ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
‘ਅਰਥਾਂ ਦੇ ਅਨਰਥ’
‘ਅਰਥਾਂ ਦੇ ਅਨਰਥ’
Page Visitors: 3510

                                                  ‘ਅਰਥਾਂ ਦੇ ਅਨਰਥ’

ਸ਼ਬਦ-ਅਰਥ ਵਿਸ਼ਾ ਤਾਂ ਗਹਿਰਾ ਹੈ ਪਰ, ਸੰਖੇਪ ਵਿਚ, ਸ਼ਬਦਾਂ ਦੇ ਅਰਥ ਸ਼ਬਦਕੋਸ਼ਾਂ ਵਿਚੋਂ ਵੇਖੇ ਜਾਂਦੇ ਹਨ।ਕਿਸੇ ਸ਼ਬਦ ਦਾ ਅਨਰਥ ਉਸ ਵੇਲੇ ਹੁੰਦਾ ਹੈ ਜਿਸ ਵੇਲੇ ਉਸ ਨੂੰ ਗਲਤ ਪਰਿਪੇਖ ਵਾਸਤੇ ਵਰਤ ਲਿਆ ਜਾਏ। ਮਸਲਨ, ਆਮ ਤੌਰ ਤੇ ‘ਪੁਰਸ਼’ ਸ਼ਬਦ ਨੂੰ ਜੇ ਕਰ ਕਿਸੇ ‘ਇਸਤਰੀ’ ਵਾਸਤੇ ਵਰਤਿਆ ਜਾਏ ਤਾਂ ਇਹ ‘ਪੁਰਸ਼’ ਸ਼ਬਦ ਦਾ ਅਨਰਥ ਹੋਵੇਗਾ। ਇਸ ਤੋਂ ਛੁੱਟ, ਜੇ ਕਰ ਕਿਸੇ ਸ਼ਬਦ ਦਾ ਉਹ ਅਰਥ ਕੱਡ ਲਿਆ ਜਾਏ, ਜੋ ਸ਼ਬਦਕੋਸ਼ਾਂ ਵਿਚ ਨਾ ਹੋਵੇ, ਤਾਂ ਵੀ ਇਹ ਅਨਰਥ ਹੋਵੇਗਾ। ਮਸਲਨ, ਜੇ ਕਰ ‘ਅਸ਼ਵ’ ਦਾ ਅਰਥ ਕਿਸੇ ਸ਼ਬਦਕੋਸ਼ ਵਿਚ ‘ਘੋੜੇ’ ਕਰਕੇ ਨਾ ਹੋਵੇ ਤਾਂ ‘ਅਸ਼ਵ’ਲਈ ‘ਘੋੜੇ’ ਸ਼ਬਦ ਦੀ ਵਰਤੋਂ ਗਲਤ ਕਹੀ ਜਾਏਗੀ।ਪਰ ਜੇ ਕਰ ‘ਘੋੜੇ’ ਸ਼ਬਦ ਦਾ ਅਰਥ, ਸ਼ਬਦਕੋਸ਼ ਵਿਚ ‘ਅਸ਼ਵ’ ਕਰਕੇ ਹੈ ਤਾਂ ਕੋਈ ਵੀ ਵਿਦਵਾਨ ਇਹ ਨਹੀਂ ਕਹਿ ਸਕਦਾ ਕਿ ‘ਅਸ਼ਵ’ ਸ਼ਬਦ ‘ਘੋੜੇ’ ਸ਼ਬਦ ਦਾ ਅਨਰਥ ਹੈ। ਇਵੇਂ ਹੀ ਅਸੀਂ ਦੋ ਸ਼ਬਦ ਵਿਚਾਰੀਏ, ਮਸਲਨ (1) ਲੰਗੜਾ ਅਤੇ (2) ਅੰਨਾ! ਜੇ ਕਰ ਕੋਈ ‘ਲੰਗੜੇ’ ਦਾ ਅਰਥ ਆਪਣੇ ਵਲੋਂ ਹੀ ‘ਦੋ ਲਤਾਂ’ ਵਾਲਾ ਕਰ ਦੇਵੇ, ਤਾਂ ਇਸ ਅਰਥ ਨੂੰ ਅਨਰਥ ਕਿਹਾ ਜਾਏਗਾ।ਇਵੇਂ ਹੀ ਜੇ ਕਰ ਕੋਈ ‘ਅੰਨੇ’ ਸ਼ਬਦ ਦਾ ਅਰਥ, ਆਪਣੇ ਵਲੋਂ ਹੀ ‘ਦੋ ਅਖਾਂ’ ਵਾਲਾ ਕਰ ਦੇਵੇ ਤਾਂ ਇਸ ਨੂੰ ਵੀ ਅਨਰਥ ਕਿਹਾ ਜਾਏਗਾ।

ਪਰ ਜੇ ਕਰ ਕੋਈ ਸਿੱਖ ਲੰਗੜੇ ਨੂੰ ‘ਸੁਚਾਲਾ’ ਕਹਿੰਦਾ ਹੈ ਜਾਂ ਅੰਨੇ ਨੂੰ ‘ਸੂਰਮਾ’ ਕਹਿੰਦਾ ਹੈ ਤਾਂ ਵਿਚਾਰਨ ਵਾਲੀ ਗਲ ਹੈ ਕਿ, ਕੀ ਐਸਾ ਕਹਿ ਕੇ ਕੋਈ ਅਨਰਥ ਵਾਪਰਦਾ ਹੈ? ਇਸ ਸਵਾਲ ਦੇ ਜਵਾਬ ਲਈ ਸਾਨੂੰ ਸ਼ਬਦਕੋਸ਼ ਵੇਖਣਾ ਪਵੇਗਾ। ਮਹਾਨਕੋਸ਼ ਵਿਚ ‘ਸੁਚਾਲਾ’ ਦਾ ਅਰਥ ਹੈ= ਲੰਗੜਾ, ਡੁੱਡਾ ਆਦਿ ਅਤੇ ‘ਸੂਰਮਾ’ ਦਾ ਅਰਥ ਹੈ = ਅੰਧਾ, ਨੇਤ੍ਰਹੀਨ ਹੋਰ ਸ਼ਬਦਕੋਸ਼ਾਂ ਵਿਚ ਵੀ ‘ਸੂਰਮਾ’ ਦਾ ਅਰਥ ਅੰਧਾ ਅਤੇ ਸੁਚਾਲਾ ਦਾ ਅਰਥ ਲੰਗੜਾ ਕਰਕੇ ਹੈ। ਨਾ ਤਾਂ ਭਾਈ ਕ੍ਹਾਨ ਸਿੰਘ ਨਾਭਾ ਜੀ ਨੇ ਇਨ੍ਹਾਂ ਸ਼ਬਦਾਂ ਦੇ ਅਰਥ ਆਪਣੇ ਵਲੋਂ ਹੀ ਕਰ ਦਿੱਤੇ ਸੀ, ਅਤੇ ਨਾ ਹੀ ਸਿੱਖ ਇਨ੍ਹਾਂ ਦੀ ਵਰਤੋਂ ਬਿਨ੍ਹਾਂ ਅਰਥ ਸਮਝੇ, ਅਨਰਥ ਕਰਕੇ ਕਰਦੇ ਹਨ।ਇਹ ਸ਼ਬਦ ਸਦਿਆਂ ਤੋਂ ਵਰਤੋਂ ਵਿਚ ਤੁਰਦੇ ਆਏ ਹਨ।ਅਤੇ ਯਕੀਨਨ, ਲੰਗੜੇ ਲਈ ਸੁਚਾਲਾ, ਅਤੇ ਅੰਨੇ ਲਈ ਸੂਰਮਾ ਕਰਕੇ ਵਰਤੇ ਜਾਂਦੇ ਇਹ ਸ਼ਬਦ, ਸਮਾਜ ਵਲੋਂ ਕਿਸੇ ਮਨੁੱਖ ਦੀ ਸ਼ਰੀਰਕ ਅਸਮਰਥਾ ਨੂੰ, ਅਦਬ ਨਾਲ ਪੁਕਾਰਨ ਦੀ ਸੱਭਿਯ ਵ੍ਰਿਤੀ ਦਾ ਸੂਚਕ ਹਨ।

ਇਵੇਂ ਹੀ ਸਿੱਖੀ ਦੇ ਇਤਹਾਸ ਵਿਚ ਜਿੱਥੇ ਸਿੱਖਾਂ ਨੇ ‘ਤੇਗ ਚਲਾਈ’ (ਸੰਘਰਸ਼ ਕੀਤਾ), ਉੱਥੇ ਹੀ ਕਈਂ ਵਾਰ ਅਤਿ ਦੇ ਕਠਿਨ ਹਾਲਾਤਾਂ ਵਿਚ ਆਪਣੇ ਗਲ ਪਏ, ਆਪਣੇ ਹੀ ਬੱਚਿਆਂ ਦੇ ਟੋਟੇਆਂ ਨੂੰ ਦੇਖ ਕੇ ਵੀ ‘ਅਣਡਿੱਠ’ ਕੀਤਾ!ਕੀ ਐਸੀ ਅਣਡਿੱਠਤਾ ਅੰਧਲੀ ਸੀ? ਨਹੀਂ, ਐਸਾ ਅਣਡਿੱਠ ਕਰਨ ਵਾਲੀਆਂ ਅਖਾਂ ਦੇ ਸ੍ਹਾਮਣੇ ਉਸ ਵੇਲੇ ਗੁਰੂ ਸੀ।ਉਹ ਅੰਨੇ ਨਹੀਂ ਸੂਰਮੇ ਸਨ! ਯਾਨੀ ਕਿ ਉਹ ਖੌਫ਼ਨਾਕ ਤਸ਼ਦਤਾਂ ਦੇਖ ਕੇ ਵੀ ਅਣਡਿੱਠ ਕਰਨ ਵਾਲੇ ਬਹਾਦਰ ਸਨ।ਫ਼ਿਰ ਉਨ੍ਹਾਂ ਦੀ ਉਸ ਕਮਾਈ ਨੂੰ ਧਿਆਨ ਵਿਚ ਲਿਆਉਂਣਾ ਕੋਈ ਅਨਰਥ ਨਹੀਂ।ਹਾਂ ਇਸ ਭਾਵ ਨੂੰ ਨਾ ਸਮਝਣ ਵਿਚ ਅਰਥਾਂ ਦਾ ਅਨਰਥ ਹੈ।

ਹਰਦੇਵ ਸਿੰਘ,ਜੰਮੂ-2.2.2013

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.