ਨੇ ਕਿਹਾ ਕਿ ਬੇਵਜ੍ਹਾ ਤਸਵੀਰਾਂ ਪਾ ਕੇ ਮਜ਼ਾਕ ਬਣਾਉਣ ਦੀ ਸ਼ਰਾਰਤੀ ਅਨਸਰਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ । ਇੱਕ ਹੋਰ ਕਿਸਾਨ ਯੂਨੀਅਨ ਨਾਲ ਜੁੜੇ ਹੋਏ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਜ਼ਾ ਮਾਫ਼ੀ ਕਿਸਾਨਾਂ ਦੀਆਂ ਮੋਟਰਾਂ ਉਪਰ ਮੀਟਰ ਲਗਾਉਣ ਅਤੇ ਹੋਰ ਕਿਸਾਨ ਵਿਰੋਧੀ ਫ਼ੈਸਲਿਆਂ ਖਿਲਾਫ ਦਿੱਤੇ ਗਏ ਧਰਨੇ ਅਤੇ ਵਿਧਾਨ ਸਭਾ ਘੇਰਨ ਦੀ ਕੀਤੀ ਗਈ ਕੋਸ਼ਿਸ਼ ਤੋਂ ਧਿਆਨ ਹਟਾਉਣ ਲਈ ਅਜਿਹੀਆਂ ਹਲਕੀਆਂ ਕੋਸ਼ਿਸ਼ਾਂ ਕਾਂਗਰਸ ਪੱਖੀਆਂ ਵੱਲੋਂ ਕੀਤੀਆਂ ਜਾ ਰਹੀਆਂ ਹਨ । ਇਸ ਸੰਬੰਧੀ ਇਕ ਹੋਰ ਨੌਜਵਾਨ ਨੇ ਕਿਹਾ ਕਿ ਆਪਣੇ ਪੈਸੇ ਨਾਲ ਕਿਸੇ ਨੇ ਕੋਈ ਸਾਮਾਨ ਖਰੀਦਿਆ ਹੈ ਕਿਸੇ ਨੂੰ ਕੀ ਤੰਗੀ ਹੈ ।