ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਵਰਲਡ ਸਿੱਖ ਪਾਰਲੀਮੈਂਟ ਨੇ ‘ਵਰਲਡ ਸਿੱਖ ਬੈਂਕ’ ਤੇ ‘ਵਰਲਡ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ’ ਬਨਾਉਣ ਦਾ ਕੀਤਾ ਫੈਸਲਾ
ਵਰਲਡ ਸਿੱਖ ਪਾਰਲੀਮੈਂਟ ਨੇ ‘ਵਰਲਡ ਸਿੱਖ ਬੈਂਕ’ ਤੇ ‘ਵਰਲਡ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ’ ਬਨਾਉਣ ਦਾ ਕੀਤਾ ਫੈਸਲਾ
Page Visitors: 2328

ਵਰਲਡ ਸਿੱਖ ਪਾਰਲੀਮੈਂਟ ਨੇ ‘ਵਰਲਡ ਸਿੱਖ ਬੈਂਕ’ ਤੇ ‘ਵਰਲਡ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ’ ਬਨਾਉਣ ਦਾ ਕੀਤਾ ਫੈਸਲਾ
By : ਯਾਦਵਿੰਦਰ ਸਿੰਘ ਤੂਰ
Monday, Oct 01, 2018 09:42 PM
ਪੈਰਿਸ, 1 ਅਕਤੂਬਰ 2018 -
ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ, ਸਿੱਖ ਰਾਸ਼ਟਰ ਦੇ ਹਿੱਤਾਂ, ਸਿਖ ਭਾਈਚਾਰੇ ਅਤੇ ਦੁਨੀਆਂ ਭਰ ਦੇ ਸਿੱਖ ਜਥੇਬੰਦੀਆਂ ਦੀ ਪ੍ਰਤੀਨਿਧਤਾ ਕਰਨ ਲਈ ਸਥਾਪਿਤ ਕੀਤੀ ਗਈ ਵਰਲਡ ਸਿੱਖ ਪਾਰਲੀਮੈਂਟ ਨੇ ਪੈਰਿਸ ਵਿਚ ਆਪਣਾ ਪਹਿਲਾ ਇਤਿਹਾਸਕ ਉਦਘਾਟਨੀ ਸੈਸ਼ਨ ਕੀਤਾ। ਸਵਰਨਜੀਤ ਸਿੰਘ ਖਾਲਸਾ ਯੂਐਸਏ ਨੇ ਈ-ਮੇਲ ਰਾਹੀਂ ਇਹ ਜਾਣਾਕਰੀ ਸਾਂਝੀ ਕੀਤੀ।
ਦੁਨੀਆਂ ਦੇ ਪੰਜ ਖਿੱਤਿਆਂ ਦੇ ਵੱਖ ਵੱਖ ਦੇਸ਼ਾਂ ਜਿਨ੍ਹਾਂ ਵਿੱਚ ਯੂ ਐਸ ਏ, ਇੰਗਲੈਂਡ, ਕਨੇਡਾ, ਫਰਾਂਸ, ਸਪੇਨ, ਹਾਲੈਂਡ, ਜਰਮਨੀ, ਨਿਊਜ਼ੀਲੈਂਡ, ਆਸਟਰੇਲੀਆਂ ਆਦਿ ਦੇਸ਼ਾਂ ਤੋਂ ਨਾਮਜ਼ਦ ਡੈਲੀਗੇਟਾਂ ਨੇ ਪੈਰਿਸ ਇਜਲਾਸ ਵਿੱਚ ਹਿੱਸਾ ਲਿਆ ।
ਸ਼ਨੀਵਾਰ ਨੂੰ 12 ਘੰਟੇ ਚੱਲੇ ਇਜਲਾਸ ਦੀ ਸ਼ੁਰੂਆਤ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਅਰਦਾਸ ਉਪਰੰਤ ਕੀਤੀ ਗਈ । ਇਸ 'ਚ ਭਾਰਤ ਤੋਂ ਕੇਵਲ ਦੋ ਹੀ ਸ਼ਖਸੀਅਤਾਂ ਨੂੰ ਸ਼ਾਮਲ ਕੀਤਾ ਗਿਆ। ਐਡਵੋਕੇਟ ਅਮਰ ਸਿੰਘ ਚਾਹਲ ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਧਰਮ ਪਿਤਾ ਗੁਰਚਰਨ ਸਿੰਘ ਅਤੇ ਯੂ. ਕੇ. ਤੋਂ ਭਾਈ ਗੁਰਨਾਮ ਸਿੰਘ ਸਪੈਸ਼ਲ ਅਬਜ਼ਰਵਰ ਦੇ ਰੂਪ ਵਿੱਚ ਸ਼ਾਮਲ ਹੋਏ । ਇਸ ਤੋਂ ਇਲਾਵਾ ਦੇਸ਼ਾਂ ਤੇ ਵਿਦੇਸ਼ਾਂ ਤੋਂ ਹੋਰ ਵੀ ਆਬਜ਼ਰਵਰ ਮੌਜੂਦ ਸਨ ।
ਵਰਲਡ ਸਿੱਖ ਪਾਰਲੀਮੈਂਟ ਦੇ ਇਜਲਾਸ ਵਿੱਚ ਢਾਂਚੇ ਨੂੰ ਇੱਕ ਲੰਬੀ ਵਿਚਾਰ ਤੋਂ ਬਾਅਦ ਪ੍ਰਵਾਨ ਕੀਤਾ ਗਿਆ । ਇਸ ਤੋਂ ਇਲਾਵਾ ਸੁਪਰੀਮ ਐਗਜ਼ੈਕਟਿਵ ਕੌਂਸਲ ਦੇ ਵਿਦੇਸ਼ਾਂ ਵਿਚਲੇ 125 ਨੁੰਮਾਇੰਦਿਆਂ ਦਾ ਐਲਾਨ ਵੀ ਕੀਤਾ ਗਿਆ ਜੋ ਕਿ 20 ਅਲੱਗ ਅਲੱਗ ਦੇਸ਼ਾਂ ਤੋਂ ਹਨ । ਪਾਰਲੀਮੈਂਟ ਅਧੀਨ ਵੱਖ ਵੱਖ ਮੁੱਦਿਆਂ ਨਾਲ ਸਬੰਧਤ 10 ਕੌਂਸਲਾ ਦੇ ਮੈਂਬਰਾਂ ਦੀ ਵੀ ਨਿਯੁਕਤੀ ਕੀਤੀ ਗਈ

ਪਾਰਲੀਮੈਂਟ ਦੇ ਸਲਾਹਕਾਰ ਬੋਰਡ ਦਾ ਭਵਿੱਖ ਵਿੱਚ ਗਠਨ ਕਰਨ ਦਾ ਫੈਸਲਾ ਕੀਤਾ ਗਿਆ ਜਿਨ੍ਹਾਂ ਵਿੱਚ ਵੱਖ ਵਿਸ਼ਿਆਂ ਦੇ ਮਾਹਰ ਗੁਰਸਿੱਖ ਪਾਰਲੀਮੈਂਟ ਦਾ ਕੰਮਕਾਜ ਚਲਾਉਣ ਲਈ ਆਪਣੇ ਵਿਚਾਰ ਦੇ ਸਕਣਗੇ ।  ਪੰਜਾਬ ਅੰਦਰ ਵਰਲਡ ਸਿੱਖ ਪਾਰਲੀਮੈਂਟ ਦੇ ਮੈਬਰਾਂ ਦੀ ਨਿਯੁਕਤੀ ਲਈ ਹੋਰ ਹੰਭਲਾ ਮਾਰਨ ਦਾ ਵੀ ਪ੍ਰਣ ਕੀਤਾ ਗਿਆ ।
ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰਾਂ ਵੱਲੋਂ ਪੰਥਕ ਮੁੱਦਿਆਂ ਦੇ ਵਿਚਾਰਾਂ ਤੋਂ ਬਾਅਦ 6 ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ । ਸਿੱਖਾਂ ਨੂੰ ਸਵੈ ਨਿਰਣੇ ਦੇ ਹੱਕ ਵਿੱਚ, ਭਾਰਤ ਸਰਕਾਰ ਵੱਲੋਂ ਸਿੱਖਾਂ ਦੀ ਨਸਲਕੁਸ਼ੀ ਬਾਬਤ, ਹਿੰਦੁਤਵੀ ਫਾਸ਼ੀਵਾਦ ਦੇ ਵਿਰੁੱਧ, ਅਤੇ ਭਾਰਤ ਦੀਆਂ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਮਤੇ ਵੀ ਇਜਲਾਸ ਵਿੱਚ ਪਾਸ ਕੀਤੇ ਗਏ । ਉਥੇ ਹੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਬਰਗਾੜੀ ਬੇਅਦਬੀ ਮਾਮਲਿਆਂ ਦੇ ਦੋਸ਼ੀ ਠਹਿਰਾਉਂਦਿਆਂ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ।
ਐਤਵਾਰ ਨੂੰ ਪੈਰਿਸ ਦੇ ਗੁਰਦੁਆਰਾ ਸਾਹਿਬ ਬੋਬੀਨੀ ਵਿੱਚ ਦੀਵਾਨ ਸਜਿਆ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਬੁਲਾਰਿਆਂ ਨੇ ਪੰਥਕ ਮਸਲਿਆਂ ਉੱਤੇ ਵਿਚਾਰ ਪੇਸ਼ ਕੀਤੇ । ਇਸ ਮੌਕੇ ਪੰਜਾਬ ਤੋਂ ਭਾਈ ਨਰਾਇਣ ਸਿੰਘ ਚੌੜਾ ਵੱਲੋਂ ਭੇਜਿਆ ਗਿਆ ਸੁਨੇਹਾ ਵੀ ਪੜ੍ਹਿਆ ਗਿਆ । ਸਵੈ ਨਿਰਣੇ ਦੇ ਹੱਕ ਸਬੰਧੀ ਵੀ ਮਤੇ ਸੰਗਤਾਂ ਸਨਮੁਖ ਪ੍ਰਵਾਨਗੀ ਲਈ ਰੱਖੇ ਗਏ । ਪੰਜ ਖਿੱਤਿਆ ਤੋਂ ਆਏ ਬੁਲਾਰਿਆ ਨੇ ਆਪਣੇ ਵਿਚਾਰ ਸੰਗਤਾਂ ਅੱਗੇ ਰੱਖੇ ।

ਸੰਗਤਾਂ ਦੀ ਪ੍ਰਵਾਨਗੀ ਲਈ ਹੇਠ ਲਿਖੇ ਮਤੇ ਪੜ੍ਹੇ ਗਏ ਜਿਨ੍ਹਾਂ ਨੂੰ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਪ੍ਰਵਾਨ ਕੀਤਾ । 
ਮਤਾ ਨੰਬਰ 1
ਵਰਲਡ ਸਿੱਖ ਪਾਰਲੀਮੈਂਟ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਰਗਾੜੀ, ਬਹਿਬਲਕਲਾਂ ਤੇ ਕੋਟਕਪੂਰੇ ਵਿੱਚ ਸ਼ਾਂਤਮਈ ਰੋਸ ਕਰ ਰਹੀਆਂ ਸੰਗਤਾਂ ਉੱਤੇ ਗੋਲੀ ਚਲਾ ਕੇ ਸ਼ਹੀਦ ਕੀਤੇ ਸਿੰਘਾਂ ਦਾ ਇਨਸਾਫ ਸਰਕਾਰ ਤੋਂ ਲੈਣ ਦੀ ਬਜਾਏ ਖਾਲਸਾ ਪੰਥ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਤਰ ਹੋ ਕੇ ਖਾਲਸਈ ਰਵਾਇਤਾਂ ਅਨੁਸਾਰ ਆਪਣੇ ਹੱਕ ਲੈਣ ਲਈ ਠੋਸ ਪ੍ਰੋਗਰਾਮ ਉਲੀਕੇ । ਵਰਲਡ ਸਿੱਖ ਪਾਰਲੀਮੈਂਟ ਦੇਸ਼ਾਂ ਵਿਦੇਸ਼ਾਂ ਵਿੱਚ ਇੱਕ ਮੁਹਿੰਮ ਚਲਾਏਗੀ ਤਾਂ ਕਿ ਬੇਅਦਬੀ ਅਤੇ ਸ਼ਹੀਦਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾ ਸਕੇ ।
ਮਤਾ ਨੰਬਰ 2
ਵਰਲਡ ਸਿੱਖ ਪਾਰਲੀਮੈਂਟ ਦੇਸ਼ ਵਿਦੇਸ਼ ਦੇ ਸਮੂਹ ਗੁਰਦੁਆਰਾ ਪ੍ਰਬੰਧਕਾਂ ਤੇ ਆਮ ਸੰਗਤਾਂ ਨੂੰ ਬੇਨਤੀ ਕਰਦੀ ਹੈ ਕਿ ਉਹ ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਰੋਕਣ ਲਈ ਗੁਰੂ ਘਰਾਂ ਵਿੱਚ ਸੁਰੱਖਿਆ ਦੇ ਮਜ਼ਬੂਤ ਪ੍ਰਬੰਧ ਕਰਨ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ । ਸਾਡੀ ਬੇਨਤੀ ਹੈ ਕਿ ਜਦੋਂ ਨਵੇਂ ਸਰੂਪ ਸੰਗਤਾਂ ਜਾਂ ਗੁਰਦੁਆਰਿਆ ਨੂੰ ਦਿੱਤੇ ਜਾਣ ਤਾਂ ਉਹਨਾਂ ਦਾ ਇੱਕ ਲਿਖਤੀ ਰਿਕਾਰਡ ਬਣਾਇਆ ਜਾਵੇ ।
ਮਤਾ ਨੰਬਰ 3
ਬੇਅਦਬੀਆਂ ਦੀਆ ਘਟਨਾਵਾਂ ਤੇ ਤਿੰਨ ਸਾਲ ਹੋਣ ਤੇ ਸਾਰੀ ਦੁਨੀਆਂ ਦੀਆਂ ਗੁਰਦੁਆਰਾ ਕਮੇਟੀਆਂ ਨੂੰ ਸਹਿਜ ਪਾਠ ਜਾਂ ਅਖੰਡ ਪਾਠ ਸ਼ੁਰੂ ਕੀਤੇ ਜਾਣ ਜਿਨ੍ਹਾਂ ਦੇ ਭੋਗ 11 ਅਕਤੂਬਰ ਨੂੰ ਪਾ ਕੇ ਸਾਰੀ ਮਨੁੱਖਤਾ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜਾਵੇ ।
ਮਤਾ ਨੰਬਰ 4
ਮਨੁੱਖਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ੫੫੦ਵੇਂ ਪ੍ਰਕਾਸ਼ ਦਿਹਾੜੇ ਤੇ ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੀ ਦਿਖਾਈ ਫਰਾਖ ਦਿਲੀ ਦੀ ਸ਼ਲਾਘਾ ਕਰਦੀ ਹੈ । ਸਿੱਖ ਰੋਜ਼ਾਨਾ 'ਸਿੱਖਾਂ ਨਾਲੋਂ ਵਿਛੋੜੇ ਗਏ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ' ਲਈ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਨ । ਭਾਰਤ ਸਰਕਾਰ ਵੱਲੋਂ ਲਾਂਘੇ ਦਾ ਵਿਰੋਧ ਕਰਨਾ ਸਿੱਖਾਂ ਦੀ ਅਰਦਾਸ ਦੇ ਵਿਰੋਧ ਵਿੱਚ ਖੜ੍ਹਨਾ ਹੈ । ਅਕਾਲੀ ਦਲ ਬਾਦਲ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਵਿਰੋਧ ਕਰਨ ਦੀ ਵਰਲਡ ਸਿੱਖ ਪਾਰਲੀਮੈਂਟ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ ।
ਮਤਾ ਨੰਬਰ 5
ਵਰਲਡ ਸਿਖ ਪਾਰਲੀਮੈਂਟ ਜੇਲ੍ਹਾਂ ਵਿੱਚ ਲੰਮੇ ਸਮੇਂ ਤੋਂ ਬੰਦ ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਲਈ ਉਪਰਾਲੇ ਕਰਨ ਦੀ ਪੁਰਜ਼ੋਰ ਬੇਨਤੀ ਕਰਦੀ ਹੈ । ਬੰਦੀ ਸਿੰਘਾਂ ਦੀ ਰਿਹਾਈ ਤੇ  ਉਹਨਾਂ ਦੇ ਪਰਿਵਾਰਾਂ ਅਤੇ ਉਹਨਾਂ ਦੇ ਮੁੜ ਵਸੇਬੇ ਬਾਰੇ ਉੱਦਮ ਉਪਰਾਲੇ ਕਰ ਰਹੀਆਂ ਸੰਸਥਾਵਾਂ ਦਾ ਸਿੱਖ ਕੌਮ ਪਹਿਲ ਦੇ ਅਧਾਰ ਉੱਤੇ ਸਾਥ ਦੇਵੇ ।
ਮਤਾ ਨੰਬਰ 6
ਵਰਲਡ ਸਿੱਖ ਪਾਰਲੀਮੈਂਟ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਰਬ ਸਾਂਝੀਵਾਲਤਾਂ ਦੇ ਉਪਦੇਸ਼ਾਂ ਅਨੁਸਾਰ ਰੰਘਰੇਟੇ ਗੁਰੂ ਕੇ ਬੇਟੇ, ਦਲਿਤ ਭਾਈਚਾਰੇ ਦੇ ਨਾਲ-ਨਾਲ ਸਿਕਲੀਗਰ ਵਣਜਾਰਿਆਂ ਨੂੰ ਸਿੱਖ ਪੰਥ ਨਾਲ ਜੋੜਨ ਲਈ ਵੱਧ ਤੋਂ ਵੱਧ ਉਪਰਾਲੇ ਕਰਨ ਤੇ ਇਸ ਪ੍ਰਤੀ ਸੇਵਾ ਨਿਭਾ ਰਹੀਆ ਸੰਸਥਾਵਾਂ ਦਾ ਸਹਿਯੋਗ ਕਰਨ ਦੀ ਵੀ ਬੇਨਤੀ ਕਰਦੀ ਹੈ ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.