ਕੈਟੇਗਰੀ

ਤੁਹਾਡੀ ਰਾਇ



ਚਿੱਠੀਆਂ
1. ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ,
1. ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ,
Page Visitors: 1279

1. ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ,

2. ਐਡਵੋਕੇਟ ਹਰਜਿੰਦਰ ਸਿੰਘ ਧਾਮੀ
ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ।

ਵਾਹਿਗੁਰੂ ਜੀ ਕਾ ਖਾਲਸਾ।।

ਵਾਹਿਗੁਰੂ ਜੀ ਕੀ ਫ਼ਤਿਹ।।

ਵਿਸ਼ਾ:- ਨਾਨਕਸ਼ਾਹੀ ਕੈਲੰਡਰ
ਤਾਰੀਖ:- ੭ ਚੇਤ ਸੰਮਤ ੫੫੪ ਨਾਨਕਸ਼ਾਹੀ
ਸਤਿਕਾਰ ਯੋਗ ਸਿੰਘ ਸਾਹਿਬ ਜੀ,
ਬੇਨਤੀ ਇਹ ਹੈ ਕਿ, ਜਿਵੇ ਕੇ ਆਪ ਜੀ ਭਲੀ ਭਾਂਤ ਜਾਣਦੇ ਹੋ ਕਿ ਨਾਨਕਸ਼ਾਹੀ ਕੈਲੰਡਰ, ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਵਿਦਵਾਨਾਂ ਵੱਲੋਂ ਕਈ ਸਾਲਾਂ ਦੀ ਵਿਚਾਰ-ਚਰਚਾ ਉਪ੍ਰੰਤ ਹੋਂਦ ਵਿਚ ਆਇਆ ਸੀ। ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੀ ਵੱਲੋਂ 28 ਮਾਰਚ 2003 ਨੂੰ ਪ੍ਰਵਾਨਗੀ ਦੇਣ ਉਪ੍ਰੰਤ, ਦਫਤਰ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਪੱਤਰ ਅ: ਤ: 03/3045 ਮਿਤੀ 28 ਮਾਰਚ 2003 ਨੂੰ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਅਗਲੇਰੀ ਕਾਰਵਾਈ ਲਈ ਭੇਜ ਦਿੱਤਾ ਗਿਆ ਸੀ। ਪ੍ਰੋ; ਕਿਰਪਾਲ ਸਿੰਘ ਬੰਡੂਗਰ ਜੀ ਦੀ ਪ੍ਰਧਾਨਗੀ ਹੇਠ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿੱਚ 29 ਮਾਰਚ 2003 ਨੂੰ ਪ੍ਰਵਾਨਗੀ ਮਿਲਣ ਉਪ੍ਰੰਤ, ਧਰਮ ਪ੍ਰਚਾਰ ਕਮੇਟੀ ਵੱਲੋਂ ਬਹੁਤ ਵੱਡੇ ਪੱਧਰ ਉਪਰ ਛਾਪਿਆ ਗਿਆ ਸੀ, ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ (ਬਠਿੰਡਾ) ਦੇ ਅਸਥਾਨ ਉਪਰ ਵੈਸਾਖੀ ਦੇ ਦਿਹਾੜੇ ਉਪਰ ਸੰਗਤਾਂ ਨੂੰ ਅਰਪਨ ਕਰ ਦਿੱਤਾ ਗਿਆ ਸੀ। ਜਿਸ ਦਾ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ। ਇਹ ਕੈਲੰਡਰ ਸੰਮਤ 535 ਨਾਨਕਸ਼ਾਹੀ (2003-2004 ਈ:) ਤੋਂ ਸੰਮਤ 541 ਨਾਨਕਸ਼ਾਹੀ (2009-10 ਈ:) ਤੀਕ ਲਾਗੂ ਰਿਹਾ।
ਅਚਾਨਕ ਹੀ ਅਕਤੂਬਰ 2009 ਈ: ਦੇ ਆਖਰੀ ਦਿਨਾਂ ਵਿੱਚ, ਅਖ਼ਬਾਰਾਂ ਵਿਚ ਇਹ ਖ਼ਬਰ ਆਉਂਦੀ ਹੈ ਕਿ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੀ ਮੰਗ ਨੂੰ ਮੁਖ ਰੱਖਦੇ ਹੋਏ ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਕਰਨ ਲਈ ਦੋ ਮੈਂਬਰੀ ਕਮੇਟੀ ਬਣਾਈ ਜਾਂਦੀ ਹੈ। ਕਮੇਟੀ ਦੀ ਮੀਟਿੰਗ ਹੋਣ ਜਾਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਇਤਰਾਜ਼ ਅਤੇ ਸੁਝਾਓ ਆਦਿ ਦੀ ਕਿਸੇ ਵੀ ਜਾਣਕਾਰੀ ਦੇਣ ਤੋਂ ਬਿਨਾ, ਅਕਾਲ ਤਖਤ ਸਾਹਿਬ ਦੇ ਪੱਤਰ ਅ :ਤ:/10/3608 ਮਿਤੀ 7 ਜਨਵਰੀ 2010 ਈ: ਆਦੇਸ਼ ਜਾਰੀ ਕਰ ਦਿੱਤਾ ਕਿ, ਦੋ ਮੈਂਬਰੀ ਕਮੇਟੀ (ਭਾਈ ਹਰਨਾਮ ਸਿੰਘ ਧੁੰਮਾ ਅਤੇ ਭਾਈ ਅਵਤਾਰ ਸਿੰਘ ਮੱਕੜ) ਦੀ ਸ਼ਿਫਾਰਸ਼ ਮੁਤਾਬਕ ਨਾਨਕਸ਼ਾਹੀ ਕੈਲੰਡਰ ਵਿੱਚ 5 ਬੇਲੋੜੀਆਂ ਤਬਦੀਲੀਆਂ ਕਰ ਦਿੱਤੀਆਂ ਸਨ।
ਅਖੀਰ ਵਿੱਚ ਮਾਰਚ 2015 ਈ: ਵਿੱਚ ਬਿਨਾ ਕਿਸੇ ਵਿਚਾਰ ਵਟਾਂਦਰੇ, ਬਿਨਾ ਕੋਈ ਕਾਰਨ ਦੱਸਿਆ ਧਰਮ ਪ੍ਰਚਾਰ ਕਮੇਟੀ ਨੇ, ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਬਿਕ੍ਰਮੀ ਕੈਲੰਡਰ ਜਾਰੀ ਕਰ ਦਿੱਤਾ। ਪਿਛਲੇ ਕੁਝ ਸਾਲਾਂ ਤੋਂ ਜਿਹੜਾ ਕੈਲੰਡਰ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਧਰਮ ਪ੍ਰਚਾਰ ਕਮੇਟੀ ਵੱਲੋਂ ਛਾਪਿਆ ਜਾਂਦਾ ਹੈ ਅਤੇ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤਾ ਜਾਂਦਾ ਹੈ, ਇਹ ਇਕ ਮਿਲਗੋਭਾ ਕੈਲੰਡਰ ਹੈ। ਜਿਸ ਦਾ ਨਾਮ ਨਾਨਕਸ਼ਾਹੀ, ਸਾਲ ਦੀ ਲੰਬਾਈ ਬਿਕ੍ਰਮੀ ਕੈਲੰਡਰ (ਦ੍ਰਿਕਗਿਣਤ ਸਿਧਾਂਤ, 365.2563 ਦਿਨ) ਵਾਲੀ, ਕੁਝ ਦਿਹਾੜਿਆਂ ਦੀਆਂ ਤਾਰੀਖਾਂ ਅੰਗਰੇਜੀ ਕੈਲੰਡਰ ਮੁਤਾਬਕ, ਕੁਝ ਦਿਹਾੜੇ ਸੂਰਜੀ ਬਿਕ੍ਰਮੀ (ਦ੍ਰਿਕਗਿਣਤ ਸਿਧਾਂਤ) ਮੁਤਾਬਕ ਅਤੇ ਕੁਝ ਦਿਹਾੜੇ ਮਨਾਏ ਤਾਂ ਵਦੀ-ਸੁਦੀ ਮੁਤਾਬਕ ਜਾਂਦੇ ਹਨ ਪਰ ਦਰਜ ਸੂਰਜੀ ਕੈਲੰਡਰ ਮੁਤਾਬਕ ਪ੍ਰਵਿਸ਼ਟਿਆਂ ਵਿੱਚ ਕੀਤੇ ਜਾਂਦੇ ਹਨ। ਇਨ੍ਹਾਂ ਕਾਰਨਾਂ ਕਰਕੇ ਹੀ ਹਰ ਸਾਲ ਮਹੀਨੇ ਦੇ ਆਰੰਭ ਦੀ ਤਾਰੀਖ, ਮਹੀਨੇ ਦੇ ਦਿਨਾਂ ਦੀ ਗਿਣਤੀ ਅਤੇ ਇਤਿਹਾਸਿਕ ਦਿਹਾੜਿਆਂ ਦੇ ਪ੍ਰਵਿਸ਼ਟੇ (ਤਾਰੀਖਾਂ) ਬਦਲ ਜਾਂਦੇ ਹਨ। ਜਿਸ ਕਾਰਨ ਹਰ ਸਾਲ ਕਈ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਠੀਕ ਹੈ ਕਿ ਗੁਰੂ ਕਾਲ ਤੋਂ ਬਿਕ੍ਰਮੀ ਕੈਲੰਡਰ ਪ੍ਰਚੱਲਤ ਰਿਹਾ ਹੈ। ਸਿੱਖ ਕੌਮ ਵੀ ਆਪਣੇ ਦਿਨ-ਤਿਉਹਾਰ ਉਸੇ ਮੁਤਾਬਕ ਹੀ ਮਨਾਉਂਦੀ ਰਹੀ ਹੈ। ਪਰ ਉਸ ਕੈਲੰਡਰ ਵਿਚ ਕੁਝ ਸਮੱਸਿਆਵਾਂ ਹਨ। ਸਭ ਤੋਂ ਵੱਡੀ ਸਮੱਸਿਆ ਹੈ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ। ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ) ਜੋ ਗੁਰੂ ਕਾਲ ਵੇਲੇ ਲਾਗੂ ਸੀ ਉਸ ਦੇ ਸਾਲ ਦੀ ਲੰਬਾਈ 365.2587 ਦਿਨ ਸੀ। ਸਾਲ ਦੀ ਇਹ ਲੰਬਾਈ ਧਰਤੀ ਦੇ ਸੂਰਜ ਦੁਵਾਲੇ ਇਕ ਚੱਕਰ ਦੇ ਸਮੇ ਤੋਂ ਲੱਗ-ਭੱਗ 24 ਮਿੰਟ ਵੱਧ ਸੀ। 18-19 ਨਵੰਬਰ 1664 ਈ: ਵਿੱਚ ਕੈਲੰਡਰ ਦੇ ਮਾਹਿਰ (ਹਿੰਦੂ) ਵਿਦਵਾਨਾਂ ਨੇ ਅਮ੍ਰਿਤਸਰ ਵਿਖੇ ਹੋਈ ਇਕੱਤਰਤਾ ਵਿਚ ਇਸ ਲੰਬਾਈ ਵਿੱਚ ਸੋਧ ਕਰਕੇ ਇਹ 365.2563 ਦਿ ਕਰ ਦਿੱਤੀ ਸੀ। ਅੱਜ ਵੀ ਇਹ ਲੰਬਾਈ ਲੱਗ ਭੱਗ 20 ਮਿੰਟ ਵੱਧ ਹੈ। ਹੁਣ ਇਸ ਨੂੰ ਦ੍ਰਿਕ ਗਿਣਤ ਸਿਧਾਂਤ ਕਹਿੰਦੇ ਹਨ। ਸਾਲ ਦੀ ਲੰਬਾਈ 24 ਵੱਧ ਹੋਣ ਕਾਰਨ 60 ਸਾਲ ਪਿਛੋਂ (1440/24=60) ਇਕ ਦਿਨ ਦਾ ਫਰਕ ਪੈ ਜਾਂਦਾ ਸੀ ਉਹ ਹੁਣ 20 ਮਿੰਟ ਵੱਧ ਹੋਣ ਕਾਰਨ 72 ਸਾਲ ਪਿਛੋਂ ਇਕ ਦਿਨ ਦਾ ਫਰਕ ਪੈ ਜਾਂਦਾ ਹੈ।
ਬਾਣੀ ਦੀ ਪਾਵਨ ਪੰਗਤੀ, “ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ” (ਪੰਨਾ 1108) ਮੁਤਾਬਕ ਸੂਰਜ ਦਾ ਰੱਥ (June Solstice) ਗੁਰੂ ਨਾਨਕ ਸਾਹਿਬ ਜੀ ਦੇ ਸਮੇ 12 ਜੂਨ 1470 ਈ: ਜੂਲੀਅਨ ਮੁਤਾਬਕ, (21 ਜੂਨ 1470 ਗਰੈਗੋਰੀਅਨ) 16 ਹਾੜ ਨੂੰ ਫਿਰਿਆ ਸੀ। ਇਸ ਸਾਲ ਸੂਰਜ ਦਾ ਰੱਥ 21 ਜੂਨ 2022 ਈ: (ਗਰੈਗੋਰੀਅਨ) ਮੁਤਾਬਕ 7 ਹਾੜ ਨੂੰ ਫਿਰੇਗਾ। ਇਸ ਤੋਂ ਇਹ ਸਪੱਸ਼ਟ ਹੈ ਕਿ ਗੁਰੂ ਨਾਨਕ ਜੀ ਦੇ ਸਮੇਂ ਤੋਂ ਅੱਜ ਤਾਈ, ਸਾਲ ਦੀ ਲੰਬਾਈ ਵੱਧ ਹੋਣ ਕਾਰਨ 9 ਦਿਨਾਂ ਦਾ ਫਰਕ ਪੈ ਚੁਕਾ ਹੈ। ਜੇ ਅੱਜ ਸਾਲ ਦੀ ਲੰਬਾਈ ਨੂੰ ਨਾ ਸੋਧਿਆ ਗਿਆ ਤਾਂ ਇਹ ਫ਼ਰਕ ਵੱਧਦਾ ਹੀ ਜਾਵੇਗਾ ਅਤੇ ਗੁਰਬਾਣੀ ਵਿੱਚ ਦਰਜ ਰੁੱਤਾਂ ਦਾ ਸਬੰਧ ਮਹੀਨਿਆਂ ਨਾਲੋਂ ਟੁੱਟ ਜਾਵੇਗਾ।
ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਹੋਣ ਕਾਰਨ, ਕਈ ਦਿਹਾੜੇ ਚੰਦ ਦੇ ਕੈਲੰਡਰ ਮੁਤਾਬਕ ਮਨਾਏ ਜਾਂਦੇ ਹਨ। ਚੰਦ ਦੇ ਕੈਲੰਡਰ ਮੁਤਾਬਕ ਸਾਲ ਦੀ ਲੰਬਾਈ 354 ਦਿਨ ਬਣਦੀ ਹੈ ਜੋ ਸੂਰਜੀ ਸਾਲ ਦੀ ਲੰਬਾਈ ਤੋਂ 11 ਦਿਨ ਘੱਟ ਹੈ। ਇਸ ਸਾਲ ਨੂੰ ਸੂਰਜੀ ਸਾਲ ਦੇ ਨੇੜੇ ਰੱਖਣ ਲਈ ਹਰ ਤੀਜੇ-ਚੌਥੇ ਸਾਲ ਵਿੱਚ ਵਿਚ ਇਕ ਹੋਰ ਮਹੀਨਾ ਪਾ ਦਿੱਤਾ ਜਾਂਦਾ ਹੈ। ਜਿਸ ਨੂੰ ਮਲ ਮਾਸ ਕਹਿੰਦੇ ਹਨ। ਇਸ ਮਹੀਨੇ ਵਿੱਚ ਕੋਈ ਵੀ ਸ਼ੁਭ ਕਾਰਜ ਨਹੀਂ ਕੀਤਾ ਜਾ ਸਕਦਾ, ਕੀ ਇਹ ਗੁਰਮਤਿ ਹੈ? ਇਨ੍ਹਾਂ ਕਾਰਨਾਂ ਕਰਕੇ ਹੀ ਹਰ ਸਾਲ ਗੁਰਪੁਰਬਾਂ ਦੀਆਂ ਤਾਰੀਖਾਂ ਬਦਲਦੀਆਂ ਰਹਿੰਦੀਆਂ ਹਨ। ਇਸ ਸਮੱਸਿਆ ਦਾ ਜਿਕਰ ਸ. ਕਰਮ ਸਿੰਘ ਹਿਸਟੋਰੀਅਨ ਨੇ ਗੁਰਪੁਰਬ ਨਿਰਨੇ (1912 ਈ:) ਵਿੱਚ ਕੀਤਾ ਸੀ। ਪ੍ਰੋ ਸਾਹਿਬ ਸਿੰਘ ਜੀ ਨੇ ਵੀ ਅੱਜ ਤੋਂ ਕਈ ਦਹਾਕੇ ਪਹਿਲਾ ਇਨ੍ਹਾਂ ਸਮੱਸਿਆ ਦਾ ਜਿਕਰ ਕੀਤਾ ਸੀ। ਸ: ਕਪੂਰ ਸਿੰਘ ਜੀ ਨੇ ਵੀ ਆਪਣੇ ਇਕ ਲੇਖ “ਸੰਮਤਾਵਲੀ” ਵਿੱਚ ਜਿਕਰ ਕਰ ਚੁਕੇ ਹਨ। ਅੱਜ ਕੋਈ ਸੱਜਣ, ਜਿਸ ਨੂੰ ਕੈਲੰਡਰ ਬਾਰੇ ਮੁੱਢਲੀ ਜਾਣਕਾਰੀ ਹੈ, ਇਨ੍ਹਾਂ ਸਮੱਸਿਆਵਾਂ ਤੋਂ ਮੁਨਕਰ ਨਹੀਂ ਹੋ ਸਕਦਾ।
ਇਹ ਅਤੇ ਅਜੇਹੀਆਂ ਕਈ ਹੋਰ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਵਿਦਵਾਨਾਂ ਵੱਲੋਂ ਕਈ ਸਾਲਾਂ ਦੀ ਮਿਹਨਤ ਅਤੇ ਵਿਚਾਰ-ਚਰਚਾ ਤੋਂ ਪਿਛੋਂ ਨਾਨਕਸ਼ਾਹੀ ਕੈਲੰਡਰ ਹੋਂਦ ਵਿਚ ਆਇਆ ਸੀ। ਜਿਸ ਨੂੰ ਅਕਾਲ ਤਖਤ ਦੀ ਮਨਜ਼ੂਰੀ ਤੋਂ ਪਿਛੇ ਸ਼੍ਰੋਮਣੀ ਕਮੇਟੀ ਵੱਲੋਂ 2003 ਈ: ਵਿੱਚ ਜਾਰੀ ਕੀਤਾ ਗਿਆ ਸੀ। 2010 ਈ: ਵਿੱਚ ਬਿਨਾ ਕਿਸੇ ਕਾਰਨ ਦੱਸੇ, ਦੋ ਮੈਂਬਰੀ ਕਮੇਟੀ ਦੀ ਸ਼ਿਫਾਰਸ਼ ਤੇ ਇਸ ਕੈਲੰਡਰ ਦੀ ਥਾਂ ਮਿਲਗੋਭਾ ਕੈਲੰਡਰ ਜਾਰੀ ਕਰ ਦਿੱਤਾ ਗਿਆ ਸੀ। ਜਿਸ ਕਾਰਨ ਪਿਛਲੇ ਇਕ ਦਹਾਕੇ ਤੋਂ ਕੌਮ ਵਿੱਚ ਦੁਬਿਧਾ ਬਣੀ ਹੋਈ ਹੈ। ਜੋ ਕਿ ਕਿਸੇ ਤਰ੍ਹਾਂ ਵੀ ਕੌਮ ਦੇ ਹਿੱਤ ਵਿੱਚ ਨਹੀਂ ਹੈ।
ਗਿਆਨੀ ਹਰਪ੍ਰੀਤ ਸਿੰਘ ਜੀ, ਅੱਜ ਸਿੱਖ ਕੌਮ ਪੂਰੀ ਦੁਨੀਆ ਵਿੱਚ ਫੈਲ ਚੁੱਕੀ ਹੈ। ਇਸ ਲਈ ਕੌਮੀ ਕੈਲੰਡਰ ਵੀ ਸਮੇਂ ਦਾ ਹਾਣੀ ਹੋਣਾ ਚਾਹੀਦਾ ਹੈ। ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ, ਅਕਾਲ ਤਖਤ ਸਾਹਿਬ ਦੀ ਨਿਗਰਾਨੀ ਹੇਠ ਨਿਰਪੱਖ ਵਿਦਵਾਨਾਂ ਦੀ ਇਕ ਕਮੇਟੀ ਬਣਾਈ ਜਾਵੇ, ਉਹ ਕਮੇਟੀ ਇਕ ਖਾਸ ਸਮਾਂ-ਸੀਮਾ ਤਹਿ ਕਰਕੇ, ਨਾਨਕਸ਼ਾਹੀ ਕੈਲੰਡਰ (ਸੰਮਤ 535 ਨਾਨਕਸ਼ਾਹੀ) ਬਾਰੇ ਸੰਗਤਾਂ ਤੋਂ ਇਤਰਾਜ਼ਾਂ ਅਤੇ ਸੁਝਾਓ ਦੀ ਮੰਗ ਕਰੇ ਅਤੇ ਪਾਰਦਰਸ਼ੀ ਤਰੀਕੇ ਨਾਲ ਵਿਚਾਰ ਕਰਕੇ ਕੈਲੰਡਰ ਸਬੰਧੀ ਪਈ ਹੋਈ ਦੁਬਿਧਾ ਨੂੰ ਦੂਰ ਕਰੇ। ਅੱਜ ਸਾਡੇ ਪਾਸ ਬਹੁਤ ਸਾਧਨ ਹਨ। ਇਨ੍ਹਾਂ ਆਧੁਨਿਕ ਸਾਧਨਾ ਦੀ ਵਰਤੋ ਕਰਕੇ, ਜੇ ਇੱਛਾ ਸ਼ਕਤੀ ਹੋਵੇ ਤਾਂ ਇਹ ਕਾਰਜ ਕੁਝ ਹਫ਼ਤਿਆਂ ਵਿੱਚ ਹੀ ਨਬੇੜਿਆ ਜਾ ਸਕਦਾ ਹੈ। ਆਸ ਕਰਦੇ ਹਾਂ ਕਿ ਆਪ ਜੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ, ਆਪਣੇ ਰੁਝੇਵਿਆਂ ਵਿੱਚੋਂ ਕੁਝ ਸਮਾਂ, ਇਸ ਬਹੁਤ ਹੀ ਜਰੂਰੀ ਕੌਮੀ ਕਾਰਜ ਨੂੰ ਵੀ ਦਿਓਗੇ।ਸਤਿਕਾਰ ਸਹਿਤ
ਕਿਰਪਾਲ ਸਿੰਘ ਬਠਿੰਡਾ
20-3-2022
#੧੯੮੪੪, ਸਾਹਿਬਜ਼ਾਦਾ ਅਜੀਤ ਸਿੰਘ ਰੋਡ, ਗਲੀ ਨੰਬਰ ੨੦
ਬਠਿੰਡਾ-੧੫੧੦੦੧. ਫੋਨ ਨੰ: ੮੮੩੭੮-੧੩੬੬੧

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.