ਕੈਟੇਗਰੀ

ਤੁਹਾਡੀ ਰਾਇ



ਕਿਰਪਾਲ ਸਿੰਘ ਬਠਿੰਡਾ
ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਪ੍ਰਕਾਸ਼ ਪੁਰਬ ਮਨਾਇਆ
ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਪ੍ਰਕਾਸ਼ ਪੁਰਬ ਮਨਾਇਆ
Page Visitors: 26

ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਪ੍ਰਕਾਸ਼ ਪੁਰਬ ਮਨਾਇਆ

ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅਤੇ ਖ਼ਾਲਸਾ ਸਾਜਨਾ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ

ਬਠਿੰਡਾ, 14 ਅਪ੍ਰੈਲ ( .......... ) : ਅੱਜ ਇੱਥੇ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਵਿਖੇ ਬਠਿੰਡਾ ਸ਼ਹਿਰ ਦੀਆਂ ਸਮੂਹ ਜਥੇਬੰਦੀਆਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਅਸਲੀ ਜਨਮ ਮਿਤੀ ੧ ਵੈਸਾਖ ਵਾਲੇ ਦਿਨ ਉਨ੍ਹਾਂ ਦਾ ਪ੍ਰਕਾਸ਼ ਪੁਰਬ ਅਤੇ ਖ਼ਾਲਸਾ ਪ੍ਰਗਟ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਮਾਗਮ ਦੀ ਅਰੰਭਤਾ ਸਮੂਹ ਜਥੇਬੰਦੀਆਂ ਵੱਲੋਂ ਸੰਗਤੀ ਰੂਪ ’ਚ ਸੁਖਮਨੀ ਸਾਹਿਬ ਜੀ ਪਾਠ ਨਾਲ ਹੋਈ ਜਿਸ ਉਪ੍ਰੰਤ ਹਜੂਰੀ ਰਾਗੀ ਭਾਈ ਤਰਸੇਮ ਸਿੰਘ ਜੀ ਹਰਿਰਾਇਪੁਰ ਵਾਲੇ ਦੇ ਜਥੇ ਨੇ ਰਸਭਿੰਨਾ ਕੀਰਤਨ ਕੀਤਾ,
ਗਿਆਨੀ ਕੇਵਲ ਸਿੰਘ ਜੀ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਭਾਈ ਸਤਿਨਾਮ ਸਿੰਘ ਜੀ ਚੰਦੜ, ਅਤੇ ਗਿਆਨੀ ਜਸਵਿੰਦਰ ਸਿੰਘ ਜੀ ਲੁਧਿਆਣਾ ਵਾਲੇ ਨੇ ਗੁਰ ਇਤਿਹਾਸ ਦੀ ਵਿਆਖਿਆ ਕਰਦਿਆਂ ਵਿਸਥਾਰ ਸਹਿਤ ਦੱਸਿਆ ਕਿ ਜਨਮਸਾਖੀ LDF 194, ਸਾਖੀ ਮਹਲ ਪਹਿਲੇ ਕੀ: ਸਾਖੀਕਾਰ ਸ਼ੀਹਾਂ ਉੱਪਲ, ਬੀ-40 ਜਨਮ ਸਾਖੀ, ਵਲਾਇਤ ਵਾਲੀ ਪੁਰਾਤਨ ਜਨਮ ਸਾਖੀ (H.T. Cole Broke ਵਾਲੀ ਜਨਮ ਸਾਖੀ), ਮਿਹਰਵਾਨ ਵਾਲੀ
ਜਨਮ ਸਾਖੀ, ਭਾਈ ਮਨੀ ਸਿੰਘ ਵਾਲੀ ਜਨਮ ਸਾਖੀ/ ਗਿਆਨ ਰਤਨਾਵਲੀ, ਬਾਵਾ ਸਰੂਪ ਦਾਸ ਭੱਲਾ ਰਚਿਤ ਮਹਿਮਾ ਪ੍ਰਕਾਸ਼, ਪੱਥਰ ਦੇ ਛਾਪੇ ਵਾਲੀ ਜਨਮ ਸਾਖੀ ਜੋ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਆਰਕਾਈਵਜ਼ ਵਿਭਾਗ ਵਿੱਚ ਸਾਂਭੀ ਪਈ ਹੈ, ਇਨ੍ਹਾਂ ਸਾਰੀਆਂ ਹੀ ਜਨਮ ਸਾਖੀਆਂ ’ਚ ਸਿੱਖ ਧਰਮ ਦੇ ਸੰਸਥਾਪਕ ਜਗਤ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਵੈਸਾਖ ’ਚ ਲਿਖਿਆ ਹੋਇਆ ਹੈ। ਨਵੀਨ ਪ੍ਰਸਿੱਧ ਇਤਿਹਾਸਕਾਰ ਅਤੇ ਵਿਦਵਾਨ ਕਰਮ ਸਿੰਘ ਹਿਸਟੋਰੀਅਨ,
ਭਾਈ ਕਾਹਨ ਸਿੰਘ ਨਾਭਾ, ਡਾ: ਗੰਡਾ ਸਿੰਘ, ਪ੍ਰੋ: ਸਾਹਿਬ ਸਿੰਘ, ਪ੍ਰਿੰਸੀਪਲ ਸਤਿਬੀਰ ਸਿੰਘ, ਡਾ: ਹਰੀ ਰਾਮ ਗੁਪਤਾ, ਡਾ: ਕਿਰਪਾਲ ਸਿੰਘ, ਡਾ: ਖੜਕ ਸਿੰਘ, ਡਾ: ਐੱਸ.ਐੱਸ. ਪਦਮ, ਪ੍ਰੋ: ਪ੍ਰੀਤਮ ਸਿੰਘ, ਡਾ: ਪਿਆਰ ਸਿੰਘ, ਡਾ: ਰਤਨ ਸਿੰਘ ਜੱਗੀ, ਡਾ: ਆਸਾ ਸਿੰਘ ਘੁੰਮਣ, ਸ: ਖੁਸ਼ਵੰਤ ਸਿੰਘ, ਭਾਈ ਵੀਰ ਸਿੰਘ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਸਿੱਖ ਇਤਿਹਾਸ ਦੇ ਕਰਤਾ ਪ੍ਰੋ: ਕਰਤਾਰ ਸਿੰਘ ਐੱਮ.ਏ., ਅਤੇ ਵਿਦੇਸ਼ੀ ਵਿਦਵਾਨ ਐੱਮ.ਏ. ਮੈਕਾਲਿਫ਼, ਡਾ:ਮੈਕਲੋਡ, ਡਾ: ਟਰੰਪ ਆਦਿਕ ਸਾਰੇ ਹੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਵੈਸਾਖ ਮਹੀਨੇ ਦਾ ਲਿਖਦੇ ਹਨ। ਪਰ ਪਤਾ ਨਹੀਂ ਕਿਸ ਸਾਜਿਸ਼ ਅਧੀਨ ਭਾਈ ਬਾਲਾ ਨਾਮ ਦਾ ਇੱਕ ਫਰਜੀ ਪਾਤਰ ਸਿਰਜ ਕੇ ਭਾਈ ਬਾਲੇ ਵਾਲੇ ਵਾਲੀ ਜਨਮ ਸਾਖੀ ਰਚ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਕੱਤਕ ਦੀ ਪੂਰਨਮਾਸ਼ੀ ਦਾ ਲਿਖ ਦਿੱਤਾ ਜਿਸ ਦੀ ਨਕਲ ਕਰਦਿਆਂ ਕਵੀ ਸੰਤੋਖ ਨੇ ਸੂਰਜ ਪ੍ਰਕਾਸ਼ ’ਚ ਦਰਜ ਕਰਕੇ ਖ਼ੂਬ ਪ੍ਰਚਾਰਿਆ। ਸਾਰੇ ਹੀ ਬੁਲਾਰਿਆਂ ਨੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ’ਤੇ ਜੋਰ ਦਿੰਦਿਆਂ ਕਿਹਾ ਕਿ ਬਿਕ੍ਰਮੀ ਕੈਲੰਡਰ ਅਨੁਸਾਰ ਗੁਰਪੁਰਬ ਮਨਾਉਂਦਿਆਂ ਸਾਨੂੰ ਸਦੀਆਂ ਬੀਤ ਗਈਆਂ; ਅਸੀਂ ਆਪਣੇ ਗੁਰੂ ਸਾਹਿਬਾਨ ਦੇ ਗੁਰਪੁਰਬ ਦੀਆਂ ਤਾਰੀਖ਼ਾਂ ਯਾਦ ਨਹੀਂ ਕਰ ਸਕੇ ਪਰ ਜੇ ਨਾਨਕਸ਼ਾਹੀ ਕੈਲੰਡਰ ਪੂਰਨ ਤੌਰ ’ਤੇ ਲਾਗੂ ਹੋ ਜਾਵੇ ਤਾਂ ਕੁਝ ਹੀ ਸਾਲਾਂ ’ਚ ਸਾਨੂੰ ਆਪਣੇ ਸਾਰੇ ਗੁਰਪੁਰਬਾਂ ਅਤੇ ਹੋਰ ਇਤਿਹਾਸਕ ਦਿਹਾੜਿਆਂ ਦੀਆ ਤਾਰੀਖ਼ਾਂ ਜਬਾਨੀ ਯਾਦ ਹੋ ਜਾਣਗੀਆਂ। ਸਮਾਪਤੀ ਉਪ੍ਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ।
 
 
 

 
 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.