ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਡਾ. ਗਾਂਧੀ ਵਲੋਂ ਲੋਕ ਸਭਾ ਹਲਕਾ ਪਟਿਆਲਾ ਦੇ ਲੋਕਾਂ ਲਈ ਐਲਾਨ ਨਾਮਾ-2019 ਜਾਰੀ
ਡਾ. ਗਾਂਧੀ ਵਲੋਂ ਲੋਕ ਸਭਾ ਹਲਕਾ ਪਟਿਆਲਾ ਦੇ ਲੋਕਾਂ ਲਈ ਐਲਾਨ ਨਾਮਾ-2019 ਜਾਰੀ
Page Visitors: 2335

ਡਾ. ਗਾਂਧੀ ਵਲੋਂ ਲੋਕ ਸਭਾ ਹਲਕਾ ਪਟਿਆਲਾ ਦੇ ਲੋਕਾਂ ਲਈ ਐਲਾਨ ਨਾਮਾ-2019 ਜਾਰੀ 
By : ਬਾਬੂਸ਼ਾਹੀ ਬਿਊਰੋ
Monday, May 13, 2019 08:05 PM

ਪਟਿਆਲਾ, 13 ਮਈ 2019 -

ਮੈਂਬਰ ਪਾਰਲੀਮੈਂਟ ਅਤੇ ਪੰਜਾਬ ਜਮੂਹਰੀ ਗਠਜੋੜ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਵੱਲੋਂ ਅੱਜ ਇੱਕ ਪੈ੍ਸ ਨੋਟ ਜਾਰੀ ਕਰਦਿਆਂ ਕਿਹਾ ਗਿਆ ਕਿ ਮੈਂ ਜਿੱਤਣ ਤੋਂ ਬਾਅਦ ਪਹਿਲ ਦੇ ਆਧਾਰ ਤੇ ਸਭ ਬੱਚਿਆਂ ਲਈ ਉੱਤਮ ਦਰਜੇ ਦੀ ਸਿੱਖਿਆ ਦਾ ਪ੍ਬੰਧ ਕਰਨ ਲਈ ਸਰਕਾਰੀ ਸਕੂਲਾਂ ਦੀ ਹਾਲਤ 'ਚ ਅਜੋਕੇ ਸਮੇਂ ਅਨੁਸਾਰ ਸੁਧਾਰ ਕਰਾਂਗਾ ਅਤੇ ਜਿਹੜੇ ਵੀ ਪਾ੍ਈਵੇਟ ਸਕੂਲਾਂ ਵਿੱਚ ਬੱਚਿਆਂ ਅਤੇ ਮਾਪਿਆਂ ਦਾ ਆਰਥਿਕ ਸ਼ੋਸ਼ਣ ਹੁੰਦਾ ਹੈ, ਉਹ ਬੰਦ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਜਿੰਦਗੀ ਜਿਉਂਣ ਦੇ ਮੁੱਢਲੇ ਅਧਿਕਾਰ ਨੂੰ ਬਚਾਉਣ ਲਈ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿੱਚ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਲਈ ਅਨੇਕਾਂ ਕਦਮ ਚੁੱਕੇ ਜਾਣਗੇ, ਹੁਣ ਜਦੋਂ ਕਿ ਪਟਿਆਲੇ ਵਿੱਚ ਰਾਜਪੁਰੇ ਤੋਂ ਬਠਿੰਡਾ ਡਬਲ ਰੇਲ ਲਾਈਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਮੇਰਾ ਅਗਲਾ ਕਦਮ ਪੇਂਡੂ ਅਤੇ ਸ਼ਹਿਰੀ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਠੋਸ ਉਦਯੋਗਿਕ ਨੀਤੀ ਬਣਵਾਉਣ ਲਈ ਯਤਨ ਤੇਜ ਕਰਨਾ ਹੈ ਤਾਂ ਜੋ ਇਸ ਸਮੁਂਚੇ ਖੇਤਰ 'ਚ ਵਪਾਰਕ, ਰੋਜਗਾਰ ਤੇ ਬਹੁਮੁੱਖੀ ਵਿਕਾਸ ਦੇ ਮੌਕੇ ਉਪਲਬਧ ਹੋ ਸਕਣ। ਇਸ ਖੇਤਰ ਵਿੱਚ ਆਈ.ਟੀ. ਪਾਰਕ ਲਿਆਉਣ ਲਈ ਜ਼ੋਰਦਾਰ ਤਰੀਕੇ ਨਾਲ ਪੱਖ ਪੇਸ਼ ਕੀਤਾ ਜਾਵੇਗਾ ਤਾਂ ਕਿ ਆਈ.ਟੀ. ਖੇਤਰ ਨਾਲ ਜੁੜੇ ਨੌਜਵਾਨਾਂ ਅਤੇ ਹੋਰ ਪੜੇ ਲਿਖੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋ ਸਕਣ।
    ਡਾ. ਗਾਂਧੀ ਨੇ ਕਿਹਾ ਕਿ ਠੇਕੇਦਾਰੀ ਅਤੇ ਆਊਟ ਸੋਰਸਿੰਗ ਸਿਸਟਮ ਅਧੀਨ ਸਰਕਾਰੀ ਅਤੇ ਨਿੱਜੀ ਸੰਸਥਾਵਾਂ 'ਚ ਕੰਮ ਕਰਨ ਵਾਲੇ ਨੌਜਵਾਨਾਂ ਦਾ ਸ਼ੋਸ਼ਣ ਰੋਕਣ ਲਈ ਉਪਰਾਲੇ ਕੀਤੇ ਜਾਣਗੇ। ਇਸ ਸਬੰਧੀ ਸੰਸਦ ਵਿੱਚ ਬਿੱਲ ਵੀ ਪੇਸ਼ ਕੀਤਾ ਜਾਵੇਗਾ ਅਤੇ ਪਟਿਆਲਾ ਵਿੱਚ ਡੋਮੈਸਟਿਕ ਏਅਰਪੋਰਟ ਦੇ ਨਿਰਮਾਣ ਲਈ ਦਬਾਅ ਬਣਾਇਆ ਜਾਵੇਗਾ ਤਾਂ ਕਿ ਦੂਰ ਦੁਰਾਡੇ ਦੇ ਸ਼ਹਿਰਾਂ ਅਤੇ ਕਾਰਪੋਰੇਟ ਸ਼ਹਿਰਾਂ 'ਚ ਨੌਕਰੀ ਕਰਨ ਵਾਲੇ ਨੌਜਵਾਨਾਂ ਨੂੰ ਹਵਾਈ ਯਾਤਰਾ ਉਪਲੱਬਧ ਕਰਵਾਈ ਜਾ ਸਕੇ ਤਾਂ ਜੋ ਪਟਿਆਲਾ ਵਿੱਚ ਰੋਜ਼ਗਾਰ ਅਤੇ ਕਾਰੋਬਾਰ ਵਿੱਚ ਵਾਧਾ ਹੋ ਸਕੇ।
    ਪਟਿਆਲਾ ਨੂੰ ਐਜੂਕੇਸ਼ਨ ਹੱਬ ਦੇ ਤੌਰ ਤੇ ਵਿਕਸਤ ਕਰਨ ਲਈ ਇੱਥੇ ਆਈ.ਆਈ.ਟੀ./ ਐਨ.ਆਈ.ਟੀ. ਅਤੇ ਆਈ.ਆਈ.ਐਮ. ਵਰਗੀਆਂ ਸੰਸਥਾਵਾਂ ਦੀ ਸਥਾਪਨਾ ਲਈ ਜੋਰਦਾਰ ਪੈਰਵਾਈ ਕੀਤੀ ਜਾਵੇਗੀ।         ਪੰਜਾਬ ਅਤੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਪੁਰਜੋਰ ਆਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਸਬੰਧੀ ਸੰਸਦ ਵਿੱਚ ਬਿੱਲ ਵੀ ਪੇਸ਼ ਕੀਤਾ ਜਾਵੇਗਾ ਤੇ ਪਾਰਲੀਮੈਂਟ ਮੈਂਬਰਾਂ ਅਤੇ ਐਮ.ਐਲ.ਏਜ਼ ਨੂੰ ਇੱਕ ਵੰਗਾਰ ਦਿੱਤੀ ਜਾਵੇਗੀ ਜਾਂ ਤਾਂ ਆਪਣੇ ਮੁਲਾਜ਼ਮਾਂ ਨੂੰ ਵੀ ਪੈਨਸ਼ਨ ਦੇਣ ਨਹੀਂ ਤਾਂ ਆਪਣੀਆਂ ਪੈਨਸ਼ਨਾਂ ਵੀ ਛੱਡ ਦੇਣ, ਜਿਹੜੀਆਂ ਕਿ ਉਹ ਹਰ ਟਰਮ ਵਿੱਚ ਇੱਕ ਨਵੀਂ ਪੈਨਸ਼ਨ ਲੈਣ ਦੇ ਹੱਕਦਾਰ ਹੋ ਜਾਂਦੇ ਹਨ ਤੇ ਕਈ-ਕਈ ਲੱਖ ਰੁਪਏ ਪੈਨਸ਼ਨਾਂ ਦੇ ਰੂਪ 'ਚ ਲੈ ਰਹੇ ਹਨ।     ਉਹਨਾਂ ਕਿਹਾ ਕਿ ਸੂਬਾ ਅਤੇ ਕੇਂਦਰ ਸਰਕਾਰ ਦੇ ਮੁਲਾਜਮਾਂ ਲਈ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਹਫਤੇ 'ਚ ਸਿਰਫ '5 ਕੰਮ ਵਾਲੇ ਦਿਨਾਂ' ਦੀ ਮੰਗ ਨੂੰ ਹਰ ਢੁੱਕਵੇ ਪਲੇਟਫਾਰਮ ਤੇ ਜ਼ੋਰਦਾਰ ਤਰੀਕੇ ਨਾਲ ਉਠਾਵਾਂਗੇ ਅਤੇ ਮਨਰੇਗਾ ਸਕੀਮ ਤਹਿਤ ਘੱਟੋ-ਘੱਟ ਕੰਮ ਵਾਲੇ ਦਿਨਾਂ ਵਿੱਚ ਵਾਧਾ ਕਰਨ ਅਤੇ ਮਨਰੇਗਾ ਵਰਕਰਾਂ ਦੇ ਭੱਤੇ ਵਿੱਚ ਵਾਧਾ ਕਰਨ ਦੀ ਮੰਗ ਸਖਤੀ ਨਾਲ ਕੀਤੀ ਜਾਵੇਗੀ, ਮਨਰੇਗਾ ਵਰਕਰਾਂ ਦੇ ਜਖ਼ਮੀ ਹੋਣ ਜਾਂ ਜਾਨ ਜਾਣ ਦੀ ਸਥਿਤੀ ਵਿੱਚ ਮੁਆਵਜ਼ਾ ਉਪਲੱਬਧ ਕਰਵਾਉਣਾ ਯਕੀਨੀ ਬਣਾਇਆ ਜਾਵੇਗਾ।
    ਸਰਕਾਰ ਦਾ ਧਿਆਨ ਘੱਗਰ ਦਰਿਆ ਨੂੰ ਚੈਨਲਾਇਜ਼ ਕਰਨ ਅਤੇ ਪ੍ਮੁੱਖ ਵਾਤਾਵਰਨ ਪ੍ਰੇਮੀਆਂ ਦੀ ਮਦਦ ਨਾਲ ਪ੍ਦੂਸ਼ਣ ਮੁਕਤ ਕਰਨ ਵੱਲ ਦਿਵਾਉਣਗੇ, ਉਹਨਾਂ ਕਿਹਾ ਕਿ  ਬੜੇ ਲੰਮੇ ਸਮੇਂ ਤੋਂ ਵਿਵਾਦਿਤ ਐਸ.ਵਾਈ.ਐਲ. ਪੋ੍ਜੈਕਟ ਦੇ ਦੋਵੇਂ ਪਾਸਿਆਂ ਦੇ ਦਰਜਨਾਂ ਪਿੰਡਾਂ 'ਚ ਸੇਮ ਦੀ ਸਮੱਸਿਆ ਅਤੇ ਡਿੱਗ ਰਹੇ ਪਾਣੀ ਦੇ ਪੱਧਰ ਦੀ ਸਮੱਸਿਆ ਪ੍ਤੀ ਸਰਕਾਰ ਦੀ ਬੇਰੁੱਖੀ ਦਾ ਵਿਰੋਧ ਕਰਦੇ ਹੋਏ, ਇਹ ਮਸਲਾ ਸੰਸਦ ਵਿੱਚ ਉਠਾਉਣਗੇ ਅਤੇ ਪਿੰਡਾਂ ਦੇ ਵਿਕਾਸ ਵਿੱਚ ਐਨ.ਆਰ.ਆਈ. ਸਾਥੀਆਂ ਦੀ ਸ਼ਮੂਲੀਅਤ ਕਰਵਾਉਣ ਲਈ ਕਦਮ ਚੁੱਕੇ ਜਾਣਗੇ।
    ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਸਰਕਾਰੀ ਮਹਿਕਮਿਆਂ ਵਿੱਚ ਕੰਪੈਸ਼ਨੇਟ ਗਰਾਊਂਡ ਤੇ ਨੌਕਰੀਆਂ 'ਚ ਨਿਯੁਕਤੀਆਂ ਦੇ ਕੰਮ ਕਾਜ ਨੂੰ ਸਰਲ ਬਣਾਉਣ ਅਤੇ ਪਹਿਲ ਦੇ ਆਧਾਰ ਤੇ ਤੇਜੀ ਲਿਆਉਣ ਲਈ ਸੰਸਦ ਵਿੱਚ ਆਵਾਜ਼ ਉਠਾਈ ਜਾਵੇਗੀ ਅਤੇ ਟੈਕਸੀ ਡਰਾਇਵਰਾਂ ਅਤੇ ਟਰੱਕ ਡਰਾਇਵਰਾਂ ਦੀ ਸੜਕ ਹਾਦਸਿਆਂ ਦੌਰਾਨ ਅਪਾਹਜ ਹੋਣ ਜਾਂ ਜਾਨ ਜਾਣ ਦੀ ਸੂਰਤ ਵਿੱਚ ਸਰਕਾਰ ਵੱਲੋਂ ਉਹਨਾਂ ਨੂੰ ਬਣਦਾ ਮੁਆਵਜ਼ਾ ਦਿਵਾਉਣ ਲਈ ਨੀਤੀ ਬਣਾਉਣ ਸਬੰਧੀ ਸੰਸਦ ਵਿੱਚ ਅਵਾਜ਼ ਬੁਲੰਦ ਕੀਤੀ ਜਾਵੇਗੀ। 
    ਪੰਜਾਬ ਸਰਕਾਰ ਵੱਲੋਂ ਛੋਟੇ ਟਰੱਕ ਮਾਲਕਾਂ ਤੇ ਟਰੱਕ ਯੂਨੀਅਨਾਂ ਦਾ ਉਜਾੜਾ ਕਰਕੇ ਉਨਾਂ ਦੀ ਰੋਟੀ-ਰੋਜੀ ਦਾ ਧੰਦਾ ਖੋਹ ਕੇ ਜਿਸ ਤਰੀਕੇ ਨਾਲ ਵੱਡੇ ਟਰਾਂਸਪੋਰਟ ਮਾਫੀਆ ਨੂੰ ਉਤਸਾਹਿਤ ਕੀਤਾ ਗਿਆ ਹੈ, ਇਸਦਾ ਸੰਸਦ ਵਿੱਚ ਵਿਰੋਧ ਕੀਤਾ ਜਾਵੇਗਾ ਅਤੇ ਛੋਟੇ ਟਰੱਕ ਮਾਲਕਾਂ ਦੇ ਹਿੱਤਾਂ ਦੀ ਰਾਖੀ ਲਈ ਇੱਕ ਕੋਮਾਂਤਰੀ ਠੋਸ ਨੀਤੀ ਬਣਵਾਉਣ ਦੀ ਪੈਰਵੀ ਕੀਤੀ ਜਾਵੇਗੀ। 
    ਖੇਤੀ ਅਤੇ ਬਾਗਬਾਨੀ ਅਤੇ ਇਨਾਂ ਦੇ ਕੋਮਾਂਤਰੀ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਪਟਿਆਲਾ ਵਿਖੇ ਸਥਿਤ ਹਵਾਈ ਪੱਟੀ ਨੂੰ ਅਪਗਰੇਡ ਕਰਕੇ ਢੋਆ-ਢੁਆਈ ਦੇ ਯੋਗ ਬਣਾਉਣ ਦੇ ਜ਼ਰੂਰੀ ਕਦਮ ਚੁੱਕੇ ਜਾਣਗੇ। 
     ਡਾ. ਗਾਂਧੀ ਨੇ ਕਿਹਾ ਕਿ ਦਿਨੋਂ-ਦਿਨ ਵਧ ਰਹੀ ਅਵਾਰਾ ਕੁੱਤੇ ਅਤੇ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ ਅਵਾਰਾ ਕੁੱਤਿਆਂ ਨੂੰ ਕਾਬੂ ਕਰਨ ਲਈ ਐਮ.ਪੀ. ਲੈਡ ਫੰਡ ਵਿਚੋਂ ਕਾਰਪੋਰੇਸ਼ਨ ਪਟਿਆਲਾ ਨੂੰ ਦਿੱਤੀਆਂ ਗਈਆਂ ਦੋ ਡਾਗ ਕੈਚਰ ਵੈਨਾਂ ਨੂੰ ਇਸਤੇਮਾਲ ਵਿੱਚ ਲਿਆਉਣ ਲਈ ਕਾਰਪੋਰੇਸ਼ਨ ਦੀ ਲਾਪ੍ਵਾਹੀ ਭਰੇ ਰਵਈਏ ਦੀ ਜਾਂਚ ਕਰਵਾ ਕੇ ਮੇਅਰ ਕਾਰਪੋਰੇਸ਼ਨ ਪਟਿਆਲਾ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਪੇਂਡੂ ਖੇਤਰ ਵਿੱਚੋਂ ਦੂਰ ਦੁਰਾਡੇ ਪਿੰਡਾਂ ਤੋਂ ਸ਼ਹਿਰਾਂ ਵਿੱਚ ਵੱਖ-ਵੱਖ ਕਾਲਾਂ 'ਚ ਪੜਨ ਵਾਲੇ ਵਿਦਿਆਰਥੀਆਂ ਲਈ ਸਵੇਰੇ ਤੇ ਦੁਪਹਿਰ ਦੇ ਸਮੇਂ ਆਉਣ ਜਾਣ ਲਈ ਸਰਕਾਰੀ ਬੱਸਾਂ ਦੀ ਆਵਾਜਾਈ ਲਈ ਟ੍ਰਾਸਪੋਰਟ ਦੇ ਵਧੀਆ ਪ੍ਬੰਧ ਕੀਤੇ ਜਾਣਗੇ।
..................................
ਟਿੱਪਣੀ:- ਡਾ. ਗਾਂਧੀ ਜੀ.   ਤੁਸੀਂ ਆਉਣ ਵਾਲੇ ਪੰਜ ਸਾਲ ਦਾ ਵੇਰਵਾ ਤਾਂ ਦੇ ਦਿੱਤਾ, ਪਰ ਥੋੜਾ ਜਿਹਾ ਵੇਰਵਾ ਪਿਛਲੇ ਪੰਜ ਸਾਲਾਂ ਦਾ ਵੀ ਦੇ ਦਿੰਦੇ ਤਾਂ ਬੜੀ ਮਿਹਰਬਾਨੀ ਹੁੰਦੀ.        ਅਮਰ ਜੀਤ ਸਿੰਘ ਚੰਦੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.