ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕਰਜ਼ਾਈ ਕਿਸਾਨਾਂ ਨੂੰ ਕੁਰਕੀ ਦੇ ਨੋਟਿਸ ਭੇਜ ਕੇ ਕਿਸਾਨਾਂ ਦੇ ਪਿੱਠ ‘ਚ ਛੁਰਾ ਮਾਰ ਰਹੇ ਨੇ ਕੈਪਟਨ: ਹਰਪਾਲ ਸਿੰਘ ਚੀਮਾ
ਕਰਜ਼ਾਈ ਕਿਸਾਨਾਂ ਨੂੰ ਕੁਰਕੀ ਦੇ ਨੋਟਿਸ ਭੇਜ ਕੇ ਕਿਸਾਨਾਂ ਦੇ ਪਿੱਠ ‘ਚ ਛੁਰਾ ਮਾਰ ਰਹੇ ਨੇ ਕੈਪਟਨ: ਹਰਪਾਲ ਸਿੰਘ ਚੀਮਾ
Page Visitors: 2307

ਕਰਜ਼ਾਈ ਕਿਸਾਨਾਂ ਨੂੰ ਕੁਰਕੀ ਦੇ ਨੋਟਿਸ ਭੇਜ ਕੇ ਕਿਸਾਨਾਂ ਦੇ ਪਿੱਠ 'ਚ ਛੁਰਾ ਮਾਰ ਰਹੇ ਨੇ ਕੈਪਟਨ: ਹਰਪਾਲ ਸਿੰਘ ਚੀਮਾ
By : ਬਾਬੂਸ਼ਾਹੀ ਬਿਊਰੋ
Tuesday, Oct 01, 2019 06:58 PM

  •  

     ਮਾਨਸਾ ਜ਼ਿਲ੍ਹੇ ਦੇ ਨੰਦਗੜ੍ਹ ਪਿੰਡ ਦੇ 14 ਕਿਸਾਨਾਂ ਨੂੰ ਭੇਜੇ ਕੁਰਕੀ ਨੋਟਿਸ-ਪ੍ਰਿੰਸੀਪਲ ਬੁੱਧ ਰਾਮ
     ਜ਼ਿਮਨੀ ਚੋਣਾਂ 'ਚ ਲੋਕ ਕੈਪਟਨ ਤੇ ਕਾਂਗਰਸੀਆਂ ਤੋਂ ਸਵਾਲ ਪੁੱਛਣ-ਕੁਲਤਾਰ ਸਿੰਘ ਸੰਧਵਾਂ
    ਚੰਡੀਗੜ੍ਹ, 01 ਅਕਤੂਬਰ 2019: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਦੀਆਂ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕਾਂ ਵੱਲੋਂ ਕਰਜ਼ਾਈ ਕਿਸਾਨਾਂ ਨੂੰ ਕਰਜ਼ਾ ਨਾ ਮੋੜੇ ਜਾਣ 'ਤੇ ਜ਼ਮੀਨ ਕੁਰਕ ਕਰਨ ਸੰਬੰਧੀ ਨੋਟਿਸ ਜਾਰੀ ਕੀਤੇ ਜਾਣ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਹੈ।
    'ਆਪ' ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ 'ਕਰਜ਼ਾ ਕੁਰਕੀ ਖ਼ਤਮ, ਫ਼ਸਲ ਦੀ ਪੂਰੀ ਰਕਮ' ਵਰਗੇ ਝੂਠੇ ਅਤੇ ਗੁਮਰਾਹਕੁਨ ਨਾਅਰੇ ਦੇ ਕੇ ਸੱਤਾ ਹਾਸਿਲ ਕਰਨ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਇੱਕ ਵੀ ਵਾਅਦੇ 'ਤੇ ਪੂਰਾ ਨਹੀਂ ਉਤਰੇ। ਆੜ੍ਹਤੀਆਂ ਸਮੇਤ ਸਾਰੀਆਂ ਸਰਕਾਰੀ, ਸਹਿਕਾਰੀ ਅਤੇ ਪ੍ਰਾਈਵੇਟ ਬੈਂਕਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ ਦੇ ਦਾਅਵੇ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਕਰਜ਼ੇ ਤਾਂ ਕੀ ਮੁਆਫ਼ ਕਰਨੇ ਸਨ, ਉਲਟਾ ਕਿਸਾਨਾਂ ਨੂੰ ਜ਼ਮੀਨ ਕੁਰਕ ਕਰਨ ਦੇ ਲਗਾਤਾਰ ਨੋਟਿਸ ਭੇਜੇ ਜਾ ਰਹੇ ਹਨ। ਜਿਸ ਦੀ ਤਾਜ਼ਾ ਮਿਸਾਲ ਸਰਦੂਲਗੜ੍ਹ, ਪ੍ਰਾਇਮਰੀ ਕੋ-ਆਪਰੇਟਿਵ ਐਗਰੀਕਲਚਰ ਡਿਵੈਲਪਮੈਂਟ ਬੈਂਕ ਲਿਮ. ਸਰਦੂਲਗੜ੍ਹ ਵੱਲੋਂ ਨੰਦਗੜ੍ਹ ਪਿੰਡ ਦੇ 14 ਕਿਸਾਨਾਂ ਨੂੰ ਪੰਜਾਬ ਸਟੇਟ ਐਗਰੀਕਲਚਰ ਡਿਵੈਲਪਮੈਂਟ ਬੈਂਕ ਐਕਟ 1957 ਦੀ ਧਾਰਾ 15-16 ਤਹਿਤ ਜ਼ਮੀਨ ਦੀ ਕੁਰਕੀ ਦੇ ਨੋਟਿਸ ਜਾਰੀ ਕੀਤੇ ਜਾਣਾ ਹੈ।
     ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ, ਪਿਛਲੇ ਢਾਈ ਸਾਲਾਂ ਦੌਰਾਨ ਸੈਂਕੜੇ ਕਰਜ਼ਾਈ ਕਿਸਾਨਾਂ ਦੀ ਜ਼ਮੀਨ ਕੁਰਕ ਕੀਤੇ ਜਾਣ ਦੀ ਪ੍ਰਕਿਰਿਆ ਸ਼ੁਰੂ ਕਰ ਕੇ ਪਹਿਲਾਂ ਹੀ ਭਾਰੀ ਮਾਨਸਿਕ ਤਣਾਅ 'ਚੋਂ ਚੱਲ ਰਹੇ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ 'ਤੇ ਕਰਜ਼ਾ ਵਾਪਸ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ, ਨਤੀਜੇ ਵਜੋਂ ਕਿਸਾਨ ਆਤਮ-ਹੱਤਿਆਵਾਂ ਦਾ ਰੁਝਾਨ ਹੋਰ ਤੇਜ਼ ਹੋਇਆ ਹੈ। ਜਿਸ ਲਈ ਸਿੱਧੇ ਤੌਰ 'ਤੇ ਪੰਜਾਬ ਦੀ ਕਾਂਗਰਸ ਸਰਕਾਰ ਖ਼ਾਸ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹਨ, ਜਿੰਨਾ ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਦੀ ਪਿੱਠ 'ਚ ਛੁਰਾ ਮਾਰਿਆ ਅਤੇ ਆਪਣੇ ਚੋਣ ਵਾਅਦੇ ਤੋਂ ਮੁੱਕਰ ਗਏ।
     ਪ੍ਰਿੰਸੀਪਲ ਬੁੱਧ ਰਾਮ ਨੇ ਨੰਦਗੜ੍ਹ ਦੇ ਕਿਸਾਨਾਂ ਵੱਲੋਂ ਆਮ ਆਦਮੀ ਪਾਰਟੀ (ਆਪ) ਕੋਲੋਂ ਲਗਾਈ ਗੁਹਾਰ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਬੈਂਕ ਪ੍ਰਬੰਧਕ ਨੋਟਿਸ ਜਾਰੀ ਕਰ ਕੇ ਸੰਬੰਧਿਤ ਕਿਸਾਨਾਂ ਨੂੰ ਲਗਾਤਾਰ ਪਰੇਸ਼ਾਨ ਕਰ ਰਹੇ ਹਨ ਅਤੇ ਸਰਕਾਰੇ-ਦਰਬਾਰੇ ਉਨ੍ਹਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ। ਇਨ੍ਹਾਂ ਕਿਸਾਨਾਂ 'ਚ ਸੁਖਦੇਵ ਸਿੰਘ, ਰਣਜੀਤ ਸਿੰਘ, ਸਵਰਗੀ ਗੁਰਬਚਨ ਸਿੰਘ, ਸਵਰਗੀ ਚਾਨਣ ਰਾਮ, ਮਹਾਂ ਸਿੰਘ, ਸ਼ੇਰ ਸਿੰਘ, ਹਰਬੰਸ ਸਿੰਘ, ਸੁਖਦੇਵ ਸਿੰਘ, ਨਛੱਤਰ ਸਿੰਘ, ਸਵਰਗੀ ਹਰਨੇਕ ਸਿੰਘ, ਸਵਰਗੀ ਭਜਨ ਸਿੰਘ, ਜੱਗਾ ਸਿੰਘ, ਅਮਰਨਾਥ ਸਿੰਘ ਅਤੇ ਬੰਤ ਸਿੰਘ ਦੇ ਨਾਮ ਸ਼ਾਮਲ ਹਨ। ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਸਹਿਕਾਰੀ ਬੈਂਕ ਵੱਲੋਂ ਜ਼ਮੀਨ ਕੁਰਕੀ ਲਈ ਲਗਾਤਾਰ ਬਣਾਏ ਜਾ ਰਹੇ ਦਬਾਅ ਕਾਰਨ ਇਹ ਕਿਸਾਨ ਅਤੇ ਇਨ੍ਹਾਂ ਦੇ ਵਾਰਿਸ ਪਰਿਵਾਰਕ ਮੈਂਬਰ ਭਾਰੀ ਸਦਮੇ 'ਚ ਹਨ।
     ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸਾਰੇ ਕਾਂਗਰਸੀ ਮੰਤਰੀਆਂ, ਵਿਧਾਇਕਾਂ ਅਤੇ ਆਗੂਆਂ ਨੂੰ ਪੰਜਾਬ ਦੇ ਲੋਕ ਖ਼ਾਸ ਕਰਕੇ ਕਿਸਾਨ ਅਤੇ ਖੇਤ ਮਜ਼ਦੂਰ ਅਜਿਹੇ ਕੁਰਕੀ ਨੋਟਿਸਾਂ ਬਾਰੇ ਇੱਕਜੁੱਟ ਹੋ ਕੇ ਸਵਾਲ ਕਰਨ। ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣਾਂ 'ਚ ਲੋਕਾਂ ਕੋਲ ਸਰਕਾਰ ਨੂੰ ਸਵਾਲ ਕਰਨ ਦਾ ਸੁਨਹਿਰੀ ਮੌਕਾ ਹੈ।
    'ਆਪ' ਆਗੂਆਂ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਬੈਂਕਾਂ ਵੱਲੋਂ ਜ਼ਮੀਨ ਕੁਰਕੀ ਦੇ ਨੋਟਿਸ ਭੇਜੇ ਜਾਣ ਦੀ ਪ੍ਰਕਿਰਿਆ ਨਾ ਰੋਕੀ ਅਤੇ ਅਜਿਹੇ ਸਾਰੇ ਕਿਸਾਨਾਂ ਦੇ ਕਰਜ਼ੇ 'ਤੇ ਪੱਕੀ ਲੀਕ ਨਾ ਮਾਰੀ ਤਾਂ 'ਆਪ' ਵੱਲੋਂ ਆਗਾਮੀ ਵਿਧਾਨ ਸਭਾ ਸੈਸ਼ਨ 'ਚ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਜਾਵੇਗਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.