ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਪਿੱਛੜੀ ਹੋਈ ਸੋਚ
ਪਿੱਛੜੀ ਹੋਈ ਸੋਚ
Page Visitors: 2655

ਬਦਲਾਉ ਕਈਂ ਬਦਲਾਉ ਰੱਖਦਾ ਹੈ। ਕਈਂ ਵਾਰ ਬਦਲਾਉ ਪੁਰਾਣੀ ਗਲ ਨੂੰ ਤਿਆਗਣ ਵਿਚ ਹੁੰਦਾ ਹੈ ਅਤੇ ਕਈ ਵਾਰ ਪੁਰਾਣੀ ਗਲ ਨੂੰ ਅਪਨਾਉਣ ਵਿਚ। ਕਈਂ ਵਾਰ ਬਦਲਾਉ ਵਿਚ ਆਬਾਦੀ ਹੁੰਦੀ ਹੈ ਅਤੇ ਕਈਂ ਵਾਰ ਬਰਬਾਦੀ। ਬਦਲਾਉ ਵਿਚ ਮੂਲ ਸਾਰੋਕਾਰ ਤਿਆਗੇ ਨਹੀਂ ਜਾਂਦੇ ਤਾਂ ਹੀ ਸੰਸਕ੍ਰਿਤਿਆਂ ਜਿੰਦਾ ਰਹਿ ਸਕਦੀਆਂ ਹਨ।

ਕੋਈ ਵੀ ਨਿਸ਼ਚਾ ਅਤੇ ਕੋਈ ਵੀ ਸਮਾਜ, ਪਰੰਪਰਾਵਾਂ ਤੋਂ ਬਿਨ੍ਹਾ ਹੋ ਹੀ ਨਹੀਂ ਸਕਦਾ।ਵਿਸ਼ੇਸ਼ ਪਰੰਪਰਾਵਾਂ ਧਾਰਮਕ ਨਿਸ਼ਚੇ, ਅਤੇ ਸਮਾਜ ਦੇ ਅੰਦਰੂਨੀ ਢਾਂਚੇ ਨੂੰ ਤਰਲ ਕਰਦੀਆਂ ਹਨ, ਜਿਸ ਨਾਲ ਸਮਾਜ ਵਿਚ ਤਰਲਤਾ ਬਣੀ ਰੰਹਿਦੀ ਹੈ। ਜੇ ਕਰ ਐਸੀ ਤਰਲਤਾ ਨਾ ਹੋਏ ਤਾਂ ਸਮਾਜਕ ਢਾਂਚਾ ਖੁਸ਼ਕ ਹੋ ਕੇ ਬਿਖਰ ਸਕਦਾ ਹੈ।ਅਸੀਂ ਉਸ ਸਮਾਜ ਦੀ ਕਲਪਨਾ ਨਹੀਂ ਕਰਨਾ ਚਾਹੁੰਦੇ ਜਿਸ ਵਿਚ ਬੇਟਾ ਬਾਪ ਨੂੰ ਚਾਂਟਾ ਮਾਰਦਾ ਹੋਵੇ।

ਬਦਲਦਾ ਜ਼ਮਾਨਾ ਕਈਂ ਰੂਪਾਂ ਵਿਚ ਰੂਪਾਂਤਰ ਹੋ ਰਿਹਾ ਹੈ। ਸੰਸਾਰ ਉਦਿਯੋਗਿਕਰਨ ਤੋਂ ਵਿਸ਼ਵੀਕਰਨ ਵੱਲ ਤੇਜ਼ੀ ਨਾਲ ਅਗ੍ਰਸਰ ਹੋਇਆ ਹੈ, ਜਿਸ ਦੇ ਚਲਦੇ ਕਈ ਪਰੰਪਰਾਵਾਂ ਦੇ ਸ੍ਹਾਮਣੇ, ਹੋਂਦ ਦਾ ਪ੍ਰਸ਼ਨ ਆ ਖੜਾ ਹੋਇਆ ਹੈ।ਕੁੱਝ ਪਰੰਪਰਾਵਾਂ, ਬਦਲਦੇ ਪਰਿਪੇਖਾਂ ਵਿਚ ਜਜ਼ਬ ਹੁੰਦੇ ਹੋਏ, ਖ਼ਾਤਮੇ ਦੇ ਕਗਾਰ ਤੇ ਪਹੁੰਚ ਗਇਆਂ ਹਨ, ਅਤੇ ਕੁੱਝ ਹਾਸ਼ਿਏ ਵੱਲ ਧਕੇਲਿਆਂ ਗਈਆਂ ਹਨ।ਇਸ ਵਰਤਾਰੇ ਨੇ ਕੁੱਝ ਪਰੰਪਰਾਵਾਂ ਦੀ ਹੋਂਦ ਤੇ ਇਕ ਵੱਡਾ ਪ੍ਰਸ਼ਨ ਚਿੰਨ ਖੜਾ ਕੀਤਾ ਹੈ।

ਪਰੰਪਰਾਵਾਂ ਦੀ ਹੋਂਦ ਸਬੰਧੀ ਖੜੇ ਹੋਏ ਇਸ ਪ੍ਰਸ਼ਨ ਚਿੰਨ ਨੇ, ਉੱਨਤ ਸਮਾਜਾਂ ਨੂੰ ਚਿੰਤਤ ਕੀਤਾ ਹੈ। ਇਥੋਂ ਤਕ ਕਿ ਅਮਰੀਕਾ ਵਰਗੇ ਉਨੰਤ ਮੁਲਕ ਵੀ ਇਸ ਚਿੰਤਾ ਤੋਂ ਮੁਕਤ ਨਹੀਂ।21ਵੀਂ ਸਦੀ ਦੇ ਅਮਰੀਕਾ ਵਿਚ, ਪਰੰਪਰਾ ਦੇ ਵਿਚਾਰ ਨੂੰ, ਧਾਰਮਕ ਮੁੱਲਾਂ ਦੀ ਰਾਖੀ, ਅਤੇ ਉਨ੍ਹਾਂ ਦੀ ਕੇਂਦਰੀ ਸਥਿਤੀ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।ਪਰ ਅਸੀਂ ਇਸ ਤੋਂ ਅਣਜਾਣ ਹਾਂ। ਪਰੰਪਰਾਵਾਂ ਤੋਂ ਟੁੱਟੇ ਵਿਸ਼ਵ ਦੇ ਧਰਮ, ਪਰੰਪਰਾਵਾਂ ਵੱਲ ਵਾਪਸੀ ਦੇ ਨਾਲ ਆਪਣੇ ਨੂੰ ਜੋੜ ਰਹੇ ਹਨ।ਕੈਥੋਲਿਕ ਇਸਾਈ, ਚਰਚ ਦਿਆਂ ਉਨ੍ਹਾਂ ਪਰੰਪਰਾਵਾਂ ਦੀ ਸਥਾਪਨਾ ਵੱਲ ਤਕ ਰਹੇ ਹਨ ਜੋ ਕਿ ਦੂਜੀ ‘ਵੈਟਿਕਨ ਕੌਂਸਿਲ’ (1962-65) ਤੋਂ ਪਹਿਲਾਂ ਸਥਾਪਤ ਸਨ ਅਤੇ ਜਿਨ੍ਹਾਂ ਨੂੰ ਉਸ ਵੇਲੇ ਗਲਤ ਸਮਝ ਕੇ ਬਦਲ ਦਿੱਤਾ ਗਿਆ ਸੀ।

ਪਰ ਸਾਡੀ ਸਥਿਤੀ ਕੁੱਝ ਨਿਰਾਸ਼ਾਜਨਕ ਹੈ।ਸਿੱਖ ਗੁਰੂਆਂ ਵਲੋਂ ਸਥਾਪਤ ਪਰੰਪਰਾਵਾਂ ਤੋਂ ਦੂਰ ਹੋ ਰਹੇ ਹਨ।ਪਗੜੀ ਅਤੇ ਕੇਸ ਇਕ ਵੱਡੀ ਚਿੰਤਾਂ ਦਾ ਵਿਸ਼ਾ ਤਾਂ ਸਨ ਹੀ, ਇਸ ਨਾਲ ਹੁਣ ਮੁੱਡਲਿਆਂ ਪਰੰਪਰਾਵਾਂ ਬਾਰੇ ਪੱਛਮੀ ਤਰਜ ਤੇ ਸੋਚਿਆ ਜਾ ਰਿਹਾ ਹੈ, ਬਿਨਾ ਇਹ ਜਾਣੇ ਕਿ ਪੱਛਮੀ ਲੋਗ ਹੁਣ ਆਧੁਨਿਕ ਕਰਨ ਤੋਂ ਹੋ ਰਹੇ ਨੁਕਸਾਨ ਤੋਂ ਪਰਤਨ ਲਈ ਪਰੰਪਰਾਵਾਂ ਵੱਲ ਮੁੜਨ ਲਈ ਯੋਜਨਾਬੱਧ ਅਤੇ ਸੰਗਠਤ ਕੋਸ਼ਿਸ਼ਾਂ ਆਰੰਭ ਚੁਕੇ ਹਨ।ਉਨ੍ਹਾਂ ਪਰੰਪਰਾਵਾਂ ਵੱਲ ਜੋ ਕਿ ਕਿਸੇ ਵੇਲੇ ਗਲਤ ਸਮਝ ਕੇ ਤਿਆਗ ਦਿੱਤੀਆਂ ਗਈਆਂ ਸਨ।

ਕੁੱਝ ਸੱਜਣਾਂ ਦਾ ਚਿੰਤਨ, ਧਰਮ ਨਾਲ ਜੁੜੀ ਹਰ ਵਾਜਬ ਪਰੰਪਰਾ ਨੂੰ ਭੰਗ ਕਰਕੇ, ਪੱਛਮੀ ਤਰਜ ਤੇ, ਉੱਨਤ ਸੋਚ ਰੱਖਣ ਦਾ ਭਰਮ ਪਾਲੀ ਬੈਠਾ ਹੈ, ਜਦ ਕਿ ਪੱਛਮੀ ਲੋਗ ਐਸੀ ਸੋਚ ਤੋਂ ਹੋਏ ਨੁਕਸਾਨ ਨੂੰ ਮਹਸੂਸ ਕਰ ਚੁੱਕੇ ਹਨ।ਜੋ ਢੰਗ ਉਹ ਹੰਡਾ ਕੇ ਛੱਡ ਰਹੇ ਹਨ, ਸਾਡੇ ਕੁੱਝ ਚਿੰਤਕ ਉਸ ਢੰਗ ਨੂੰ ਆਧੁਨਿਕ ਸਮਝ ਕੇ ਵਰਤ ਰਹੇ ਹਨ।ਇਹ ਇਕ ਪ੍ਰਕਾਰ ਦੇ ਪਿੱਛੜੇਪਨ ਦੀ ਨਿਸ਼ਾਨੀ ਹੈ।

 ਪੱਛਮੀ ਤਰਜ ਦੀ ਰੀਸ ਕਰਦੇ ਸਾਡੇ ਕੁੱਝ ਚਿੰਤਕ, ਇਸ ਗਲ ਤੋਂ ਅਣਜਾਣ ਹਨ ਕਿ ਜਿਸ ਸੋਚਣ ਸ਼ੈਲੀ ਦੀ ਉਹ ਰੀਸ ਕਰ ਰਹੇ ਹਨ, ਉਹ ਸੌਚਣ ਸ਼ੈਲੀ ਹੁਣ ਖੁਦ ਨੂੰ ਬਦਲ ਕੇ, ਆਪਣੀਆਂ ਪਰੰਪਰਾਵਾਂ ਦੀ ਸੰਭਾਲ ਵਿਚ ਜੁੱਟ ਰਹੀ ਹੈ।ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਾਡੇ ਕੁੱਝ ਸੱਜਣ, ਪੁਰਾਣੀ ਹੋ ਚੁੱਕੀ ਸੋਚਣ ਸ਼ੈਲੀ ਦੀ ਰੀਸ ਕਰਦੇ, ਆਪਣੇ ਵਿਰਸੇ ਨੂੰ ਨਿਸ਼ਾਨਾ ਬਣਾ ਰਹੇ ਹਨ।

ਪੱਛਮ ਅੱਜ ਰਿਵਾੲਅਤੀ ਜੀਵਨ ਸ਼ੈਲੀ ਨੂੰ ਬਚਾਉਂਣ ਬਾਰੇ ਸੋਚ ਰਿਹਾ ਹੈ। ਮਸਲਨ ਰਿਵਾੲਤੀ ਘੱਟ ਗਿਣਤੀ ਭਾਸ਼ਾਵਾਂ ਨੂੰ ਬਚਾਉਂਣ ਲਈ ਜਤਨ ਹੋ ਰਹੇ ਹਨ। ਪੱਛਮ ਦਾ ‘ਯੌਰਪ ਚਾਰਟਰ ਫ਼ਾਰ ਰੀਜੀਨਲ ਆਰ ਮਾਈਨਾਰਟੀ ਲਂੇਗੁਏਜ਼ਸ’ ਪਰੰਪਰਾਵਾਂ ਨੂੰ ਇਸ ਲਈ ਬਚਾਉਂਣ ਦੀ ਗਲ ਕਰ ਰਿਹਾ ਹੈ ਕਿਉਂਕਿ, ਯੋਰਪੀ ਮੁਲਕਾਂ ਦੀ ਮੌਜੂਦਾ ਸੋਚ ਹੁਣ ਇਸ ਨਤੀਜੇ ਤੇ ਆ ਅਪੜੀ ਹੈ, ਕਿ ਐਸੀਆਂ ਗਲਾਂ ਦੇ ਬਚਾਅ ਨਾਲ, ਯੋਰਪੀ ਪਰੰਪਰਾਵਾਂ ਅਤੇ ਸੰਸਕ੍ਰਿਤਕ ਹੋਂਦ ਦਾ ਬਚਾਅ ਹੋ ਸਕਦਾ ਹੈ।

ਅੰਤਰ ਰਾਸ਼ਟਰੀ ਸੰਸਥਾ ‘ਯੁਨੇਸਕੋ’ ਨੇ ਮੁਲਕ ਦੀ ਸੰਸਕ੍ਰਿਤਕ ਅਤੇ ਵਿਰਾਸਤੀ ਪਰਿਭਾਸ਼ਾ ਵਿਚ, ‘ਯਾਦਾਸ਼ਤ ਅਧਾਰਤ’ ਪਰੰਪਰਾਵਾਂ ਨੂੰ ਉਚੇਚੇ ਸ਼ਾਮਲ ਕੀਤਾ ਹੈ।ਪਰ ਸਾਡੇ ਕੁੱਝ ਚਿੰਤਕਾਂ ਵਿਚ ਇਤਨਾ ਪਿੱਛੜੀਆ ਪਨ ਹੈ ਕਿ ਉਹ ਯਾਦਾਸ਼ਤ ਅਧਾਰਤ ਪਰੰਪਰਾਵਾਂ ਦਾ ਮਜ਼ਾਕ ਉਡਾਉਂਣ ਵਿਚ ਭੱਟਕ ਰਹੇ ਹਨ।

ਉਧਰ  ਉਧਿਯੋਗਿਕ ਰੂਪ ਵਿਚ ਬਹੁਤ ਉੱਨਤ ਮੁਲਕ ਜਪਾਨ, ਤਕਨੀਕੀ ਉਪਲੱਭਦੀਆਂ ਨਾਲ ਲੈਸ ਹੋਂਣ ਦੇ ਬਾਵਜੂਦ, ਆਪਣੀਆਂ ਪੁਰਾਣੀਆਂ ਖ਼ਾਸ ਕਲਾਵਾਂ, ਹੱਥਕਰਘੇ, ਅਤੇ ਨਿਰਮਾਣ ਕਲਾ ਨੂੰ ਕੀਮਤੀ ਸਮਝ ਕੇ ਬਚਾਉਂਣ ਦੀ ਜੁਗਤ ਵਿਚ ਲਗਾ ਹੈ। ਪਰੰਪਰਾਵਾਦੀ ਕਲਾਵਾਂ ਵਿਚ ਨਿਪੁੰਨ ਲੋਗਾਂ ਦੀ ਪਛਾਂਣ  ਕੀਤੀ ਜਾ ਰਹੀ ਹੈ, ਅਤੇ ਇਸ ਬਾਰੇ ਉਚੇਚੇ ਕਾਨੂਨ ਸਥਾਪਤ ਕੀਤੇ ਗਏ ਹਨ।ਇਹ ਸਭ ਕੁੱਝ ਉਸ ਚਿੰਤਾ ਨੂੰ ਦਰਸਾਉਂਦਾ ਹੈ, ਜੋ ਕਿ ਉੱਨਤ ਸਮਾਜਾਂ ਨੂੰ ਆਧੁਨਿਕ ਹੋਂਣ ਤੋਂ ਬਾਦ ਲਗੀ ਹੋਈ ਹੈ।ਅੱਜ ਉਹ ਆਪਣੀ ਸੰਸਕ੍ਰਿਤਕ ਹੋਂਦ ਨੂੰ ਬਚਾਉਂਣ ਦਾ ਮਾਰਗ ਪਰੰਪਰਾਵਾਂ ਦੀ ਭਾਲ ਵਿਚ ਹੀ ਲੱਭ ਰਹੇ ਹਨ।ਪਰ ਦੂਜੇ ਪਾਸੇ ਅਸੀਂ ਪਰੰਪਰਾਵਾਂ ਤੋੜ ਕੇ ਆਧੁਨਿਕ ਹੋਂਣ ਦਾ ਯਤਨ ਕਰ ਰਹੇ ਹਾਂ।

ਅਸੀਂ ਆਧੁਨਿਕ ਨਹੀਂ ਹੋਏ ਬਲਕਿ ਹੋਂਣ ਦਾ ਯਤਨ ਕਰ ਰਹੇ ਹਾਂ, ਬਿਨ੍ਹਾਂ ਇਹ ਸਮਝੇ ਕਿ ਜਿਨ੍ਹਾਂ ਦੀ ਅਸੀਂ ਰੀਸ ਕਰ ਰਹੇ ਹਾਂ ਉਹ ਲੋਗ ਤਾਂ ਹੋਰ ਅੱਗੇ ਜਾ ਕੇ, ਆਪਣੀ ਸੰਸਕ੍ਰਿਤਕ ਹੋਂਦ ਬਚਾਉਂਣ ਲਈ, ਆਪਣੇ ਵਲੋਂ ਤੋੜੀਆਂ ਪਰੰਪਰਾਵਾਂ ਵੱਲ ਮੁੜ ਰਹੇ ਹਨ।ਇਸ ਇਸਾਬ ਨਾਲ ਅਸੀਂ ਧਾਰਮਕ ਚਿੰਤਨ ਖੇਤਰ ਵਿਚ , ਬਿਨਾਂ ਆਲਾ-ਦੁਆਲਾ ਵਿਚਾਰੇ, ਆਧੁਨਿਕ ਨਹੀਂ ਬਲਕਿ ਪਿੱਛੜੇ ਹੋਂਣ ਦਾ ਯਤਨ ਕਰ ਰਹੇ ਹਾਂ।ਇਸ ਯਤਨ ਵਿਚ ਲਗੀ ਸੋਚ ਅਤੇ ਉਸਦੇ ਤਰੀਕੇ ਆਧੁਨਿਕ ਨਹੀਂ ਹਨ।

ਸਾਨੂੰ ਸਮਝਣ ਦੀ ਲੋੜ ਹੈ ਕਿ ਸਾਡੇ ਆਲੇ-ਦੁਆਲੇ ਦੇ ਉੱਨਤ ਸਮਾਜਾਂ ਵਿਚ ਕੀ ਵਾਪਰ ਰਿਹਾ ਹੈ? ਉਨ੍ਹਾਂ ਸਮਾਜਾਂ ਨੂੰ ਹੋਏ ਤਲਖ ਤਜੁਰਬਿਆਂ ਨੂੰ ਵਿਚਾਰਨ ਦੀ ਲੋੜ ਹੈ।

ਸਾਨੂੰ ਗੁਰੂਘਰ ਵਲੋਂ ਸਥਾਪਤ ਪਰੰਪਰਾਵਾਂ ਦੀ ਭਾਲ ਕਰਨੀ ਪਵੇਗੀ।ਇਸ ਦਾ ਸਭ ਤੋਂ ਚੰਗਾ ਢੰਗ ਉਨ੍ਹਾਂ ਪਰੰਪਰਾਵਾਂ ਦੇ ਗਿਰਦ ਆ ਟਿੱਕੀ ਨਾਸਮਝੀ ਦੀ ਧੁੜ ਨੂੰ ਸਾਫ਼ ਕਰਨਾ ਹੈ ਨਾ ਕਿ ਪਰੰਪਰਾਵਾਂ ਨੂੰ ਭੰਗ ਕਰਨਾ।ਜੇ ਕਰ ਅਸੀਂ ਐਸਾ ਨਹੀਂ ਕਰਦੇ ਤਾਂ ਅਸੀਂ ਸਭ ਕੁੱਝ ਗੁਆ ਸਕਦੇ ਹਾਂ।ਕਿਉਂਕਿ ਆਪਣੀ ਪਰੰਪਰਾਵਾਂ ਤੋਂ ਤੋੜ ਦਿੱਤੇ ਗਏ ਦੂਜਿਆਂ ਪਰੰਪਰਾਵਾਂ ਵਿਚ ਜ਼ਜਬ ਹੋ ਜਾਣ ਗੇ।

ਹਰਦੇਵ ਸਿੰਘ,ਜੰਮੂ-11.1.2013


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.