ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕੌਮਾਂਤਰੀ ਸਰਹੱਦ ਤੋਂ 68 ਕਰੋੜ ਦੀ ਹੈਰੋਇਨ ਬਰਾਮਦ : ਇੱਕ ਨਸ਼ਾ ਤਸਕਰ ਕਾਬੂ
ਕੌਮਾਂਤਰੀ ਸਰਹੱਦ ਤੋਂ 68 ਕਰੋੜ ਦੀ ਹੈਰੋਇਨ ਬਰਾਮਦ : ਇੱਕ ਨਸ਼ਾ ਤਸਕਰ ਕਾਬੂ
Page Visitors: 2314

ਕੌਮਾਂਤਰੀ ਸਰਹੱਦ ਤੋਂ 68 ਕਰੋੜ ਦੀ ਹੈਰੋਇਨ ਬਰਾਮਦ : ਇੱਕ ਨਸ਼ਾ ਤਸਕਰ ਕਾਬੂ
ਫ਼ਿਰੋਜ਼ਪੁਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ
ਨਾਰਕੋਟਿਕ ਸੈੱਲ ਤੇ ਬੀ.ਐਸ.ਐਫ ਦਾ ਸਾਂਝਾ ਅਪ੍ਰੇਸ਼ਨ
By : ਗੁਰਿੰਦਰ ਸਿੰਘ
Sunday, Feb 24, 2019 08:38 PM

ਫ਼ਿਰੋਜ਼ਪੁਰ 24 ਫਰਵਰੀ (ਗੁਰਿੰਦਰ ਸਿੰਘ) ਪੁਲਵਾਮਾ ਹਮਲੇ ਤੋਂ ਬਾਅਦ ਸੀਮਾ ਸੁਰੱਖਿਆ ਬਲ ਅਤੇ ਪੰਜਾਬ ਪੁਲਿਸ ਵੱਲੋਂ ਵਰਤੀ ਜਾ ਰਹੀ  ਸਖ਼ਤੀ ਅਤੇ ਚੌਕਸੀ ਦੇ ਚੱਲਦਿਆਂ ਫ਼ਿਰੋਜ਼ਪੁਰ ਪੁਲਿਸ ਵੱਲੋਂ ਅੱਜ ਬੀ.ਐਸ.ਐਫ ਦੇ ਸਹਿਯੋਗ ਨਾਲ ਹਿੰਦ-ਪਾਕਿ ਸਰਹੱਦ 'ਤੇ ਕੀਤੇ ਅਪ੍ਰੇਸ਼ਨ ਦੌਰਾਨ ਡੇਢ ਕਿਲੋ ਹੈਰੋਇਨ ਸਮੇਤ ਕਾਬੂ ਕੀਤੇ ਅੰਤਰਰਾਸ਼ਟਰੀ ਸਮੱਗਲਰ ਦੀ ਨਿਸ਼ਾਨ ਦੇਹੀ 'ਤੇ ਬਰਾਮਦ ਕੀਤੀ 12 ਕਿਲੋ 50 ਗਰਾਮ ਹੈਰੋਇਨ ਸਮੇਤ ਕੁੱਲ 13 ਕਿਲੋ 650 ਗਰਾਮ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਫੜੀ ਗਈ ਹੈਰੋਇਲ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ ਕਰੀਬ 68 ਕਰੋੜ ਦੱਸੀ ਗਈ ਹੈ।

ਫ਼ਿਰੋਜ਼ਪੁਰ ਰੇਂਜ ਦੇ ਆਈ.ਜੀ ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਅੱਜ ਸਵੇਰੇ ਤੜਕਸਾਰ ਨਾਰਕੋਟਿਕ ਸੈੱਲ ਫਿਰੋਜ਼ਪੁਰ ਦੇ ਇੰਚਾਰਜ ਇੰਸਪੈਕਟਰ ਪੁਸ਼ਪਿੰਦਰ ਸਿੰਘ ਵੱਲੋਂ ਥਾਣਾ ਸਦਰ ਅਧੀਨ ਪੈਂਦੀ ਸ਼ਾਮੇ ਕੇ ਚੌਂਕੀ ਦੇ ਇਲਾਕੇ ਵਿੱਚੋਂ ਇੱਕ ਨਸ਼ਾ ਤਸਕਰ ਸਾਰਜ ਸਿੰਘ ਪੁੱਤਰ ਗੁਰਬਕਖਸ਼ ਸਿੰਘ ਵਾਸੀ ਵਾਹਵ ਥਾਣਾ ਖਾਲੜਾ ਜ਼ਿਲ੍ਹਾ ਤਰਨਤਾਰਨ ਨੂੰ ਇੱਕ ਕਿਲੋ 600 ਗਰਾਮ ਹੈਰੋਇਨ ਅਤੇ ਮਾਰੂਤੀ ਸਿਆਜ਼ ਕਾਰ ਨੰਬਰ ਪੀ.ਬੀ 46 ਵੀ 5566 ਸਮੇਤ ਗ੍ਰਿਫਤਾਰ ਕੀਤਾ ਸੀ, ਜਿਸ ਸਬੰਧੀ ਸਦਰ ਫਿਰੋਜ਼ਪੁਰ ਫ਼ਿਰੋਜ਼ਪੁਰ ਵਿਖੇ ਐਨ.ਡੀ.ਪੀ.ਐਸ ਐਕਟ ਅਧੀਨ ਪਰਚਾ ਦਰਜ ਕਰਕੇ ਨਸ਼ਾ ਤਸਕਰ ਪਾਸੋਂ ਕੀਤੀ ਮੁੱਢਲੀ ਪੁੱਛਗਿੱਛ ਦੌਰਾਨ ਸਾਰਜ ਸਿੰਘ ਨੇ ਮੰਨਿਆ ਕਿ ਉਸਦੇ ਪਾਕਿਸਤਾਨੀ ਸਮਗਲਰਾਂ ਨਾਲ ਸਬੰਧ ਹਨ ਅਤੇ ਪਾਕਿ ਨਸ਼ਾ ਸਮਗਲਰ ਆਯੂਬ ਵੱਲੋਂ 12 ਕਿਲੋ 50 ਗਰਾਮ ਦੀ ਖੇਪ ਭੇਜੀ ਗਈ ਹੈ ਜੋ ਸਰਹੱਦ ਨਜ਼ਦੀਕ ਛੁਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸਾਰਜ ਸਿੰਘ ਦੀ ਨਿਸ਼ਾਨ ਦੇਹੀ 'ਤੇ ਨਾਰਕੋਟਿਕ ਸੈੱਲ ਵੱਲੋਂ ਰਣਵੀਰ ਸਿੰਘ ਕਮਾਂਡੈਂਟ 118 ਬਟਾਲੀਅਨ ਬੀ.ਐਸ.ਐਫ ਨਾਲ ਰਾਬਤਾ ਕਾਇਮ ਕੀਤਾ ਗਿਆ ਅਤੇ ਫ਼ਿਰੋਜ਼ਪੁਰ ਪੁਲਿਸ ਤੇ ਬੀ.ਐਸ.ਐਫ ਵੱਲੋਂ ਸਾਂਝੇ ਤੌਰ 'ਤੇ ਕੌਮਾਂਤਰੀ ਸਰਹੱਦ 'ਤੇ ਸਰਹੱਦੀ ਚੌਂਕੀ ਡੀ.ਆਰ.ਡੀ ਨਾਥ ਵਿਖੇ ਚਲਾਏ ਸਰਚ ਅਪ੍ਰੇਸ਼ਨ ਦੌਰਾਨ ਪਿਲਰ ਨੰਬਰ 215/3 ਐਸ ਨੇੜਿਓ 12 ਕਿਲੋ 50 ਗਰਾਮ ਹੈਰੋਇਨ ਬਰਾਮਦ ਕਰ ਲਈ। ਆਈ.ਜੀ ਸ੍ਰ; ਛੀਨਾ ਨੇ ਦੱਸਿਆ ਕਿ ਇਸ ਨਾਲ ਕੁੱਲ ਬਰਾਮਦਗੀ 13 ਕਿਲੋ 650 ਗਰਾਮ ਹੋ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਕਾਬੂ ਕੀਤੇ ਤਸਕਰ ਸਾਰਜ ਸਿੰਘ ਖਿਲਾਫ ਪਹਿਲਾਂ ਵੀ ਪੁਲਿਸ ਸਟੇਸ਼ਨ ਖਾਲੜਾ, ਸਦਰ ਅੰਮ੍ਰਿਤਸਰ ਅਤੇ ਝਬਾਲ ਥਾਣਿਆਂ ਵਿੱਚ ਵੱਖ ਵੱਖ ਮੁਕੱਦਮੇ ਦਰਜ ਹਨ।
ਆਈ.ਜੀ ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਇੱਕ ਹੋਰ ਮਾਮਲੇ ਵਿੱਚ ਥਾਣਾ ਸਦਰ ਫ਼ਿਰੋਜ਼ਪੁਰ ਪੁਲਿਸ ਵੱਲੋਂ ਪਿੰਡ ਟਾਹਲੀ ਵਾਲਾ ਤੋਂ ਇੱਕ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ ਜਿਸ ਸਬੰਧੀ ਥਾਣਾ ਸਦਰ ਵਿਖੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਵੱਖ ਵੱਖ ਕੇਸਾਂ ਵਿੱਚ ਕੁੱਲ 14 ਕਿਲੋ 650 ਗਰਾਮ ਹੈਰੋਇਨ ਬਰਾਮਦ ਕਰਨਾ ਫ਼ਿਰੋਜ਼ਪੁਰ ਪੁਲਿਸ ਦੀ ਵੱਡੀ ਕਾਮਯਾਬੀ ਹੈ। ਉਨਾਂ ਦੱਸਿਆ ਕਿ ਨਸ਼ਾ ਤਸਕਰ ਸਾਰਜ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਨਾਲ ਹੋਰ ਬਰਾਮਦਗੀਆਂ ਹੋਣ ਅਤੇ ਸਰਹੱਦ ਪਾਰ ਤੋਂ ਨਸ਼ਿਆਂ ਦੀ ਕੜੀ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.