ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਰੰਧਾਵਾ ਨੇ ਖੁਦ ਵਿਧਾਨ-ਸਭਾ ‘ਚ ਮੰਨਿਆ ਸੀ ਕਿ ਉਸ ਦੇ ਪਿਤਾ ਨੇ ਦਰਬਾਰ ਸਾਹਿਬ ‘ਤੇ ਹਮਲੇ ਦਾ ਸੁਆਗਤ ਕੀਤਾ ਸੀ: ਵਲਟੋਹਾ
ਰੰਧਾਵਾ ਨੇ ਖੁਦ ਵਿਧਾਨ-ਸਭਾ ‘ਚ ਮੰਨਿਆ ਸੀ ਕਿ ਉਸ ਦੇ ਪਿਤਾ ਨੇ ਦਰਬਾਰ ਸਾਹਿਬ ‘ਤੇ ਹਮਲੇ ਦਾ ਸੁਆਗਤ ਕੀਤਾ ਸੀ: ਵਲਟੋਹਾ
Page Visitors: 2399

ਰੰਧਾਵਾ ਨੇ ਖੁਦ ਵਿਧਾਨ-ਸਭਾ ‘ਚ ਮੰਨਿਆ ਸੀ ਕਿ ਉਸ ਦੇ ਪਿਤਾ ਨੇ ਦਰਬਾਰ ਸਾਹਿਬ ‘ਤੇ ਹਮਲੇ ਦਾ ਸੁਆਗਤ ਕੀਤਾ ਸੀ: ਵਲਟੋਹਾ
By : ਬਾਬੂਸ਼ਾਹੀ ਬਿਊਰੋ
Friday, Aug 24, 2018 06:28 PM

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ : ਵਿਰਸਾ ਸਿੰਘ ਵਲਟੋਹਾ, ਹਰਜੀਤ ਸਿੰਘ ਸੰਧੂ ਅਤੇ ਰਵਿੰਦਰ ਸਿੰਘ ਬ੍ਰਹਮਪੁਰਾ,ਰਵੀਇੰਦਰ ਸਿੰਘ ਕਾਹਲੋ ਯੁਥ ਪ੍ਰਧਾਨ, ਤਲਬੀਰ ਸਿੰਘ ਗਿਲ, ਗੁਰਪ੍ਰਤਾਪ ਸਿੰਘ ਟਿਕਾ, ਗੁਰਪ੍ਰੀਤ ਸਿੰਘ ਰੰਧਾਵਾ, ਰਣਾ ਰਣਬੀਰ ਸਿੰਘ ਲੋਪੋਕ ਤੇ ਹੋਰ
ਅੰਮ੍ਰਿਤਸਰ, 24 ਅਗਸਤ  2018: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੈਬਨਿਟ ਮੰਤਰੀ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਆਪਣੇ ਸਿੱਖ ਹੋਣ ਦੇ ਵੱਡੇ ਦਾਅਵੇ ਕਰਨ ਤੋਂ ਪਹਿਲਾਂ ਉਹ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਹਮਲੇ ਦਾ ਸਵਾਗਤ ਕਰਨ ਦੇ ਆਪਣੇ ਪਿਤਾ ਸੰਤੋਖ ਸਿੰਘ ਰੰਧਾਵਾ ਦੇ ਬਜੱਰ ਗੁਨਾਹ ਦੀ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋ ਕੇ ਸਮੁੱਚੀ ਸਿੱਖ ਸੰਗਤ ਤੋਂ ਮੁਆਫੀ ਮੰਗਣ।
ਇਥੇ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਤੇ ਸ੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸ: ਵਿਰਸਾ ਸਿੰਘ ਵਲਟੋਹਾ, ਹਰਜੀਤ ਸਿੰਘ ਸੰਧੂ ਅਤੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਮੰਤਰੀ ਰੰਧਾਵਾ ਨੂੰ ਅੱਜ ਆਪਣੇ ਪਿਤਾ ਵਾਂਗ ਹੀ ਸੱਤਾ ਦਾ ਨਸ਼ਾ ਚੜ੍ਹ ਗਿਆ ਹੈ। 1984 ਵਿਚ ਜਦੋਂ ਇੰਦਰਾ ਗਾਂਧੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ 'ਤੇ ਤੋਪਾਂ ਟੈਕਾਂ ਨਾਲ ਹਮਲਾ ਕੀਤਾ ਸੀ ਤਾਂ ਉਦੋਂ ਜੇਲ ਮੰਤਰੀ ਦੇ ਪਿਤਾ ਸ੍ਰ: ਸੰਤੋਖ ਸਿੰਘ ਰੰਧਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਨ ਜਿਹਨਾਂ ਨੇ ਨਾ ਸਿਰਫ ਹਮਲਾ ਕਰਨ ਦਾ ਸਵਾਗਤ ਕੀਤਾ ਬਲਕਿ ਇਸ ਲਈ ਇੰਦਰਾ ਗਾਂਧੀ ਦਾ ਧੰਨਵਾਦ ਵੀ ਕੀਤਾ ਸੀ। ਇਹ ਗੱਲ 17 ਜੁਲਾਈ 2014 ਦੇ ਵਿਧਾਨ ਸਭਾ ਇਜਲਾਸ ਦੌਰਾਨ ਸ੍ਰੀ ਰੰਧਾਵਾ ਨੇ ਖੁਦ ਵੀ ਸਵੀਕਾਰ ਕੀਤੀ ਸੀ। ਜੋ ਕਿ ਵਿਧਾਨ ਸਭਾ ਦੇ ਰਿਕਾਰਡ 'ਚ ਦਰਜ ਹੈ। ਉਹਨਾਂ ਵਿਧਾਨ ਸਭਾ ਦਾ ਰਿਕਾਰਡ ਕਾਪੀ ਵੀ ਪ੍ਰੈਸ ਨੂੰ ਦਿਖਾਈ। ਵਲਟੋਹਾ ਨੇ ਕਿਹਾ ਕਿ ਸੁਖੀ ਰੰਧਾਵਾ ਦੇ ਪਿਤਾ ਵੱਲੋਂ ਕੀਤੇ ਗੁਨਾਹ ਨੂੰ ਸਿੱਖ ਸੰਗਤ ਹਾਲੇ ਭੁੱਲੀ ਨਹੀਂ ਤੇ ਇਹ ਗੁਨਾਹ ਬਖਸ਼ਣਯੋਗ ਵੀ ਨਹੀਂ ਹੈ।
ਉਹਨਾਂ ਕਿਹਾ ਕਿ ਜਦੋਂ ਮੰਤਰੀ ਖੁਦ ਪ੍ਰਵਾਨ ਕਰ ਰਹੇ ਹਨ ਕਿ ਉਹਨਾਂ ਦੇ ਪਿਤਾ ਨੇ ਖੁਦ ਬਜੱਰ ਗਲਤੀ ਕੀਤੀ ਸੀ ਤਾਂ ਉਹਨਾਂ ਨੂੰ ਖੁਦ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋ ਕੇ ਸਮੁੱਚੀ ਸਿੱਖ ਸੰਗਤ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਮੌਜੂਦਾ ਹਾਲਾਤ ਵਿਚ ਇਹ ਹੋਰ ਵੀ ਲਾਜ਼ਮੀ ਹੈ ਕਿਉਂਕਿ ਹੁਣ ਸ੍ਰੀ ਰੰਧਾਵਾ ਨੇ ਸਤਾ ਦੇ ਨਸ਼ੇ 'ਚ ਖੁਦ ਹੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਤੋੜ ਮਰੋੜ ਕੇ ਲੋਕਾਂ ਅੱਗੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ।
ਸ੍ਰੀ ਵਲਟੋਹਾ ਨੇ ਕਿਹਾ ਕਿ ਮੰਤਰੀ ਸੁਖੀ ਰੰਧਾਵਾ ਦੇ ਆਪਣੇ ਰਵੱਈਏ ਅਤੇ ਉਹਨਾਂ ਦੇ ਪਿਤਾ ਦੇ ਬਜਰ ਗੁਨਾਹਾਂ ਤੋਂ  ਸਾਬਤ ਹੁੰਦਾ ਹੈ ਕਿ ਸ੍ਰੀ ਸੰਤੋਖ ਸਿੰਘ ਰੰਧਾਵਾ ਆਪਣੇ ਜਿਉਂਦੇ ਜੀਅ  ਤੇ ਮੰਤਰੀ ਰੰਧਾਵਾ 'ਚ ਹੁਣ ਇੰਦਰਾ ਦੀ ਰੂਹ ਆਉਣ ਕਾਰਨ ਆਪ ਸਿੱਖ ਕੌਮ ਲਈ ਵੱਡੇ ਦੁਸ਼ਮਣ ਬਣ ਗਏ ਹਨ। ਜਿਥੇ ਮੰਤਰੀ ਰੰਧਾਵਾ ਦੇ ਪਿਤਾ ਵੀ ਇੰਦਰਾ ਗਾਂਧੀ ਦੇ ਭਗਤ ਸਨ ਤੇ ਉਸਦਾ ਸਿੱਖ ਵਿਰੋਧੀ ਏਜੰਡਾ ਲਾਗੂ ਕਰਨ ਵਾਸਤੇ ਹਮੇਸ਼ਾ ਤਤਪਰ ਰਹਿੰਦੇ ਸਨ, ਉਸੇ ਤਰ੍ਹਾਂ ਹੁਣ ਮੰਤਰੀ ਰੰਧਾਵਾ ਗਾਂਧੀ ਪਰਿਵਾਰ ਦੇ ਝੋਲੀ ਚੁੱਕ ਬਣ ਕੇ ਸਿੱਖਾਂ ਵਿਚ ਨਫਰਤ ਅਤੇ ਰੋਹ ਫੈਲਾਉਣ ਦਾ ਏਜੰਡਾ ਪੂਰਾ ਕਰ ਰਹੇ ਹਨ। ਉਹਨਾਂ ਕਿਹਾ ਕਿ ਮੰਤਰੀ ਵੱਲੋਂ ਗੁਰਬਾਣੀ ਦੀ ਕੀਤੀ ਬੇਅਦਬੀ ਨਾਲ ਵੀ ਸਿੱਖ ਜਗਤ ਵਿਚ ਵੱਡਾ ਰੋਸ ਫੈਲ ਲਿਆ ਗਿਆ ਹੈ।
ਅਕਾਲੀ ਆਗੂ ਨੇ ਕਿਹਾ ਕਿ ਮੰਤਰੀ ਰੰਧਾਵਾ ਨੇ ਜੇਕਰ ਜਲਦ ਹੀ ਆਪਣੇ ਪਿਤਾ ਦੇ ਕੀਤੇ ਬਜਰ ਗੁਨਾਹ ਤੇ ਆਪਣੇ ਵੱਲੋਂ ਗੁਰਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਮੁਆਫੀ ਨਾ ਮੰਗੀ ਤਾਂ ਫਿਰ ਅਸੀਂ ਇਹਨਾਂ ਦਾ ਪੁਰਜੋਰ ਵਿਰੋਧ ਕਰਾਂਗੇ। ਉਹਨਾਂ ਕਿਹਾ ਕਿ ਸਿੱਖ ਸੰਗਤ ਵਿਚ ਉਹਨਾਂ ਦੇ ਵਤੀਰੇ ਪ੍ਰਤੀ ਪੂਰਨ ਰੋਹ ਹੈ ਤੇ ਇਹ ਰੋਹ ਕਿਸੇ ਵੇਲੇ ਵੀ ਲਾਵਾ ਬਣ ਕੇ ਫੁੱਟ ਸਕਦਾ ਹੈ। ਇਸ ਮੌਕੇ ਰਵੀਇੰਦਰ ਸਿੰਘ ਕਾਹਲੋ ਯੁਥ ਪ੍ਰਧਾਨ, ਤਲਬੀਰ ਸਿੰਘ ਗਿਲ, ਗੁਰਪ੍ਰਤਾਪ ਸਿੰਘ ਟਿਕਾ, ਗੁਰਪ੍ਰੀਤ ਸਿੰਘ ਰੰਧਾਵਾ, ਰਣਾ ਰਣਬੀਰ ਸਿੰਘ ਲੋਪੋਕੇ, ਮੇਜਰ ਸ਼ਿਵੀ, ਪ੍ਰੋ: ਸਰਚਾਂਦ ਸਿੰਘ , ਜਸਪਾਲ ਸਿੰਘ ਸ਼ੰਟੂ, ਆਦਿ ਮੌਜੂਦ ਸਨ ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.