ਕੈਟੇਗਰੀ

ਤੁਹਾਡੀ ਰਾਇ



ਸਿੱਖ ਮਸਲੇ
1984 ਸਿੱਖ ਕਤਲੇਆਮ ਮਾਮਲਾ; ਨਜੀਬ ਜੰਗ ਵਿਸ਼ੇਸ਼ ਜਾਂਚ ਟੀਮ ਦੇ ਗਠਨ ਲਈ ਹੋਏ ਰਾਜ਼ੀ
1984 ਸਿੱਖ ਕਤਲੇਆਮ ਮਾਮਲਾ; ਨਜੀਬ ਜੰਗ ਵਿਸ਼ੇਸ਼ ਜਾਂਚ ਟੀਮ ਦੇ ਗਠਨ ਲਈ ਹੋਏ ਰਾਜ਼ੀ
Page Visitors: 2478

1984 ਸਿੱਖ ਕਤਲੇਆਮ ਮਾਮਲਾ; ਨਜੀਬ ਜੰਗ ਵਿਸ਼ੇਸ਼ ਜਾਂਚ ਟੀਮ ਦੇ ਗਠਨ ਲਈ ਹੋਏ ਰਾਜ਼ੀ

 

ਵਿਸ਼ੇਸ਼ ਟੀਮ ਕਰੇਗੀ ਸਿੱਖ ਕਤਲੇਆਮ ਦੇ ਕੇਸਾਂ ਦੀ ਨਵੇਂ ਸਿਰਿਉਂ ਘੋਖ 
ਨਵੀਂ ਦਿੱਲੀ, 10 ਫਰਵਰੀ (ਪੰਜਾਬ ਮੇਲ)- ਦਿੱਲੀ ਦੇ ਉਪ-ਰਾਜਪਾਲ ਨਜੀਬ ਜੰਗ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਬਾਰੇ ਵਿਸ਼ੇਸ਼ ਜਾਂਚ ਟੀਮ (ਸਿੱਟ) ਬਣਾਉਣ ਲਈ ਸਹਿਮਤੀ ਦੇ ਦਿੱਤੀ ਹੈ। ਦਿੱਲੀ ਸਰਕਾਰ ਨੇ ਸਿੱਖ ਜਥੇਬੰਦੀਆਂ ਦੀ ਮੰਗ ’ਤੇ ਸਿੱਟ ਬਣਾਉਣ ਦਾ ਫ਼ੈਸਲਾ ਕੀਤਾ ਸੀ ਅਤੇ ਉਪ-ਰਾਜਪਾਲ ਨੂੰ ਸਿਫ਼ਾਰਸ਼ ਕੀਤੀ ਸੀ ਕਿ 1984 ਦੇ ਦੰਗਿਆਂ ਦੀ ਜਾਂਚ ਲਈ ਸਿੱਟ ਬਣਾਈ ਜਾਵੇ। ਆਮ ਆਦਮੀ ਪਾਰਟੀ ਵੱਲੋਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਸਿੱਖ ਵੋਟਰਾਂ ਨਾਲ 1984 ਕਤਲੇਆਮ ਦੀ ਮੁੜ ਜਾਂਚ ਦਾ ਵਾਅਦਾ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਉ¤ਘੇ ਵਕੀਲ ਤੇ ਆਮ ਆਦਮੀ ਪਾਰਟੀ ਦੇ ਆਗੂ ਐਚ.ਐਸ. ਫੂਲਕਾ ਵੀ ਦਿੱਲੀ ਸਰਕਾਰ ਦਾ ਸਾਥ ਦੇ ਰਹੇ ਹਨ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਪ-ਰਾਜਪਾਲ ਨਾਲ ਦਿੱਲੀ ਰਾਜ ਭਵਨ ’ਚ 45 ਮਿੰਟਾਂ ਦੀ ਮੁਲਾਕਾਤ ਮਗਰੋਂ ਪੱਤਰਕਾਰਾਂ ਨੂੰ ਦੱਸਿਆ ਕਿ ਸ੍ਰੀ ਨਜੀਬ ਜੰਗ ਨਵੰਬਰ ’84 ਬਾਰੇ ਸਿਟ ਬਣਾਉਣ ਲਈ ਸਹਿਮਤ ਹੋ ਗਏ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕੇਜਰੀਵਾਲ ਸਰਕਾਰ ਨੇ ਇਸ ਮੁੱਦੇ ’ਤੇ ਤੇਜ਼ੀ ਨਾਲ ਕੰਮ ਕੀਤਾ ਸੀ। ਸਰਕਾਰ ਦੇ ਕਰੀਬੀ ਸੂਤਰਾਂ ਮੁਤਾਬਕ ਉਪ-ਰਾਜਪਾਲ ਵੱਲੋਂ ਅਗਲੀ ਕਾਰਵਾਈ ਕਰਨ ’ਤੇ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਸ੍ਰੀ ਫੂਲਕਾ ਨੇ ਦੱਸਿਆ ਕਿ ਉਪ-ਰਾਜਪਾਲ ਵੱਲੋਂ ਸਿੱਟ ਦਾ ਗਠਨ ਕੀਤਾ ਜਾਣਾ ਹੈ। ਉਨ੍ਹਾਂ ਉਪ-ਰਾਜਪਾਲ ਦਾ ਧੰਨਵਾਦ ਕੀਤਾ ਹੈ।
ਆਮ ਆਦਮੀ ਪਾਰਟੀ ਦੇ ਸਿੱਖ ਆਗੂ ਬਾਗੋਬਾਗ ਹਨ। ਰਜੌਰੀ ਗਾਰਡਨ ਦੇ ਸਿੱਖ ਆਗੂ ਪ੍ਰੀਤਪਾਲ ਸਿੰਘ ਸਲੂਜਾ ਨੇ ਕਿਹਾ ਕਿ 30 ਸਾਲਾਂ ਤੋਂ ਜੋ ਮੰਗ ਦੂਜੀਆਂ ਸਰਕਾਰਾਂ ਤੋਂ ਪੂਰੀ ਨਹੀਂ ਹੋਈ ਸੀ ਉਸ ’ਤੇ ਹੁਣ ਕੇਜਰੀਵਾਲ ਸਰਕਾਰ ਨੇ ਡੇਢ ਮਹੀਨੇ ਦੇ ਕਾਰਜਕਾਲ ਦੌਰਾਨ ਹੀ ਕਾਰਵਾਈ ਸ਼ੁਰੂ ਕੀਤੀ ਹੈ।
ਨਵੰਬਰ 1984 ਦੰਗਾ ਪੀੜਤ ਸੁਸਾਇਟੀ ਦੇ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਆਤਮਾ ਸਿੰਘ ਲੁਬਾਣਾ ਨੇ ਕਿਹਾ ਕਿ ਇਹ ਚੰਗਾ ਕਦਮ ਕੇਜਰੀਵਾਲ ਸਰਕਾਰ ਨੇ ਪੁੱਟਿਆ ਹੈ ਅਤੇ ਇਸ ਨਾਲ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਵਿੱਚ ਮੱਦਦ ਮਿਲੇਗੀ ਤੇ ਨਵੇਂ ਤੱਥ ਸਾਹਮਣੇ ਆਉਣਗੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ 2006 ਵਿੱਚ ਕੇਂਦਰ ਸਰਕਾਰ ਵੱਲੋਂ ਦਿੱਤੇ ਗਏ ਰਾਹਤ ਪੈਕੇਜ ਦੀ ਰਹਿੰਦੀ ਰਕਮ ਵੀ ਦਿੱਲੀ ਸਰਕਾਰ ਪੀੜਤਾਂ ਨੂੰ ਵੰਡ ਦੇਵੇ। ਸਰਨਾ ਧੜਾ ਪਹਿਲਾਂ ਹੀ ਇਸ ਵਿਸ਼ੇਸ਼ ਜਾਂਚ ਟੀਮ ਦੇ ਐਲਾਨ ਦਾ ਸਵਾਗਤ ਕਰ ਚੁੱਕਿਆ ਹੈ।
ਸਰਕਾਰੀ ਅੰਕੜਿਆਂ ਮੁਤਾਬਕ ਨਵੰਬਰ 1984 ’ਚ ਦਿੱਲੀ ਵਿੱਚ ਪੌਣੇ ਤਿੰਨ ਹਜ਼ਾਰ ਸਿੱਖ ਮਾਰੇ ਗਏ ਸਨ ਅਤੇ ਕਰੋੜਾਂ ਰੁਪਏ ਦੀ ਜਾਇਦਾਦ ਦੰਗਿਆਂ ਦੀ ਭੇਟ ਚੜ੍ਹੀ ਸੀ। ਇਨ੍ਹਾਂ ਦੰਗਿਆਂ ਲਈ ਸੱਤ ਕਮੇਟੀਆਂ ਤੇ ਦੋ ਕਮਸ਼ਿਨ ਬਣੇ ਅਤੇ 587 ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ’ਚੋਂ 237 ਮਾਮਲਿਆਂ ਨੂੰ ਅਜੇ ਤੱਕ ਦਿੱਲੀ ਪੁਲਿਸ ਨੇ ਨਹੀਂ ਖੋਲ੍ਹਿਆ ਹੈ।
ਸੁਰੇਸ਼ ਅਰੋੜਾ ਕਰਨਗੇ ਦਿੱਲੀ ਕਤਲੇਆਮ ਦੀ ਜਾਂਚ?

ਚੰਡੀਗੜ੍ਹ, 10 ਫਰਵਰੀ (ਪੰਜਾਬ ਮੇਲ)- ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਦਿੱਲੀ ਕਤਲੇਆਮ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੀ ਅਗਵਾਈ ਲਈ ਪੰਜਾਬ ਕਾਡਰ ਦੇ ਪੁਲਿਸ ਅਫਸਰ ਸੁਰੇਸ਼ ਅਰੋੜਾ ਦੇ ਨਾਂ ਦੀ ਸਿਫਾਰਸ਼ ਕੀਤੀ ਹੈ। ਸ੍ਰੀ ਅਰੋੜਾ ਅੱਜ-ਕੱਲ੍ਹ ਪੰਜਾਬ ਵਿਜੀਲੈਂਸ ਬਿਊਰੋ ਦੇ ਚੀਫ਼ ਡਾਇਰੈਕਟਰ ਹਨ ਅਤੇ ਉਨ੍ਹਾਂ ਦਾ ਰੈਂਕ ਡੀਜੀਪੀ ਦਾ ਹੈ। ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਸੀਨੀਅਰ ਐਡਵੋਕੇਟ ਐਚ.ਐਸ. ਫੂਲਕਾ ਨੇ ਦੱਸਿਆ ਕਿ ਉਨ੍ਹਾਂ ਨੇ ਜਾਂਚ ਟੀਮ ਦੀ ਅਗਵਾਈ ਲਈ ਸ੍ਰੀ ਸੁਰੇਸ਼ ਅਰੋੜਾ ਦੇ ਨਾਂ ਦਾ ਸੁਝਾਅ ਦਿੱਤਾ ਹੈ। ਹੁਣ ਜੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸ੍ਰੀ ਅਰੋੜਾ ਨੂੰ ਵਿਸ਼ੇਸ਼ ਜਾਂਚ ਟੀਮ ਨੂੰ ਸੇਵਾਵਾਂ ਦੇਣ ਲਈ ਸਮਾਂ ਦੇਣਗੇ ਤਾਂ ਦਿੱਲੀ ਸਰਕਾਰ ਉਨ੍ਹਾਂ (ਸੁਰੇਸ਼ ਅਰੋੜਾ) ਨੂੰ ਟੀਮ ਦਾ ਮੁਖੀ ਥਾਪ ਦੇਵੇਗੀ।

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.