ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਮੋਦੀ ਸਰਕਾਰ ਵਲੋਂ ਸਿੱਖ ਹਿਤੈਸ਼ੀ ਫੈਸਲੇ ਕਰਨ ‘ਤੇ ਕਾਂਗਰਸ ‘ਤੇ ਅਕਾਲੀ ਦਲ ਚਿੰਤਤ
ਮੋਦੀ ਸਰਕਾਰ ਵਲੋਂ ਸਿੱਖ ਹਿਤੈਸ਼ੀ ਫੈਸਲੇ ਕਰਨ ‘ਤੇ ਕਾਂਗਰਸ ‘ਤੇ ਅਕਾਲੀ ਦਲ ਚਿੰਤਤ
Page Visitors: 2556

ਮੋਦੀ ਸਰਕਾਰ ਵਲੋਂ ਸਿੱਖ ਹਿਤੈਸ਼ੀ ਫੈਸਲੇ ਕਰਨ ‘ਤੇ ਕਾਂਗਰਸ ‘ਤੇ ਅਕਾਲੀ ਦਲ ਚਿੰਤਤਮੋਦੀ ਸਰਕਾਰ ਵਲੋਂ ਸਿੱਖ ਹਿਤੈਸ਼ੀ ਫੈਸਲੇ ਕਰਨ ‘ਤੇ ਕਾਂਗਰਸ ‘ਤੇ ਅਕਾਲੀ ਦਲ ਚਿੰਤਤ

September 30
21:38 2019
ਪਟਿਆਲਾ, 30 ਸਤੰਬਰ (ਪੰਜਾਬ ਮੇਲ)- ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸਿੱਖਾਂ ਨੂੰ ‘ਕਾਲੀ ਸੂਚੀ’ ‘ਚੋਂ ਬਾਹਰ ਕੱਢਣਾ, 8 ਸਿੱਖ ਕੈਦੀਆਂ ਨੂੰ ਰਿਹਾਅ ਕਰਨਾ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ੀ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨਾ ਤੇ ਸ੍ਰੀ ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਫੰਡ ਰੀਲੀਜ਼ ਕਰਨ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਸਿੱਖ ਹਿਤੈਸ਼ੀ ਫੈਸਲੇ ਕਰਨ ‘ਤੇ ਪੰਜਾਬ ਦੀ ਸੱਤਾ ‘ਤੇ ਕਾਬਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਬੇਹੱਦ ਚਿੰਤਤ ਹਨ।
  ਜਿਥੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬੇਅਦਬੀ ਤੇ ਬਰਗਾੜੀ ਕਾਂਡ ਦੇ ਮੁੱਦੇ ‘ਤੇ ਅਕਾਲੀ ਦਲ ਬੁਰੀ ਤਰ੍ਹਾਂ ਘਿਰਿਆ ਹੋਇਆ ਹੈ, ਉਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਪੰਜਾਬ ਵਿਚ ਪੰਥਕ ਏਜੰਡਾ ਚਲਾ ਕੇ ਅਕਾਲੀ ਦਲ ਤੋਂ ਸਿੱਖ ਵੋਟ ਬੈਂਕ ਖੋਹਣ ਵਿਚ ਲੱਗੇ ਹੋਏ ਹਨ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਿਸ ਤਰ੍ਹਾਂ ਸਿੱਖਾਂ ਨੂੰ ਖੁਸ਼ ਕਰਨ ਵਾਲੇ ਫੈਸਲੇ ਲਏ ਜਾ ਰਹੇ ਹਨ, ਉਸ ਕਾਰਣ ਸਿੱਖਾਂ ਦੇ ਮੁੱਦੇ ‘ਤੇ ਸਿਆਸਤ ਕਰਨ ਵਾਲੇ ਅਕਾਲੀ ਦਲ ਦੇ ਨਾਲ-ਨਾਲ ਪੰਜਾਬ ਕਾਂਗਰਸ ਬੇਹੱਦ ਚਿੰਤਤ ਹੈ।
   ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਵੱਲੋਂ ਅਲੱਗ ਚੋਣਾਂ ਲੜਨ ਦੇ ਐਲਾਨ ਤੋਂ ਬਾਅਦ ਅਕਾਲੀ-ਭਾਜਪਾ ਦੇ ਰਿਸ਼ਤਿਆਂ ਵਿਚ ਖਟਾਸ ਵਧਦੀ ਜਾ ਰਹੀ ਹੈ। ਭਾਜਪਾ ਦਾ ਨਿਸ਼ਾਨਾ 2022 ਦੀਆਂ ਵਿਧਾਨ ਸਭਾ ਚੋਣਾਂ ਹਨ। ਪਾਰਟੀ ਇਹ ਚੋਣਾਂ ਹਰਿਆਣਾ ਪੈਟਰਨ ‘ਤੇ ਇਕੱਲੇ ਲੜਨ ਦਾ ਮਨ ਬਣਾ ਰਹੀ ਹੈ। ਇਸੇ ਕਾਰਣ ਉਸ ਨੇ ਪੰਜਾਬ ਨੂੰ ਲੈਬਾਰਟਰੀ ਬਣਾਇਆ ਹੋਇਆ ਹੈ। ਵੱਖ-ਵੱਖ ਤਰ੍ਹਾਂ ਦੇ ਐਕਸਪੈਰੀਮੈਂਟ ਕੀਤੇ ਜਾ ਰਹੇ ਹਨ।
2019 ਦੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਦੇ ਹਿੰਦੂਆਂ ਨੇ ਭਾਜਪਾ ਦੇ ਹੱਕ ਵਿਚ ਡਟ ਕੇ ਵੋਟਿੰਗ ਕੀਤੀ ਸੀ। ਪੰਜਾਬ ਦੇ ਹਿੰਦੂ ਲਗਾਤਾਰ ਬਦਲ ਭਾਲ ਰਹੇ ਹਨ, ਜਿਸ ਕਾਰਣ ਭਾਜਪਾ ‘ਤੇ ਦਬਾਅ ਬਣਿਆ ਹੋਇਆ ਹੈ ਕਿ ਉਹ ਇਕੱਲੀ ਚੋਣ ਮੈਦਾਨ ਵਿਚ ਨਿੱਤਰੇ। ਸੂਤਰਾਂ ਅਨੁਸਾਰ ਸਿੱਖ-ਜਗਤ ਦੇ ਧਰਮ ਗੁਰੂਆਂ ਨਾਲ ਵੀ ਮੋਦੀ ਸਰਕਾਰ ਨੇ ਨੇੜਤਾ ਵਧਾ ਦਿੱਤੀ ਹੈ। ਪੰਜਾਬ ਦੀ ਰਾਜਨੀਤੀ ਵਿਚ ਅਹਿਮ ਮਹੱਤਤਾ ਰਖਦੇ ਕਈ ਸਿੱਖ ਡੇਰਿਆਂ ਨਾਲ ਭਾਜਪਾ ਪ੍ਰਧਾਨ ਅਮਿਤ ਸ਼ਾਹ, ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਹੋਰ ਵੱਡੇ ਆਗੂਆਂ ਨਾਲ ਸੰਪਰਕ ਬਣਿਆ ਹੋਇਆ ਹੈ।
  ਮਾਰਚ 2020 ਤੱਕ ਭਾਜਪਾ ਲਗਾਤਾਰ ਪੰਜਾਬ ਵਿਚ ਐਕਸਪੈਰੀਮੈਂਟ ਕਰੇਗੀ ਤਾਂ ਜੋ ਸਿਆਸੀ ਰੁਖ ਪਤਾ ਚੱਲ ਸਕੇ। ਭਾਜਪਾ ਦੀ ਰਣਨੀਤੀ ਹੈ ਕਿ ਸੂਬੇ ਦੀਆਂ 117 ਸੀਟਾਂ ਵਿਚੋਂ 50 ਤੋਂ ਵੱਧ ਸੀਟਾਂ ਜਿੱਤੀਆਂ ਜਾਣ। ਪਾਰਟੀ ਨੂੰ ਉਮੀਦ ਹੈ ਕਿ 35 ਦੇ ਲਗਭਗ ਹਿੰਦੂ ਉਮੀਦਵਾਰ ਜਿੱਤ ਸਕਦੇ ਹਨ। ਜੇਕਰ ਭਾਜਪਾ 15 ਜਾਂ 20 ਦੇ ਵਿਚਕਾਰ ਸਿੱਖ ਚਿਹਰੇ ਜਿਤਾ ਲੈਂਦੀ ਹੈ ਤਾਂ ਪੰਜਾਬ ਵਿਚ ਸਰਕਾਰ ਬਣ ਸਕਦੀ ਹੈ। ਇਸ ਲਈ ਪੰਜਾਬ ਅਰਬਨ ਅਤੇ ਸੈਮੀ-ਅਰਬਨ ਸੀਟਾਂ ਦੀ ਪਛਾਣ ਕਰ ਲਈ ਗਈ ਹੈ।
  ਅਕਾਲੀ ਦਲ ਅਤੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਇਸ ਗੱਲ ਦੀ ਭਿਣਕ ਲੱਗ ਗਈ ਹੈ ਕਿ ਭਾਜਪਾ ਪੰਜਾਬ ਵਿਚ ਵੱਡੀ ਤਿਆਰੀ ਕਰ ਰਹੀ ਹੈ। ਭਾਜਪਾ ਦੇ ਇਕੱਲੇ ਚੋਣਾਂ ਲੜਨ ਦਾ ਵੱਡਾ ਨੁਕਸਾਨ ਕਾਂਗਰਸ ਨੂੰ ਹੋਵੇਗਾ ਕਿਉਂਕਿ ਕਾਂਗਰਸ ਨਾਲ ਜੁੜਿਆ ਹਿੰਦੂ ਵੋਟ ਬੈਂਕ ਭਾਜਪਾ ਦੇ ਇਕੱਲੇ ਲੜਨ ਦੀ ਸੂਰਤ ਵਿਚ ਭਾਜਪਾ ਨਾਲ ਆ ਜਾਵੇਗਾ। ਇਸ ਕਾਰਣ ਕਾਂਗਰਸ ਦੀਆਂ ਚਿੰਤਾਵਾਂ ਵੀ ਵਧੀਆਂ ਹੋਈਆਂ ਹਨ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.