ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਮਾਂ ਬੋਲੀ ਪੰਜਾਬੀ ਦੇ ਸਨਮਾਨ ਦੇ ਮੁੱਦੇ ਨੂੰ ਬਣਾਵਾਂਗੇ ਲੋਕ ਸਭਾ ਚੋਣ ਮੁੱਦਾ : ਚੰਡੀਗੜ੍ਹ ਪੰਜਾਬੀ ਮੰਚ
ਮਾਂ ਬੋਲੀ ਪੰਜਾਬੀ ਦੇ ਸਨਮਾਨ ਦੇ ਮੁੱਦੇ ਨੂੰ ਬਣਾਵਾਂਗੇ ਲੋਕ ਸਭਾ ਚੋਣ ਮੁੱਦਾ : ਚੰਡੀਗੜ੍ਹ ਪੰਜਾਬੀ ਮੰਚ
Page Visitors: 2318

ਮਾਂ ਬੋਲੀ ਪੰਜਾਬੀ ਦੇ ਸਨਮਾਨ ਦੇ ਮੁੱਦੇ ਨੂੰ ਬਣਾਵਾਂਗੇ ਲੋਕ ਸਭਾ ਚੋਣ ਮੁੱਦਾ : ਚੰਡੀਗੜ੍ਹ ਪੰਜਾਬੀ ਮੰਚ
ਚੰਡੀਗੜ੍ਹ ਵਿਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਉਜਾੜਾ ਕਿਉਂ' ਵਿਸ਼ੇ 'ਤੇ ਹੋਇਆ ਸੈਮੀਨਾਰ
ਪੱਤਰਕਾਰ ਤਰਲੋਚਨ ਸਿੰਘ ਦੀ ਪੰਜਾਬੀ ਕਿਤਾਬ 'ਚੰਡੀਗੜ੍ਹ ਉਜਾੜਿਆਂ ਦੀ ਦਾਸਤਾਨ' ਦਾ ਹਿੰਦੀ ਅੰਕ ਵੀ ਰਿਲੀਜ਼ ਤੇ ਇਸ ਕਿਤਾਬ 'ਤੇ ਬਣੇਗੀ ਦਸਤਾਵੇਜੀ ਫ਼ਿਲਮ
By : ਬਾਬੂਸ਼ਾਹੀ ਬਿਊਰੋ
Thursday, Jan 31, 2019 04:37 PM
ਚੰਡੀਗੜ੍ਹ ਪੰਜਾਬੀ ਮੰਚ ਫੋਟੋ 1, 2 ਅਤੇ 3 : 'ਚੰਡੀਗੜ੍ਹ ਉਜਾੜਿਆਂ ਦੀ ਦਾਸਤਾਨ' ਦਾ ਹਿੰਦੀ ਅੰਕ ਰਿਲੀਜ਼ ਕਰਦੇ ਹੋਏ ਡਾ. ਸੁਰਜੀਤ ਪਾਤਰ, ਲਖਵਿੰਦਰ ਜੌਹਲ, ਸਤਨਾਮ ਸਿੰਘ ਮਾਣਕ, ਤਰਲੋਚਨ ਸਿੰਘ, ਸੁਖਦੇਵ ਸਿੰਘ ਸਿਰਸਾ ਅਤੇ ਹੋਰ ਸਾਥੀ।
ਚੰਡੀਗੜ੍ਹ 31 ਜਨਵਰੀ 2019 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਮਾਂ ਬੋਲੀ ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਰੁਤਬਾ ਦਿਵਾਉਣ ਲਈ ਸੰਘਰਸ਼ ਕਰ ਰਹੇ ਚੰਡੀਗੜ੍ਹ ਪੰਜਾਬੀ ਮੰਚ ਵਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ 'ਚੰਡੀਗੜ੍ਹ ਵਿਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਉਜਾੜਾ ਕਿਉਂ' ਵਿਸ਼ੇ 'ਤੇ ਵਿਸ਼ਾਲ ਅਤੇ ਸਫਲ ਸੈਮੀਨਾਰ ਕਰਵਾਇਆ ਗਿਆ।
ਪੰਜਾਬ ਕਲਾ ਭਵਨ ਵਿਖੇ ਹੋਏ ਇਸ ਸੈਮੀਨਾਰ ਦੀ ਪ੍ਰਧਾਨਗੀ ਜਿੱਥੇ ਪਦਮਸ੍ਰੀ ਡਾ. ਸੁਰਜੀਤ ਪਾਤਰ ਨੇ ਕੀਤੀ, ਉਥੇ ਹੀ ਪ੍ਰਧਾਨਗੀ ਮੰਡਲ ਵਿਚ ਸੀਨੀਅਰ ਪੱਤਰਕਾਰ ਤੇ ਪੰਜਾਬ ਭਾਸ਼ਾਈ ਅਧਿਕਾਰ ਕਮਿਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ, ਕਲਾ ਪਰਿਸ਼ਦ ਦੇ ਸਕੱਤਰ ਜਨਰਲ ਡਾ. ਲਖਵਿੰਦਰ ਜੌਹਲ, ਚੰਡੀਗੜ੍ਹ ਪੰਜਾਬੀ ਮੰਚ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ, ਪੱਤਰਕਾਰ ਤਰਲੋਚਨ ਸਿੰਘ, ਬਾਬਾ ਸਾਧੂ ਸਿੰਘ, ਬਾਬਾ ਗੁਰਦਿਆਲ ਸਿੰਘ, ਮੰਚ ਦੇ ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ, ਗੁਰਪ੍ਰੀਤ ਸਿੰਘ ਸੋਮਲ, ਜਥੇਦਾਰਾ ਤਾਰਾ ਸਿੰਘ, ਆਰ.ਐਸ. ਲਿਬਰੇਟ ਤੇ ਇੰਦਰਪ੍ਰੀਤ ਸਿੰਘ ਸ਼ਾਮਲ ਸਨ।  
ਇਸ ਦੌਰਾਨ ਨਾਮਵਰ ਪੱਤਰਕਾਰ ਤਰਲੋਚਨ ਸਿੰਘ ਦੀ ਪੰਜਾਬੀ ਕਿਤਾਬ 'ਚੰਡੀਗੜ੍ਹ ਉਜਾੜਿਆਂ ਦੀ ਦਾਸਤਾਨ' ਦਾ ਹਿੰਦੀ ਅੰਕ ਵੀ ਰਿਲੀਜ਼ ਕੀਤਾ ਗਿਆ। ਜਿਸ ਦੇ ਅਨੁਵਾਦਕ ਲੇਖਕ ਪੱਤਰਕਾਰ ਆਰ.ਐਸ. ਲਿਬਰੇਟ ਹਨ।  
ਇਸ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਪਦਮਸ੍ਰੀ ਡਾ. ਸੁਰਜੀਤ ਪਾਤਰ ਨੇ ਮਾਂ ਬੋਲੀ ਪੰਜਾਬੀ ਦੇ ਵਿਸ਼ੇ 'ਤੇ ਗੰਭੀਰ ਤਕਰੀਰਾਂ ਕਰਦਿਆਂ ਆਖਿਆ ਕਿ ਸਾਨੂੰ ਸਭ ਨੂੰ ਸੁਚੇਤ ਹੋ ਕੇ ਆਪੋ-ਆਪਣੀ ਭੂਮਿਕਾ ਨਿਭਾਉਣੀ ਪਵੇਗੀ ਤਾਂ ਜੋ ਮਾਂ ਬੋਲੀ ਨੂੰ ਬਣਦਾ ਉਸਦਾ ਰੁਤਬਾ ਹਾਸਲ ਹੋ ਸਕੇ।
ਡਾ. ਸੁਰਜੀਤ ਪਾਤਰ ਨੇ ਆਖਿਆ ਕਿ ਸਾਡੇ ਲਈ ਮਾਂ ਬੋਲੀ ਪਹਿਲਾਂ ਹੈ ਅਹੁਦੇ ਅਤੇ ਰੁਤਬੇ ਬਾਅਦ ਵਿਚ ਹਨ।  ਇਸ ਮੌਕੇ 'ਤੇ ਚੰਡੀਗੜ੍ਹ ਪੰਜਾਬੀ ਮੰਚ ਵਲੋਂ ਵਿੱਢੇ ਗਏ ਸੰਘਰਸ਼ ਦਾ ਧੁਰਾ ਤੇ ਸੀਨੀਅਰ ਪੱਤਰਕਾਰ ਤਰਲੋਚਨ ਸਿੰਘ ਨੇ ਇਕ ਵਾਰ ਫੇਰ ਆਪਣੀ ਕਿਤਾਬ 'ਚੰਡੀਗੜ੍ਹ ਉਜਾੜਿਆਂ ਦੀ ਦਾਸਤਾਨ' ਦੇ ਹਵਾਲੇ ਨਾਲ ਜਿੱਥੇ ਚੰਡੀਗੜ੍ਹ ਵਸਾਉਣ ਲਈ ਉਜਾੜੇ ਗਏ ਪੰਜਾਬੀ ਪਿੰਡਾਂ ਦੀ ਦਰਦ ਕਹਾਣੀ ਛੋਹੀ, ਉਥੇ ਹੀ ਉਨ੍ਹਾਂ ਚੰਡੀਗੜ੍ਹ ਵਿਚੋਂ ਬੜੀ ਸਾਜ਼ਿਸ਼ ਤਹਿਤ ਪੰਜਾਬੀ ਭਾਸ਼ਾ ਤੇ ਪੰਜਾਬੀਅਤ ਦੇ ਉਜਾੜੇ ਦਾ ਜ਼ਿਕਰ ਵੀ ਕੀਤਾ।
  ਇਸ ਮੌਕੇ ਤਰਲੋਚਨ ਸਿੰਘ ਨੇ ਐਲਾਨ ਕੀਤਾ ਕਿ ਚੰਡੀਗੜ੍ਹ ਪੰਜਾਬੀ ਮੰਚ ਆਪਣੇ ਸਮੂਹ ਸਹਿਯੋਗੀ ਸੰਗਠਨਾਂ ਪੇਂਡੂ ਸੰਘਰਸ਼ ਕਮੇਟੀ, ਕੇਂਦਰੀ ਪੰਜਾਬੀ ਲੇਖਕ ਸਭਾ, ਸਮੂਹ ਗੁਰਦੁਆਰਾ ਪ੍ਰਬੰਧਕ ਸੰਗਠਨ ਤੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਨਾਲ ਮਿਲ ਕੇ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਚੰਡੀਗੜ੍ਹ ਵਿਚ ਮਾਂ ਬੋਲੀ ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਦਿਵਾਉਣ ਖਾਤਰ ਇਸ ਨੂੰ ਚੋਣ ਮੁੱਦਾ ਬਣਾਇਆ ਜਾਵੇਗਾ।
  ਉਨ੍ਹਾਂ ਆਖਿਆ ਕਿ ਮੰਚ ਨੇ ਤਹਿ ਕੀਤਾ ਹੈ ਕਿ ਚੰਡੀਗੜ੍ਹ ਤੋਂ ਸਮੂਹ ਪਾਰਟੀਆਂ ਵਲੋਂ ਲੋਕ ਸਭਾ ਚੋਣ ਲਈ ਮੈਦਾਨ ਵਿਚ ਉਤਾਰੇ ਗਏ ਉਮੀਦਵਾਰਾਂ ਨੂੰ ਇਕ ਸਟੇਜ 'ਤੇ ਲਿਆ ਕੇ ਸਵਾਲ ਕੀਤਾ ਜਾਵੇਗਾ ਕਿ ਉਨ੍ਹਾਂ ਦਾ ਮਾਂ ਬੋਲੀ ਪੰਜਾਬੀ ਦੇ ਮੁੱਦੇ 'ਤੇ ਕੀ ਰਵੱਈਆ ਹੈ ਤਾਂ ਜੋ ਇਸ ਨੂੰ ਚੋਣ ਮੈਨੀਫੈਸਟੋ ਵਿਚ ਸ਼ਾਮਲ ਕਰਵਾ ਕੇ ਚੁਣਾਵੀ ਮੁੱਦਾ ਬਣਾਇਆ ਜਾ ਸਕੇ।  
ਜ਼ਿਕਰਯੋਗ ਹੈ ਕਿ ਇਸ ਵਿਸ਼ਾਲ ਸੈਮੀਨਾਰ ਦੌਰਾਨ ਜਿੱਥੇ ਸਭ ਤੋਂ ਪਹਿਲਾਂ ਸਟੇਜ ਦੀ ਕਾਰਵਾਈ ਸਾਂਭਦਿਆਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਦੇ ਸ਼ਬਦ ਬੋਲਦੇ ਹੋਏ ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਜਨਰਲ ਡਾ. ਲਖਵਿੰਦਰ ਜੌਹਲ ਨੇ ਸੈਮੀਨਾਰ ਦੀ ਰੂਪ ਰੇਖਾ ਸਾਰਿਆਂ ਦੇ ਸਾਹਮਣੇ ਰੱਖੀ, ਉਥੇ ਹੀ ਉਨ੍ਹਾਂ ਨੇ ਇਹ ਐਲਾਨ ਵੀ ਕੀਤਾ ਕਿ 'ਚੰਡੀਗੜ੍ਹ ਉਜਾੜਿਆਂ ਦੀ ਦਾਸਤਾਨ' ਕਿਤਾਬ ਨੂੰ ਆਧਾਰ ਬਣਾ ਕੇ ਮੈਂ ਇਸ 'ਤੇ ਇਕ ਦਸਤਾਵੇਜ਼ੀ ਫ਼ਿਲਮ ਤਿਆਰ ਕਰਾਂਗਾ। ਜਿਸ ਨੂੰ ਤਿਆਰ ਕਰਨ ਲਈ ਮਾਲੀ ਮਦਦ ਦੇ ਤੌਰ 'ਤੇ ਜਿੱਥੇ ਲਖਵਿੰਦਰ ਜੌਹਲ ਨੇ ਆਪਣੇ ਪੱਲਿਓਂ ਖਰਚਾ ਚੁੱਕਣ ਦਾ ਵਾਅਦਾ ਕੀਤਾ, ਉਥੇ ਹੀ ਨਰਿੰਦਰ ਸਿੰਘ ਕੰਗ ਨੇ ਇਸ ਕਾਜ ਲਈ 51 ਹਜ਼ਾਰ, ਗੁਰਪ੍ਰੀਤ ਸਿੰਘ ਹੈਪੀ (ਸਰਪੰਚ ਦੜੂਆ) ਅਤੇ ਜਥੇਦਾਰ ਤਾਰਾ ਸਿੰਘ ਨੇ 31-31 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। ਧਿਆਨ ਰਹੇ ਕਿ 'ਚੰਡੀਗੜ੍ਹ ਉਜਾੜਿਆਂ ਦੀ ਦਾਸਤਾਨ' ਦਾ ਹਿੰਦੀ ਅੰਕ ਰਿਲੀਜ਼ ਕਰਨ ਦੌਰਾਨ ਦੀਪਕ ਸ਼ਰਮਾ ਚਨਾਰਥਲ ਵੱਲੋਂ ਪੜ੍ਹੇ ਗਏ ਪਰਚੇ 'ਚ ਉਨ੍ਹਾਂ ਇਹ ਮੁੱਦਾ ਚੁੱਕਿਆ ਸੀ ਕਿ ਇਸ ਮਾਂ ਬੋਲੀ ਦੇ ਸੰਘਰਸ਼ ਦਾ ਦਾਇਰਾ ਵਧਾਉਣ ਲਈ ਇਸ 'ਤੇ ਦਸਤਾਵੇਜ਼ੀ ਫ਼ਿਲਮ ਬਣਨੀ ਚਾਹੀਦੀ ਹੈ। ਇਸੇ ਤਰ੍ਹਾਂ ਦੂਸਰੇ ਪਰਚੇ ਵਿਚ ਸੀਨੀਅਰ ਪੱਤਰਕਾਰ ਇੰਦਰਪ੍ਰੀਤ ਸਿੰਘ ਨੇ ਵੀ ਜਿੱਥੇ ਬੜੇ ਗੰਭੀਰ ਮੁੱਦੇ ਛੂਹੇ, ਉਥੇ ਅਨੁਵਾਦਕ ਲੇਖਕ ਆਰ ਐਸ ਲਿਬਰੇਟ ਨੇ ਇਸ ਕਿਤਾਬ ਨੂੰ ਅਹਿਮ ਦਸਤਾਵੇਜ਼ ਦੱਸਿਆ।
ਇਸ ਮੌਕੇ ਸੀਨੀਅਰ ਪੱਤਰਕਾਰ ਅਤੇ ਪੰਜਾਬ ਭਾਸ਼ਾਈ ਅਧਿਕਾਰ ਕਮਿਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਹੁਰਾਂ ਨੇ ਬੜੀ ਗੰਭੀਰ ਟਿੱਪਣੀ ਕਰਦਿਆਂ ਕਿਹਾ ਕਿ ਇਹ ਕਿੱਥੋਂ ਦਾ ਲੋਕਤੰਤਰ ਹੈ ਕਿ ਸਾਨੂੰ ਨਾ ਆਪਣੀ ਭਾਸ਼ਾ ਵਿਚ ਸਿੱਖਿਆ ਮਿਲਦੀ ਹੈ, ਨਾ ਰੁਜ਼ਗਾਰ ਮਿਲਦਾ ਅਤੇ ਨਾ ਹੀ ਇਨਸਾਫ਼। ਉਨ੍ਹਾਂ ਇਸ ਸੰਘਰਸ਼ ਨੂੰ ਪੰਜਾਬ ਅਤੇ ਚੰਡੀਗÎੜ੍ਹ ਨਾਲ ਮਿਲ ਕੇ ਇਕ ਮੁਹਿੰਮ ਬਣਾਉਣ ਦਾ ਵੀ ਸੱਦਾ ਦਿੱਤਾ। ਇਸੇ ਤਰ੍ਹਾਂ ਚੰਡੀਗੜ੍ਹ ਪੰਜਾਬੀ ਮੰਚ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ, ਬਾਬਾ ਸਾਧੂ ਸਿੰਘ ਅਤੇ ਮੰਚ ਦੇ ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾਂ ਦੀਆਂ ਤਕਰੀਰਾਂ ਨੇ ਸੈਮੀਨਾਰ 'ਚ ਮੌਜੂਦ ਅਵਾਮ ਅੰਦਰ ਜੋਸ਼ ਭਰ ਦਿੱਤਾ। 
ਇਸ ਮੌਕੇ ਜਿੱਥੇ ਵੱਖੋ-ਵੱਖ ਪੰਜਾਬੀ ਹਿਤੈਸ਼ੀ ਸੰਗਠਨਾਂ ਦੇ ਅਹੁਦੇਦਾਰ ਤੇ ਮੈਂਬਰ ਵੱਡੀ ਗਿਣਤੀ ਵਿਚ ਹਾਜ਼ਰ ਸਨ, ਉਥੇ ਹੀ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਪੰਜਾਬੀ ਦਰਦੀ, ਚੰਡੀਗੜ੍ਹ ਦੇ ਨਿਵਾਸੀ, ਚੰਡੀਗੜ੍ਹ ਦੇ ਖੇਤਰ ਵਿਚ ਪੈਂਦੇ ਪਿੰਡਾਂ ਦੇ ਨੁਮਾਇੰਦੇ ਤੇ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਰਹੇ। ਇਸੇ ਤਰ੍ਹਾਂ ਇਸ ਮੌਕੇ 'ਤੇ ਲੇਖਕ, ਕਵੀ, ਸਾਹਿਤਕਾਰ, ਨੌਜਵਾਨ ਵਰਗ ਤੇ ਬੀਬੀਆਂ ਦੀ ਵੀ ਗਿਣਤੀ ਭਰਵੀਂ ਸੀ। ਪੰਜਾਬ ਕਲਾ ਭਵਨ ਵਿਖੇ ਹੋਇਆ ਇਹ ਸੈਮੀਨਾਰ ਅਗਲੇ ਸੰਘਰਸ਼ ਲਈ ਕਮਰ ਕਸ ਕੇ ਸੰਪੰਨ ਹੋਇਆ

 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.