ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਕੁਦਰਤ ਪਰਸਤ ਪੁਜਾਰੀ
ਕੁਦਰਤ ਪਰਸਤ ਪੁਜਾਰੀ
Page Visitors: 2989

 ਕੁਦਰਤ ਪਰਸਤ ਪੁਜਾਰੀ 
ਡਾ. ਅਰਨੇਸਟ ਟ੍ਰੰਪ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕਰਨ ਵੇਲੇ ਇਹ ਗਲ ਕਹੀ ਸੀ, ਕਿ ਇਹ ਗ੍ਰੰਥ ਵਿਰੌਧਾਭਾਸਾਂ (Contradictions) ਨਾਲ ਭਰਿਆ ਹੋਇਆ ਹੈ ! ਖ਼ੈਰ, ਕਿਹਾ ਜਾਂਦਾ ਹੈ ਕਿ ਟ੍ਰੰਪ ਦੀ ਇਸ ਟਿੱਪਣੀ ਬਾਰੇ ਇਕ ਵਿਦਵਾਨ ਦਾ ਕਹਿਣਾ ਸੀ ਕਿ 'ਹਾਂ ਇਸ ਵਿਚ ਵਿਰੌਧਾਭਾਸ ਹਨ ਪਰ ਬੜੇ ਖ਼ੂਬਸੂਰਤ ਵਿਰੋਧਾਭਾਸ !!
ਅੱਜ ਕਿਸੇ  ਨਾਲ ਟ੍ਰੰਪ ਵਲੋਂ ਕੀਤੀ ਟਿੱਪਣੀ ਦੀ ਗਲ ਕਰੀਏ ਤਾਂ ਉਹ ਟ੍ਰੰਪ ਨੂੰ ਮੂਰਖ ਜਾਂ ਗਲਤ ਕਹੇਗਾ। ਉਹ ਕਹੇਗਾ ਕਿ ਬਾਣੀ ਵਿਚ ਤਾਂ ਕੋਈ ਵਿਰੋਧਾਭਾਸ ਹੈ ਹੀ ਨਹੀਂ, ਇਸ ਲਈ ਟ੍ਰੰਪ ਗਲਤ ਕਹਿੰਦਾ ਹੈ।ਪਰ ਧਿਆਨ ਨਾਲ ਵਿਚਾਰਨ ਤੇ ਜਾਪਦਾ ਹੈ ਕਿ ਟ੍ਰੰਪ ਅਤੇ ਟ੍ਰੰਪ ਨੂੰ ਗਲਤ ਕਹਿਣ ਵਾਲੇ ਕੁੱਝ ਸੱਜਣ, ਕਿੱਧਰੇ ਇਕੱਠੇ ਹੀ ਖੜੇ ਹਨ, ਕਿਉਂਕਿ ਦੋਵੇਂ ਪ੍ਰਸੰਗਕ ਵਿਰੌਧਾਭਾਸਾਂ ਨੂੰ ਚੰਗਾ ਨਹੀਂ ਸਮਝ ਰਹੇ। ਇਸ ਪੱਖੋਂ ਦੋਵੇਂ ਅਗਿਆਨੀ ਹਨ। ਗਿਆਨਵਾਨ ਤਾਂ ਉਹ ਜਾਪਦਾ ਹੈ ਜਿਸ ਨੇ ਕਿਹਾ 'ਹਾਂ ਇਸ ਵਿਚ ਵਿਰੌਧਾਭਾਸ ਹਨ ਪਰ ਬੜੇ ਖ਼ੂਬਸੂਰਤ ਵਿਰੌਧਾਭਾਸ' ! ਇਹ ਹੈ ਸੱਚ ਨੂੰ ਸਵੀਕਾਰ ਕਰਦੇ, ਸੱਚ ਦੇ ਔਚਿੱਤ ਨੂੰ ਸਵੀਕਾਰ ਕਰਨ ਦੀ ਹਿੰਮਤ !
ਅੱਜ ਤਾਂ ਕਈਂ ਫੈਸ਼ਨ ਵਿਚ ਇਤਨੇ ਕੁਦਰਤ ਪਰਸਤ ਹੋ ਚਲੋ ਹਨ, ਕਿ ਉਨਾਂ ਨੂੰ ਕੇਵਲ ਕੁਦਰਤ ਹੀ ਰੱਬ ਨਜ਼ਰ ਆਉਂਦੀ ਹੈ। ਉਹ ਮੂਲ ਮੰਤਰ ਵਿਚ ਆਏ ਅਜੂਨੀ ਨੂੰ ਸਿਰਫ ਇਨਸਾਨ, ਜਾਂ ਜੀਵਾਂ ਦੇ ਜੀਵਨ ਵਿਚ ਆਉਂਣ ਨਾਲ ਜੋੜ ਕੇ ਸਮਝਦੇ ਹਨ, ਪਰ ਇਹ ਨਹੀਂ ਸਮਝਦੇ ਕਿ ਦਿੱਸਦੀ ਕੁਦਰਤ ਵੀ (ਜੀਵਨ) ਹੋਂਦ ਵਿਚ ਆਉਂਣ-ਜਾਉਂਣ ਕਰਕੇ ਅਜੂਨੀ ਨਹੀਂ ਹੈ। ਅਜੂਨੀ ਤਾਂ ਕੇਵਲ ਪਰਮਾਤਮਾ ਹੈ ਜੋ ਕੁਦਰਤ ਦੇ ਆਰ, ਵਿਚਕਾਰ ਅਤੇ ਪਾਰ ਹੈ। ਪਰ ਚਲੋਂ ਵਿਚਾਰ ਲਈ, ਇਸ ਚਰਚਾ ਵਿਚ, ਕੁੱਝ ਦੇਰ ਵਾਸਤੇ ਇਹ ਮੰਨ ਕੇ ਤੁਰਦੇ ਹਾਂ ਕਿ ਕੇਵਲ ਕੁਦਰਤੀ ਨਿਯਮ ਹੀ ਰੱਬ ਹਨ। ਪਰ ਕੁਦਰਤ ਦੀ ਵਿਚਾਰ ਪ੍ਰਤੱਖ ਦੱਸਦੀ ਹੈ, ਕਿ ਕੁਦਰਤ ਵੀ ਤਾਂ ਵਿਰੌਧਾਭਾਸਾਂ ਨਾਲ ਭਰੀ ਹੋਈ ਹੈ।
ਦਿਨ ਦੇ ਵਿਰੌਧ ਵਿਚ ਰਾਤ ਖੜੀ ਹੁੰਦੀ ਹੈ। ਜੀਵਨ ਦੇ ਵਿਰੌਧ ਵਿਚ ਮੌਤ ! ਬਚਪਨ ਦਾ ਵਿਰੌਧ ਵਿਚ ਜਵਾਨੀ ਅਤੇ ਜਵਾਨੀ ਦੇ ਵਿਰੌਧ ਵਿਚ ਬੁਢੇਪਾ। ਤੰਦਰੂਸਤੀ ਦੇ ਵਿਰੌਧ ਵਿਚ ਬਿਮਾਰੀ। ਸਰਦੀ ਦੇ ਵਿਰੌਧ ਵਿਚ ਗਰਮੀ ਤੇ ਪਾਣੀ ਅੱਗ ਦਾ ਵਿਰੌਧੀ ਹੈ। ਜੇ ਧਰਤੀ ਤੇ ਚਲਦੀਆਂ ਹਵਾਵਾਂ ਦੀ ਰਵਾਨਗੀਆਂ ਇਕ ਦੂਜੇ ਦੇ ਵਿਰੌਧ ਵਿਚ ਹਨ, ਤਾਂ ਸਮੰਦਰਾਂ ਵਿਚ ਚਲਦੀਆਂ ਸਾਲਾਨਾ ਪਾਣੀ ਤਰੰਗਾਂ ਵੀ ਇਕ ਦੂਜੇ ਦੇ ਵਿਰੌਧ ਵਿਚ ਹਨ। ਤੇ ਫਿਰ ਜੀਵ ਮਨੋਵ੍ਰਿਤਿਆਂ ਦਾ ਆਪਾ ਵਿਰੋਧ। ਇਸਤਰੀ ਪੁਰਸ਼ ਦਾ ਵਿਰੌਧਾਭਾਸ।ਇਕ ਦੇ ਮੁੰਹ ਤੇ ਦਾੜੀ ਹੈ ਦੂਜੇ ਦੇ ਨਹੀਂ। ਹੈ ਨਾ ਭਰਮਾਰ ਵਿਰੋਧਾਭਾਸਾਂ ਦੀ ?
ਕੋਈ ਮੌਤ ਤੋਂ ਡਰਦਾ ਹੈ ਕੋਈ ਨਹੀਂ। ਪੈਸਾ ਕਿਸੇ ਦਾ ਨਸ਼ਾ ਪੂਰਾ ਕਰਦਾ ਹੈ, ਤਿਜੋਰੀ ਭਰਦਾ ਹੈ, ਤਾਂ ਕਿਸੇ ਭੁੱਖੇ ਦਾ ਪੇਟ ਵੀ। ਧਰਤੀ, ਚੰਨ, ਸੂਰਜ ਦੀ ਚਾਲ ਵੀ ਇਕ ਪ੍ਰਕਾਰ ਦੇ ਆਪਾਵਿਰੌਧ (ਗੁਰਤਵਾਕਰਸ਼ਨ) ਦੇ ਟਿਕੀ ਹੈ। ਕੀ ਇਹ ਆਪਾਵਿਰੌਧ ਖ਼ੂਬਸੂਰਤ ਨਹੀਂ ? ਕੀ ਇਸ ਵਿਚ ਹੀ ਉੱਤਪਤੀ, ਜੀਵਨ ਅਤੇ ਮੌਤ ਵਰਗੇ ਵਿਰੌਧਾਭਾਸਾਂ ਦੀ ਖੇਡ ਨਹੀਂ ?
ਸਿਆਣਪ ਤਾਂ ਆਪਾ ਵਿਰੌਧਾਂ ਨੂੰ, ਉਨਾਂ ਦੇ ਵੱਖਰੇ-ਵੱਖਰੇ ਸੰਧਰਭਾਂ ਵਿਚ, ਖਿੜੇ ਮੱਥੇ ਸਵੀਕਾਰ ਕਰਨ ਵਿਚ ਹੈ। ਪਰ ਸਾਡੇ ਕੁੱਝ ਚਿੰਤਕਾਂ ਨੂੰ ਪਤਾ ਨਹੀਂ ਕੀ ਹੋ ਗਿਆ ਹੈ, ਕਿ ਉਹ ਬਾਣੀ ਵਿਚ ਕੁਦਰਤੀ ਅਤੇ ਮਨੋਵ੍ਰਿਤਿਆਂ ਦੇ ਸੰਧਰਭ ਵਿਚ ਦਰਸਾਏ ਗਏ ਵਿਰੌਧਭਾਸਾਂ ਨੂੰ ਸਵੀਕਾਰ ਕਰਨ ਵਿਚ ਸੰਕੀਰਣ ਹੁੰਦੇ ਜਾ ਰਹੇ ਹਨ।ਬਾਣੀ ਵਿਚ ਫੁਰਮਾਨ ਹਨ:-
(੧) ਕੂੜੁ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ॥ (ਗੁਰੂ ਗ੍ਰੰਥ ਸਾਹਿਬ ਜੀ)
ਬਾਬਾ ਬਿਖੁ ਦੇਖਿਆ ਸੰਸਾਰ (ਗੁਰੂ ਗ੍ਰੰਥ ਸਾਹਿਬ ਜੀ)
ਝੂਠਾ ਇਹੁ ਸੰਸਾਰ ਕਿਨਿ ਸਮਝਾਈਐ॥ (ਗੁਰੂ ਗ੍ਰੰਥ ਸਾਹਿਬ ਜੀ)
(ਇਹ ਜਗੁ ਅੰਧਾ ਸਭੁ ਅੰਧ ਕਮਾਵੈ ਗੁਰੂ ਗ੍ਰੰਥ ਸਾਹਿਬ ਜੀ)
(੨) ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ॥ (ਗੁਰੂ ਗ੍ਰੰਥ ਸਾਹਿਬ ਜੀ)
ਹਰਿ ਮੰਦਰੁ ਏਹ ਜਗਤੁ ਹੈ (ਗੁਰੂ ਗ੍ਰੰਥ ਸਾਹਿਬ ਜੀ)
ਇਹ ਜਗੁ ਤੇਰਾ ਤੂ ਗੋਸਾਈ॥ (ਗੁਰੂ ਗ੍ਰੰਥ ਸਾਹਿਬ ਜੀ)
ਬਾਣੀ ਵਿਚ ਸਰੀਰ ਨੂੰ ਮਿੱਥਿਆ ਵੀ ਕਿਹਾ ਗਿਆ ਹੈ ਅਤੇ ਹਰਮੰਦਰ ਵੀ। ਇਵੇਂ ਹੀ ਸੰਸਾਰ ਨੂੰ ਬਿਖਿਆ/ਕੂੜ ਵੀ ਕਿਹਾ ਗਿਆ ਹੈ ਅਤੇ ਸੱਚੇ ਦੀ ਕੋਠੜੀ ਅਤੇ ਉਹ ਵਿਚ ਸੱਚੇ ਦਾ ਵਾਸ ਵੀ ਕਿਹਾ ਗਿਆ ਹੈ। ਕਈਂ ਥਾਂ ਅਵਤਾਰਾਂ ਨੂੰ ਪਰਮਾਤਮਾ ਸਨਮੁਖ ਨੀਵਾਂ ਦਰਸਾਇਆ ਗਿਆ ਹੈ ਅਤੇ ਇਹ ਵੀ ਕਿਹਾ ਗਿਆ ਹੈ ਕਿ ਰਾਜਸਭਾ ਵਿਚ ਨਿਰਲੱਜ ਕੀਤੀ ਜਾ ਰਹੀ ਪੰਚਾਲੀ ਦੀ ਲੱਜ ਕ੍ਰਿਸ਼ਨ ਨੇ ਬਚਾਈ ਅਤੇ ਉਸਦਾ ਨਾਮ ਲੇਂਣਾ ਪੰਚਾਲੀ ਲਈ ਸੁੱਖਦਾਈ ਸਾਬਤ ਹੋਇਆ।
ਹੁਣ,  ਮਿਸਾਲ ਦੇ ਤੌਰ ਤੇ, ਗੁਰੂ ਗ੍ਰੰਥ ਸਾਹਿਬ ਜੀ ਦੇ ਸਬੰਧਤ ਬਚਨਾਂ ਨੂੰ ਵਿਚਾਰਨ ਵਾਲਿਆਂ ਤਿੰਨ ਪ੍ਰਕਾਰ ਦੀਆਂ ਵ੍ਰਿਤਿਆਂ ਨੂੰ ਵਿਚਾਰਦੇ ਹਾਂ।
ਪਹਿਲੀ ਵ੍ਰਿਤੀ ਇਹ, ਕਿ ਇਕ ਚਿੰਤਕ, ਸਬੰਧਤ ਪੰਗਤਿਆਂ ਦਾ ਭਾਵਅਰਥ ਕਰਨ ਵੇਲੇ, ਸੱਚ ਨੂੰ ਸਵੀਕਾਰਦੇ ਹੋਏ ਦੋਹਾਂ ਤਰਾਂ ਦੀਆਂ ਪੰਗਤਿਆਂ ਨੂੰ ਉਨਾਂ ਦੇ ਵੱਖਰੇ ਵੱਖਰੇ ਸੰਧਰਭਾਂ ਵਿਚ ਵਿਚਾਰਨ ਦਾ ਜਤਨ ਕਰੇਗਾ।
(ਇਸ ਸ਼੍ਰੇਣੀ ਵਿਚ ਸਿੱਖ ਵਿਰਸੇ ਵਿਚ ਹੋਏ ਸੂਝਵਾਨ ਵਿਦਵਾਨ ਆਉਂਦੇ ਹਨ)
ਦੂਜੀ ਵ੍ਰਿਤੀ ਇਹ, ਕਿ ਇਕ ਚਿੰਤਕ, ਉਨਾਂ ਪੰਗਤਿਆਂ ਦੇ ਸੰਧਰਭਕ ਵਿਰੌਧਾਭਾਸ ਨੂੰ ਸਵੀਕਾਰ ਕਰਨ ਦੇ ਬਜਾਏ, ਨਟਬਾਜ਼ੀ ਕਰਦੇ ਹੋਏ, ਅਰਥਾਂ ਦਾ ਅਨਰਥ ਕਰਦੇ ਦੂਜੀ ਪੰਗਤੀ ਦੇ ਅਰਥ, ਪਹਿਲੀ ਪੰਗਤੀ ਵਾਂਗ ਕਰਨ ਦਾ ਜਤਨ ਕਰੇਗਾ।
(ਇਸ ਸ਼੍ਰੇਣੀ ਵਿਚ ਟੋਰਾਟੋ ਦੇ ਇਕ ਸੱਜਣ ਹਨ) 
ਗੁਰੂ ਨਾਨਕ ਤਾਂ ਖੂਦੀ ਨੂੰ ਪਰਮਾਤਮਾ ਦੇ ਭਗਤਾਂ ਦੇ ਚਰਨਾ ਦੀ ਧੂੜ ਨਾਲ ਮਿਲਾਣ ਤਕ ਨੂੰ ਤਿਆਰ ਹੈ, ਪਰ ਇਨਾਂ ਸੱਜਣ ਜੀ ਨੂੰ ਭੱਟਾ ਦੇ ਮੁਹੋਂ ਗੁਰੂ ਸਾਹਿਬਾਨ ਦੀ ਉਸਤਤ ਵਿਰੌਧਾਭਾਸ ਲੱਗਦੀ ਹੈ।
ਤੀਜੀ ਵ੍ਰਿਤੀ ਇਹ, ਕਿ ਇਕ ਚਿੰਤਕ, ਆਪਣੀ ਸਮਝ ਵਿਚਲਾ ਆਪਾ ਵਿਰੌਧ ਮਿਟਾਉਂਣ ਲਈ, ਪਹਿਲੀ ਪੰਗਤੀ ਵਾਲੇ ਸ਼ਬਦ ਨੂੰ ਅਸਲੀ ਬਾਣੀ ਅਤੇ ਦੂਜੀ ਪੰਗਤੀ ਵਾਲੇ ਸ਼ਬਦ ਨੂੰ ਮਿਲਗੋਬਾ ਪ੍ਰਚਾਰਨ ਦਾ ਜਤਨ ਕਰੇਗਾ।
(ਇਸ ਸ਼੍ਰੇਣੀ ਵਿਚ ਇਕ ਖਬਰ ਨਵੀਸ ਅਤੇ ਉਸਦੇ ਕੁੱਝ ਲਾਈ ਲੱਗ ਸ਼ਾਮਲ ਹਨ)
ਪਹਿਲੀ ਸ਼੍ਰੇਣੀ ਤੋਂ ਛੁੱਟ ਬਾਕੀ ਦੋ ਸ਼੍ਰੇਣਿਆਂ ਦੇ ਸੱਜਣ ਇੰਝ ਦਾ ਵਰਤਾਵ ਕਰਦੇ ਹਨ ਜਿਵੇਂ ਕਿ ਕੋਈ, ਕੁਦਰਤੀ ਸੱਚ ਨੂੰ ਸਵੀਕਾਰ ਕਰਨ ਦੇ ਬਜਾਏ, ਇਸਤਰੀ ਅਤੇ ਪੁਰਸ਼ ਦਾ ਫਰਕ (ਵਿਰੋਧਾਭਾਸ) ਮਿਟਾਉਂਣ ਲਈ ਔਰਤ ਦੇ ਮੁੰਹ ਦੇ ਦਾੜੀ ਉਗਾਉਂਣ ਦੀ ਕੋਸ਼ਿਸ਼ ਵਿਚ ਲੱਗਾ ਹੋਵੇ। ਇਨਾਂ ਦੇ ਤਰਕ ਬੱਸ ਇੱਥੋਂ ਤਕ ਹੀ ਹਨ ਕਿ 'ਗੁਰੂ ਇੰਝ ਕਿਵੇਂ ਕਰ ਸਕਦਾ ਹੈ ਅਤੇ ਗੁਰੂ ਉਂਝ ਕਿਵੇਂ ਲਿਖ ਸਕਦਾ ਹੈ ? ਜਿਵੇਂ ਕਿ ਸਭ ਕੁੱਝ ਇੰਝ-ਉਂਝ ਤਾਂ ਇਨਾਂ ਸੱਜਣਾ ਨੇ ਹੀ ਕਰਨਾ ਹੈ।
ਗੁਰੂ ਨਾਨਕ ਨੇ ਦ੍ਰਿਸ਼ਟਾਂਤ ਰਾਹੀ ਸਮਝਾਇਆ ਕਿ ਕਿਵੇਂ ਸਾਰੀ ਕੁਦਰਤ ਪਰਮਾਤਮਾ ਦੀ ਆਰਤੀ ਵਿਚ ਲੱਗੀ ਹੋਈ ਹੈ, ਪਰ ਇਹ ਸੱਜਣ ਵਚਿੱਤਰ ਢੰਗ ਨਾਲ ਕੁਦਰਤ ਦੇ ਪੂਜਾਰੀਆਂ ਦੀ ਜਮਾਤ ਬਣ ਬੈਠੇ ਹਨ। 
ਹਰਦੇਵ ਸਿੰਘ,ਜੰਮੂ-੨੫.੩.੨੦੧੪

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.