ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਭਨਿਆਰਾ ਸਾਧ ਅਤੇ ਉਸ ਦੇ 7 ਹੋਰ ਸਾਥੀਆਂ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ
ਭਨਿਆਰਾ ਸਾਧ ਅਤੇ ਉਸ ਦੇ 7 ਹੋਰ ਸਾਥੀਆਂ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ
Page Visitors: 2466

 ਭਨਿਆਰਾ ਸਾਧ ਅਤੇ ਉਸ ਦੇ 7 ਹੋਰ ਸਾਥੀਆਂ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ
ਮੋਰਿੰਡਾ, 13 ਮਈ (ਕੁਲਵਿੰਦਰ ਜੀਤ ਸਿੰਘ/ਮੋਹਨ ਸਿੰਘ ਅਰੋੜਾ) : ਅੱਜ ਅੰਬਾਲਾ ਦੇ ਮੁੱਖ ਨਿਆਇਕ ਮੈਜਿਸਟ੍ਰੇਟ ਸ੍ਰੀ ਏ ਕੇ ਜੈਨ ਨੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਗਨ ਭੇਂਟ ਕਰਨ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਗਏ ਅਖੌਤੀ ਸਾਧ ਭਨਿਆਰੇ ਤੇ ਉਸ ਦੇ 7 ਚੇਲਿਆਂ ਨੂੰ ਵੱਖ-ਵੱਖ ਧਾਰਾਵਾਂ ਅਧੀਨ 3-3 ਸਾਲ ਦੀ ਸਜ਼ਾ ਅਤੇ 5-5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਸਰਕਾਰੀ ਵਕੀਲ ਜਗਮਾਲ ਸਿੰਘ ਅਤੇ ਸਿੱਖ ਪੰਥ ਦੀ ਤਰਫ਼ੋ ਐਡਵੋਕੇਟ ਸ. ਰਾਜਵਿੰਦਰ ਸਿੰਘ ਬੈਂਸ, ਐਡਵੋਕੇਟ ਬਰਜਿੰਦਰ ਸਿੰਘ ਸੋਢੀ, ਐਡਵੋਕੇਟ ਨਵਨੀਤ ਠਾਕੁਰ ਤੇ ਗੁਰਸੇਰ ਸਿੰਘ ਸੂਲਰ ਨੇ ਦਸਿਆ ਕਿ ਉਕਤ ਸਾਧ ਦੀ ਸ਼ਹਿ 'ਤੇ ਉਸ ਦੇ ਚੇਲਿਆਂ ਨੇ ਮਿਤੀ 17-9-2001 ਨੂੰ ਪਿੰਡ ਰਤਨਗੜ੍ਹ ਦੇ ਗੁਰੂ-ਘਰ ਵਿਚੋਂ ਪ੍ਰਕਾਸ਼ ਕੀਤੀ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕਰ ਕੇ ਉਸ ਨੂੰ ਫਾੜਨ ਉਪਰੰਤ ਪਿੰਡ ਰਸੂਲਪੁਰ ਦੇ ਬੱਸ ਅੱਡੇ ਵਿਖੇ ਅਗਨ ਭੇਂਟ ਕਰ ਦਿਤਾ ਸੀ ਮੋਰਿੰਡਾ ਪੁਲੀਸ ਨੇ ਭਨਿਆਰਾ ਸਾਧ ਸਮੇਤ 14 ਹੋਰ ਵਿਅਕਤੀਆਂ ਵਿਰੁਧ ਧਾਰਾ 452, 435, 380, 411, 153ਏ, 295 ਏ, 120-ਬੀ, 109 ਅਧੀਨ ਮੁਕੱਦਮਾ ਨੰਬਰ 161 ਮਿਤੀ 17-9-2001 ਨੂੰ ਦਰਜ ਕੀਤਾ ਜਿਸ ਦੇ ਟਰਾਈਲ ਵੱਖ-ਵੱਖ ਅਦਾਲਤੀ ਪੜਾਵਾਂ ਵਿਚ ਗੁਜ਼ਰਦੇ ਹੋਏ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ 'ਤੇ ਅੰਬਾਲਾ ਦੇ ਮੁੱਖ ਨਿਆਂਇਕ ਮੈਜਿਸਟ੍ਰੇਟ ਦੀ ਅਦਾਲਤ ਵਿਚ ਕਰੀਬ 13 ਸਾਲ ਚਲਿਆ ਜਿਸ ਦੌਰਾਨ ਮੁੱਦਈ ਧਿਰ ਵਲੋਂ 22 ਗਵਾਹਾਂ ਦੀ ਗਵਾਹੀ ਦਰਜ ਕਰਵਾਈ ਗਈ।
ਬਚਾਅ ਪੱਖ ਨੇ ਵੀ 3 ਗਵਾਹ ਅਪਣੇ ਬਚਾਅ ਲਈ ਅਦਾਲਤ ਵਿਚ ਪੇਸ਼ ਕੀਤੇ ਜਦਕਿ ਇਸ ਮਾਮਲੇ ਵਿਚ ਕਈ ਗਵਾਹ ਮੁਕਰ ਵੀ ਗਏ ਅਤੇ ਕਈਆਂ ਦੀ ਮੌਤ ਵੀ ਹੋ ਗਈ। ਇਸੇ ਤਰ੍ਹਾਂ ਮਾਮਲੇ ਵਿਚ ਸ਼ਾਮਲ ਦੋ ਮੁਲਜ਼ਮਾਂ ਮਲਕੀਅਤ ਸਿੰਘ ਵਾਸੀ ਕਲਹੇੜੀ ਅਤੇ ਉਜਾਗਰ ਸਿੰਘ ਵਾਸੀ ਜਗਰਾਉਂ ਦੀ ਟਰਾਈਲ ਦੌਰਾਨ ਮੌਤ ਹੋ ਗਈ। ਵਕੀਲਾਂ ਨੇ ਦਸਿਆ ਕਿ ਅਕਾਲ ਤਖ਼ਤ ਸਾਹਿਬ ਦੀ ਛੱਤਰ-ਛਾਇਆ ਹੇਠ, ਸ਼੍ਰੋਮਣੀ ਕਮੇਟੀ ਅਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਸਹਿਯੋਗ ਨਾਲ ਵਰਲਡ ਸਿੱਖ ਮਿਸਨ ਵਲੋਂ ਲੜੀ ਲੰਮੀ ਲੜਾਈ ਉਪਰੰਤ 10 ਮਈ 2013 ਨੂੰ ਜੱਜ ਸ੍ਰੀ ਏ ਕੇ ਜੈਨ ਨੇ ਅਖੌਤੀ ਸਾਧ ਭਨਿਆਰੇ ਸਣੇ 7 ਹੋਰ ਮੁਲਜ਼ਮਾਂ ਜਿਨ੍ਹਾਂ ਵਿਚ ਭੁਪਿੰਦਰ ਸਿੰਘ, ਜਸਵਿੰਦਰ ਸਿੰਘ ਉਰਫ਼ ਸੋਨੀ, ਰਾਜਿੰਦਰ ਸਿੰਘ ਅਤੇ ਹਰਜੀਤ ਸਿੰਘ (ਸਾਰੇ ਵਾਸੀ ਪਿੰਡ ਕਲਹੇੜੀ), ਸੁਰਮੁਖ ਸਿੰਘ ਕੁਰਾਲੀ, ਸੁਰਜੀਤ ਸਿੰਘ ਚੰਦਪੁਰ ਡਕਾਲਾ ਅਤੇ ਅਸ਼ੋਕ ਕੁਮਾਰ ਟਿੱਬਾ ਟੱਪਰੀਆਂ ਨੂੰ ਮੁਲਜ਼ਮ ਕਰਾਰ ਦਿਤਾ ਸੀ। ਅੱਜ ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਬਾਅਦ ਦੁਪਹਿਰ ਜੱਜ ਨੇ 3-3 ਸਾਲ ਦੀ ਸਜ਼ਾ ਅਤੇ 5000 ਰੁਪਏ ਜੁਰਮਾਨੇ ਦੀ ਸਜ਼ਾ ਦਾ ਫ਼ੈਸਲਾ ਸੁਣਾਇਆ ਅਤੇ ਨਾਲ ਹੀ ਅਦਾਲਤ ਨੇ ਇਨ੍ਹਾਂ ਦੋਸ਼ੀਆਂ ਨੂੰ 40 ਹਜ਼ਾਰ ਰੁਪਏ ਦੇ ਮੁਚੱਲਕੇ 'ਤੇ ਜ਼ਮਾਨਤ ਵੀ ਦੇ ਦਿਤੀ।
ਅਦਾਲਤੀ ਫ਼ੈਸਲੇ ਦਾ ਸਵਾਗਤ ਕਰਦਿਆਂ ਤੇ ਫ਼ੈਸਲੇ 'ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਵਰਲਡ ਸਿੱਖ ਮਿਸਨ ਦੇ ਆਗੂਆਂ ਅਤੇ ਪੰਥਕ ਲਹਿਰ ਦੇ ਆਗੂਆਂ ਤੇ ਵਰਕਰਾਂ ਨੇ ਕਿਹਾ ਕਿ ਫ਼ੈਸਲੇ ਦੀ ਕਾਪੀ ਹਾਸਲ ਕਰ ਕੇ ਉਹ ਉਕਤ ਦੋਸ਼ੀਆਂ ਨੂੰ ਵੱਧ ਸਜ਼ਾ ਦਿਵਾਉਣ ਲਈ ਉੱਚ ਅਦਾਲਤ ਵਿਚ ਅਪੀਲ ਦਾਇਰ ਕਰਨਗੇ। ਅੱਜ ਅਦਾਲਤੀ ਕਾਰਵਾਈ ਦੌਰਾਨ ਵਰਲਡ ਸਿੱਖ ਮਿਸਨ ਦੇ ਸਕੱਤਰ ਜਨਰਲ ਤੀਰਥ ਸਿੰਘ ਭਟੋਆ, ਵਿੱਤ ਸਕੱਤਰ ਭਾਈ ਕੁਲਵੰਤ ਸਿੰਘ, ਕਾਰਜਕਾਰੀ ਮੈਂਬਰ ਭਾਈ ਮੋਹਿੰਦਰਪਾਲ ਸਿੰਘ, ਇੰਟਰਨੈਸ਼ਨਲ ਸਿੱਖ ਮੰਚ ਦੇ ਆਗੂ ਬਾਬਾ ਗੁਰਮੁਖ ਸਿੰਘ ਪਿੱਪਲਮਾਜਰਾ ਤੇ ਹਰਸਿਮਰਤ ਸਿੰਘ ਭਟੋਆ ਅਤੇ ਸ਼੍ਰੋਮਣੀ ਕਮੇਟੀ ਵਲੋਂ ਭਾਈ ਬਿਕਰਮ ਸਿੰਘ ਕਲੋਤਾ, ਸਾਬਕਾ ਮੈਂਬਰ ਭਾਈ ਗੁਰਦੀਪ ਸਿੰਘ ਭਾਨੋਖੇੜੀ ਤੇ ਸੁਖਦੇਵ ਸਿੰਘ ਗੋਬਿੰਦਗੜ੍ਹਬਾਈ ਬਚਨ ਸਿੰਘ ਬਡਵਾਲੀ, ਬਾਈ ਕਰਨੈਲ ਸਿੰਘ, ਸ. ਦਵਿੰਦਰ ਸਿੰਘ, ਸ. ਸੁਰਜੀਤ ਸਿੰਘ ਅਤੇ ਖ਼ਾਲਸਾ ਸਿੱਖ ਮਿਸਨ ਪੰਜਾਬ ਦੇ ਆਗੂ ਗੁਰਦੀਪ ਸਿੰਘ ਆਦਿ ਹਾਜ਼ਰ ਸਨ। ਇਸੇ ਦੌਰਾਨ ਅਕਾਲੀ ਦਲ (ਅ) ਦੇ ਆਗੂਆਂ ਜਿਨ੍ਹਾਂ ਵਿਚ ਮੋਹਿੰਦਰਪਾਲ ਸਿੰਘ ਤੇ ਕੁਲਦੀਪ ਸਿੰਘ ਆਦਿ ਪ੍ਰਮੁੱਖ ਸਨ, ਨੇ ਅਦਾਲਤੀ ਫ਼ੈਸਲੇ ਵਿਰੁਧ ਅਦਾਲਤ ਦੇ ਬਾਹਰ ਨਾਹਰੇਬਾਜ਼ੀ ਵੀ ਕੀਤੀ। ਇਸ ਦੌਰਾਨ ਪੁਲਿਸ ਵਿਚ ਅਫਰਾ-ਦਫਰੀ ਫੈਲ ਗਈ। 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.