ਕੈਟੇਗਰੀ

ਤੁਹਾਡੀ ਰਾਇ



ਇਤਹਾਸਕ ਝਰੋਖਾ
400 ਸਾਲ ਮਗਰੋਂ ਅਕਾਲਤਖਤ ਤੇ ਸ਼ੁਰੂ ਹੋਈ ਪੁਰਾਤਨ ਇਤਹਾਸਕ ਖੂਹ ਦੀ ਸੇਵਾ
400 ਸਾਲ ਮਗਰੋਂ ਅਕਾਲਤਖਤ ਤੇ ਸ਼ੁਰੂ ਹੋਈ ਪੁਰਾਤਨ ਇਤਹਾਸਕ ਖੂਹ ਦੀ ਸੇਵਾ
Page Visitors: 2610

400 ਸਾਲ ਮਗਰੋਂ ਅਕਾਲਤਖਤ ਤੇ ਸ਼ੁਰੂ ਹੋਈ ਪੁਰਾਤਨ ਇਤਹਾਸਕ ਖੂਹ ਦੀ ਸੇਵਾ  
ਅੰਮ੍ਰਿਤਸਰ, 16 ਦਸੰਬਰ (ਪੰਜਾਬ ਮੇਲ)- ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਨੇੜੇ ਆਪਣੇ ਹੱਥੀਂ ਤਿਆਰ ਕਰਵਾਇਆ ਗਿਆ ਖੂਹ, ਜਿਸ ਦੀ ਖੁਦਾਈ ਸਮੇਤ ਤਿਆਰੀ ਵਿਚ ਬ੍ਰਹਮਗਿਆਨੀ ਬਾਬਾ ਬੁੱਢਾ ਸਾਹਿਬ ਜੀ ਸਮੇਤ ਹੋਰ ਕਈ ਮਹਾਨ ਸ਼ਖਸੀਅਤਾਂ ਨੇ ਸੇਵਾ ਨਿਭਾਈ ਸੀ, ਦੀ ਸਾਂਭ-ਸੰਭਾਲ ਤੇ ਨਵ-ਨਿਰਮਾਣ ਦੀ ਕਾਰਸੇਵਾ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਵਲੋਂ ਸੰਤ ਬਾਬਾ ਨਰਿੰਦਰ ਸਿੰਘ ਮੁਖੀ ਗੁ. ਲੰਗਰ ਸਾਹਿਬ, ਡੇਰਾ ਸੰਤ ਬਾਬਾ ਨਿਧਾਨ ਸਿੰਘ ਸ੍ਰੀ ਹਜ਼ੂਰ ਸਾਹਿਬ ਤੇ ਸੰਤ ਬਾਬਾ ਬਲਵਿੰਦਰ ਸਿੰਘ ਨੂੰ ਸੌਂਪੀ ਗਈ। ਇਸ ਪੁਰਾਤਨ ਖੂਹ ਦੀ ਕਾਰਸੇਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਖਾਲਸਾ ਨੇ ਅਰਦਾਸ ਕਰਨ ਤੋਂ ਬਾਅਦ ਸ਼ੁਰੂ ਕਰਵਾਈ। ਦੱਸਣਾ ਬਣਦਾ ਹੈ ਕਿ ਇਹ ਪੁਰਾਤਨ ਖੂਹ ਦੀ ਉਸਾਰੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅੱਜ ਤੋਂ ਕਰੀਬ 400 ਸਾਲ ਪਹਿਲਾਂ ਆਪਣੇ ਹੱਥੀਂ ਕਰਵਾਈ ਸੀ ਤੇ ਇਹ ਖੂਹ ਪੁਰਾਤਨ ਛੋਟੀ ਇੱਟ ਤੇ ਚੂਨਾ ਆਦਿ ਨਾਲ ਤਿਆਰ ਕੀਤਾ ਗਿਆ ਸੀ ਤੇ ਇਸ ਖੂਹ ਦੇ ਜਲ ਦੀ ਵਰਤੋਂ ਜਿਥੇ ਉਸ ਸਮੇਂ ਪੀਣ ਆਦਿ ਲਈ ਕੀਤੀ ਜਾਂਦੀ ਸੀ, ਉਥੇ ਹੀ ਇਸ ਪਵਿੱਤਰ ਜਲ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਰੋਜ਼ਾਨਾ ਇਸ਼ਨਾਨ ਕਰਵਾਏ ਜਾਂਦੇ ਰਹੇ ਹਨ ਤੇ ਇਹ ਮਰਿਆਦਾ ਗੁਰੂ ਸਾਹਿਬ ਤੋਂ ਬਾਅਦ ਵੀ ਕਾਫੀ ਸਮੇਂ ਤਕ ਚਲਦੀ ਰਹੀ ਸੀ।
ਜ਼ਿਕਰਯੋਗ ਹੈ ਕਿ 1984 ਦੇ ਸਾਕਾ ਨੀਲਾ ਤਾਰਾ ਦੌਰਾਨ ਜਦੋਂ ਭਾਰੀ ਗੋਲਾਬਾਰੀ ਹੋਈ ਸੀ, ਤਾਂ ਇਹ ਖੂਹ ਵੀ ਇਸ ਗੋਲਾਬਾਰੀ ਦੀ ਲਪੇਟ ਵਿਚ ਆ ਗਿਆ ਸੀ, ਜਿਸ ਕਰਕੇ ਇਹ ਖੂਹ ਪੂਰਿਆ ਜਾ ਚੁੱਕਾ ਸੀ।
ਵੱਡੀ ਗਿਣਤੀ ‘ਚ ਪਹੁੰਚੀ ਸੰਗਤ ਨੇ ਖੂਹ ਵਿਚਲੇ ਮਲਬੇ ਨੂੰ ਕੱਢਣ ਦੀ ਸੇਵਾ ਆਰੰਭ ਕਰ ਦਿੱਤੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਹੱਥੀਂ ਤਿਆਰ ਕੀਤੇ ਗਏ ਇਸ ਖੂਹ ਦੀ 400 ਸਾਲ ਤੋਂ ਬਾਅਦ ਪਹਿਲੀ ਵਾਰ ਕਾਰਸੇਵਾ ਕਰਨ ਦਾ ਸੁਭਾਗਾ ਮੌਕਾ ਗੁ. ਲੰਗਰ ਸਾਹਿਬ ਨੂੰ ਪ੍ਰਾਪਤ ਹੋਇਆ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.