ਹਰਦੇਵ ਸਿੰਘ ਜੀ!
ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਹਨ।ਮੈਂ ਇਹਨਾ ਵਿਚਾਰਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ।
ਏਨਾ ਵਿਸ਼ਾਲ ਬ੍ਰਹਮੰਡ ਤੇ ਸੰਸਾਰ, ਖੁਦ ਹੀ ਆਪਣੇ ਆਪ ਵਿੱਚ ਕਰਾਮਾਤ ਹੈ।ਵਿਗਿਆਨਕ ਨਜ਼ਰੀਏ ਤੋਂ ਦੇਖੀਏ ਤਾਂ ਆਪਣੇ ਆਪ ਤੋਂ ਕੁਝ ਵੀ ਪੈਦਾ ਨਹੀਂ ਹੋ ਸਕਦਾ।ਪਰ ਇਹ ਆਪਾਂ ਪ੍ਰਤੱਖ ਦੇਖ ਰਹੇ ਹਾਂ।
ਪਦਾਰਥਵਾਦੀ ਸੋਚ ਏਥੋਂ ਪਹੁੰਚਣ ਤੋਂ ਅਸਮਰਥ ਹੈ।ਉਹਨਾ ਮੁਤਾਬਕ ਜਿਸ ਤਰ੍ਹਾਂ ਹੋਰ ਸਭ ਕੁਝ ਕੁਦਰਤੀ ਨਿਯਮਾਂ ਅਨੁਸਾਰ ਚੱਲ ਰਿਹਾ ਹੈ, ਉਸੇ ਤਰ੍ਹਾਂ ਬ੍ਰਹਮੰਡ ਵੀ ਕਿਸੇ ਕੁਦਰਤੀ ਨਿਯਮਾਂ ਅਨੁਸਾਰ ਹੀ ਹੋਂਦ ਵਿੱਚ ਆਇਆ ਹੋਣਾ ਹੈ।ਪਰ ਸਵਾਲਾਂ ਦਾ ਸਵਾਲ ਇਹ ਹੈ ਕਿ ਜਿਹੜੇ ਕੁਦਰਤੀ ਨਿਯਮਾਂ ਨਾਲ ਬ੍ਰਹਮੰਡ ਹੋਂਦ ਵਿੱਚ ਆਇਆ ਪਹਿਲਾਂ ਉਹ ਨਿਯਮ ਵੀ ਤਾਂ ਮੌਜੂਦ ਹੋਣੇ ਚਾਹੀਦੇ ਹਨ।ਵਿਗਿਆਨ ਚਾਹੇ ਜਿੰਨੀ ਮਰਜ਼ੀ ਤਰੱਕੀ ਕਰ ਲਵੇ, ਪਰ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਕੋਈ ਵੀ ਵਿਗਿਆਨੀ ਇਸ ਗੱਲ ਦਾ ਜਵਾਬ ਕਦੇ ਵੀ ਨਹੀਂ ਦੇ ਸਕਦਾ ਕਿ ਜਿਹੜੇ ਕੁਦਰਤੀ ਨਿਯਮਾਂ ਨਾਲ ਬ੍ਰਹਮੰਡ ਹੋਂਦ ਵਿੱਚ ਆਇਆ ਉਹ ਨਿਯਮ ਕਿੱਥੋਂ ਤੇ ਕਿਵੇਂ ਆਏ।ਪਰ ਗੁਰਮਤਿ ਅਨੁਸਾਰ ਇਹ ਕ੍ਰਿਸ਼ਮਾ ਜਾਂ ਚਮਤਕਾਰ ਹੀ ਹੈ ਕਿ ਪਰਮਾਤਮਾ ਨੇ ਸੁੰਨ, ਸ਼ੂਨਯ, ਨਥਿੰਗ, ਕੁਝ ਵੀ ਨਹੀਂ, ਤੋਂ ਇਹ ਵਿਸ਼ਾਲ ਸੰਸਾਰ ਪੈਦਾ ਕੀਤਾ।
ਵਿਗਿਆਨ ਕਿੰਨੀ ਤਰੱਕੀ ਕਰ ਗਈ ਹੈ ਪਰ ਅੱਜ ਤੱਕ ਖੂਨ ਦੀ ਇੱਕ ਬੂੰਦ ਨਹੀਂ ਬਣਾ ਸਕੀ।ਆਪਾਂ ਭੋਜਨ ਖਾਂਦੇ ਹਾਂ ਭੋਜਨ ਤੋਂ ਆਪਣੇ ਆਪ ਸਹਿਜੇ ਹੀ ਖੂਨ ਬਣ ਜਾਂਦਾ ਹੈ, ਇਹ ਕ੍ਰਿਸ਼ਮਾ ਜਾਂ ਚਮਤਕਾਰ ਹੀ ਤਾਂ ਹੈ।ਜੇ ਕੁਦਰਤ ਦੇ ਇਹੋ ਜਿਹੇ ਕ੍ਰਿਸ਼ਮੇ ਗਿਣਨ ਲੱਗੀਏ ਤਾਂ ਕਦੇ ਵੀ ਅੰਤ ਨਹੀਂ ਹੋ ਸਕਦਾ।
ਗੁਰਬਾਣੀ ਦੀ ਤੁਕ- 'ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ', ਦਾ ਹਵਾਲਾ ਦੇ ਕੇ ਕਈ ਆਪਣੇ ਆਪ ਨੂੰ ਅਗਾਂਵ ਵਧੂ ਕਹਾਉਣ ਵਾਲੇ ਕਹਿੰਦੇ ਹਨ ਕਿ ਵਿਗਿਆਨਕ ਨਜ਼ਰੀਏ ਤੋਂ ਇਹ ਮੁਮਕਿਨ ਨਹੀਂ ਹੈ।
ਪਰ, ਦੇਖੋ, ਮਾਂ ਦੇ ਪੇਟ ਵਿੱਚ ਬੱਚੇ ਦੇ ਜਨਮ ਦੀ ਸ਼ੁਰੂਆਤ ਇਕ ਛੋਟੀ ਜਿਹੀ ਬੂੰਦ ਦੇ ਵੀ ਬੜੇ ਛੋਟੇ ਜਿਹੇ ਹਿੱਸੇ ਤੋਂ ਹੁੰਦੀ ਹੈ।ਸਰੀਰ ਵਿਚਲਾ ਕੋਈ ਸਿਸਟਮ ਹਾਲੇ ਹੋਂਦ ਵਿੱਚ ਨਹੀਂ ਆਇਆ ਹੁੰਦਾ, ਇਸ ਲਈ ਸਾਹ ਲੈਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।ਜਨਮ ਹੋਣ ਤੱਕ ਬੱਚਾ ਸਾਹ ਨਹੀਂ ਲੈਂਦਾ।ਜਨਮ ਲੈਣ ਤੇ ਜਦੋਂ ਪਹਿਲੀ ਵਾਰੀਂ ਬੱਚਾ ਰੋਂਦਾ ਹੈ ਤਾਂ ਉਸ ਵਕਤ ਉਸ ਦਾ ਸਾਹ ਲੈਣਾ ਚਾਲੂ ਹੁੰਦਾ ਹੈ।ਇਹ ਚਮਤਕਾਰ ਨਹੀਂ ਤਾਂ ਹੋਰ ਕੀ ਹੈ?
ਪਰ ਇੱਕ ਗੱਲ ਜਰੂਰ ਹੈ ਕਿ ਕਰਾਮਾਤ ਪਰਮਾਤਮਾ ਹੀ ਕਰ ਸਕਦਾ ਹੈ।ਜੇ ਕੋਈ ਸੰਤ ਬਾਬਾ ਕਰਾਮਾਤ ਕਰਨ ਦੀ ਗੱਲ ਕਰਦਾ ਹੈ ਜਾਂ ਜੇ ਕਿਸੇ ਸੰਤ ਬਾਬੇ ਨਾਲ ਕਰਾਮਾਤ ਵਾਲੀ ਕੋਈ ਕਹਾਣੀ ਜੋੜੀ ਗਈ ਹੈ ਤਾਂ ਮੈਂ ਉਸ ਨੂੰ ਸੱਚ ਨਹੀਂ ਮੰਨਦਾ, ਕਿਉਂਕਿ ਇਹ ਗੱਲ ਗੁਰਮਤਿ ਅਨੁਸਾਰੀ ਵੀ ਨਹੀਂ ਹੈ।ਅਜੋਕੇ ਸਮੇਂ ਜਾਂ ਪਹਿਲਾਂ ਵੀ ਹੋਇਆ ਕੋਈ ਸੰਤ, ਬਾਬਾ ਮੇਰੀ ਨਜ਼ਰ ਵਿੱਚ ਭਗਤ ਨਾਮ ਦੇਵ ਜੀ ਤੋਂ ਵੱਡਾ ਨਹੀਂ ਹੈ।
ਜਦੋਂ ਸੁਲਤਾਨ ਦੇ ਕਹਿਣ ਤੇ ਮਰੀ ਗਊ ਜਿਉਂਦੀ ਕਰਨ ਵੇਲੇ ਭਗਤ ਨਾਮ ਦੇਵ ਜੀ ਕਹਿੰਦੇ ਹਨ ਕਿ ਹੇ ਸੁਲਤਾਨ ਇਹ ਕਿਵੇਂ ਮੁਮਕਿਨ ਹੈ, ਮਰੀ ਗਊ ਕਿਵੇਂ ਜਿਉਂਦੀ ਕੀਤੀ ਜਾ ਸਕਦਾ ਹੈ? ਮੈਂ ਇਹ ਕੰਮ/ਕਰਾਮਾਤ ਨਹੀਂ ਕਰ ਸਕਦਾ, ਹਾਂ ਜੇ ਪ੍ਰਭੂ ਚਾਹੇ ਤਾਂ ਇਹ ਵੀ ਹੋ ਸਕਦਾ ਹੈ।ਨਾਮ ਦੇਵ ਜੀ ਦਾ ਸਬੰਧਤ ਇਹ ਸਾਰਾ ਸ਼ਬਦ ਪੜ੍ਹਕੇ ਦੇਖੋ, ਭਗਤ ਜੀ ਨੇ ਸਾਰੇ ਸਮੇਂ ਕਿਤੇ ਵੀ ਆਪ ਗਊ ਜਿਉਂਦੀ ਕਰਨ ਦਾ ਦਾਅਵਾ ਨਹੀਂ ਕਬੂਲਿਆ ਪਰ ਅਖੀਰਲੇ ਸਮੇਂ ਤੱਕ ਵੀ ਪ੍ਰਭੂ ਵੱਲੋਂ ਕੋਈ ਚਮਤਕਾਰ ਹੋਣ ਵਾਲੀ ਆਸ ਨਹੀ ਛੱਡੀ, ਅਤੇ ਚਮਤਕਾਰ ਹੋਇਆ।
ਸੋ ਇਸ ਤਰ੍ਹਾਂ ਜੇ ਦੁਨੀਆਂ ਤੇ ਦੇਖੀਏ ਤਾਂ ਬਹੁਤ ਐਸੇ ਚਮਤਕਾਰ ਹੁੰਦੇ ਰਹਿੰਦੇ ਹਨ, ਜਿਨ੍ਹਾਂ ਤੇ ਵਿਸ਼ਵਾਸ਼ ਕਰਨਾ ਵੀ ਔਖਾ ਲੱਗਦਾ ਹੈ, ਪਰ ਚਮਤਕਾਰ ਹੁੰਦੇ ਹਨ ਅਤੇ ਜਰੂਰ ਹੁੰਦੇ ਹਨ।
ਇੱਕ ਗੱਲ ਜਰੂਰ ਹੈ ਕਿ ਕਰਾਮਾਤ ਪਰਮਾਤਮਾ ਹੀ ਕਰ ਸਕਦਾ ਹੈ।ਜੇ ਕੋਈ ਸੰਤ ਬਾਬਾ ਕਰਾਮਾਤ ਕਰਨ ਦੀ ਗੱਲ ਕਰਦਾ ਹੈ ਜਾਂ ਜੇ ਕਿਸੇ ਸੰਤ ਬਾਬੇ ਨਾਲ ਕਰਾਮਾਤ ਵਾਲੀ ਕੋਈ ਕਹਾਣੀ ਜੋੜੀ ਗਈ ਹੈ ਤਾਂ ਮੈਂ ਉਸ ਨੂੰ ਸੱਚ ਨਹੀਂ ਮੰਨਦਾ, ਕਿਉਂਕਿ ਇਹ ਗੱਲ ਗੁਰਮਤਿ ਅਨੁਸਾਰੀ ਵੀ ਨਹੀਂ ਹੈ।
ਜਸਬੀਰ ਸਿੰਘ ਵਿਰਦੀ 24-10-2020
ਚਿੱਠੀਆਂ
ਇੱਕ ਗੱਲ ਜਰੂਰ ਹੈ ਕਿ ਕਰਾਮਾਤ ਪਰਮਾਤਮਾ ਹੀ ਕਰ ਸਕਦਾ ਹੈ
Page Visitors: 2399