ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਗੱਤਕਾ ਮੁਕਾਬਲੇ ਹੁਣ ਹੋਣਗੇ ਰੌਚਿਕ, ਡਿਜੀਟਲ ਸਕੋਰਬੋਰਡ ਗੱਤਕਾ ਜਗਤ ਨੂੰ ਸਮਰਪਿਤ
ਗੱਤਕਾ ਮੁਕਾਬਲੇ ਹੁਣ ਹੋਣਗੇ ਰੌਚਿਕ, ਡਿਜੀਟਲ ਸਕੋਰਬੋਰਡ ਗੱਤਕਾ ਜਗਤ ਨੂੰ ਸਮਰਪਿਤ
Page Visitors: 2332

ਗੱਤਕਾ ਮੁਕਾਬਲੇ ਹੁਣ ਹੋਣਗੇ ਰੌਚਿਕ, ਡਿਜੀਟਲ ਸਕੋਰਬੋਰਡ ਗੱਤਕਾ ਜਗਤ ਨੂੰ ਸਮਰਪਿਤਗੱਤਕਾ ਮੁਕਾਬਲੇ ਹੁਣ ਹੋਣਗੇ ਰੌਚਿਕ, ਡਿਜੀਟਲ ਸਕੋਰਬੋਰਡ ਗੱਤਕਾ ਜਗਤ ਨੂੰ ਸਮਰਪਿਤ

June 10
16:55 2019

– ਗੱਤਕਾ ਖੇਡ ਦੇ ਡਿਜ਼ੀਟਲਾਈਜੇਸ਼ਨ ਪ੍ਰਾਜੈਕਟ ਦੀ ਘੁੰਡ ਚੁਕਾਈ
– ਸਕੋਰਬੋਰਡ ਤੇ ਡਿਜ਼ੀਟਲ ਸਕਰੀਨਾਂ ‘ਤੇ ਦੇਖੋਗੇ ਗੱਤਕੇ ਦੇ ਮੈਚ
– ਓਲੰਪਿਕ ਦਾਖਲੇ ਲਈ ਤਿਆਰ ਰੋਡਮੈਪ ਮੁਤਾਬਕ ਚੱਲ ਰਹੀ ਹੈ ਗੱਤਕੇ ਲਈ ਯੋਜਨਾਬੰਦੀ ਗਰੇਵਾਲ

ਚੰਡੀਗੜ੍ਹ, 10 ਜੂਨ (ਪੰਜਾਬ ਮੇਲ)- ਗੱਤਕਾ ਖੇਡ ਵਿੱਚ ਅੱਜ ਉਸ ਵੇਲੇ ਇੱਕ ਨਵਾਂ ਅਧਿਆਏ ਜੁੜ ਗਿਆ ਜਦੋਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਟੂਰਨਾਮੈਂਟਾਂ ਦੌਰਾਨ ਪਾਰਦਰਸ਼ਤਾ ਕਾਇਮ ਰੱਖਣ ਅਤੇ ਟੂਰਨਾਮੈਂਟਾਂ ਦੇ ਡਿਜੀਟਲਾਈਜੇਸ਼ਨ ਪ੍ਰਾਜੈਕਟ ਨੂੰ ਅੱਗੇ ਵਧਾਉਂਦੇ ਹੋਏ ਡਿਜੀਟਲ ਸਕੋਰਬੋਰਡ ਸਮੂਹ ਗੱਤਕਾ ਜਗਤ ਨੂੰ ਸਮਰਪਿਤ ਕੀਤਾ। ਇਸ ਵੱਕਾਰੀ ਡਿਜ਼ੀਟਲਾਈਜੇਸ਼ਨ ਪ੍ਰਾਜੈਕਟ ਦੀ ਘੁੰਡ ਚੁਕਾਈ ਅਤੇ ਸਕੋਰਬੋਰਡ ਨੂੰ ਸਮਰਪਣ ਕਰਨ ਦੀ ਰਸਮ ਸੰਤ ਬਾਬਾ ਕਪੂਰ ਸਿੰਘ ਜੀ ਸਨੇਰਾਂ ਵਾਲਿਆਂ ਨੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਗੱਤਕਾ ਐਸੋਸੀਏਸਨ ਪੰਜਾਬ ਦੇ ਪ੍ਰਧਾਨ ਅਜੈ ਸਿੰਘ ਲਿਬੜਾ ਦੀ ਹਾਜ਼ਰੀ ਵਿੱਚ ਨੇਪਰੇ ਚਾੜੀ।
ਗੱਤਕਾ ਐਸੋਸੀਏਸ਼ਨ ਵੱਲੋਂ ਅੱਜ ਇੱਥੇ ਰੈਫਰੀਆਂ ਲਈ ਆਯੋਜਿਤ ਤਿੰਨ ਰੋਜਾ ਰਿਫਰੈਸ਼ਰ ਕੋਰਸ ਦੇ ਸਮਾਪਤੀ ਸਮਾਰੋਹ ਮੌਕੇ ਮੁੱਖ ਮਹਿਮਾਨ ਸੰਤ ਬਾਬਾ ਕਪੂਰ ਸਿੰਘ ਜੀ ਸਨੇਰਾਂ ਵਾਲਿਆਂ ਨੇ ਗੱਤਕਾ ਰੈਫਰੀਆਂ ਨੂੰ ਗੁਰੂ ਆਸ਼ੇ ਅਨੁਸਾਰ ਅੱਗੇ ਵਧਣ, ਸਿੱਖੀ ਨੂੰ ਪ੍ਰਫੁੱਲਤ ਕਰਨ ਅਤੇ ਗੱਤਕੇ ਦੀ ਤਰੱਕੀ ਲਈ ਨਿਮਰਤਾ, ਸੂਝਬੂਝ ਅਤੇ ਸਹਿਣਸ਼ੀਲਤਾ ਵਰਗੇ ਗੁਣ ਅਪਣਾਉਣ ਲਈ ਪ੍ਰੇਰਿਤ ਕਰਦਿਆਂ ਨਿੱਤਨੇਮੀ ਬਣਨ ਲਈ ਵੀ ਕਿਹਾ। ਉਨ੍ਹਾਂ ਨੇ ਨਵਾਂ ਸਕੋਰਬੋਰਡ ਲਾਂਚ ਕਰਨ ਮੌਕੇ ਨੈਸ਼ਨਲ ਗੱਤਕਾ ਐਸੋਸੀਏਸ਼ਨ, ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਅਤੇ ਗੱਤਕਾ ਐਸੋਸੀਏਸ਼ਨ ਪੰਜਾਬ ਨੂੰ ਮੂਬਾਰਕਬਾਦ ਵੀ ਦਿੱਤੀ।
ਇਸ ਮੌਕੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਜਲਦ ਹੀ ਗੱਤਕਾ ਮੈਨੇਜਮੈਂਟ ਸਿਸਟਮ ਵੀ ਚਾਲੂ ਕਰ ਦਿੱਤਾ ਜਾਵੇਗਾ ਜਿਸ ਤਹਿਤ ਗੱਤਕਾ ਖੇਡ ਸਬੰਧੀ ਸਾਰੇ ਕਾਰਜ ਆਨਲਾਈਨ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਡਿਜੀਟਲਾਈਜੇਸ਼ਨ ਦਾ ਇਹ ਪ੍ਰੋਜੈਕਟ ਗੱਤਕੇ ਨੂੰ ਓਲੰਪਿਕ ਖੇਡਾਂ ਵਿੱਚ ਸ਼ਾਮਲ ਕਰਵਾਉਣ ਲਈ ਗੱਤਕਾ ਰੋਡਮੈਪ ਅਨੁਸਾਰ ਕੀਤੇ ਜਾ ਰਹੇ ਉਪਰਾਲਿਆਂ ਵਿੱਚੋਂ ਇੱਕ ਹੈ ਅਤੇ ਇਸ ਸਬੰਧੀ ਹੋਰ ਕਾਰਜਾਂ ਉਪਰ ਕੰਮ ਵੀ ਚੱਲ ਰਹੇ ਹਨ।
ਇਸ ਮੌਕੇ ਗੱਤਕਾ ਐਸੋਸੀਏਸਨ ਪੰਜਾਬ ਦੇ ਪ੍ਰਧਾਨ ਅਜੈ ਸਿੰਘ ਲਿਬੜਾ ਨੇ ਭਵਿੱਖ ਵਿੱਚ ਪੰਜਾਬ ਇਕਾਈ ਨੂੰ ਹੋਰ ਮਜਬੂਤ ਕਰਨ ਅਤੇ ਜਿਲ੍ਹਾ ਪੱਧਰ ਉਤੇ ਗੱਤਕਾ ਖੇਡ ਸਰਗਰਮੀਆਂ ਵਧਾਉਣ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਉਨਾਂ ਕਿਹਾ ਕਿ ਲੋੜਵੰਦ ਗੱਤਕਾ ਵਿਦਿਆਰਥੀਆਂ ਨੂੰ ਮੁਫਤ ਸਟੇਸ਼ਨਰੀ ਮੁਹੱਈਆ ਕਰਵਾਈ ਜਾਵੇਗੀ। ਐਸੋਸੀਏਸ਼ਨ ਦੇ ਜਨਰਲ ਸਕੱਤਰ ਉਦੈ ਸਿੰਘ ਸਰਹਿੰਦ ਨੇ ਗੱਤਕਾ ਖਿਡਾਰੀਆਂ ਨੂੰ ਗੱਤਕਾ ਖੇਡ ਦੀ ਨਿਯਮਾਂਵਲੀ ਅਤੇ ਟੂਰਨਾਮੈਂਟ ਕਰਵਾਉਣ ਸਬੰਧੀ ਤਿਆਰ ਨਿਯਮਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਗੱਤਕਾ ਰੈਫ਼ਰੀਆਂ ਨੂੰ ਸਮਾਰਟ ਸ਼ਨਾਖਤੀ ਕਾਰਡ ਅਤੇ ਸਰਟੀਫ਼ਿਕੇਟ ਵੀ ਵੰਡੇ ਗਏ।
ਇਸ ਮੌਕੇ ਸਮੂਹ ਗੱਤਕਾ ਰੈਫਰੀਆਂ ਨੇ ਸਕੋਰਬੋਰਡ ਨੂੰ ਗੱਤਕਾ ਟੂਰਨਾਮੈਂਟਾਂ ਵਿੱਚ ਸ਼ਾਮਲ ਕੀਤੇ ਜਾਣ ਦੀ ਬੇਹੱਦ ਖੁਸ਼ੀ ਮਨਾਈ। ਗੱਤਕਾ ਰੈਫਰੀ ਸੰਤੋਖ ਸਿੰਘ ਗੁਰਦਾਸਪੁਰ, ਵਿਜੇ ਪ੍ਰਤਾਪ ਸਿੰਘ ਹੁਸ਼ਿਆਰਪੁਰ, ਸਮਰਪਾਲ ਸਿੰਘ ਜੰਮੂ ਅਤੇ ਸੁਖਚੈਨ ਸਿੰਘ ਕਲਸਾਣੀ, ਹਰਿਆਣਾ ਨੇ ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਇਸ ਡਿਜ਼ੀਟਲਾਈਜੇਸ਼ਨ ਪ੍ਰਾਜੈਕਟ ਦੇ ਉਪਰਾਲੇ ਨੂੰ ਗੱਤਕਾ ਖੇਡ ਲਈ ਯੁੱਗ ਪਲਟਾਊ ਕਰਾਰ ਦਿੱਤਾ। ਗੱਤਕਾ ਕੋਚ ਗੁਰਪ੍ਰੀਤ ਸਿੰਘ ਰਾਜਾ ਅੰਮ੍ਰਿਤਸਰ, ਜੋਗਰਾਜ ਸਿੰਘ ਮੁਹਾਲੀ ਤੇ ਮਨਪ੍ਰੀਤ ਸਿੰਘ ਲੁਧਿਆਣਾ ਨੇ ਆਖਿਆ ਕਿ ਡਿਜ਼ੀਟਲ ਸਕੋਰਬੋਰਡ ਰਾਹੀਂ ਟੂਰਨਾਮੈਂਟਾਂ ਦੀ ਸਕੋਰਿੰਗ ਹੋਣ ਨਾਲ ਜਿੱਥੇ ਰੈਫਰੀਆਂ ਲਈ ਬਿਹਤਰ ਹੋਵੇਗਾ ਉੱਥੇ ਟੂਰਨਾਮੈਂਟ ਦੇਖਣ ਆਉਂਦੇ ਦਰਸ਼ਕਾਂ ਲਈ ਵੀ ਗੱਤਕਾ ਮੈਚ ਜਾਣਕਾਰੀ ਭਰਪੂਰ ਸਾਬਤ ਹੋਣਗੇ। ਗੱਤਕਾ ਕੋਚ ਮਨਸਾਹਿਬ ਸਿੰਘ ਅਤੇ ਲਵਪ੍ਰੀਤ ਸਿੰਘ ਮੁੰਡੀ ਖਰੜ ਦਾ ਕਹਿਣਾ ਸੀ ਕਿ ਸਕੋਰਬੋਰਡ ਭਵਿੱਖ ਦੀਆਂ ਗੱਤਕਾ ਪ੍ਰਾਪਤੀਆਂ ਲਈ ਇੱਕ ਹੋਰ ਮੀਲ ਪੱਥਰ ਸਾਬਤ ਹੋਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਗੱਤਕਾ ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਇੰਜੀ. ਕੰਵਰ ਹਰਵੀਰ ਸਿੰਘ ਢੀਂਡਸਾ, ਜਥੇਬੰਧਕ ਸਕੱਤਰ ਬਲਜਿੰਦਰ ਸਿੰਘ ਮੁੰਡੀ ਖਰੜ, ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਦੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀ, ਹਰਿਆਣਾ ਗੱਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਤੇ ਇਸਮਾ ਦੇ ਸਟੇਟ ਕੋਆਰਡੀਨੇਟਰ ਸੁਖਚੈਨ ਸਿੰਘ ਕਲਸਾਣੀ, ਨੈਸ਼ਨਲ ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਹਰਜਿੰਦਰ ਕੁਮਾਰ, ਅਤੇ ਇਸਮਾ ਦੇ ਸਾਈਬਰ ਸੈਲ ਇੰਚਾਰਜ ਵਰੁਣ ਭਾਰਦਵਾਜ, ਗੁਰਦਿਆਲ ਸਿੰਘ ਭੁੱਲਾਰਾਈ ਅਤੇ ਪ੍ਰਭਜੋਤ ਸਿੰਘ ਜਲੰਧਰ ਵੀ ਸ਼ਾਮਿਲ ਸਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.