ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਨਸ਼ਾ ਮਾਫੀਆ ਨਾਲ ਰਲੇ ’ਪੁਲਸੀਆ ਗਿਰੋਹ’ ਦੀ ਐਸ.ਟੀ.ਐਫ. ਕਰੇ ਜਾਂਚ-ਹਰਪਾਲ ਚੀਮਾ
ਨਸ਼ਾ ਮਾਫੀਆ ਨਾਲ ਰਲੇ ’ਪੁਲਸੀਆ ਗਿਰੋਹ’ ਦੀ ਐਸ.ਟੀ.ਐਫ. ਕਰੇ ਜਾਂਚ-ਹਰਪਾਲ ਚੀਮਾ
Page Visitors: 2309

ਨਸ਼ਾ ਮਾਫੀਆ ਨਾਲ ਰਲੇ 'ਪੁਲਸੀਆ ਗਿਰੋਹ' ਦੀ ਐਸ.ਟੀ.ਐਫ ਕਰੇ ਜਾਂਚ - ਹਰਪਾਲ ਚੀਮਾ
ਵਿਰੋਧੀ ਧਿਰ ਦੇ ਨੇਤਾ ਨੇ ਨਸ਼ੇ ਵਿਰੁੱਧ ਲੜ ਰਹੇ ਇਮਾਨਦਾਰ ਪੁਲਿਸ ਅਫਸਰਾਂ-ਅਧਿਕਾਰੀਆਂ ਦੇ ਹੱਕ 'ਚ ਅਵਾਜ ਉਠਾਈ
By : ਬਾਬੂਸ਼ਾਹੀ ਬਿਊਰੋ
Monday, Sep 02, 2019 08:01 PM
   ਚੰਡੀਗੜ੍ਹ,  2 ਸਤੰਬਰ 2019 -
   
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਪੁਲਸ ਅੰਦਰ 'ਨਸ਼ਾ ਮਾਫੀਆ' ਨੂੰ ਸਰਪਰਸਤੀ ਦੇਣ ਵਾਲੇ 'ਪੁਲਸੀਆ ਗਿਰੋਹ' ਦੀ ਜਾਂਚ ਨਸ਼ਾ ਤਸਕਰੀ ਬਾਰੇ ਗਠਿਤ ਵਿਸ਼ੇਸ਼ ਟਾਸਕ ਫੋਰਸ (ਐਸਟੀਐਫ) ਮੁਖੀ ਹਰਪ੍ਰੀਤ ਸਿੰਘ ਸਿੱਧੂ ਨੂੰ ਸੌਂਪੀ ਜਾਵੇ।
    ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਸ਼ੋਸਲ ਮੀਡੀਆ 'ਤੇ ਵਾਇਰਲ ਹੋਈਆਂ ਵੀਡਿਓ/ਆਡੀਓਜ਼ 'ਚ ਪੁਲਸ ਵਿਭਾਗ ਦੇ ਕੁੱਝ ਇਮਾਨਦਾਰ ਪੁਲਸ ਅਧਿਕਾਰੀਆਂ-ਕਰਮਚਾਰੀਆਂ ਦੇ ਖੁਲਾਸੇ ਨਜਰਅੰਦਾਜ ਨਹੀਂ ਕੀਤਾ ਜਾ ਸਕਦਾ।
   ਚੀਮਾ ਨੇ ਕਿਹਾ ਕਿ ਫਤਿਹਗੜ੍ਹ ਸਾਹਿਬ ਪੁਲਸ ਦੇ ਹੈਡਕਾਂਸਟੇਬਲ ਰਛਪਾਲ ਸਿੰਘ ਵੱਲੋਂ ਸ਼ੋਸਲ ਮੀਡੀਆ 'ਤੇ ਵਰਦੀ 'ਚ ਲਾਈਵ ਹੋ ਕੇ ਦੱਸਿਆ ਗਿਆ ਹੈ ਕਿ ਲੰਘੀ 19 ਅਗਸਤ ਨੂੰ ਮੂਲੇਵਾਲ ਪਿੰਡ ਦੇ ਹੀ ਸੱਤਾਧਾਰੀ ਸਰਪੰਚ ਦੇ ਭਰਾ ਹਰਵਿੰਦਰ ਸਿੰਘ ਨੂੰ ਨਸ਼ੇ ਦੀਆਂ ਕਰੀਬ 4200 ਗੋਲੀਆਂ ਅਤੇ 150 ਟੀਕਿਆਂ ਸਮੇਤ ਰੰਗੇ ਹੱਥੀ ਫੜਿਆ ਸੀ। ਰਥਪਾਲ ਸਿੰਘ ਮੁਤਾਬਿਕ ਪਹਿਲਾ ਰਿਸ਼ਵਤ ਅਤੇ ਸਿਆਸੀ ਦਬਾਅ ਹੇਠ ਪਰਚਾ ਨਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰੰਤੂ ਕਾਨੂੰਨ ਦਾ ਪਹਿਰੇਦਾਰ ਹੋਣ ਦੇ ਨਾਤੇ ਉਸ ਦੋਸ਼ੀ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਤਾਂ ਨਾ ਕੇਵਲ ਵਿਭਾਗੀ ਅਫਸਰਾਂ ਅਤੇ ਸਿਆਸਤਦਾਨਾਂ ਦੀ ਮਿਲੀਭੁਗਤ ਨਾਲ ਰਛਪਾਲ ਸਿੰਘ ਨੂੰ ਮੁਅੱਤਲ ਕੀਤਾ ਗਿਆ ਬਲਕਿ ਨਸ਼ਾ ਮਾਫੀਆ ਵੱਲੋਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਮਿਲਣ ਲੱਗੀਆਂ ਹਨ, ਜਿਸ ਕਾਰਨ ਰਛਪਾਲ ਸਿੰਘ ਨੂੰ 'ਸ਼ੋਸਲ ਮੀਡੀਆ' ਦਾ ਸਹਾਰਾ ਲੈਣਾ ਪਿਆ।
   ਚੀਮਾ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਭਗਵੰਤ ਮਾਨ ਵੱਲੋਂ ਬਣਾਈ ਗਈ ਆਮ ਆਦਮੀ ਆਰਮੀ ਦੀ ਟੀਮ ਗਗਨਦੀਪ ਸਿੰਘ ਚੱਢਾ ਦੀ ਅਗਵਾਈ ਹੇਠ ਰਛਪਾਲ ਸਿੰਘ ਦੇ ਪਿੰਡ ਮੈਣ ਕਲਾ (ਸਮਾਣਾ) ਪਹੁੰਚੀ ਤਾਂ ਬੇਹੱਦ ਸਹਿਮੇ ਪਰਿਵਾਰ 'ਚ ਰਛਪਾਲ ਸਿੰਘ ਨੇ ਸਾਰੀ ਗਾਥਾ ਸੁਣਾਈ ਅਤੇ ਦੱਸਿਆ ਕਿ ਉਹ ਆਪਣੀ ਵੱਖ-ਵੱਖ ਥਾਂ ਤੈਨਾਤੀ ਦੌਰਾਨ ਲੱਖਾਂ-ਕਰੋੜਾਂ ਰੁਪਏ ਦੇ ਨਸ਼ੇ ਅਤੇ ਚਿੱਟਾ ਫੜ ਚੁੱਕਿਆ ਹੈ, ਜਿਸ ਬਦਲੇ ਵਿਭਾਗ ਵੱਲੋਂ ਉਸਨੂੰ ਸਨਮਾਨਿਆ ਵੀ ਗਿਆ, ਪਰੰਤੂ ਇਸ ਵਾਰ ਉਸਨੂੰ ਸਾਬਾਸ਼ੀ ਦੀ ਜਗ੍ਹਾ, ਮੁਅੱਤਲੀ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
   ਚੀਮਾ ਨੇ ਕਿਹਾ ਕਿ ਇਹ ਕੋਈ ਪਹਿਲਾਂ ਅਤੇ ਆਖਰੀ ਕੇਸ ਨਹੀਂ ਹੈ, ਜਿਸ 'ਚ ਨਸ਼ਾ ਮਾਫੀਆ ਨਾਲ ਮਿਲਿਆ 'ਪੁਲਸੀਆ ਗਿਰੋਹ'  ਨਸ਼ਿਆਂ ਖਿਲਾਫ ਲੜ ਰਹੇ ਵਿਭਾਗ ਦੇ ਪੁਲਸ ਅਫਸਰਾਂ ਅਤੇ ਮੁਲਾਜਮਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਚੀਮਾ ਨੇ ਇਸੇ ਤਰ੍ਹਾਂ ਖੰਨਾ ਪੁਲਸ ਦੇ ਇਕ ਉਚ ਅਧਿਕਾਰੀ ਵੱਲੋਂ ਆਪਣੇ ਅਧੀਨ ਅਧਿਕਾਰੀ ਨੂੰ ਗਾਲ੍ਹਾਂ ਕੱਢਣ ਅਤੇ ਧਮਕੀਆਂ ਦੇਣ ਦੇ ਮਾਮਲੇ ਸਮੇਤ ਅਜਿਹੇ ਸਾਰੇ ਮਸਲਿਆਂ ਦੀ ਜਾਂਚ ਐਸ.ਟੀ.ਐਫ ਦੇ ਹਵਾਲੇ ਕਰਨ ਦੀ ਮੰਗ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੋਂ ਕੀਤੀ।
   ਚੀਮਾ ਨੇ ਕਿਹਾ ਕਿ ਅਜਿਹੇ ਮਾਮਲਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ 'ਚ ਨਸ਼ਾ ਮਾਫੀਆ ਲਈ ਸੱਤਾਧਾਰੀ ਅਤੇ ਪੁਲਸ ਤੰਤਰ ਦਾ ਇੱਕ ਹਿੱਸਾ ਪੂਰੀ ਤਰ੍ਹਾਂ ਮਿਲਿਆ ਹੋਇਆ ਹੈ। ਚੀਮਾ ਨੇ ਕਿਹਾ ਕਿ 'ਆਪ' ਦੀ ਆਮ ਆਦਮੀ ਆਰਮੀ ਮੁਹਿੰਮ ਦੌਰਾਨ ਸੂਬੇ ਭਰ 'ਚ ਨਸ਼ਿਆਂ ਵਿਰੁੱਧ ਆਮ ਲੋਕਾਂ ਨਾਲ ਲੈ ਕੇ ਫੈਸਲਾਕੁੰਨ ਸੰਘਰਸ਼ ਕੀਤਾ ਜਾਵੇਗਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.