ਕੈਟੇਗਰੀ

ਤੁਹਾਡੀ ਰਾਇ



ਚਿੱਠੀਆਂ
​Brain on TV / ਜਸਪਾਲ ਸਿੰਘ ਜੀਉ !
​Brain on TV / ਜਸਪਾਲ ਸਿੰਘ ਜੀਉ !
Page Visitors: 1870

​Brain on TV / ਜਸਪਾਲ ਸਿੰਘ ਜੀਉ  !
ਕਿਰਪਾਲ ਸਿੰਘ ਬਠਿੰਡਾ

ਜਿਸ ਤਰ੍ਹਾਂ ਦੀਆਂ ਪੋਸਟਾਂ ਤੁਸੀਂ ਪਿਛਲੇ ਕੁਝ ਦਿਨਾਂ ਤੋਂ ਪਾ ਰਹੇ ਹੋ ਇਸ ਤੋਂ ਪਤਾ ਲੱਗ ਰਿਹਾ ਹੈ ਕਿ ਇੱਕ U-tube TV Channel ਸੰਚਾਲਕ ਕਿਸ ਤਰ੍ਹਾਂ ਦੀ ਵੀਚਾਰਧਾਰਾ ਤੋਂ ਪ੍ਰਭਾਵਿਤ ਹੈ। ਮੈਨੂੰ ਯਾਦ ਹੈ ਲਗਭਗ ਇੱਕ ਸਾਲ ਪਹਿਲਾਂ ਤੁਸੀਂ ਮੈਨੂੰ ਇਸੇ ਵਿਅਕਤੀ ਨਾਲ ਕੈਲੰਡਰ ਵਿਸ਼ੇ ’ਤੇ ਵੀਚਾਰ ਚਰਚਾ ਕਰਨ ਦਾ ਸੱਦਾ ਦਿੱਤਾ ਸੀ। ਪਹਿਲਾਂ ਤਾਂ ਮੈਂ ਇਸ ਵਿਅਕਤੀ ਨਾਲ ਵੀਚਾਰ ਚਰਚਾ ਕਰਨ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਸੀ ਕਿ ਇਸ ਬੰਦੇ ਨਾਲ ਵੀਚਾਰ ਚਰਚਾ ਕਰਨੀ ਸਮੇਂ ਦੀ ਬਰਬਾਦੀ ਹੈ। 

ਪਰ ਇਸ ਦੇ ਨਾਲ ਹੀ ਮੇਰੇ​​ ਵਲੋਂ ਉਸ ਸਮੇਂ ਲਿਖੀ ਜਾ ਰਹੀ ਪੁਸਤਕ ਦਾ ਕੱਚਾ ਖਰੜਾ ਭੇਜ ਕੇ ਬੇਨਤੀ ਕੀਤੀ ਸੀ ਕਿ ਉਸ ਵੱਲੋਂ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਇਸ ਪੁਸਤਕ ਵਿਚ ਦਿੱਤੇ ਜਾ ਰਹੇ ਹਨ ਪਰ ਫਿਰ ਵੀ ਜੇਕਰ ਉਹ ਨਿੱਜੀ ਤੌਰ ’ਤੇ ਟੀਵੀ ’ਤੇ ਵੀਚਾਰ ਕਰਨਾ ਚਾਹੁੰਦੇ ਹਨ ਤਾਂ ਇੱਕ ਸ਼ਰਤ ਹੈ ਕਿ ਉਸ ਨੂੰ ਵੀ ਮੇਰੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ। 

ਇਸ ਤੋਂ ਬਾਅਦ ਮੇਰੇ ਵੱਲੋਂ ਦੋ ਤਿੰਨ ਵਾਰ ਯਾਦ ਕਰਵਾਉਣ ’ਤੇ ਵੀ ਤੁਸੀਂ ਹਰ ਵਾਰ ਟਾਲ਼ਦੇ ਰਹੇ ਹੋ। ਆਪ ਹੀ ਸੱਦਾ ਦਿੱਤੇ ਜਾਣ ਤੋਂ ਬਾਅਦ ਹਰ ਵਾਰ ਟਾਲ਼ੇ ਜਾਣੇ ਦਾ ਕਾਰਨ ਤੁਸੀਂ ਹੀ ਬਿਹਤਰ ਜਾਣਦੇ ਹੋਵੋਗੇ। ਉਹ ਪੁਸਤਕ ਹੁਣ ਛਪ ਕੇ ਪਾਠਕਾਂ ਸਾਹਮਣੇ ਆ ਚੁੱਕੀ ਹੈ ਅਤੇ ਤੁਹਾਨੂੰ ਪ੍ਰਭਾਵਤ ਕਰਨ ਵਾਲੇ ਦੋਵੇਂ ਵਿਦਵਾਨਾਂ ਕੋਲ ਵੀ ਪਹੁੰਚ ਚੁੱਕੀ ਹੈ। ਆਪ ਜੀ ਨੂੰ ਬੇਨਤੀ ਹੈ ਕਿ ਲੈਫ: ਕਰਨਲ ਸੁਰਜੀਤ ਸਿੰਘ ਨਿਸ਼ਾਨ ਅਤੇ ਹਰਦੇਵ ਸਿੰਘ ਜੰਮੂ ਦਾ ਹੁਣ ਤੱਕ ਸਭ ਤੋਂ ਵੱਡਾ ਸਵਾਲ ਇਹ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਤਾਰੀਖ਼ ਨਾਨਕਸ਼ਾਹੀ ਕੈਲੰਡਰ ਵਿੱਚ 5 ਜਨਵਰੀ ਨਿਸ਼ਚਤ ਕਰਨ ਵਿਚ 4 ਦਿਨਾਂ ਦੀ ਗਲਤੀ ਹੈ। ਮੇਰਾ ਤੁਹਾਡੇ ਮਾਧਿਅਮ ਰਾਹੀਂ ਇਨ੍ਹਾਂ ਦੋਵੇਂ ਵਿਅਕਤੀਆਂ ਨੂੰ ਜਵਾਬ ਹੈ:-

ਨਾਨਕਸ਼ਾਹੀ ਕੈਲੰਡਰ ਵਿੱਚ ਕਿਸੇ ਨੇ ਗੁਰਪੁਰਬ ਲਈ 5 ਜਨਵਰੀ ਨਿਸ਼ਚਤ ਨਹੀਂ ਕੀਤੀ ਬਲਕਿ ਨਿਸ਼ਚਤ ੨੩ ਪੋਹ ਕੀਤੀ ਗਈ ਹੈ। ਇਹ ਵੱਖਰੀ ਗੱਲ ਹੈ ਕਿ ੨੩ ਪੋਹ ਹਰ ਸਾਲ 5 ਜਨਵਰੀ ਨੂੰ ਹੀ ਆ ਜਾਂਦੀ ਹੈ। ਮੇਰਾ ਤੁਹਾਡੇ ਰਾਹੀਂ ਇਨ੍ਹਾਂ ਨੂੰ ਸਵਾਲ ਹੈ ਕਿ ਜੇ ਹਰ ਸਾਲ ੨੩ ਪੋਹ 5 ਜਨਵਰੀ ਨੂੰ ਆ ਜਾਂਦੀ ਹੈ ਤਾਂ ਕਿਸੇ ਨੂੰ ਕੀ ਤਕਲੀਫ ਹੋ ਸਕਦੀ ਹੈ? 

ਇਨ੍ਹਾਂ ਦਾ ਦੂਸਰਾ ਸਵਾਲ ਹੈ ਕਿ ਕਿਸੇ ਆਮ ਵਿਅਕਤੀ ਦੀ ਵੀ ਜਨਮ ਮਿਤੀ ਬਦਲ ਦੇਣਾ ਕਾਨੂੰਨ ਤੌਰ ’ਤੇ ਗੁਨਾਹ ਹੈ ਜਦੋਂ ਕਿ ਨਾਨਕਸ਼ਾਹੀ ਕੈਲੰਡਰ 'ਚ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਮਿਤੀ ਬਦਲ ਦਿੱਤੀ ਗਈ ਹੈ। ਮੇਰਾ ਇਨ੍ਹਾਂ ਨੂੰ ਜਵਾਬ ਹੈ ਕਿ ਕਿਸੇ ਨੇ ਵੀ ਗੁਰੂ ਸਾਹਿਬਾਨ ਜੀ ਦੀਆਂ ਅਸਲੀ ਜਨਮ ਮਿਤੀਆਂ ਨੂੰ ਨਹੀਂ ਬਦਲਿਆ ਨਾ ਹੀ ਕੋਈ ਬਦਲ ਸਕਦਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਅਸਲ ਤਾਰੀਖ਼ ਪੋਹ ਸੁਦੀ ੭, ੨੩ ਪੋਹ ਬਿਕ੍ਰਮੀ ਸੰਮਤ ੧੭੨੩ ਸੀ ਅਤੇ ਹਮੇਸ਼ਾਂ ਵਾਸਤੇ ਰਹੇਗੀ। ਬਾਅਦ ਵਿਚ ਅੰਗਰੇਜ਼ੀ ਸਰਕਾਰ ਸਮੇਂ ਜਦੋਂ ਉਨ੍ਹਾਂ ਨੇ ਸਿੱਖ ਇਤਿਹਾਸ ਨੂੰ ਸਮਝਣ ਲਈ ਸਾਂਝੇ ਕੈਲੰਡਰ ਵਿੱਚ ਤਾਰੀਖ਼ਾਂ ਤਬਦੀਲ ਕਰਵਾ ਕੇ ਲਿਖਵਾਇਆ ਤਾਂ 22 ਦਸੰਬਰ 1666 ਸੀਈ ਲਿਖਿਆ ਗਿਆ। ਤੁਸੀਂ ਵੇਖ ਸਕਦੇ ਹੋ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਇਸ ਸਾਲ ਦੇ ਕੈਲੰਡਰ ’ਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ  ੨੬ ਪੋਹ ਦਰਜ ਕੀਤਾ ਗਿਆ ਹੈ, ਜਿਸ ਦਿਨ ਸਾਂਝੇ ਸਾਲ ਦੀ 9 ਜਨਵਰੀ ਬਣਦੀ ਹੈ। ਇਸ ਨਾਲ ਨਾ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜਨਮ ਮਿਤੀ 9 ਜਨਵਰੀ ਬਣ ਜਾਣੀ ਹੈ ਅਤੇ ਨਾ ਹੀ ੨੬ ਪੋਹ ਬਣੇਗੀ। ਇਸੇ ਤਰ੍ਹਾਂ ਹਰ ਸਾਲ ਗੁਰਪੁਰਬ ੨੩ ਪੋਹ / 5 ਜਨਵਰੀ ਮਨਾਉਣ ਨਾਲ ਜਨਮ ਮਿਤੀ ਕਦੀ ਵੀ 5 ਜਨਵਰੀ ਨਹੀਂ ਬਣੇਗੀ ਬਲਕਿ ਹਮੇਸ਼ਾਂ ਹਮੇਸ਼ਾਂ ਲਈ ੨੩ ਪੋਹ ਹੀ ਰਹੇਗੀ; ਜੋ ਸੰਮਤ ੧੭੨੩ ਵਿੱਚ ਵੀ ਸੀ; ਅੱਜ ਵੀ ਹੈ ਅਤੇ ਅੱਗੇ ਤੋਂ ਵੀ ਰਹੇਗੀ। ਕੇਵਲ ਫ਼ਰਕ ਇਹ ਹੈ ਕਿ 1999 ਦੀ ਵੈਸਾਖੀ ਤੋਂ ਬਾਅਦ ਤਾਰੀਖ਼ਾਂ ਦੇ ਗਣਿਤ ਦੇ ਨਿਯਮ ਬਦਲ ਦਿੱਤੇ ਗਏ ਹਨ। ਇਸ ਦੇ ਨਾਲ ਹੀ ਮੇਰੇ ਵੱਲੋਂ ਇਨ੍ਹਾਂ ਨੂੰ ਹੇਠ ਲਿਖੇ ਸਵਾਲ ਕੀਤੇ ਗਏ ਸਨ:-

1. ਕੈਲੰਡਰ ਵਿਗਿਆਨ ਦੇ ਕਿਸ ਗਣਿਤ ਦੇ ਤਰੀਕੇ ਨਾਲ ਤੁਸੀਂ ਕੈਲਕੂਲੇਟ ਕੀਤਾ ਹੈ ਕਿ ਨਾਨਕਸ਼ਾਹੀ ੨੩ ਪੋਹ / 5 ਜਨਵਰੀ ਗਲਤ ਹੈ। ਜੇ ਇਹ ਗਲਤ ਹੈ ਤਾਂ ਤੁਸੀਂ ਸਹੀ ਤਾਰੀਖ਼ ਕੈਲਕੂਲੇਟ ਕਰ ਕੇ ਦੱਸੋ।

2. ਤੁਸੀਂ ਮੰਨਦੇ ਹੋ ਕਿ ੨੩ ਪੋਹ ਬਿਕ੍ਰਮੀ ਸੰਮਤ ੧੭੨੩ ਨੂੰ 22 ਦਸੰਬਰ 1666 ਸੀਈ ਸੀ ਪਰ ਅੱਜ ਕੱਲ੍ਹ 6 ਜਾਂ 7 ਜਨਵਰੀ ਨੂੰ ਆ ਰਹੀ ਹੈ। ਤੁਸੀਂ ਇਹ ਵੀ ਮੰਨਦੇ ਹੋ ਕਿ 1699 ’ਚ ਵੈਸਾਖੀ 29 ਮਾਰਚ ਦੀ ਸੀ ਪਰ ਅੱਜ ਕੱਲ੍ਹ ਵੈਸਾਖੀ 13 ਜਾਂ 14 ਅਪ੍ਰੈਲ ਨੂੰ ਆ ਰਹੀ ਹੈ। ਇਸ ਤਬਦੀਲੀ ਦਾ ਕੀ ਕਾਰਨ ਹੈ ਅਤੇ ਕੈਲੰਡਰ ਵਿਗਿਆਨ ਦੇ ਕਿਹੜੇ ਨਿਯਮਾਂ ਕਰਕੇ ਵੈਸਾਖੀ ਅਤੇ ੨੩ ਪੋਹ ਸਾਲ ਬ-ਸਾਲ ਥੋੜ੍ਹੀ ਥੋੜੀ ਕਰਕੇ ਅੱਗੇ ਤੋਂ ਅੱਗੇ ਖਿਸਕ ਰਹੀ ਹੈ?

3. ਹਰਦੇਵ ਸਿੰਘ ਜੰਮੂ ਨੇ ਹੁਣ ਨਵਾਂ ਸੁਝਾਉ ਦਿੱਤਾ ਹੈ ਕਿ ਜੇ ਨਾਨਕਸ਼ਾਹੀ ਕੈਲੰਡਰ ’ਚ ਵੈਸਾਖੀ 29 ਮਾਰਚ ਅਤੇ ੨੩ ਪੋਹ 22 ਦਸੰਬਰ ਨੂੰ ਨਿਸ਼ਚਤ ਕਰ ਦਿੱਤੀ ਜਾਵੇ ਤਾਂ ਠੀਕ ਹੈ। ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਜਿਹੜੇ ਨਾਨਕਸ਼ਾਹੀ ਕੈਲੰਡਰ ਵਿਰੁੱਧ ਤਾਂ ਸਾਰੇ ਇੱਕ-ਮਤ ਹਨ ਪਰ ਇਨ੍ਹਾਂ ਦੇ ਵੱਖ ਵੱਖ ਸੁਝਾਵਾਂ ’ਤੇ ਨਜ਼ਰ ਮਾਰੋ ਤਾਂ ਬਿਲਕੁਲ ਆਪਾ ਵਿਰੋਧੀ ਕਈ ਵਾਰ ਤਾਂ ਇਨ੍ਹਾਂ ਨੂੰ ਚੇਤਾ ਹੀ ਨਹੀਂ ਰਹਿੰਦਾ ਇਹ ਆਪਣੇ ਹੀ ਸੁਝਾਵਾਂ ਦੇ ਵਿਰੋਧ ’ਚ ਭੁਗਤ ਜਾਂਦੇ ਹਨ। ਜਿਵੇਂ ਕਿ ਕਰਨਲ ਨਿਸ਼ਾਨ ਜੀ ਦਾ ਮੰਨਣਾ ਹੈ ਕਿ ਵੈਸਾਖੀ ਤਾਂ ਠੀਕ ਹੈ ਭਾਵ ੧ ਵੈਸਾਖ 14 ਅਪ੍ਰੈਲ ਨੂੰ ਨਿਸਚਤ ਕੀਤੇ ਜਾਣਾ ਠੀਕ ਹੈ ਪਰ ਇਸ ਦੇ ਹਿਸਾਬ ੨੩ ਪੋਹ 5 ਜਨਵਰੀ ਗਲਤ ਹੈ। ਉਨ੍ਹਾਂ ਅਨੁਸਾਰ ਜੇ ਵਿਗਿਆਨਕ ਤਾਰੀਕੇ ਨਾਲ ਤਾਰੀਖ਼ਾਂ ਕੱਢੀਆਂ ਜਾਂਦੀਆਂ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ੧੯ ਪੋਹ / 1 ਜਨਵਰੀ ਬਣਦਾ ਹੈ; ਹੁਣ ਤੱਕ ਹਰਦੇਵ ਸਿੰਘ ਜੰਮੂ ਵੀ ਕਰਨਲ ਨਿਸ਼ਾਨ ਦੇ ਇਸੇ ਸੁਝਾਉ ਨਾਲ ਸਹਿਮਤ ਰਿਹਾ ਹੈ ਅਤੇ ਉਸ ਦਾ ਜੋਰਦਾਰ ਸਮਰਥਨ ਕਰਦਾ ਰਿਹਾ ਹੈ। ਕੋਈ ਕਹਿੰਦਾ; ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਪੋਹ ਸੁਦੀ ੭ ਹੀ ਚਾਹੀਦਾ ਹੈ। ਡਾ: ਹਰਜਿੰਦਰ ਸਿੰਘ ਦਿਲਗੀਰ ਕਹਿੰਦੇ ਹਨ ਕਿ ਅੱਜ ਕੱਲ੍ਹ ੨੩ ਪੋਹ ਜਾਂ ਪੋਹ ਸੁਦੀ ੭ ਨੂੰ ਕੋਈ ਨਹੀਂ ਜਾਣਦਾ ਇਸ ਲਈ ਪ੍ਰਕਾਸ਼ ਗੁਰਪੁਰਬ 22 ਦਸੰਬਰ ਹੀ ਚਾਹੀਦਾ ਹੈ। ਹੁਣ ਇੱਕ ਨਿਰਪੱਖ ਪੱਤਰਕਾਰ ਦਾ ਰੋਲ ਨਿਭਾਉਂਦੇ ਹੋਏ ਤੁਸੀਂ ਹੀ ਦੱਸੋ ਕਿ ਇਨ੍ਹਾਂ ਸਾਰਿਆਂ ਵਿੱਚੋਂ ਕਿਸ ਦੇ ਸੁਝਾਉ ਸੁਣੇ ਜਾਣ ਅਤੇ ਕਿਸ ਦੇ ਮੰਨੇ ਜਾਣ?

ਉਪ੍ਰੋਕਤ ਸਾਰੇ ਸੁਝਾਉ ਸੁਣਨ ਤੋਂ ਬਾਅਦ ਕੈਲੰਡਰ ਕਮੇਟੀ ਨੇ ਫੈਸਲਾ ਕਰਨਾ ਸੀ। ਉਨ੍ਹਾਂ ਸਾਹਮਣੇ ਪੋਹ ਸੁਦੀ ੭, ੨੩ ਪੋਹ ਅਤੇ 22 ਦਸੰਬਰ ਤਿੰਨਾਂ ਤਾਰੀਖ਼ਾਂ ਵਿੱਚੋਂ ਕਿਸੇ ਇੱਕ ਦੀ ਚੋਣ ਕਰਨੀ ਸੀ। ਕੈਲੰਡਰ ਕਮੇਟੀ ਦਾ ਫੈਸਲਾ ਸੀ ਕਿ ਜੇ 22 ਦਸੰਬਰ ਰੱਖ ਲਈ ਜਾਵੇ ਤਾਂ ਇਹ ਤਾਰੀਖ਼ ਸਾਡੇ ਮੁੱਢਲੇ ਪੁਰਾਤਨ ਇਤਿਹਾਸ ਦੇ ਕਿਸੇ ਵੀ ਸੋਮੇ ’ਚ ਉਪਲਬਦ ਨਹੀਂ ਹੈ। ਇਹ ਤਾਰੀਖ਼ ਸੰਨ 1850 ਸੀਈ ਤੋਂ ਪਿੱਛੋਂ ਅੰਗਰੇਜ਼ ਸਰਕਾਰ ਵੱਲੋਂ ਲਿਖਵਾਏ ਇਤਿਹਾਸ ’ਚ ੨੩ ਪੋਹ ਨੂੰ ਸਾਂਝੇ ਸਾਲ ਦੀ ਤਬਦੀਲ ਕੀਤੀ ਤਾਰੀਖ਼ ਹੈ; ਜਿਸ ਨੂੰ ਕਿਸੇ ਵੀ ਹਾਲਤ ’ਚ ਮੁਢਲਾ ਇਤਿਹਾਸਕ ਸੋਮਾ ਨਹੀਂ ਮੰਨਿਆ ਜਾ ਸਕਦਾ।

 ਜੇ ਪੋਹ ਸੁਦੀ ੭ ਰੱਖ ਲਈ ਜਾਵੇ ਤਾਂ ਇਸ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਨਾਲੋਂ ਤਕਰੀਬਨ 11 ਦਿਨ ਘੱਟ ਹੋਣ ਅਤੇ 2 ਜਾਂ 3 ਸਾਲ ਪਿੱਛੋਂ ਇੱਕ ਲੌਂਦ ਦਾ ਵਾਧੂ ਮਹੀਨਾ ਜੁੜ ਜਾਣ ਕਾਰਨ ਹਮੇਸ਼ਾਂ ਹੀ ਅੱਗੇ ਪਿੱਛੇ ਹੁੰਦੀ ਰਹਿੰਦੀ ਹੈ। ਦੁਨੀਆਂ ਭਰ ’ਚ ਵਸ ਰਹੇ ਸਿੱਖਾਂ ਨੂੰ ਕੁਝ ਪਤਾ ਨਹੀਂ ਲਗਦਾ ਕਿ ਗੁਰਪੁਰਬ ਕਿਸ ਤਾਰੀਖ਼ ਦਾ ਹੈ ਅਤੇ ਉਨ੍ਹਾਂ ਨੂੰ ਪੰਡਿਤਾਂ ਵੱਲੋਂ ਬਣਾਈਆਂ ਜੰਤਰੀਆਂ ਦੀ ਉਡੀਕ ਕਰਨੀ ਪੈਂਦੀ ਹੈ। ਇਸ ਲਈ ਸਭ ਤੋਂ ਯੋਗ ਇਹੀ ਹੈ ਕਿ ਚੰਦਰ ਤਿੱਥਾਂ ਦਾ ਤਿਆਗ ਕਰਕੇ ਸਾਰੇ ਗੁਰਪੁਰਬ ਸੂਰਜੀ ਮਹੀਨਿਆਂ ਦੀਆਂ ਤਾਰੀਖ਼ਾਂ ਅਨੁਸਾਰ ਨਿਸਚਤ ਕਰ ਦਿੱਤੇ ਜਾਣ। ਇਸ ਦੇ ਨਾਲ ਹੀ ਸ: ਪਾਲ ਸਿੰਘ ਪੁਰੇਵਾਲ ਦਾ ਸੁਝਾਉ ਸੀ ਕਿ ਜਦੋਂ ਆਪਾਂ ਸੋਧ ਕਰਨ ਹੀ ਲੱਗੇ ਹਾਂ ਤਾਂ ਇੱਕੇ ਵਾਰ ਹੋ ਜਾਣੀ ਚਾਹੀਦੀ ਹੈ।

 ਜਿਸ ਤਰ੍ਹਾਂ ਜੂਲੀਅਨ ਕੈਲੰਡਰ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਨਾਲੋਂ ਕੇਵਲ 11 ਕੁ ਮਿੰਟ ਵੱਧ ਹੋਣ ਕਰਕੇ ਉਨ੍ਹਾਂ ਨੂੰ 1582 ’ਚ 10 ਦਿਨਾਂ ਦੀ ਸੋਧ ਕਰਨੀ ਪਈ ਸੀ; ਤਾਂ ਸਾਡੇ ਬਿਕ੍ਰਮੀ ਸਾਲ ਦੀ ਲੰਬਾਈ ਤਾਂ ਰੁੱਤੀ ਸਾਲ ਨਾਲੋਂ ਲਗਭਗ ਸਾਢੇ 20 ਮਿੰਟ ਵੱਧ ਹੋਣ ਕਰਕੇ ਸਾਨੂੰ ਵੀ ਆਪਣੇ ਸਾਲ ਦੀ ਲੰਬਾਈ ਸੋਧ ਕੇ ਨਵਾਂ ਕੈਲੰਡਰ ਬਣਾਉਣਾ ਚਾਹੀਦਾ ਹੈ। ਉਨ੍ਹਾਂ ਸੁਝਾਉ ਦਿੱਤਾ ਕਿ ਗ੍ਰੈਗੋਰੀਅਨ ਕੈਲੰਡਰ ਜੋ ਅੱਜਕੱਲ੍ਹ ਸਾਰੀ ਦੁਨੀਆਂ ’ਚ ਪ੍ਰਚਲਤ ਹੋਣ ਕਰਕੇ ਸਾਂਝੇ ਕੈਲੰਡਰ ਦੇ ਤੌਰ ’ਤੇ ਜਾਣਿਆ ਜਾਂਦਾ ਹੈ ਉਸ ਦੇ ਸਾਲ ਦੀ ਲੰਬਾਈ ਦਾ ਰੁੱਤੀ ਸਾਲ ਦੀ ਲੰਬਾਈ ਨਾਲੋਂ ਕੇਵਲ 11 ਕੁ ਸੈਕੰਡ ਦਾ ਹੀ ਫ਼ਰਕ ਹੋਣ ਕਰਕੇ ਇਸ ਦਾ 3300 ਸਾਲਾਂ ’ਚ ਰੁੱਤਾਂ ਨਾਲੋਂ ਕੇਵਲ ਇੱਕ ਦਿਨ ਦਾ ਫ਼ਰਕ ਪੈਂਦਾ ਹੈ ਜਦੋਂ ਕਿ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਨਾਲੋਂ ਲਗਭਗ ਸਾਢੇ 20 ਮਿੰਟ ਵੱਧ ਹੋਣ ਕਰਕੇ ਕੇਵਲ 72 ਸਾਲਾਂ ਵਿੱਚ ਹੀ ਲਗਭਗ 1 ਦਿਨ ਦਾ ਫ਼ਰਕ ਪੈ ਜਾਂਦਾ ਹੈ।

 ਇਸ ਲਈ ਸਾਨੂੰ ਵੀ ਆਪਣੇ ਸਾਲ ਦੀ ਲੰਬਾਈ ਸਾਂਝਾ ਕੈਲੰਡਰ ਜੋ ਹੁਣ ਤੱਕ ਹੋਂਦ ਵਿੱਚ ਆਏ ਕੈਲੰਡਰਾਂ ’ਚੋਂ ਸਭ ਤੋਂ ਵੱਧ ਰੁੱਤਾਂ ਦੇ ਨੇੜੇ ਰਹਿਣ ਵਾਲਾ ਕੈਲੰਡਰ ਹੈ; ਦੇ ਸਾਲ ਦੀ ਲੰਬਾਈ ਦੇ ਬਰਬਾਰ ਕਰ ਲੈਣੀ ਚਾਹੀਦੀ ਹੈ। ਇਸ ਸੁਝਾਉ ਨੂੰ ਕੈਲੰਡਰ ਕਮੇਟੀ, ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਅਤੇ ਜਨਰਲ ਹਾਊਸ ਸਾਰਿਆਂ ਵੱਲੋਂ ਹੀ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 2003 ਦੀ ਵੈਸਾਖੀ ਵਾਲੇ ਦਿਨ ਲਾਗੂ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਕਰਨਲ ਨਿਸ਼ਾਨ ਹੁਣ ਤੱਕ ਤਾਂ ਇਹੀ ਕਹਿੰਦੇ ਸੁਣੇ ਜਾਂਦੇ ਸਨ ਕਿ ਉਨ੍ਹਾਂ ਦੇ ਸੁਝਾਅ ਸੁਣੇ ਨਹੀਂ ਗਏ। ਹੁਣ ਵਾਇਰਲ ਕੀਤੀ ਜਾ ਰਹੀ ਈ-ਮੇਲ ਰਾਹੀਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਸੁਝਾਅ ਮੰਨੇ ਨਹੀਂ ਗਏ। ਇੱਕ ਨਿਰਪੱਖ ਪੱਤਰਕਾਰ ਦਾ ਰੋਲ ਨਿਭਾਉਂਦੇ ਹੋਏ ਜਸਪਾਲ ਸਿੰਘ ਜੀ ਤੁਸੀਂ ਹੀ ਦੱਸੋ ਕਿ ਬਗੈਰ ਕਿਸੇ ਕੈਲੰਡਰ ਨਿਯਮਾਂ ਦੀ ਜਾਣਕਾਰੀ ਦਿੱਤਿਆਂ ਅਤੇ ਬਿਨਾਂ ਕਿਸੇ ਗਣਿਤ ਦੀ ਪਾਲਣਾ ਕਰਦਿਆਂ ਕਿਸ ਕਿਸ ਦੇ ਸੁਝਾਉ ਮੰਨੇ ਜਾਣ? ਅਸਲ ਵਿੱਚ ਇਨ੍ਹਾਂ ਦਾ ਰਵਈਆ ਕਿਸੇ ਵੀ ਸੋਧ ਦਾ ਵਿਰੋਧ ਕਰਨਾ ਹੈ। ਸੱਚ ਪੁੱਛੋ ਤਾਂ ਇਹ ਲੋਕ ਕਿਸੇ ਮਾਨਸਿਕ ਗੁਲਾਮੀ ਦੇ ਸ਼ਿਕਾਰ ਹਨ। 

  ਲੰਬਾ ਸਮਾਂ ਹਿੰਦੂ ਸਭਿਆਚਾਰ ’ਚ ਰਹਿਣ ਕਰਕੇ ਪਹਿਲਾਂ ਤਾਂ ਹਿੰਦੂ ਮਿਥਿਆਲੌਜ਼ੀ ਨੂੰ ਪ੍ਰਣਾਏ ਗਏ। ਹਿੰਦੂ ਮਿਥਿਆਲੌਜ਼ੀ ਅਨੁਸਾਰ ਗੁਰੂਆਂ ਪੀਰਾਂ ਦੇ ਇਤਿਹਾਸਕ ਦਿਨ ਚੰਦਰਮਾਂ ਦੀਆਂ ਤਿੱਥਾਂ ਅਤੇ ਬਾਕੀ ਇਤਿਹਾਸ ਨੂੰ ਸੂਰਜੀ ਪ੍ਰਵਿਸ਼ਟਿਆਂ (ਸੰਗਰਾਂਦ ਦੇ ਹਿਸਾਬ ਤਾਰੀਖ਼ਾਂ) ਅਨੁਸਾਰ ਮਨਾਉਣ ਦੇ ਮੁਰੀਦ ਬਣ ਗਏ।  ਫਿਰ ਇੰਗਲੈਂਡ ਦੇ ਅੰਗਰੇਜ਼ਾਂ ਦੀ ਗੁਲਾਮੀ ’ਚ ਰਹਿਣ ਕਰਕੇ ਉਨ੍ਹਾਂ ਦੇ ਕੈਲੰਡਰ ਨੂੰ ਅਪਣਾ ਕੇ 22 ਦਸੰਬਰ ਨਾਲ ਬੱਝ ਗਏ।

 ਮੇਰਾ ਸਵਾਲ ਹੈ ਕਿ ਜੇ ਭਾਰਤ ਇੰਗਲੈਂਡ ਦਾ ਗੁਲਾਮ ਹੋਣ ਦੀ ਬਜਾਏ ਕੈਥੋਲਿਕ ਚਰਚ ਨੂੰ ਮੰਨਣ ਵਾਲੇ ਫਰਾਂਸ, ਇਟਲੀ, ਪੋਲੈਂਡ, ਸਪੇਨ ਆਦਿਕ ਕਿਸੇ ਦੇਸ਼ ਦਾ ਗੁਲਾਮ ਹੋ ਜਾਂਦਾ ਤਾਂ ਉਨ੍ਹਾਂ ਨੇ ਜੂਲੀਅਨ ਕੈਲੰਡਰ ਦੀ ਸੋਧ ਸੰਨ 1752 ਸੀਈ ’ਚ ਲਾਗੂ ਕਰਨ ਦੀ ਬਜਾਏ ਸੰਨ 1582 ’ਚ ਕਰਨ ਸਦਕਾ ਉਨ੍ਹਾਂ ਨੇ ਸਿੱਖ ਇਤਿਹਾਸ ਲਿਖਾਉਣ ਸਮੇਂ 22 ਦਸੰਬਰ ਦੀ ਬਜਾਏ 1 ਜਨਵਰੀ ਲਿਖਵਾ ਦੇਣੀ ਸੀ। ਸਾਡੇ ਹਰਦੇਵ ਸਿੰਘ ਜੰਮੂ ਨੇ ਫਿਰ ੨੩ ਪੋਹ 22 ਦਸੰਬਰ ਦੀ ਬਜਾਏ 1 ਜਨਵਰੀ ਨੂੰ ਨਿਸ਼ਚਤ ਕਰਨ ਦੀ ਰੱਟ ਲਾ ਦੇਣੀ ਸੀ। ਜੇ ਭਾਰਤ ਰੂਸ ਦਾ ਗੁਲਾਮ ਹੋ ਜਾਂਦਾ ਜਿਸ ਨੇ 13 ਦਿਨਾਂ ਦੀ ਸੋਧ ਲਾ ਕੇ 31 ਜਨਵਰੀ 1918 ਨੂੰ ਸੋਧ ਲਾਗੂ ਕੀਤੀ ਉਹ ਸਿੱਖ ਇਤਿਹਾਸ ਨੂੰ ਲਿਖਵਾਉਣ ਸਮੇਂ ੨੩ ਪੋਹ ਨੂੰ 4 ਜਨਵਰੀ ਲਿਖ ਦਿੰਦੇ। ਢਾਈ ਦਹਾਕਿਆਂ ਤੋਂ ਚੱਲ ਰਹੀ ਵੀਚਾਰ ਚਰਚਾ ਦੌਰਾਨ ਇਨ੍ਹਾਂ ਨੂੰ ਇਨੀ ਵੀ ਅਕਲ ਨਹੀਂ ਆਈ ਕਿ ਜੇ 1918 ’ਚ ਲਾਗੂ ਕੀਤੀ ਸੋਧ ਨਾਲ 4 ਜਨਵਰੀ ਬਣਦੀ ਹੈ ਤਾਂ ਸਿੱਖਾਂ ਨੇ ਤਾਂ 1999 ’ਚ ਸੋਧ ਲਾਗੂ ਕੀਤੀ ਹੈ ਜਿਸ ’ਚ 72 ਸਾਲਾਂ ਤੋਂ ਵੱਧ ਦਾ ਸਮਾਂ ਗੁਜਰ ਜਾਣ ਕਰਕੇ ਇੱਕ ਦਿਨ ਦਾ ਹੋਰ ਫ਼ਰਕ ਪੈ ਗਿਆ ਤੇ ੨੩ ਪੋਹ ਨੂੰ 5 ਜਨਵਰੀ ਬਣ ਗਈ। ਇਨ੍ਹਾਂ ਦੀ ਮਾਨਸਿਕ ਗੁਲਾਮੀ ਦਾ ਦੂਸਰਾ ਸਬੂਤ ਇਹ ਹੈ ਕਿ ਇਹ ਜੂਲੀਅਨ ਕੈਲੰਡਰ ’ਚ ਕੁਝ ਦੇਸ਼ਾਂ ਵੱਲੋਂ 1582 ਅਤੇ ਕੁਝ ਦੇਸ਼ਾਂ ਵੱਲੋਂ 1752 ’ਚ ਲਾਗੂ ਕੀਤੀ ਸੋਧ ਨੂੰ ਮੰਨਦੇ ਹਨ। 1964 ’ਚ ਹਿੰਦੂਆਂ ਵੱਲੋਂ ਸੂਰਜੀ ਸਿਧਾਂਤ ਵਿੱਚ ਸੋਧ ਕਰਕੇ ਦ੍ਰਿਕ ਗਣਿਤ ਲਾਗੂ ਕੀਤੀ ਸੋਧ ਨੂੰ ਹੂ ਬ-ਹੂ ਮੰਨ ਰਹੇ ਹਨ ਪਰ ਸਿੱਖਾਂ ਵੱਲੋਂ ਕੀਤੀ ਸੋਧ ਮੰਨਣ ਤੋਂ ਕੇਵਲ ਇਨਕਾਰੀ ਹੀ ਨਹੀਂ ਬਲਕਿ ਅੱਜ ਦੇ ਵਿਗਿਆਨ ਯੁੱਗ ’ਚ ਗੈਰਵਿਗਿਆਨ ਬਣੇ ਰਹਿਣ ਦਾ ਸਬੂਤ ਦੇ ਰਹੇ ਹਨ।

 ਜਿਸ ਤਰ੍ਹਾਂ ਕਰਨਲ ਨਿਸ਼ਾਨ ਤਕਰੀਬਨ 1997 ਤੋਂ ਅੱਜ ਤੱਕ ਕਿਸੇ ਵੀ ਕੈਲੰਡਰ ਵਿਗਿਆਨ ਅਤੇ ਗਣਿਤ ਦੇ ਨਜ਼ਰੀਏ ਤੋਂ ਸਹੀ ਤਾਰੀਖ਼ਾਂ ਦਾ ਸੁਝਾਉ ਨਹੀਂ ਦੇ ਸਕਿਆ ਅਤੇ ਨਾ ਹੀ ਆਪਣੇ ਵੱਲੋਂ ਕੋਈ ਢੁੱਕਵਾਂ ਕੈਲੰਡਰ ਬਣਾ ਕੇ ਪੇਸ਼ ਕਰ ਸਕਿਆ ਉਸੇ ਤਰ੍ਹਾਂ ਪਿਛਲੇ ਤਕਰੀਬਨ 6-7 ਸਾਲਾਂ ਤੋਂ ਹਰਦੇਵ ਸਿੰਘ ਜੰਮੂ ਆਪਣੀ ਗਿਣਤੀ ਉਨ੍ਹਾਂ ਵਿਦਵਾਨਾਂ ’ਚ ਕਰਵਾਉਣ ਲਈ ਕਾਹਲ਼ੇ ਪਏ ਹਨ ਜਿਹੜਾ ਆਪਣੇ ਆਪ ਨੂੰ ਅਜਿੱਤ ਘੋਸ਼ਿਤ ਕਰਵਾ ਸਕੇ। ਇਸੇ ਲਈ ਤਾਂ ਕਦੀ 5K ਚੈੱਨਲ ਦਾ ਹਵਾਲਾ ਦਿੰਦੇ ਹਨ ਕਿ ਉਨ੍ਹਾਂ (ਹਰਦੇਵ ਸਿੰਘ) ਦਾ ਸਵਾਲ ਪੁੱਛਣ ਦਾ ਹੱਕ ਮਾਰਿਆ, ਕਦੀ ਗਿਆਨੀ ਅਵਤਾਰ ਸਿੰਘ ’ਤੇ ਦੋਸ਼ ਲਾਉਂਦੇ ਹਨ ਕਿ ਉਹ ਕਿਰਪਾਲ ਸਿੰਘ ਦੀਆਂ ਚਿੱਠੀਆਂ ਆਪਣੀ ਵੈੱਬਸਾਈਟ ’ਤੇ ਅਪਡੇਟ ਕਰ ਦਿੰਦੇ ਹਨ ਜਦ ਕਿ ਉਨ੍ਹਾਂ (ਹਰਦੇਵ ਸਿੰਘ ਜੰਮੂ) ਦੇ ਜਵਾਬ ਅਪਡੇਟ ਨਾ ਕਰਕੇ ਨਿਰਪੱਖ ਸੰਪਾਦਕ ਹੋਣ ਦਾ ਰੋਲ ਨਹੀਂ ਨਿਭਾ ਰਹੇ। ਹਾਲਾਂ ਕਿ ਇਹ ਬਿਲਕੁਲ ਝੂਠ ਹੈ ਕਿਉਂਕਿ ਉਨ੍ਹਾਂ ਨੇ ਮੇਰਾ ਅਤੇ ਸਰਬਜੀਤ ਸਿੰਘ ਸੈਕਰਾਮੈਂਟੋਂ ਦਾ ਕਰਨਲ ਸੁਰਜੀਤ ਸਿੰਘ ਨਿਸ਼ਾਨ ਨਾਲ ਈ-ਮੇਲ ਰਾਹੀਂ ਹੋਏ ਸਾਰੇ ਸੰਵਾਦ ਨੂੰ ਆਪਣੀ ਸਾਈਟ ’ਤੇ ਅਪਡੇਟ ਕੀਤਾ ਹੋਇਆ ਹੈ ਜਿਸ ਵਿੱਚ ਹਰਦੇਵ ਸਿੰਘ ਜੰਮੂ ਦੀਆਂ ਵੀ ਕੁਝ ਚਿੱਠੀਆਂ ਸ਼ਾਮਲ ਹਨ।

 ਹੁਣ ਉਨ੍ਹਾਂ (ਗਿਆਨੀ ਅਵਤਾਰ ਸਿੰਘ) ਨੇ ਨਾਨਕਸ਼ਾਹੀ ਕੈਲੰਡਰ ਵਿਵਾਦ ਸਬੰਧੀ ਸਮੁੱਚੀ ਜਾਣਕਾਰੀ ਅਤੇ ਇਸ ਸਬੰਧੀ ਰਚੇ ਗਏ ਸਾਰੇ ਸੰਬਾਦ/ ਵਾਦ-ਵਿਵਾਦ ਨੂੰ ਇੱਕ ਥਾਂ ਸਾਂਭਣ ਲਈ ਸ: ਪਾਲ ਸਿੰਘ ਪੁਰੇਵਾਲ ਦੀ ਸਹਿਮਤੀ ਨਾਲ ਉਨ੍ਹਾਂ ਦੇ ਡੁਮੇਨ (Domain) ਨਾਲ ਏਕੀਕ੍ਰਿਤ ਕਰਨ ਦਾ ਫੈਸਲਾ ਕਰ ਲਿਆ ਹੈ ਅਤੇ ਸਾਰੇ ਰੀਕਾਰਡ ਨੂੰ ਇੱਕ ਥਾਂ ਸਾਂਭਣ ਦੇ ਯਤਨ ’ਚ ਆਪਣੀ ਵੈੱਬਸਾਈਟ ਨੂੰ ਅਪਡੇਟ ਕਰਨ ’ਚ ਜੁਟੇ ਹੋਏ ਹਨ। ਉਨ੍ਹਾਂ ਦੀ ਸੋਚ ਹੈ ਕਿ ਹਰਦੇਵ ਸਿੰਘ ਜੰਮੂ ਦੀਆਂ ਵੀ ਸਾਰੀਆਂ ਚਿੱਠੀਆਂ ਨੂੰ ਅਪਡੇਟ ਕਰ ਦਿੱਤਾ ਜਾਵੇ ਤਾ ਕਿ ਇਨ੍ਹਾਂ ਦੀਆਂ ਆਪਾ ਵਿਰੋਧੀ ਦਲੀਲਾਂ ਅਤੇ ਕਿਸੇ ਵੀ ਸਵਾਲ ਦਾ ਸੁਹਿਰਦਤਾ ਨਾਲ ਜਵਾਬ ਦੇਣ ਦੀ ਬਜਾਏ ਆਪਣੀਆਂ ਬਿਨਾਂ ਸਿਰ ਪੈਰ ਲੰਬੀਆਂ ਕਹਾਣੀਆਂ ਪਾ ਕੇ ਵੀਚਾਰ ਚਰਚਾ ਨੂੰ ਕਿਸੇ ਤਨ ਪੱਤਨ ਨਾ ਲੱਗਣ ਦੀ ਬਿਰਤੀ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾ ਸਕੇ। ਮੈਨੂੰ ਪੂਰਾ ਯਕੀਨ ਹੈ ਕਿ ਜੇ ਤੁਸੀਂ ਵੀ ਇਸ ਪੋਸਟ ਵਿੱਚ ਮੇਰੇ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਹਰਦੇਵ ਸਿੰਘ ਜੰਮੂ ਤੋਂ ਪੁੱਛ ਲਿਆ ਅਤੇ ਉਸ ਦੇ ਤਸੱਲੀਬਖ਼ਸ਼ ਜਵਾਬ ਨਾ ਆਉਣ ਦੀ ਸੂਰਤ ’ਚ ਉਸ ਦੀਆਂ ਪੋਸਟਾਂ ਅੱਗੇ ਸਰਕੂਲੇਟ ਕਰਨ ਤੋਂ ਮਨਾਂ ਕਰ ਦਿੱਤਾ ਤਾਂ ਤੁਹਾਡੇ ’ਤੇ ਵੀ ਉਹੀ ਦੋਸ਼ ਲੱਗਣਾ ਲਾਜ਼ਮੀ ਹੈ ਜਿਹੜਾ ਇਹ 5K ਚੈੱਨਲ ਅਤੇ ਅਤੇ ਗਿਆਨੀ ਅਵਤਾਰ ਸਿੰਘ ’ਤੇ ਲਾ ਰਹੇ ਹਨ। ਪਰ ਫਿਰ ਵੀ ਜਿੰਦਗੀ ਦਾ ਇਹ ਤਜਰਬਾ ਹੈ ਜਿਸ ਨੂੰ ਅਜ਼ਮਾ ਕੇ ਜਰੂਰ ਪਰਖਣਾ ਚਾਹੀਦਾ ਹੈ। ਇਸ ਲਈ ਮੇਰੀ ਸਲਾਹ ਹੈ ਕਿ ਤੁਹਾਨੂੰ ਜਰੂਰ ਅਜ਼ਮਾ ਕੇ ਇੱਕ ਨਿਰਪੱਖ ਪੱਤਰਕਾਰ ਵਾਲਾ ਰੋਲ਼ ਨਿਭਾਉਣਾ ਚਾਹੀਦਾ ਹੈ।

ਕਿਰਪਾਲ ਸਿੰਘ ਬਠਿੰਡਾ

੨੨ ਕੱਤਕ ਨਾਨਕਸ਼ਾਹੀ ਸੰਮਤ ੫੫੩ / 5 ਨਵੰਬਰ 2021

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.