ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਦੇਸ਼ ਵੰਡ 1947 ਦੌਰਾਨ ਕਤਲ ਹੋਏ ਦਸ ਲੱਖ ਪੰਜਾਬੀਆਂ ਨੂੰ ਸਮਰਪਿਤ ਕਵੀ ਦਰਬਾਰ 14 ਅਗਸਤ ਨੂੰ
ਦੇਸ਼ ਵੰਡ 1947 ਦੌਰਾਨ ਕਤਲ ਹੋਏ ਦਸ ਲੱਖ ਪੰਜਾਬੀਆਂ ਨੂੰ ਸਮਰਪਿਤ ਕਵੀ ਦਰਬਾਰ 14 ਅਗਸਤ ਨੂੰ
Page Visitors: 2328

ਦੇਸ਼ ਵੰਡ 1947 ਦੌਰਾਨ ਕਤਲ ਹੋਏ ਦਸ ਲੱਖ ਪੰਜਾਬੀਆਂ ਨੂੰ ਸਮਰਪਿਤ ਕਵੀ ਦਰਬਾਰ 14 ਅਗਸਤ ਨੂੰ
ਦੇਸ਼ ਵੰਡ ਦੇ ਲਿਤਾੜੇ ਪਰਿਵਾਰਾਂ ਦੀਆਂ ਮੁਲਾਕਾਤਾਂ ਰੀਕਾਰਡ ਕਰਨ ਵਾਲੇ ਲੇਖਕ ਡਾ: ਸਾਂਵਲ ਧਾਮੀ (ਸੰਤਾਲੀਨਾਮਾ) ਨੂੰ ਸਨਮਾਨਿਤ ਕੀਤਾ ਜਾਵੇਗਾ
By : ਬਾਬੂਸ਼ਾਹੀ ਬਿਊਰੋ
Wednesday, Aug 07, 2019 07:07 PM

  •  

  •  

  • ਲੁਧਿਆਣਾ: 7 ਅਗਸਤ 2019 -
      ਲੋਕ ਵਿਰਾਸਤ ਅਕਾਡਮੀ ਵੱਲੋਂ ਜੀ ਜੀ ਐੱਨ ਖ਼ਾਲਸਾ ਕਾਲਿਜ ਸਿਵਿਲ ਲਾਈਨਜ਼, ਲੁਧਿਆਣਾ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਕਾਲਿਜ ਦੇ ਸੈਮੀਨਾਰ ਹਾਲ ਵਿੱਚ 1947 ਚ ਦੇਸ਼ ਆਜ਼ਾਦ ਹੋਣ ਮੌਕੇ 15 ਅਗਸਤ ਦੇ ਆਰ ਪਾਰ ਉਜਾੜੇ ਦੌਰਾਨ ਕਤਲ ਕੀਤੇ ਦਸ ਲੱਖ ਨਿਰਦੋਸ਼ ਪੰਜਾਬੀਆਂ ਦੀ ਯਾਦ ਵਿੱਚ ਕਵੀ ਦਰਬਾਰ 14 ਅਗਸਤ ਨੂੰ ਸਵੇਰੇ 11 ਵਜੇ ਕਰਵਾਇਆ ਜਾਵੇਗਾ। 
    ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਤੇ ਜੀ ਜੀ ਐੱਨ ਖ਼ਾਲਸਾ ਕਾਲੁਜ ਦੇ ਕਾਲਜ ਪ੍ਰਿੰਸੀਪਲ ਡਾ: ਅਰਵਿੰਦਰ ਸਿੰਘ ਭੱਲਾ ਮੁਤਾਬਕ ਇਸ ਕਵੀ ਦਰਬਾਰ ਵਿੱਚ ਪੰਜਾਬੀ ਹਿੰਦੀ ਤੇ ਉਰਦੂ ਦੇ ਪਰਮੁੱਖ ਕਵੀ ਭਾਗ ਲੈਣਗੇ। 
    ਉਨ੍ਹਾਂ ਦੱਸਿਆ ਕਿ ਇਸ ਮੌਕੇ ਵਿਸ਼ਵ ਭਰ ਚ ਵੱਸਦੇ ਪੰਜਾਬੀਆਂ ਨੂੰ 15 ਅਗਸਤ ਸਵੇਰੇ  ਵੰਡ ਦੌਰਾਨ ਮਾਰੇ ਗਏ ਬੇਦੋਸ਼ੇ ਪੰਜਾਬੀਆਂ ਨੂੰ ਸਰਬ ਧਰਮ ਅਰਦਾਸ ਰਾਹੀਂ ਯਾਦ ਕਰਨ ਦਾ ਵੀ ਸੁਨੇਹਾ ਦਿੱਤਾ ਜਾਵੇਗਾ। 
    ਇਸ ਮੌਕੇ 1947 ਚ ਉੱਜੜੇ ਪਰਿਵਾਰਾਂ ਦੀ ਦਰਦਨਾਕ ਕਹਾਣੀ ਰੀਕਾਰਡ ਕਰਕੇ ਸੰਤਾਲੀਨਾਮਾ ਯੂ ਟਿਊਬ ਚੈਨਲ ਰਾਹੀਂ ਦੇਸ਼ ਬਦੇਸ਼ ਪਹੁੰਚਾਉਣ ਵਾਲੇ ਨਾਮਵਰ ਲੇਖਕ ਡਾ: ਸਾਂਵਲ ਧਾਮੀ ਨੂੰ ਸਨਮਾਨਿਤ ਕੀਤਾ ਜਾਵੇਗਾ। 
    ਪ੍ਰੋ: ਗਿੱਲ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਵੇਲੇ ਨਿਰਦਈ ਜ਼ਾਲਮਾਂ ਨੇ ਆਪੋ ਆਪਣੇ ਧਰਮਾਂ ਦੀ ਮੂਲ ਭਾਵਨਾ ਦੇ ਉਲਟ ਜਾ ਕੇ ਦਰਿੰਦਗੀ ਦਾ ਜੋ ਕੋਝਾ ਸਬੂਤ ਦਿੱਤਾ ਉਸ ਨਾਲ ਦਸ ਲੱਖ ਬੇਕਸੂਰ ਪੰਜਾਬੀਆਂ ਦਾ ਕਤਲ ਹੋਇਆ। ਇਹ ਸੰਤਾਲੀ ਫੇਰ ਨਾ ਆਵੇ, ਇਸ ਵਿਸ਼ਵਾਸ ਤੇ ਪਹਿਰੇਦਾਰੀ ਲਈ ਪੰਜਾਬੀ, ਹਿੰਦੀ ਤੇ ਉਰਦੂ ਕਵੀਆਂ ਦਾ ਹੁੰਗਾਰਾ ਜ਼ਰੂਰੀ ਸਮਝ ਕੇ ਇਹ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ। ਇਹ ਵੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇਸ ਕਵੀ ਦਰਬਾਰ ਚ ਪੜ੍ਹੀਆਂ ਜਾਣ ਵਾਲੀਆਂ ਕਵਿਤਾਵਾਂ ਨੂੰ ਵੀ ਕਿਤਾਬਚੇ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਜਾਵੇ। 
    ਕਵੀ ਦਰਬਾਰ ਵਿੱਚ ਸ਼ਾਮਿਲ ਹੋਣ ਲਈ ਸਿਰਕੱਢ ਪੰਜਾਬੀ ਕਵੀ ਜਸਵੰਤ ਜਫ਼ਰ, ਤ੍ਰੈਲੋਚਨ ਲੋਚੀ, ਸਵਰਨਜੀਤ ਸਵੀ, ਗੁਰਚਰਨ ਕੌਰ ਕੋਚਰ, ਬੂਟਾ ਸਿੰਘ ਚੌਹਾਨ, ਮਨਜਿੰਦਰ ਧਨੋਆ, ਸਹਿਜਪ੍ਰੀਤ ਸਿੰਘ ਮਾਂਗਟ, ਮੁਕੇਸ਼ ਆਲਮ, ਮਨਦੀਪ ਲੁਧਿਆਣਾ, ਗੁਰਚਰਨ ਕੌਰ ਕੋਚਰ, ਪ੍ਰਭਜੋਤ ਸੋਹੀ, ਕਰਮਜੀਤ ਗਰੇਵਾਲ, ਧਰਮਿੰਦਰ ਸ਼ਾਹਿਦ ਖੰਨਾ, ਰਾਜਦੀਪ ਤੂਰ, ਹਰਬੰਸ ਮਾਲਵਾ, ਅਮਰਜੀਤ ਸ਼ੇਰਪੁਰੀ, ਤਰਸੇਮ ਨੂਰ, ਅਮਨਦੀਪ ਟੱਲੇਵਾਲੀਆ ਸਮੇਤ ਸਿਰਕੱਢ ਕਵੀ ਭਾਗ ਲੈਣਗੇ। 
    ਇਸ ਕਵੀ ਦਰਬਾਰ ਦਾ ਲਾਈਵ ਟੈਲੀਕਾਸਟ ਮਾਲਵਾ ਟੀ ਵੀ ਵੱਲੋਂ ਕੀਤਾ ਜਾਵੇਗਾ। ਕਵੀ ਦਰਬਾਰ ਦੀ ਪ੍ਰਧਾਨਗੀ ਜੀ ਜੀ ਐੱਨ ਖ਼ਾਲਸਾ ਕਾਲਿਜ ਲੁਧਿਆਣਾ ਦੇ ਪ੍ਰਧਾਨ ਗੁਰਸ਼ਰਨ ਸਿੰਘ ਨਰੂਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਤੇ ਕਾਲਿਜ ਦੇ ਆਨਰੇਰੀ ਜਨਰਲ ਸਕੱਤਰ ਡਾ: ਐੱਸ ਪੀ ਸਿੰਘ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ ਤੇ ਉਰਦੂ ਕਵੀ ਸਰਦਾਰ ਪੰਛੀ ਜੀ ਕਰਨਗੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.