ਕੈਟੇਗਰੀ

ਤੁਹਾਡੀ ਰਾਇ



ਕਿਰਪਾਲ ਸਿੰਘ ਬਠਿੰਡਾ
ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸਿੱਖਣ ਤੇ ਸੁਣਨ ਵਾਲਿਆਂ ਲਈ ਅਨਮੋਲ ਤੋਹਫ਼ਾ
ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸਿੱਖਣ ਤੇ ਸੁਣਨ ਵਾਲਿਆਂ ਲਈ ਅਨਮੋਲ ਤੋਹਫ਼ਾ
Page Visitors: 7361

ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰਬਰ 16 ’ਤੇ ਸਾਧਾਰਨ ਪਾਠ ਦੇ ਸਿਰਲੇਖ ਹੇਠ ਇਹ ਹਦਾਇਤਾਂ ਦਰਜ ਹਨ:
(ੳ) ਹਰ ਇਕ ਸਿੱਖ ਨੂੰ ਵੱਸ ਲੱਗੇ, ਆਪਣੇ ਘਰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਦਾ ਵੱਖਰਾ ਤੇ ਨਵੇਕਲਾ ਸਥਾਨ ਨਿਯਤ ਕਰਨਾ ਚਾਹੀਏ।
(ਅ) ਹਰ ਇਕ ਸਿੱਖ ਸਿੱਖਣੀ ਬੱਚੇ ਬੱਚੀ ਨੂੰ ਗੁਰਮੁਖੀ ਪੜ੍ਹ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਸਿੱਖਣਾ ਚਾਹੀਏ।
(ੲ) ਹਰ ਇਕ ਸਿੱਖ ਅੰਮ੍ਰਿਤ ਵੇਲੇ ਪ੍ਰਸ਼ਾਦ ਛਕਣ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਲਵੇ। ਜੇ ਇਸ ਵਿੱਚ ਉਕਾਈ ਹੋ ਜਾਵੇ, ਤਾਂ ਦਿਨ ਵਿੱਚ ਕਿਸੇ ਨਾ ਕਿਸੇ ਵੇਲੇ ਜਰੂਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰੇ ਜਾਂ ਸੁਣੇ। ਸਫਰ ਆਦਿ ਔਕੜ ਔਕੜ ਵੇਲੇ ਦਰਸ਼ਨ ਕਰਨ ਤੋਂ ਅਸਮਰਥ ਹੋਵੇ ਤਾਂ ਸ਼ੰਕਾ ਨਹੀਂ ਕਰਨੀ।
(ਸ) ਚੰਗਾ ਤਾਂ ਇਹ ਹੈ ਕਿ ਹਰ ਇਕ ਸਿੱਖ ਆਪਣਾ ਸਾਧਾਰਣ ਪਾਠ ਜਾਰੀ ਰੱਖੇ ਤੇ ਮਹੀਨੇ ਦੋ ਮਹੀਨੇ ਮਗਰੋਂ (ਜਾਂ ਜਿਤਨੇ ਸਮੇਂ ਵਿੱਚ ਹੋ ਹੋ ਸਕੇ) ਭੋਗ ਪਾਵੇ। ਪਰ ਪੁਜਾਰੀ ਸ਼੍ਰੇਣੀ, ਜਿਨ੍ਹਾਂ ਨੇ ਧਰਮ ਨੂੰ ਧੰਧਾ ਜਾਂ ਵਾਪਾਰ ਬਣਾ ਲਿਆ ਹੈ ਉਨ੍ਹਾਂ ਨੇ ਸਿੱਖਾਂ ਨੂੰ ਵਹਿਮਾਂ ਭਰਮਾਂ ਵਿੱਚ ਉਲਝਾ ਕੇ ਇੰਨਾਂ ਡਰਾ ਦਿਤਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਤਾਂ ਇੱਕ ਪਾਸੇ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਜ਼ਦੀਕ ਆਉਣ ਤੋਂ ਵੀ ਡਰਨ ਲੱਗ ਪਏ ਹਨ। ਕਿਉਂਕਿ ਪ੍ਰਚਾਰਿਆ ਜਾ ਰਿਹਾ ਹੈ ਕਿ ਬਿਨਾਂ ਸੰਥਿਆ ਲਿਆਂ ਪਾਠ ਗਲਤ ਹੋ ਜਾਂਦਾ ਹੈ ਤੇ ਗਲਤ ਪਾਠ ਕਰਨ ਵਾਲੇ ਨੂੰ ਪਾਪ ਲਗਦਾ ਹੈ। ਉਨ੍ਹਾਂ ਅਨੁਸਾਰ ਵਿਧੀ ਪੂਰਬਕ ਪਾਠ ਕਰਨ ਦੀ ਮਰਿਆਦਾ ਕੇਵਲ ਕਿਸੇ ਟਕਸਾਲ (ਭਾਵ ਵਿਹਲੜ ਡੇਰੇਦਾਰਾਂ ਦੇ ਡੇਰਿਆਂ) ਤੋਂ ਹੀ ਸਿੱਖੀ ਜਾ ਸਕਦੀ ਹੈ। ਮਰਿਆਦਾ ਦੀ ਉਲੰਘਣਾ ਹੋਣ ’ਤੇ ਵੀ ਪਾਪਾਂ ਦੇ ਭਾਗੀ ਬਣੀਦਾ ਹੈ। ਅੱਜ ਕੱਲ੍ਹ ਦੇ ਜੁੱਗ ਵਿੱਚ ਜਦੋਂ ਰੁਜ਼ਗਾਰ ਪ੍ਰਾਪਤ ਕਰਨ ਅਤੇ ਇਸ ਨੂੰ ਜਿੰਮੇਵਾਰੀ ਨਾਲ ਨਿਭਾਉਣ ਲਈ ਹੀ ਮਨੁੱਖ ਨੂੰ ਵੱਡੀ ਘਾਲਣਾ ਘਾਲਣੀ ਪੈਂਦੀ ਹੈ ਇਸ ਲਈ ਕਿਸੇ ਕੋਲ ਇਤਨਾ ਸਮਾਂ ਨਹੀਂ ਕਿ ਉਹ ਤਿੰਨ ਚਾਰ ਸਾਲ ਵਿਹਲੜਾਂ ਦੇ ਡੇਰੇ ਵਿੱਚ ਰਹਿ ਕੇ ਸ਼ੁੱਧ ਪਾਠ ਸਿੱਖਣ ਲਈ ਸੰਥਿਆ ਲੈਣ ਤੇ ਵਿਧੀ ਪੂਰਬਕ ਪਾਠਾਂ ਦੀਆਂ ਮਰਿਆਦਾਵਾਂ ਸਿੱਖਣ ਲਈ ਸਮਾਂ ਕੱਢ ਸਕੇ। ਜਿਹੜਾ ਕੱਢ ਵੀ ਲਵੇ ਉਸ ਨੂੰ ਵੀ ਗੁਰੂ ਦਾ ਗਿਆਨ ਦੇਣ ਦੀ ਵਜਾਏ ਮਰਿਆਦਾ ਦੇ ਨਾਮ ’ਤੇ ਉਹ ਕਰਮਕਾਂਡ ਹੀ ਸਿਖਾਏ ਜਾਂਦੇ ਹਨ ਜਿਨ੍ਹਾਂ ਦੀ ਜਿੱਲ੍ਹਣ ਤੋਂ 239 ਸਾਲ ਦੀਆਂ ਘਾਲਣਾ ਰਾਹੀ ਗੁਰੁ ਸਾਹਿਬ ਨੇ ਸਾਨੂੰ ਕੱਢਿਆ ਸੀ। ਇਸ ਤਰ੍ਹਾਂ ਡੇਰੇਦਾਰਾਂ ਤੇ ਪੁਜਾਰੀਆਂ ਦੇ ਪ੍ਰਚਾਰ ਸਦਕਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਖ਼ੁਦ ਨਾ ਕਰਨ ਦੀ ਕੌਤਾਹੀ ਕਰਕੇ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਹੋ ਰਹੀ ਹੈ ਗੁਰਬਾਣੀ ਤੋਂ ਸਿੱਖ ਪੂਰੀ ਤਰ੍ਹਾਂ ਟੁੱਟ ਕੇ ਸਿਧਾਂਤਕ ਪੱਖੋਂ ਰਸਾਤਲ ਵਿੱਚ ਜਾ ਰਹੇ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ ਬਣਦਾ ਸੀ ਕਿ ਕੇਵਲ ਸਿੱਖਾਂ ਨੂੰ ਹੀ ਨਹੀਂ ਬਲਕਿ ਸਮੂਹ ਲੋਕਾਈ ਨੂੰ ਗੁਰਬਾਣੀ ਦੇ ਅਰਥ ਭਾਵ ਸਮਝਾ ਕੇ ਉਨ੍ਹਾਂ ਨੂੰ ਗੁਰੂ ਦੇ ਲੜ ਲਾਉਂਦੀ। ਪਰ ਸ਼੍ਰੋਮਣੀ ਕਮੇਟੀ ਜਿੱਥੇ ਪੂਰੀ ਤਰ੍ਹਾਂ ਗੰਦੀ ਸਿਆਸਤ ਦੇ ਅਧੀਨ ਹੋ ਚੁੱਕੀ ਹੈ ਉੱਥੇ ਅਸਿੱਧੇ ਤੌਰ ’ਤੇ ਸ਼ਬਦ ਗੁਰੂ ਦੀ ਸਿਧਾਂਤਕ ਪੱਖੋਂ ਵਿਰੋਧੀ ਜਮਾਤ ਆਰਐੱਸਐੱਸ ਦੇ ਗਲਬੇ ਅਧੀਨ ਵੀ ਆ ਚੁੱਕੀ ਹੈ ਇਸ ਲਈ ਉਸ ਤੋਂ ਕੋਈ ਆਸ ਰੱਖਣੀ ਹੀ ਬੇਮਾਹਨੇ ਹੈ। ਕੰਪਿਊਟਰ ਦੇ ਇਸ ਯੁੱਗ ਵਿੱਚ ਅਮਰੀਕਾ ਨਿਵਾਸੀ ਸ: ਸੱਤਪਾਲ ਸਿੰਘ ਪੁਰੇਵਾਲ ਜੀ ਨੇ ਗੁਰਬਾਣੀ ਨੂੰ ਕੇਵਲ ਸਿੱਖਾਂ ਤੱਕ ਹੀ ਨਹੀਂ ਬਲਕਿ ਦੁਨੀਆਂ ਭਰ ਦੇ ਹਰ ਪ੍ਰਾਣੀ ਮਾਤਰ ਤੱਕ ਪਹੁੰਚਾਉਣ ਲਈ ਇੱਕ ਵੀਡੀਓ ਟਿਊਟਰ ਤਿਆਰ ਕਰਨ ਦਾ ਪ੍ਰੋਜੈਕਟ ਆਪਣੇ ਹੱਥ ਵਿੱਚ ਲਿਆ। ਤਕਰੀਬਨ 6-7 ਮਹੀਨੇ ਪਹਿਲਾਂ ਉਨ੍ਹਾਂ ਦੀ ਵੈੱਬ ਸਾਈਟ ‘ਏਕਤੂਹੀਡਾਟਕਾਮ’ (http://www.ektuhi.com) ’ਤੇ ਗਿਆਨੀ ਜਗਤਾਰ ਸਿੰਘ ਜਾਚਕ ਜੀ ਦੀ ਆਵਾਜ਼ ’ਚ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ ਗਿਆ ਸੰਥਿਆ ਪਾਠ ਦੀਆਂ ਪਾਈਆਂ ਗਈਆਂ ਕੁਝ ਵੀਡੀਓ ਸੀਡੀ ਵੇਖਣ ਦਾ ਮੌਕਾ ਮਿਲਿਆ। ਮੇਰੇ ਮਨ ਨੂੰ ਇਹ ਉਪ੍ਰਾਲਾ ਕਾਫੀ ਚੰਗਾ ਲੱਗਾ ਕਿਉਂਕਿ ਇਸ ਵਿੱਚ ਪ੍ਰਕਰਣ ਮੁਤਾਬਕ ਅਰਥ ਸਪਸ਼ਟ ਕਰਦਾ ਹੋਇਆ ਸ਼ੁੱਧ ਉਚਾਰਣ ਤੇ ਗੁਰਬਾਣੀ ਵਿਆਰਣ ਅਨੁਸਾਰ ਸਹੀ ਥਾਂ ਵਿਸ਼ਰਾਮ ਤੇ ਅਰਧ ਵਿਸ਼ਰਾਮ ਲਾ ਕੇ ਪਾਠ ਕੀਤਾ ਗਿਆ ਹੈ, ਜਿਸ ਨਾਲ ਜਿਸ ਵਿਅਕਤੀ ਨੇ ਕਦੀ ਵੀ ਗੁਰਬਾਣੀ ਨਹੀਂ ਪੜ੍ਹੀ ਉਸ ਨੂੰ ਵੀ ਅੱਧੋਂ ਵੱਧ ਅਰਥ ਆਪਣੇ ਆਪ ਸਮਝ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਤੋਂ ਇਲਾਵਾ ਨਵੇਂ ਸਿਖਿਆਰਥੀਆਂ ਦੀ ਸਹੂਲਤ ਲਈ ਜਿਸ ਸ਼ਬਦ ਦਾ ਉਚਾਰਣ ਹੋ ਰਿਹਾ ਹੁੰਦਾ ਹੈ ਉਹ ਨਾਲ ਦੀ ਨਾਲ ਹਾਈਲਾਈਟ ਹੁੰਦਾ ਜਾ ਰਿਹਾ ਹੁੰਦਾ ਹੈ ਤਾ ਕਿ ਸਰੋਤੇ ਨੂੰ ਆਪਣੀ ਸੁਰਤ ਉਸ ਸ਼ਬਦ ਵਿੱਚ ਟਿਕਾਉਣ ਵਿੱਚ ਮੱਦਦ ਮਿਲ ਸਕੇ। ਇਸ ਲਈ ਗਿਆਨੀ ਜਗਤਾਰ ਸਿੰਘ ਜਾਚਕ ਜੀ ਦੀ ਸ਼ਾਲਾਘਾ ਕਰਨ ਅਤੇ ਇਸ ਨੂੰ ਹੋਰ ਲਾਹੇਵੰਦ ਬਣਾਉਣ ਲਈ ਕੁਝ ਸੁਝਾਉ ਦੇਣ ਵਾਸਤੇ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਹ ਕੰਮ ਸ: ਸਤਪਾਲ ਸਿੰਘ ਜੀ ਪੁਰੇਵਾਲ ‘ਯੂਨਿਊਜ਼ਟੂਡੇ ਡਾਟ ਕਾਮ’ ਵਾਲੇ ਕਰ ਰਹੇ ਹਨ ਇਸ ਲਈ ਉਨ੍ਹਾਂ ਦਾ ਧੰਨਵਾਦ ਵੀ ਕਰ ਦੇਵੋ ਤੇ ਆਪਣੇ ਇਹ ਸੁਝਾਉ ਵੀ ਉਨ੍ਹਾਂ ਤੱਕ ਪੁਜਦੇ ਕਰ ਦੇਵੋ। ਈਮੇਲ ਸੰਦੇਸ਼ ਰਾਹੀਂ ਸ: ਪੁਰੇਵਾਲ ਜੀ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਕੁਝ ਹੋਰ ਸੁਝਾਵਾਂ ਤੋਂ ਇਲਾਵਾ ਇਹ ਬੇਨਤੀ ਵੀ ਕੀਤੀ ਕਿ ਇਸ ਵਿੱਚ ਡਾਊਨ ਲੋਡ ਦੀ ਆਪਸ਼ਨ ਪਾਈ ਜਾਵੇ ਤਾਂ ਕਿ ਹਰ ਜਗਿਆਸੂ ਇਸ ਨੂੰ ਡਾਊਨ ਲੋਡ ਕਰਕੇ ਆਪਣੇ ਕੰਪਿਊਟਰ ਵਿੱਚ ਸੇਵ ਕਰਕੇ ਰੱਖ ਲਵੇ ਤਾ ਕਿ ਜੇ ਕਿਸੇ ਸਮੇਂ ਇੰਟਰਨੈੱਟ ਦੀ ਪ੍ਰਾਬਲਮ ਹੋਵੇ ਤਾਂ ਵੀ ਉਸ ਨੂੰ ਆਪਣਾ ਪਾਠ ਜਾਰੀ ਰੱਖਣ ਵਿੱਚ ਕੋਈ ਸਮੱਸਿਆ ਨਾ ਆਵੇ। ਇਸ ਤਰ੍ਹਾਂ ਕਰਨ ਨਾਲ ਜਿੰਨ੍ਹਾਂ ਕੋਲ ਇੰਟਰਨੈੱਟ ਕੂਨੈਕਸ਼ਨ ਦੀ ਸੁਵਿਧਾ ਨਾ ਵੀ ਹੋਵੇ ਉਨ੍ਹਾਂ ਨੂੰ ਵੀ ਪੈੱਨਡਰਾਈਵ ਜਾਂ ਸੀਡੀ ਵਿੱਚ ਕਾਪੀ ਕਰਕੇ ਦਿੱਤਾ ਜਾ ਸਕੇਗਾ।

ਮੇਰੀ ਈਮੇਲ ਪਹੁੰਚਦਿਆਂ ਸਾਰ ਸ: ਪੁਰੇਵਾਲ ਜੀ ਨੇ ਮੇਰੇ ਨਾਲ ਸੰਪਰਕ ਕਰਕੇ ਦੱਸਿਆ ਕਿ ਉਸ ਵੱਲੋਂ ਇੱਕ ਵੀਡੀਓ ਟਿਊਟਰ ਬਣਾਇਆ ਜਾ ਰਿਹਾ ਹੈ ਜਿਸ ਵਿੱਚ ਸਿਰਫ ਡਾਊਨਲੋਡ ਕਰਨ ਦੀ ਸੁਬਿਧਾ ਹੀ ਨਹੀਂ ਹੋਵੇਗੀ ਬਲਕਿ ਉਨ੍ਹਾਂ ਦਾ ਟੀਚਾ ਹੈ ਕਿ ਕੰਪਿਊਟਰ ਵਿੰਡੋ ਤਿਆਰ ਕਰਨ ਵਾਲੀਆਂ ਕੰਪਨੀਆਂ ਨਾਲ ਸੰਪਰਕ ਕਰਕੇ ਹਰ ਵਿੰਡੋ ਵਿੱਚ ਪਾ ਦਿੱਤਾ ਜਾਵੇਗਾ ਤਾਂ ਕਿ ਦੁਨੀਆਂ ਭਰ ਦੇ ਹਰ ਕੰਮਪਿਊਟਰ ਤੇ ਮੋਬਾਈਲ ਫ਼ੋਨਾਂ ਵਿੱਚ ਇਹ ਪਹੁੰਚ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਉਸ ਟਿਊਟਰ ਵਿੱਚ ਇਹ ਆਪਸ਼ਨ ਵੀ ਪਾਈ ਜਾਵੇਗੀ ਕਿ ਜੇ ਕਿਸੇ ਸਿਖਿਆਰਥੀ/ਸਰੋਤੇ ਨੂੰ ਪਾਠ ਸੁਣਦੇ ਸਮੇਂ ਕਿਸੇ ਸ਼ਬਦ ਦੇ ਉਚਾਰਣ ਦੀ ਪੂਰੀ ਸਮਝ ਨਾ ਆਵੇ ਤਾਂ ਉਸ ਸ਼ਬਦ ’ਤੇ ਕਲਿਕ ਕਰਕੇ ਹੋਲਡ ਕਰਨ ਤੇ ਉਸ ਸ਼ਬਦ ਦਾ ਵਾਰ ਵਾਰ ਉਚਾਰਣ ਹੁੰਦਾ ਰਹੇਗਾ ਤਾਂ ਕਿ ਸਿਖਿਆਰਥੀ ਚੰਗੀ ਤਰ੍ਹਾਂ ਸਹੀ ਉਚਾਰਣ ਸਮਝ ਤੇ ਕਰ ਸਕਣ ਦੇ ਸਮਰੱਥ ਹੋ ਸਕੇ। ਜੇ ਕਿਸੇ ਸਮੇਂ ਪਾਠ ਕਰਦੇ ਸਮੇਂ ਕਿਸੇ ਸ਼ਬਦ ਦੇ ਅਰਥ ਵੇਖਣ ਦੀ ਲੋੜ ਪੈ ਜਾਵੇ ਤਾਂ ਉਸ ਸ਼ਬਦ ਨੂੰ ਸਲੈਕਟ ਕਰਕੇ ਰਾਈਟ ਕਲਿਕ ਕਰਨ ਨਾਲ ਉਸ ਦੇ ਅਰਥ ਸਾਹਮਣੇ ਆ ਜਾਣਗੇ। ਜੇ ਕਿਸੇ ਸ਼ਬਦ ਨੂੰ ਸਰਚ ਕਰਨਾ ਹੋਵੇ ਤਾਂ ਉਸ ਦੀ ਵਿਵਸਥਾ ਵੀ ਇਸ ਵਿੱਚ ਪਾਈ ਜਾਵੇਗੀ। ਕੋਈ ਵੀ ਸ਼ਬਦ ਟਾਈਪ ਕਰਕੇ ਸਰਚ ਕਰਨ ਨਾਲ ਸਿੱਧਾ ਉਹ ਪੰਨਾ ਖੁਲ੍ਹਣ ਉਪ੍ਰੰਤ ਲੋੜੀਂਦਾ ਸ਼ਬਦ ਹਾਈਲਾਈਟ ਹੋ ਜਾਵੇਗਾ। ਇਸ ਤੋਂ ਇਲਾਵਾ ਫੌਂਟ ਦਾ ਸਾਈਜ ਤੇ ਰੰਗ ਬਦਲਣ ਦੀ ਵਿਵਸਥਾ ਵੀ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਿੱਚ ਵਰਤੇ ਗਏ ਫੌਂਟ ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਆਏ ਹੁਕਮਨਾਮੇ ਨੂੰ ਬੋਰਡ ’ਤੇ ਲਿਖਣ ਵਾਲੇ ਤੋਂ ਇਕੱਲਾ ਇਕੱਲਾ ਅੱਖਰ ਲਿਖਵਾ ਕੇ ਉਸ ਦੀਆਂ ਫੋਟੋ ਲਈਆਂ ਤੇ ਉਸ ਫੋਟੋ ਤੋਂ ਵਿਸ਼ੇਸ਼ ਫੌਂਟ ਤਿਆਰ ਕੀਤਾ ਗਿਆ ਹੈ। ਇਸ ਦਾ ਲਾਭ ਇਹ ਹੈ ਕਿ ਗੁਰਬਾਣੀ ਵਿੱਚ ਵਰਤੇ ਗਏ ਕਈ ਚਿੰਨ੍ਹ ਜਿਵੇਂ ਕਿ ਪੈਰ ਵਿੱਚ ਵਰਤੇ ਜਾਣ ਵਾਲਾ ਅੱਧਾ ਯ, ਅੱਧਾ ਵ, ਅੱਧਾ ਤ, ਅੱਧਾ ਟ, ਅੱਧਾ ਚ, ਅੱਧਾ ਨ ਅਤੇ ਹਲੰਤ ਚਿੰਨ੍ਹ ਆਦਿ ਜਿਨ੍ਹਾਂ ਦੀ ਵਰਤੋਂ ਅੱਜ ਕੱਲ੍ਹ ਨਾ ਹੋਣ ਕਾਰਣ ਉਹ ਮੌਜੂਦਾ ਫੌਟਾਂ ਵਿੱਚ ਉਪਲਬਧ ਨਹੀਂ ਹਨ, ਉਨ੍ਹਾਂ ਦੇ ਸ਼ੁੱਧ ਰੂਪ ਵਿੱਚ ਫੌਂਟ ਤਿਆਰ ਕੀਤੇ ਗਏ ਹਨ।

ਸ: ਪੁਰੇਵਾਲ ਦੇ ਮਨ ਵਿੱਚ ਸੰਕਲਪ ਆਉਣ ਪਿੱਛੋਂ ਇਸ ਪ੍ਰੋਜੈਕਟ ਨੂੰ ਸਿਰੇ ਚਾੜ੍ਹਨ ਦੇ ਸਫਰ ਵਿੱਚ ਉਨ੍ਹਾਂ ਵੱਲੋਂ ਕੀਤੇ ਗਏ ਉੱਦਮ ਅਤੇ ਆਈਆਂ ਕਠਨਾਈਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ 1999-2000 ਵਿੱਚ ਇਸ ਪ੍ਰੋਜੈਕਟ ਦੀ ਜਾਣਕਾਰੀ ਉਸ ਸਮੇਂ ਦੀ ਪ੍ਰਧਾਨ ਬੀਬੀ ਜੰਗੀਰ ਕੌਰ ਨੂੰ ਦੇ ਕੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਸੁਰੀਲੀ ਆਵਾਜ਼ ਤੇ ਸ਼ੁੱਧ ਪਾਠ ਕਰਨ ਵਾਲਾ ਸਭ ਤੋਂ ਵਧੀਆ ਪਾਠੀ ਪਾਠ ਰੀਕਾਰਡ ਕਰਨ ਲਈ ਉਨ੍ਹਾਂ ਨੂੰ ਦੇਣ ਤੇ ਬਾਕੀ ਦਾ ਸਾਰਾ ਕੰਮ ਤੇ ਖਰਚਾ ਉਹ (ਸ:ਪੁਰੇਵਾਲ) ਖ਼ੁਦ ਕਰਨਗੇ। ਬੀਬੀ ਜੰਗੀਰ ਕੌਰ ਨੇ ਹਾਂ ਕਰ ਦਿੱਤੀ ਪਰ ਕੁਝ ਹੀ ਸਮੇਂ ਪਿੱਛੋਂ ਉਨ੍ਹਾਂ ਦੇ ਪ੍ਰਵਾਰ ਵਿੱਚ ਮੰਦਭਾਗੀ ਘਟਨਾ ਵਾਪਰਨ ਕਰਕੇ ਉਨ੍ਹਾਂ ਨੂੰ ਪ੍ਰਧਾਨਗੀ ਛੱਡਣੀ ਪਈ। ਇਸ ਉਪ੍ਰੰਤ ਉਹ ਨਵੇਂ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੂੰ ਮਿਲੇ। ਉਨ੍ਹਾਂ ਇਸ ਕੰਮ ਲਈ ਬਹੁਤੀ ਤਵੱਜੋਂ ਨਾ ਦਿੱਤੀ ਤੇ ਕਿਹਾ ਕਿ ਉਹ ਇਸ ਲਈ ਇੱਕ ਕਮੇਟੀ ਬਣਾਉਣਗੇ ਤੇ ਉਨ੍ਹਾਂ ਵੱਲੋਂ ਦਿੱਤੀ ਰੀਪੋਰਟ ਦੇ ਅਧਾਰ ’ਤੇ ਅਗਲੀ ਕਾਰਵਾਈ ਕਰ ਲਈ ਜਾਵੇਗੀ। ਸ: ਪੁਰੇਵਾਲ ਨੇ ਦੱਸਿਆ ਕਿ ਪ੍ਰਧਾਨ ਜੀ ਦੇ ਮੂੰਹੋਂ ਕਮੇਟੀ ਦਾ ਨਾਮ ਸੁਣਦਿਆਂ ਹੀ ਉਨ੍ਹਾਂ ਨੂੰ ਫ਼ਤਹਿ ਬੁਲਾਉਣੀ ਪਈ ਕਿਉਂਕਿ ਸਾਰਾ ਖਰਚਾ ਮੈਂ ਖ਼ੁਦ ਕਰਨਾ ਸੀ ਤੇ ਜੇ ਇੱਕ ਪਾਠੀ ਦੇਣ ਲਈ ਕਮੇਟੀ ਬਣਾਉਣੀ ਪਈ ਤਾਂ ਉਨ੍ਹਾਂ ਨੂੰ ਪਤਾ ਹੀ ਹੈ ਕਿ ਕਿਸੇ ਕੰਮ ਨੂੰ ਖੂਹ ਖਾਤੇ ਪਾਉਣ ਲਈ ਇਹ ਕਮੇਟੀਆਂ ਬਣਾਈਆਂ ਜਾਂਦੀਆਂ ਹਨ ਤੇ ਉਹ ਹਾਲ ਹੀ ਪਾਠੀ ਦੀ ਡਿਊਟੀ ਲਾਉਣ ਲਈ ਹੋਵੇਗਾ। ਇਸ ਲਈ ਉਨ੍ਹਾਂ ਆਪਣੇ ਤੌਰ ’ਤੇ ਚੰਗੇ ਪਾਠੀ ਦੀ ਭਾਲ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇੱਕ ਨਿਹੰਗ ਸਿੰਘ ਮਿਲਿਆ ਜਿਸ ਦੀ ਆਵਾਜ਼ ਬਹੁਤ ਹੀ ਪਿਆਰੀ ਤੇ ਸੁਰੀਲੀ ਸੀ ਇਸ ਲਈ ਉਨ੍ਹਾਂ ਦੀ ਆਵਾਜ਼ ਵਿੱਚ ਰੀਕਾਰਡਿੰਗ ਕਰਵਾ ਕੇ ਉਹ ਉਸ ਸਮੇਂ ਦੇ ਜਥੇਦਾਰ ਅਕਾਲ ਤਖ਼ਤ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਮਿਲੇ ਤੇ ਆਪਣੇ ਪੂਰੇ ਪ੍ਰੋਜੈਕਟ ਦੀ ਜਾਣਕਾਰੀ ਉਨ੍ਹਾਂ ਨੂੰ ਦਿੱਤੀ। ਪਰ ਉਨ੍ਹਾਂ ਨੇ ਪਾਠ ਸੁਣ ਕੇ ਕਿਹਾ ਕਿ ਇਸ ਵਿੱਚ ਕੁਝ ਐਸੇ ਪਾਠ ਭੇਦ ਹਨ ਜਿਹੜੇ ਸ਼੍ਰੋਮਣੀ ਕਮੇਟੀ ਵੱਲੋਂ ਛਪਾਏ ਜਾ ਰਹੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਨਾਲ ਮੇਲ ਨਹੀਂ ਖਾਂਦੇ। ਸ: ਪੁਰੇਵਾਲ ਨੇ ਕਿਹਾ ਕਿ ਇਹ ਜਾਣ ਕੇ ਉਸ ਦੀ ਰੀਕਾਰਡਿੰਗ ਤੇ ਕੀਤਾ ਗਿਆ ਸਾਰਾ ਖਰਚਾ ਖੂਹ ਖਾਤੇ ਸੁੱਟਿਆ ਕਿਉਂਕਿ ਉਹ ਨਹੀਂ ਸਨ ਚਾਹੁੰਦੇ ਕਿ ਉਸ ਵੱਲੋਂ ਕੀਤੇ ਕਿਸੇ ਕੰਮ ਨਾਲ ਕੌਮ ਵਿੱਚ ਨਵੀਂ ਦੁਬਿੱਧਾ ਖੜ੍ਹੀ ਹੋਵੇ ਕਿਉਂਕਿ ਪਾਠ ਭੇਦ ਵਾਲੇ ਪਾਠ ਨੂੰ ਉਹ ਨਿਹੰਗ ਸਿੰਘ ਸ਼੍ਰੋਮਣੀ ਕਮੇਟੀ ਵਾਲੀ ਮੌਜੂਦਾ ਬੀੜ ਅਨੁਸਰ ਪਾਠ ਕਰਨ ਤੋਂ ਇਨਕਾਰੀ ਸੀ। ਇਸ ਉਪ੍ਰੰਤ ਉਨ੍ਹਾਂ ਦਾ ਤਾਲਮੇਲ ਗਿਆਨੀ ਜਗਤਾਰ ਸਿੰਘ ਜਾਚਕ ਜੀ ਨਾਲ ਹੋਇਆ। ਇਨ੍ਹਾਂ ਨਾਲ ਤਹਿ ਕੀਤਾ ਗਿਆ ਕਿ ਉਹ ਪਾਠ ਬਿਲਕੁਲ ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਜਾ ਰਹੀ ਬੀੜ ਅਨੁਸਾਰ ਕਰਨਗੇ, ਜਿੱਥੇ ਵੀ ਪਾਠ ਵਿੱਚ ਸਪਸ਼ਟਤਾ ਨਾ ਹੋਈ, ਜਾਂ ਪਾਠ ਕਰਦੇ ਸਮੇਂ ਕੋਈ ਛਿੱਕ, ਉਬਾਸੀ ਆ ਜਾਵੇ ਉਸ ਨੂੰ ਦੁਬਾਰਾ ਰੀਕਾਰਡ ਕਰਕੇ ਆਡਿਟਿੰਗ ਕਰਕੇ ਮੂਲ ਰੀਕਾਰਡਿੰਗ ਵਿੱਚ ਫਿੱਟ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਕੱਲੇ ਇਕੱਲੇ ਸ਼ਬਦ ਦੇ ਉਚਾਰਣ ਤੇ ਸ਼ਬਦ ਹਾਈਲਾਈਟ ਕਰਨ ਦੇ ਸਹੀ ਤਾਲਮੇਲ ਬਿਠਾਉਣ ਲਈ ਉਨ੍ਹਾਂ ਨੂੰ ਅਤਿਅੰਤ ਮਿਹਨਤ ਕਰਨੀ ਪਈ ਹੈ। ਇਸ ਟਿਊਟਰ ਨੂੰ ਉਹ ਉਸ ਸਮੇਂ ਹੀ ਨੈੱਟ ’ਤੇ ਪਾਉਣਗੇ ਜਦ ਉਸ ਵਿੱਚ ਕੋਈ ਵੀ ਗਲਤੀ ਨਹੀਂ ਰਹੇਗੀ।

ਸ: ਸਤਪਾਲ ਸਿੰਘ ਜੀ ਪੁਰੇਵਾਲ ਵੱਲੋਂ ਕੀਤੀ ਜਾ ਰਹੀ ਮਿਹਨਤ ਅੱਗੇ ਸਿਰ ਸਤਿਕਾਰ ਨਾਲ ਝੁਕ ਗਿਆ ਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਤੁਹਾਡਾ ਹੁਣ ਤੱਕ ਆਇਆ ਖਰਚ ਤੇ ਕਠਨਾਈਆਂ ਦੇ ਵੇਰਵੇ ਸੰਖੇਪ ਰੂਪ ਵਿੱਚ ਲਿਖਤੀ ਰੂਪ ਵਿੱਚ ਦਿੱਤੇ ਜਾਣ ਤਾਂ ਕਿ ਮੈਂ ਇਸ ਨੂੰ ਲੇਖ ਦੇ ਰੂਪ ਵਿੱਚ ਮੀਡੀਏ ਰਾਹੀਂ ਪੰਥ ਦੇ ਰੂਬਰੂ ਕਰ ਸਕਾਂ ਤਾਂ ਕਿ ਕੁਝ ਹਿੰਮਤੀ ਸਿੰਘ ਤੁਹਾਡੀ ਕਿਸੇ ਨਾ ਕਿਸੇ ਰੂਪ ਵਿੱਚ ਸਹਾਇਤਾ ਕਰ ਸਕਣ। ਉਨ੍ਹਾਂ ਕਿਹਾ ਇਸ ਪ੍ਰੋਜੈਕਟ ’ਤੇ ਵੈਸੇ ਤਾਂ ਮੇਰਾ ਹੁਣ ਤੱਕ 50 ਲੱਖ ਰੁਪਈਆ ਖਰਚ ਹੋ ਚੁੱਕਾ ਹੈ ਪਰ ਜਦ ਤੱਕ ਇਹ ਪ੍ਰੋਜੈਕਟ ਸਿਰੇ ਨਹੀਂ ਚੜ੍ਹਦਾ ਉਹ ਇਸ ਸਬੰਧੀ ਕੁਝ ਵੀ ਲਿਖਣਾ ਨਹੀਂ ਚਾਹੁੰਦੇ ਕਿਉਂਕਿ ਇਸ ਨਾਲ ਕਈ ਬੰਦੇ ਇਹ ਸਮਝਣਗੇ ਸ਼ਾਇਦ ਮੈਂ ਕੋਈ ਸ਼ੋਭਾ ਖੱਟਣ ਲਈ ਜਾਂ ਪੈਸੇ ਇਕੱਠੇ ਕਰਨ ਲਈ ਕਰ ਰਿਹਾ ਹਾਂ। ਜਦ ਇਹ ਪ੍ਰੋਜੈਕਟ ਗੁਰੂ ਦੀ ਕ੍ਰਿਪਾ ਨਾਲ ਸਿਰੇ ਚੜ੍ਹ ਗਿਆ ਤੇ ਸੰਗਤਾਂ ਨੂੰ ਪਸੰਦ ਆ ਗਿਆ ਤਾਂ ਉਸ ਉਪ੍ਰੰਤ ਕੁਝ ਕਰਨ ਵਾਲੇ ਜਰੂਰੀ ਕੰਮਾਂ ਦੇ ਪ੍ਰੋਜੈਕਟ ਪਲੈਨ ਸਬੰਧੀ ਜਾਣਕਾਰੀ ਦੇ ਕੇ ਬੇਨਤੀ ਕਰਾਂਗਾਂ ਕਿ ਜੇ ਇਹ ਪੰਥ ਦੇ ਫਾਇਦੇ ਵਿੱਚ ਹਨ ਤਾਂ ਸਾਰੇ ਮਿਲ ਕੇ ਹੰਭਲਾ ਮਾਰਨ। ਉਨ੍ਹਾਂ ਗਿਲਾ ਕੀਤਾ ਕਿ ਪੰਥ ਵਿੱਚ ਬਹੁਤ ਸਾਰੇ ਪੰਥ ਦਰਦੀ ਆਪਣੀ ਆਪਣੀ ਸੇਵਾ ਕਰ ਰਹੇ ਹਨ ਪਰ ਉਨ੍ਹਾਂ ਵਿੱਚ ਆਪਸੀ ਕੋਈ ਤਾਲਮੇਲ ਨਹੀਂ ਹੈ ਤੇ ਬਹੁਤ ਸਾਰੇ ਉਸੇ ਇਕੋ ਪ੍ਰੋਜੈਕਟ ’ਤੇ ਕੰਮ ਕਰ ਰਹੇ ਜਿਹੜਾ ਪਹਿਲਾਂ ਹੀ ਕਿਸੇ ਨੇ ਕੀਤਾ ਹੋਇਆ ਹੈ ਜਾਂ ਕਰ ਰਹੇ ਹਨ। ਇਸ ਤਰ੍ਹਾਂ ਇੱਕੇ ਪ੍ਰੋਜੈਕਟ ਨੂੰ ਹੱਥ ਵਿੱਚ ਲੈ ਕੇ ਆਪਣਾ ਤੇ ਕੌਮ ਦਾ ਸ਼੍ਰਮਾਇਆ ਤੇ ਸਮਾਂ ਨਸ਼ਟ ਕਰ ਰਹੇ ਹਨ। ਉਹ ਚਾਹੁੰਦੇ ਹਨ ਕਿ ਜਿਹੜਾ ਕੰਮ ਕੋਈ ਕਰ ਰਿਹਾ ਹੈ ਉਸ ਵਿੱਚ ਜੇ ਕੋਈ ਕਮੀ ਪੇਸ਼ੀ ਹੈ ਤਾਂ ਉਸ ਨੂੰ ਪੂਰੀ ਕਰਨ ਵਿੱਚ ਸਹਿਯੋਗ ਕੀਤਾ ਜਾਵੇ ਤੇ ਆਪ ਕੋਈ ਹੋਰ ਬਹੁਤ ਸਾਰੇ ਅਤਿ ਜਰੂਰੀ ਕੰਮ ਜੋ ਅਣਛੂਹੇ ਪਏ ਹਨ ਉਨ੍ਹਾਂ ਨੂੰ ਆਪਣੇ ਹੱਥ ਵਿੱਚ ਲੈਣ।

ਇਸ ਉਪ੍ਰੰਤ ਸ: ਸਤਪਾਲ ਸਿੰਘ ਪੁਰੇਵਾਲ ਜੀ ਨਾਲ ਤਕਰੀਬਨ ਰਾਬਤਾ ਬਣਿਆ ਰਿਹਾ ਤੇ ਉਹ ਚਾਹੁੰਦੇ ਸਨ ਕਿ ਉਨ੍ਹਾਂ ਵੱਲੋਂ ਟਿਊਟਰ ਨੂੰ ਉਸ ਵੇਲੇ ਹੀ ਨੈੱਟ ’ਤੇ ਪਾਇਆ ਜਾਵੇਗਾ ਜਿਸ ਸਮੇਂ ਉਸ ਵਿੱਚ 0% ਗਲਤੀ ਦੀ ਸੰਭਾਵਨਾ ਵੀ ਨਹੀਂ ਰਹੇਗੀ ਕਿਉਂਕਿ ਉਹ ਨਹੀਂ ਚਾਹੁੰਣਗੇ ਕਿ ਉਨ੍ਹਾਂ ਦੀ ਗਲਤੀ ਨਾਲ ਪੰਥ ਵਿੱਚ ਕੋਈ ਨਵੀਂ ਦੁਬਿਧਾ ਪੈਦਾ ਹੋਵੇ। ਉਨ੍ਹਾਂ ਨੂੰ ਸਲਾਹ ਦਿੱਤੀ ਕਿ ‘ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥’ ਅਨੁਸਾਰ ਹਰ ਵਿਅਕਤੀ ਦੇ ਕੰਮ ਵਿੱਚ ਕਿਸੇ ਨਾ ਕਿਸੇ ਗਲਤੀ ਰਹਿਣ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਇਸ ਲਈ ਤੁਸੀਂ ਉਸ ਨੂੰ ਨੈੱਟ ’ਤੇ ਪਾ ਦੇਵੋ। ਇਸ ਉਪ੍ਰੰਤ ਉਹ ਕਈ ਵਿਦਵਾਨਾਂ ਦੀ ਨਜ਼ਰ ਵਿੱਚ ਆਏਗਾ ਤੇ ਕਈ ਤਰੁਟੀਆਂ ਤੇ ਨਵੇਂ ਸੁਝਾਉ ਆਉਣਗੇ ਇਸ ਤਰ੍ਹਾਂ ਨਾਲੋ ਨਾਲ ਅਪਡੇਟ ਹੁੰਦਾ ਰਹੇੇਗਾ। ਮੇਰੇ ਇਸ ਸੁਝਾਉ ’ਤੇ ਉਨ੍ਹਾਂ ਨਵੇਂ ਸਾਲ ਦੇ ’ਤੇ ਤੋਹਫੇ ਵਜੋਂ ਪਹਿਲੀ ਜਨਵਰੀ ਨੂੰ ਕੌਮ ਨੂੰ ਭੇਟ ਕਰਨ ਦਾ ਵੀਚਾਰ ਬਣਾਇਆ ਸੀ ਪਰ ਕੁਝ ਕਾਰਣਾਂ ਕਰਕੇ ਉਹ ਇੱਕ ਹਫਤਾ ਪਛੜ ਗਏ। ਕਿਸੇ ਉੱਚ ਅਹੁਦੇ/ਰੁਤਬੇ ’ਤੇ ਬਿਰਾਜਮਾਨ ਸਖ਼ਸ਼ੀਅਤ ਤੋਂ ਰੀਲੀਜ਼ ਕਰਵਾਉਣ ਤੋਂ ਬਿਨਾਂ ਹੀ ਚੁੱਪ ਚਪੀਤੇ ਆਪਣੀ ਸਾਈਟ ’ਤੇ ਪਾ ਕੇ ਇਸ ਦਾ ਸੰਦੇਸ਼ ਫੇਸ ਬੁੱਕ ਰਾਹੀਂ ਸੰਗਤਾਂ ਤੱਕ ਪਹੁੰਚਾਉਣ ਦੇ ਉਨ੍ਹਾਂ ਦੇ ਫੈਸਲੇ ਨੇ ਉਨ੍ਹਾਂ ਦੀ ਸਖ਼ਸ਼ੀਅਤ ਦਾ ਇੱਕ ਹੋਰ ਅਹਿਮ ਪੱਖ ਉਜਾਗਰ ਕੀਤਾ ਹੈ ਕਿ ਜਿੱਥੇ ਆਮ ਲੋਕੀਂ ਕੋਈ ਕੰਮ ਨੂੰ ਪੂਰਾ ਹੋਣ ਤੋਂ ਪਹਿਲਾਂ ਹੀ ਉਸ ਦੇ ਟ੍ਰੇਲਰ ਨੂੰ ਹੀ ਰੀਲੀਜ਼ ਕਰਕੇ ਮੀਡੀਏ ਰਾਹੀਂ ਇਸ਼ਤਿਹਾਰਬਾਜੀ ਕਰਦੇ ਹਨ ਉੱਥੇ ਸ: ਪੁਰੇਵਾਲ ਆਪਣਾ ਕੰਮ ਪੂਰਾ ਕਰਨ ਪਿੱਛੋਂ ਵੀ ਕਿਸੇ ਅਹਿਮ ਸਖ਼ਸ਼ੀਅਤ ਤੋਂ ਰੀਲੀਜ਼ ਕਰਵਾਉਣ ਦੇ ਝੰਝਟ ਤੋਂ ਦੂਰ ਰਹਿਣ ਦਾ ਯਤਨ ਕਰ ਰਹੇ ਹਨ। ਮੈਂ ਆਪਣਾ ਇਹ ਲੇਖ ਪੂਰਾ ਕਰਨ ਲਈ ਉਨ੍ਹਾਂ ਤੋਂ ਹੋਰ ਵੇਰਵੇ ਮੰਗਦਾ ਰਿਹਾ ਪਰ ਸ਼ਾਇਦ ਉਹ ਆਪਣੇ ਕੰਮ ਵਿੱਚ ਜਿਆਦਾ ਰੁਝੇ ਹੋਏ ਹੋਣ ਕਾਰਣ ਜਾਂ ਇਸ ਨੂੰ ਇਸ਼ਤਿਹਾਰਬਾਜ਼ੀ ਸਮਝ ਕੇ ਇਸ ਤੋਂ ਦੂਰ ਰਹਿਣ ਦੇ ਖ਼ਿਆਲ ਨਾਲ ਉਹ ਮੈਨੂੰ ਵੇਰਵੇ ਨਹੀਂ ਭੇਜ ਰਹੇ ਇਸ ਲਈ ਪਹਿਲਾਂ ਹੋਈਆਂ ਗੱਲਾਂ ਦੀ ਯਾਦਾਸਤ ਦੇ ਆਧਾਰ ’ਤੇ ਹੀ ਇਸ ਲੇਖ ਰਾਹੀਂ ਇਸ ਅਨਮੋਲ ਤੋਹਫੇ ਦੀ ਜਾਣਕਾਰੀ ਸੰਗਤਾਂ ਤੱਕ ਪਹੁੰਚਾਉਣ ਦਾ ਆਪਣਾ ਫਰਜ ਪੂਰਾ ਕਰ ਰਿਹਾ ਹਾਂ। ਪਾਠ ਕਰਦੇ ਸਮੇਂ ਕਿਸੇ ਸ਼ਬਦ ’ਤੇ ਰਾਈਟ ਕਲਿਕ ਕਰਕੇ ਉਸ ਦੇ ਅਰਥ ਵੇਖਣ ਨੂੰ ਛੱਡ ਕੇ ਬਾਕੀ ਸਾਰਾ ਕੰਮ ਤਕਰੀਬਨ ਮੁਕੰਬਲ ਹੈ। http://www.ektuhi.com/enter.html ’ਤੇ ਜਾ ਕੇ ਟਿਊਟਰ ਡਾਊਨ ਲੋਡ ਕਰਕੇ ਆਪਣੇ ਆਪਣੇ ਦੋਸਤਾਂ ਮਿੱਤਰਾਂ ਦੇ ਕੰਪਿਊਟਰਾਂ ਵਿੱਚ ਇੰਸਟਾਲ ਕਰਕੇ ਲਾਹਾ ਖੱਟਿਆ ’ਤੇ ਪੰਥਕ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ਜਾਣਾ ਚਾਹੀਦਾ ਹੈ। ਇੰਸਟਾਲ ਕਰਨ ਲਗਿਆਂ ਕੋਈ 90% ਤੋਂ ਬਾਅਦ ਇੱਕ ਵਿੰਡੋ ਖੁੱਲ੍ਹੇਗੀ, ਜਿਸ ਵਿਚ ਆਪ ਜੀ ਨੇ ਇਗਨੋਰ 'ਤੇ ਕਲਿੱਕ ਕਰ ਦੇਣਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.