ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
‘ਸਾਡੇ ਇਸ਼ਟ ਭਾਵ ਦਾ ਅਧਾਰ ਪੌਰਾਣਕ ਕਥਾਵਾਂ ਨਹੀਂ ਗੁਰਬਾਣੀ ਹੈ’
‘ਸਾਡੇ ਇਸ਼ਟ ਭਾਵ ਦਾ ਅਧਾਰ ਪੌਰਾਣਕ ਕਥਾਵਾਂ ਨਹੀਂ ਗੁਰਬਾਣੀ ਹੈ’
Page Visitors: 2617

                          ‘ਸਾਡੇ ਇਸ਼ਟ ਭਾਵ ਦਾ ਅਧਾਰ ਪੌਰਾਣਕ ਕਥਾਵਾਂ ਨਹੀਂ ਗੁਰਬਾਣੀ ਹੈ’
ਹਰਦੇਵ ਸਿੰਘ, ਜੰਮੂ
ਗੁਰੂ ਜੀਵਨ ਨੂੰ ਵਿਵਸਥਾ ਦੇ ਵਿਚ ਬੰਨ੍ਹਦਾ ਹੈ।ਬਿਖਰੀਆਂ ਵ੍ਰਿਤਿਆਂ ਨੂੰ ਸਮੇਟਦਾ ਹੈ ਤਾਂ ਕਿ ਉਹ ਵਿਵਸਥਾ ਦੇ ਵਿਚ ਵਿਚਰ ਸਕਣ।ਕੁਦਰਤ ਦੀ ਕਾਰ ਵੀ ਵਿਵਸਥਾ ਦੇ ਨਾਲ ਚਲਦੀ ਨਜ਼ਰ ਆਉਂਦੀ ਹੈ।ਵਿਵਸਥਾ ਦੇ ਵਿਚ ਵਜ਼ਨ ਹੁੰਦਾ ਹੈ।ਵਿਵਸਥਾ ਟਿੱਕਾਅ ਦੇ ਨਾਲ ਚਲਣ ਦੀ ਜੁਗਤ ਹੈ ਅਤੇ ਇਸਦੇ ਵਿਪਰੀਤ ਜਲਦਬਾਜ਼ੀ ਨਾਲ ਬਹੁਤੀ ਵਾਰ ਅਵਿਵਸਥਾ ਉੱਤਪੰਨ ਹੁੰਦੀ ਹੈ।ਜਲਦਬਾਜ਼ੀ ਨਾਲ ਉੱਤਪੰਨ ਅਵਿਵਸਥਾ ਸੱਮਸਿਆ, ਨਿਰਾਸ਼ਾ ਅਤੇ ਅਸਫ਼ਲਤਾ ਪੁਰਨ ਸਿੱਟਿਆਂ ਵੱਲ ਲੇ ਤੁਰਦੀ ਹੈ।ਗੁਰੂ ਅਨੁਸਾਰ ਪਰਮਾਤਮਾ ‘ਇੱਕ ਰੰਗ’ ਹੈ ਅਤੇ ਨਾਲ ਹੀ ‘ਉਹ ਬਹੁਰੰਗੀ’ ਹੈ।ਇਸ ਲਈ ਗੁਰਮਤਿ ਦਾ ਤਕਾਜ਼ਾ ਇਹ ਹੈ ਕਿ ਮਨੁੱਖ ਗੁਰਮਤਿ ਅਤੇ ਕੁਦਰਤ ਦੇ ਵਭਿੰਨ ਰੰਗਾਂ ਵਿਚੋਂ ‘ਉਸ ਇੱਕ’ ਨੂੰ ਵੇਖਣ ਦਾ ਸਾਮਰਥ ਉੱਤਪਨ ਕਰ ਸਕੇ।ਪਰ ਕਈਂ ਥਾਂ ਅਸੀਂ ਸੰਕੀਰਣ ਹੋ ਜਾਂਦੇ ਹਾਂ।
ਗੁਰੂ ਨਾਨਕ ਨੇ ਰੂੜੀਵਾਦ ਤੋਂ ਅਸਹਿਮਤੀ ਜਤਾਈ।ਪਰ ਅੱਜ ਰੂੜੀਵਾਦ ਦੇ ਨਾਲ ਝੂਝਦੇ ਕੁੱਝ ਚਿੰਤਕ ਆਪ ਇਕ ਵਿਸ਼ੇਸ਼ ਪ੍ਰਕਾਰ ਦੇ ਰੂੜੀਵਾਦ ਦਾ ਸ਼ਿਕਾਰ ਹਨ।ਉਹ ਸ਼ਬਦਾਂ ਦੀ ਵਰਤੋਂ ਤੇ ਝੱਗੜ ਰਹੇ ਹਨ।ਅੰਮ੍ਰਿਤ ਜਾਂ ਪਾਹੁਲ? ਅਕਾਲ ਪੁਰਖ ਜਾਂ ਮਹਾਕਾਲ? ਵਾਹਿਗੁਰ ਜਾਂ ਭਗਉਤੀ? ਰਾਮ ਜਾਂ ਸ਼ਿਵ? ਇਹ ਸੱਚ ਹੈ ਕਿ ਵਿਸ਼ੇਸ਼ ਸ਼ਬਦਾਂ ਨੂੰ ਵਰਤੋਂ ਵਿਚ ਅਪਨਾ ਲਿਆ ਜਾਂਦਾ ਹੈ ਜਿਸ ਨਾਲ ਭਾਵ ਦਾ ਅੰਤਰ ਭੇਦ ਅਤੇ ‘ਵਿਚਾਰਾਂ ਦਾ ਨਿਆਰਾਪਨ’ ਪ੍ਰਰੇਸ਼ਤ (ਕਾਮਯੁਨੀਕੇਟ) ਹੁੰਦਾ ਰਹੇ।ਪਰ ਇਸਦਾ ਅਰਥ ਇਹ ਨਹੀਂ ਲਿਆ ਜਾ ਸਕਦਾ ਕਿ ਸ਼ਬਦਾਂ ਦੀ ਵਰਤੋਂ ਨੂੰ ਹੋਰ ਸਾਰੇ ਸੰਧਰਭਾਂ ਵਿਚ “ਅਛੂਤ” ਸਮਝ ਲਿਆ ਗਿਆ ਹੋਵੇ।ਮਸਲਨ ਅਸੀਂ ਅਪਣੀ ਜੀਵਨ ਚਰਿਆ ਵਿਚ ਪਰਮਾਤਮਾ ਲਈ ‘ਅਕਾਲ ਪੁਰਖ’ ਜਾਂ ‘ਵਾਹਿਗੁਰੂ’ ਸ਼ਬਦਾਂ ਦੀ ਵਰਤੋਂ ਕਰਦੇ ਹਾਂ।ਨਿਆਰਾਪਨ ਦਰਸਾਉਂਣ ਲਈ ਇਹ ਵਰਤੋਂ ਬਿਲਕੁਲ ਠੀਕ ਹੈ! ਪਰ ਇਸਦਾ ਅਰਥ ਇਹ ਨਹੀਂ ਕਿ ਗੁਰਬਾਣੀ ਦਾ ਇਹ ਫ਼ੁਰਮਾਨ ਧਿਆਨ ਦੇਂਣ ਯੋਗ ਨਹੀ:-
‘ਕਿੰਤੇ ਨਾਮਾ ਅੰਤੁ ਨ ਜਾਣਿਆ ਤੁਮ ਸਰਿ ਨਾਹੀ ਅਵਰੁ ਹਰੇ’ (877)
ਅਰਥ: ਹੇ ਪ੍ਰਭੂ! ਭਾਵੇਂ ਤੇਰੇ ਕਈ ਨਾਮ ਹਨ, ਪਰ ਕਿਸੇ ਨਾਮ ਦੀ ਰਾਹੀਂ ਤੇਰੇ ਸਾਰੇ ਗੁਣਾਂ ਦਾ ਅੰਤ ਨਹੀਂ ਲੱਭ ਸਕਦਾ। ਹੇ ਹਰੀ!
ਇਸ ਹਵਾਲੇ ਵਿਚ ਪਰਮਾਤਮਾ ਦੇ ਕਈਂ ਨਾਮ ਹੋਂਣ ਦੀ ਪੁਸ਼ਟੀ ਕਰਕੇ ਗੁਰੂ ਆਪ ਲੋੜ ਅਨੁਸਾਰ,ਅਕਾਲ ਪੁਰਖ ਜਾਂ ਵਾਹਿਗੁਰੂ ਦੇ ਬਜਾਏ ਇਕ ਹੋਰ ਨਾਮ ਵਰਤ ਲੇਂਦੇ ਹਨ, ਹਰੇ! ਅਰਥਾਰਤ ਹਰੀ! ਗੁਰਮਤਿ ਸਪਸ਼ਟ ਹੈ ਕਿ ਕੇਵਲ ਇਕ ਨਾਮ ਮਾਤਰ ਨਾਲ ਪਰਮਾਤਮਾ ਦੇ ਸਾਰੇ ਗੁਣ ਪ੍ਰਕਟ ਨਹੀਂ ਕੀਤੇ ਜਾ ਸਕਦੇ।ਪਰ ਫ਼ਿਰ ਵੀ ਨਾਮ ਵਰਤੇ ਜਾਂਦੇ ਹਨ।ਪਰਮਾਤਮਾ ਸ਼ਬਦ ਵਿਚ ‘ਪਾਲਨਹਾਰ’ ਜਾਂ ‘ਰੱਚਣਹਾਰ’ ਦਾ ਗੁਣ ਉਦੋਂ ਤਕ ਪ੍ਰਕਟ ਨਹੀਂ ਹੁੰਦਾ ਜਦ ਤਕ ਕਿ ‘ਪਰਮਾਤਮਾ’ ਸ਼ਬਦ ਦੀ ਵਧੇਰੇ ਵਿਆਖਿਆ ਕੀਤੀ/ਸਮਝੀ ਨਾ ਜਾਏ।ਅਕਾਲ ਪੁਰਖ ਵਿਚ ‘ਨਿਰਵੈਰ’ ਦਾ ਭਾਵ ਤਦ ਤਕ ਪ੍ਰਕਟ ਨਹੀਂ ਹੁੰਦਾ ਜਦ ਤਕ ਕਿ ‘ਨਿਰਵੈਰ’ ਸ਼ਬਦ ਵਰਤੋਂ ਰਾਹੀਂ ਉਸਦੀ ਵਿਆਖਿਆ ਨਾ ਕੀਤੀ/ਸਮਝੀ ਜਾਏ। 1 (ਇੱਕ) ਸੰਬੋਧਨ ਰਾਹੀਂ ਵੀ ਪਰਮਾਤਮਾ ਦੇ ਸਾਰੇ ਗੁਣ ਬਿਆਨ ਨਹੀਂ ਹੁੰਦੇ ਸੀ ਇਸੇ ਲਈ ਗੁਰੂ ਨਾਨਕ ਨੇ ਮੂਲ ਮੰਤਰ ਉਚਾਰਿਆ ਕਿਉਂਕਿ ਮਤਾਰ ਇੱਕ (1) ਉਚਾਰਨ ਨਾਲ ਗੱਲ ਵਧੇਰੇ ਸਪਸ਼ਟ ਨਹੀਂ ਸੀ ਹੁੰਦੀ।
ਜਾਹਰ ਹੈ ਕਿ ਗੁਰਮਤਿ ਅਨੁਸਾਰ ਪਰਮਾਤਮਾ ਦੇ ਕਈ ਨਾਮ ਹਨ ਜਿਨਾਂ ਰਾਹੀਂ ਉਸਦੇ ਗੁਣਾਂ ਦਾ ਵਿਖਿਆਨ ਹੁੰਦਾ ਹੈ।ਗੁਣਾਂ ਨੂੰ ਮੁੱਖ ਰੱਖਦੇ ਵੀ ਨਾਮ ਸਥਾਪਤ ਹੁੰਦੇ ਹਨ।ਪਰਮਾਤਮਾ ਬਾਰੇ ਅਪਣਾ ਮਤ ਮੂਲ ਮੰਤਰ ਵਿਚ ਸਪਸ਼ਟ ਕਰਨ ਉਪਰੰਤ, ਗੁਰੂ ਨਾਨਕ ਨੇ ਪਰਮਾਤਮਾ ਨੂੰ ਲਗਭਗ ਹਰ ਪ੍ਰਚਲਤ ਸੰਬੌਧਨ ਅਤੇ ਕਈਂ ਪ੍ਰਕਾਰ ਦੇ ਵਿਸ਼ੇਸ਼ਨਾ ਰਾਹੀਂ ਪੁਕਾਰਿਆ ਹੈ। ਗੁਰੂ ਰਾਮ, ਠਾਕੁਰ, ਸ਼ਿਵ, ਖ਼ੁਦਾ, ਰਹੀਮ, ਮਾਤਾ, ਪਿਤਾ, ਭ੍ਰਾਤਾ,ਖਸਮ, ਰੰਗ, ਰੰਗੀਲਾ, ਲਾਲਨ, ਪ੍ਰੀਤਮ, ਰਮੀਈਆ, ਨੂਰ, ਅਤੁੱਲ, ਅਤੌਲ, ਅਭੁੱਲ ਪਾਲਨਹਾਰ, ਪਾਤਿਸ਼ਾਹ, ਰਾਏ ਆਦਿ।ਕਈਂ ਥਾਂ ਤਾਂ ਕਿਸੇ ਗੁਣ ਵਿਸ਼ੇਸ਼ ਨੂੰ ਹੀ ਸੰਬੋਧਨ ਵਜੋਂ ਵਰਤ ਲਿਆ ਗਿਆ ਹੈ।ਗੁਰੂ ਦੀ ਸਿਖਿਆ ਹੈ ਕਿ ਅਸੀਂ, ਸੰਬੌਧਨ ਕੋਈ ਵੀ ਵਰਤ ਲਈਏ ਉਹ ਗਲਤ ਨਹੀਂ, ਬਾਸ਼ਰਤੇ ਕਿ ਉਸ ਨਾਮ ਤੋਂ ਭਾਵ, ਠੀਕ ਉਹ ਹੀ ਹੋਵੇ ਜਿਸਦੀ ਵਿਆਖਿਆ ਮੂਲ ਮੰਤਰ ਅਤੇ ਬਾਣੀ ਵਿਚ ਹੈ।
ਲੇਕਿਨ ਗੁਰਮਤਿ ਨੂੰ ਸਮਝਣ ਵਿਚ ਕਈਂ ਥਾਂ ਅਸੀਂ ‘ਇੱਕ’ ਅਤੇ ‘ਕਿਉਂ’ ਦੇ ਚੱਕਰ ਵਿਚ ਭਟਕ ਰਹੇ ਹਾਂ।ਝਗੜ ਰਹੇ ਹਾਂ! ਸਾਨੂੰ ਬਾਣੀ ਪੜ੍ਹ ਕੇ ਵੀ ਸਮਝ ਨਹੀਂ ਆ ਰਹੀ ਕਿ ਪਰਮਾਤਮਾ ਦੇ ਕਈਂ ਨਾਮ ਹੋ ਸਕਦੇ ਹਨ ਪਰ ਕਈ ਨਾਮ ਹੋਂਣ ਨਾਲ ਪਰਮਾਤਮਾ ਇੱਕ ਤੋਂ ਜ਼ਿਆਦਾ ਨਹੀਂ ਹੋ ਜਾਂਦਾ।ਰਾਮ ਦੀ ਵਰਤੋਂ ਨਾਲ ਰਾਮ ਦਾ ਭਾਵ ਦਸ਼ਰਥ ਜੀ ਦਾ ਪੁੱਤਰ ਰਾਮ ਨਹੀਂ ਹੋ ਜਾਂਦਾ।ਸ਼ਿਵ ਸ਼ਬਦ ਦੀ ਵਰਤੋਂ ਨਾਲ ਉਸਦਾ ਭਾਵ ਹਿੰਦੂ ਗ੍ਰੰਥਾਂ ਵਿਚਲੇ ਦਰਸਾਏ ਸ਼ਿਵ ਨਹੀਂ ਹੋ ਜਾਂਦਾ। ‘ਭਗਉਤੀ’ ਸ਼ਬਦ ਵਰਤੋਂ ਨਾਲ ਉਸਦਾ ਭਾਵ ਦੁਰਗਾ ਨਹੀਂ ਹੋ ਜਾਂਦਾ।ਪਰ ਜੇਕਰ ਗੁਰਮਤਿ ਦੀ ਪੜਚੋਲ ਕਰਨ ਵਾਲੇ ਸ਼ਬਦ ਵਰਤੋਂ ਨੂੰ ਲੇ ਕੇ ਆਪ ਰੂੜੀਵਾਦਤਾ ਦਾ ਸ਼ਿਕਾਰ ਹੋ ਜਾਂਣ ਤਾਂ ਇਸ ਵਿਸ਼ੇ ਤੇ ਗੁਰਮਤਿ ਦੀ ਸਮਝ ਕੈਸੀ? ਪ੍ਰਚਲਤ ਨਾਮਾਂ ਨਾਲ ਜੁੜੀਆਂ ਪ੍ਰਚਲਤ ਵਿਚਾਰਾਂ ਨਾਲੋਂ ਅਸਹਮਤੀ ਜਤਾਉਂਣ ਦੇ ਨਾਲ-ਨਾਲ, ਬਾਣੀ ਵਿਚ, ਮੂਲ ਮੰਤਰ ਦੇ ਭਾਵ ਨੂੰ ਮੁੱਖ ਰੱਖਦੇ ਹੋਏ ਪਰਮਾਤਮਾ ਬਾਰੇ ਪ੍ਰਚਲਤ ਨਾਮਾਂ ਦੀ ਖੁੱਲ ਕੇ ਵਰਤੋਂ ਹੈ।ਇਹ ਵਰਤੋਂ ਕਾਵਿਯ ਸ਼ੈਲੀ ਦੀ ਬੰਦਿਸ਼ ਅਤੇ ਰਾਗ ਗਾਯਨ ਦੀ ਲੋੜ ਅਨੁਸਾਰ ਵੀ ਕੀਤੀ ਗਈ ਹੈ ਤਾਂ ਕਿ ਢੁੱਕਵੀਂ ਥਾਂ ਢੁੱਕਵਾਂ ਸ਼ਬਦ ਇਸਤੇਮਾਲ ਹੋ ਸਕੇ।ਬਾਣੀ ਵਿਚ ਗੁਰੂਆਂ ਨੇ ਪਰਮਾਤਮਾ ਦੇ ਨਾਮਾਂ ਨਾਲ ਜੂੜੀਆਂ ਪ੍ਰਚਲਤ ਮਾਨਤਾਵਾਂ ਨੂੰ ਬਦਲ, ਅਪਣਾ ਭਾਵ ਪੇਸ਼ ਕਰਨ ਵੇਲੇ, ਨਾਮ ਨਹੀਂ ਬਦਲੇ ਬਲਕਿ ਭਾਵ ਬਦਲੇ ਹਨ।ਹੁਣ ਬਾਣੀ ਵਿਚ ਪਰਮਾਤਮਾ ਲਈ ਸ਼ਿਵ ਸੰਬੋਧਨ ਦੀ ਵਰਤੋਂ ਨੂੰ ਵੇਖੀਏ:-
ਭੈਰਉ ਮਹਲਾ ੫ ॥
ਦਸ ਮਿਰਗੀ ਸਹਜੇ ਬੰਧਿ ਆਨੀ ॥ ਪਾਂਚ ਮਿਰਗ ਬੇਧੇ ਸਿਵ ਕੀ ਬਾਨੀ ॥੧॥ (1136)
ਅਰਥ: ਹੇ ਭਾਈ! (ਸੰਤ ਜਨਾਂ ਦੀ ਸਹਾਇਤਾ ਨਾਲ, ਸਾਧ ਸੰਗਤਿ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਦਸੇ ਹਿਰਨੀਆਂ (ਇੰਦ੍ਰੀਆਂ) ਬੰਨ੍ਹ ਕੇ ਲੈ ਆਂਦੀਆਂ (ਵੱਸ ਵਿਚ ਕਰ ਲਈਆਂ) ।
ਕਦੇ ਖ਼ਤਾ ਨਾਹ ਖਾਣ ਵਾਲੇ ਗੁਰ-ਸ਼ਬਦ-ਤੀਰਾਂ ਨਾਲ ਮੈਂ ਪੰਜ (ਕਾਮਾਦਿਕ) ਹਿਰਨ (ਭੀ) ਵਿੰਨ੍ਹ ਲਏ ।1।
ਇਸ ਪੰਕਤੀ ਵਿਚ ਗੁਰਬਾਣੀ ਲਈ ‘ਸ਼ਿਵ ਕੀ ਬਾਨੀ’ ਸ਼ਬਦ ਵਰਤੇ ਗਏ ਹਨ।
ਸਿਵ ਕੀ ਪੁਰੀ ਬਸੈ ਬੁਧਿ ਸਾਰੁ ॥ ਤਹ ਤੁਮ੍ਹ੍ਹ ਮਿਲਿ ਕੈ ਕਰਹੁ ਬਿਚਾਰੁ ॥ (1159)
ਅਰਥ: ਨਾਮ ਦੀ ਬਰਕਤਿ ਨਾਲ) ਮੇਰੀ ਮੱਤ ਸ੍ਰੇਸ਼ਟ (ਬਣ ਕੇ) ਕੱਲਿਆਣ-ਸਰੂਪ ਪ੍ਰਭੂ ਦੇ ਦੇਸ ਵਿਚ ਵੱਸਣ ਲੱਗ ਪਈ ਹੈ । (ਹੇ ਜੋਗੀ!) ਤੁਸੀ ਭੀ ਉਸ ਦੇਸ ਵਿਚ ਅੱਪੜ ਕੇ ਪ੍ਰਭੂ ਦੇ ਨਾਮ ਦੀ ਹੀ ਵਿਚਾਰ ਕਰੋ,
ਇਸ ਪੰਕਤੀ ਵਿਚ ਪਰਮਾਤਮਾ ਦੇ ਨਿਕਟ ਹੋ ਜਾਣ ਦੀ ਅਵਸਥਾ ਵਾਸਤੇ ‘ਸਿਵ ਕੀ ਪੁਰੀ’ ਸ਼ਬਦ ਵਰਤੇ ਗਏ ਹਨ।
ਸਕਤਿ ਗਈ ਭ੍ਰਮੁ ਕਟਿਆ ਸਿਵ ਜੋਤਿ ਜਗਾਇਆ ॥ (1238)
ਗੁਰ ਪਰਸਾਦੀ ਸਿਵ ਘਰਿ ਜੰਮੈ ਵਿਚਹੁ ਸਕਤਿ ਗਵਾਇ ॥ 
ਅਚਰੁ ਚਰੈ ਬਿਬੇਕ ਬੁਧਿ ਪਾਏ ਪੁਰਖੈ ਪੁਰਖੁ ਮਿਲਾਇ ॥੪॥ {ਪੰਨਾ 1276}
ਹੇ ਭਾਈ! ਗੁਰੂ ਦੀ ਕਿਰਪਾ ਨਾਲ ਮਨੁੱਖ ਆਪਣੇ ਅੰਦਰੋਂ ਮਾਇਆ ਦਾ ਪ੍ਰਭਾਵ ਦੂਰ ਕਰ ਕੇ ਪਰਮਾਤਮਾ ਦੇ ਘਰ ਵਿਚ ਜੰਮ ਪੈਂਦਾ ਹੈ ।
ਗੁਰਮੁਖਿ ਜੋਤਿ ਭਲੀ ਸਿਵ ਨੀਕੀ ਆਨਿ ਪਾਨੀ ਸਕਤਿ ਭਰੀਜੈ ॥ (1324)
ਹੇ ਭਾਈ! ਗੁਰੂ ਦੀ ਸਰਨ ਪਿਆਂ ਪਰਮਾਤਮਾ ਦੀ ਭਲੀ ਸੋਹਣੀ ਜੋਤਿ (ਮਨੁੱਖ ਦੇ ਅੰਦਰ ਜਗ ਪੈਂਦੀ ਹੈ,
ਗੁਰਮੁਖਿ ਜੀਅ ਪ੍ਰਾਨ ਉਪਜਹਿ ਗੁਰਮੁਖਿ ਸਿਵ ਘਰਿ ਜਾਈਐ ॥ (1328-ਮ ਗੁਰੂ ਨਾਨਕ ਜੀ)
ਇਸ ਪੰਕਤੀ ਵਿਚ ਗੁਰੂ ਨਾਨਕ ਜੀ ਨੇ ਆਪ ਪਰਮਾਤਮਾ ਲਈ ਸ਼ਿਵ ਸੰਬੋਧਨ ਵਰਤਿਆ ਹੈ!
ਇਸ ਤੋਂ ਸਪਸ਼ਟ ਹੁੰਦਾ ਹੈ ਕਿ ਗੁਰਬਾਣੀ ਵਿਚ ਅਸਹਮਤੀ ਸ਼ਬਦਾਂ ਨਾਲੋਂ ਨਹੀਂ ਬਲਕਿ ਸ਼ਬਦਾ ਨਾਲ ਜੁੜੀ ਅਗਿਆਨੀ ਪਹੁੰਚ ਨਾਲ ਹੈ। ਮੂਲ ਮੰਤਰ ਵਿਚ ਦਰਸਾਏ ਗਏ ‘ਇਕ ਅਕਾਲ ਪੁਰਖ’ ਦੇ ਭਾਵ ਨੂੰ ਮੁੱਖ ਰੱਖ ਕੇ ਪਰਮਾਤਮਾ ਨੂੰ ਕਿਸੇ ਵੀ ਪ੍ਰਚਲਤ ਸੰਬੋਧਨ ਨਾਲ ਪੁਕਾਰਿਆ/ਲਿਖਿਆ ਜਾ ਸਕਦਾ ਹੈ। ਜਿਵੇਂ ਕਿ ਗੁਰਬਾਣੀ ਵਿਚ ਪੌਰਾਣਕ ਕਥਾਵਾਂ ਵਿਚਲੇ ਸ਼ਿਵ ਅਤੇ ਰਾਮ ਆਦਿ ਦੇਵਤਿਆਂ ਨੂੰ ਪਰਮਾਤਮਾ ਨਹੀਂ ਮੰਨਿਆ ਗਿਆ ਪਰ ਕਈਂ ਥਾਂ ਪਰਮਾਤਮਾ ਲਈ ਰਾਮ ਅਤੇ ਸ਼ਿਵ ਸੰਬੋਧਨ ਦੀ ਵਰਤੋਂ ਕੀਤੀ ਗਈ ਹੈ। ਇਹ ਵਰਤੋਂ ਮੂਲ ਮੰਤਰ ਵਿਚਲੇ
ਪਰਮਾਤਮਾ ਦੇ ਭਾਵ ਨਾਲ ਹੋਈ ਹੈ ਨਾ ਕਿ ਪੌਰਾਣਕ ਕਥਾਵਾਂ ਵਿਚਲੇ ਭਾਵ ਅਨੁਸਾਰ। ਗੁਰਬਾਣੀ ਵਿੱਚ ‘ਪ੍ਰਸੰਗ ਅਨੁਸਾਰ’ ਸ਼ਬਦਾਂ ਦੀ ਖੁੱਲੀ ਵਰਤੋਂ ਨੂੰ ਸਮਝਣ ਲਈ ਕੁੱਝ ਮਿਸਾਲਾਂ ਵਿਚਾਰ ਲਈਏ ਤਾਂ ਕਿ ‘ਕੇਵਲ ਇੱਕ’ ਦੀ ਸੱਮਸਿਆ ਬਾਰੇ ਵੀ ਵਿਚਾਰ ਹੋ ਸਕੇ
ਬਾਣੀ ਦਾ ਫ਼ੁਰਮਾਨ ਹੈ:-
ਮ: ੩ ॥ 
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ (646)
ਅਰਥ: ਕੇਵਲ ਬਾਣੀ ਹੀ ਪ੍ਰਮਾਣੀਕ ਗੁਰੂ ਹੈ, ਗੁਰੂ ਦੇ ਸ਼ਬਦ ਨੂੰ ਹੀ ਵਿਚਾਰੋ-ਇਹੀ ਸਦਾ-ਥਿਰ ਰਹਿਣ ਵਾਲਾ ਸੌਦਾ ਹੈ, ਇੱਥੇ ਸੰਦੇਸ਼ ਸਪਸ਼ਟ ਹੈ ਕਿ ਸਿੱਖ ਲਈ ਕੇਵਲ ਗੁਰੂ ਦੀ ਬਾਣੀ ਹੀ ਗੁਰੂ ਹੈ।ਪਰ ‘ਬਾਣੀ’ ਸ਼ਬਦ ਵਰਤੋਂ ਨੂੰ ਕਿਸੇ ਹੋਰ ਪ੍ਰਸੰਗ ਵਿਚ ਅਛੂਤ ਨਹੀਂ ਮੰਨ ਲਿਆ ਗਿਆ। ਜਿਵੇਂ ਕਿ:-
ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥
ਅਰਥ: (ਜੀਵ-ਰਚਨਾ ਦੀਆਂ) ਬੇਅੰਤ ਖਾਣੀਆਂ ਹਨ, (ਜੀਵਾਂ ਦੀਆਂ ਬੋਲੀਆਂ ਭੀ ਚਾਰ ਨਹੀਂ) ਬੇਅੰਤ ਬਾਣੀਆਂ ਹਨ, ਬੇਅੰਤ ਪਾਤਸ਼ਾਹ ਤੇਰਾਜੇ ਹਨ।                                                                                                          ਅਤੇ ,   
ਬੇਦ ਬਾਣੀ ਸਹਿਤ ਬਿਰੰਚਿ ਜਸੁ ਗਾਵੈ ਜਾ ਕੋ ਸਿਵ ਮੁਨਿ ਗਹਿ ਨ ਤਜਾਤ ਕਬਿਲਾਸ ਕੰਉ ॥                {ਪੰਨਾ 1404}
ਅਰਥ: ਜਿਸ ਹਰੀ ਦਾ ਜਸ ਬ੍ਰਹਮਾ ਵੇਦਾਂ ਦੀ ਬਾਣੀ ਸਮੇਤ ਗਾਉਂਦਾ ਹੈ, ਅਤੇ ਜਿਸ ਵਿਚ ਸਮਾਧੀ ਲਾ ਕੇ ਸ਼ਿਵ ਕੈਲਾਸ਼ ਪਰਬਤ ਨਹੀਂ ਛੱਡਦਾ ਸ਼ਬਦਾਂ ਦੀ ਵਰਤੋਂ ਬਾਰੇ ਗੁਰਮਤਿ ਦੇ ਇਸ ਭਾਵ ਅਨੁਸਾਰ ਭਾਈ ਗੁਰਦਾਸ ਭਾਈ ਨੰਦ ਲਾਲ ਅਤੇ ਦਸ਼ਮੇਸ਼ ਜੀ ਦੀ ਰਚਨਾਵਾਂ ਲਈ ਬਾਣੀ ਸ਼ਬਦ ਵਰਤ ਲਿਆ ਜਾਂਦਾ ਰਿਹਾ ਹੈ ਜਿਸ ਨੂੰ ਗੁਰਬਾਣੀ ਨਾਲੋਂ ਅਲਗ ਸਮਝਣ ਲਈ ਅਸੀਂ ਗੁਰਬਾਣੀ, ਬਾਣੀ ਜਾਂ ਰਚਨਾਵਾਂ ਕਰਕੇ ਸਮਝ ਸਕਦੇ ਹਾਂ। ਗੁਰਬਾਣੀ ਵਿਚ ਪਰਮਾਤਮਾ ਨੂੰ ਹੀ ਇੱਕੋ-ਇੱਕ ਸੱਚਾ ਪਾਤਿਸ਼ਾਹ ਮੰਨਿਆਂ ਗਿਆ ਹੈ ਪਰ ਨਾਲ ਹੀ ਸੰਸਾਰਕ ਰਾਜਿਆਂ ਲਈ ਪਾਤਿਸ਼ਾਹ ਸ਼ਬਦ ਵਰਤੋਂ ਤੋਂ ਕਈ ਪਰਹੇਜ਼ ਨਹੀਂ ਕੀਤਾ ਗਿਆ।ਮਿਸਾਲ ਦੇ ਤੌਰ ਤੇ:-
ਮਾਰੂ ਮਹਲਾ ੩ ॥ 
ਜਗਜੀਵਨੁ ਸਾਚਾ ਏਕੋ ਦਾਤਾ ॥ ਗੁਰ ਸੇਵਾ ਤੇ ਸਬਦਿ ਪਛਾਤਾ ॥ 
ਏਕੋ ਅਮਰੁ ਏਕਾ ਪਤਿਸਾਹੀ ਜੁਗੁ ਜੁਗੁ ਸਿਰਿ ਕਾਰ ਬਣਾਈ ਹੇ ॥੧॥
ਅਰਥ:- ਹੇ ਭਾਈ! ਜਿਹੜਾ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਅਤੇ (ਸਾਰੇ) ਜਗਤ ਦਾ ਸਹਾਰਾ ਹੈ, ਉਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ । ਗੁਰੂ ਦੀ ਸਰਨ ਪਿਆਂ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਉਸ ਨਾਲ ਡੂੰਘੀ ਸਾਂਝ ਪੈ ਸਕਦੀ ਹੈ । ਉਸੇ ਦਾ ਹੀ (ਜਗਤ ਵਿਚ) ਹੁਕਮ ਚੱਲ ਰਿਹਾ ਹੈ, ਉਸੇ ਦਾ ਹੀ (ਜਗਤ ਵਿਚ) ਰਾਜ ਹੈ । ਹਰੇਕ ਜੁਗ ਵਿਚ ਹਰੇਕ ਜੀਵ ਦੇ ਸਿਰ ਉਤੇ ਉਹੀ ਪਰਮਾਤਮਾ ਕਰਨ-ਜੋਗ ਕਾਰ ਮੁਕਰਰ ਕਰਦਾ ਆ ਰਿਹਾ ਹੈ ।1
ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥
ਅਰਥ: (ਜੀਵ-ਰਚਨਾ ਦੀਆਂ) ਬੇਅੰਤ ਖਾਣੀਆਂ ਹਨ, (ਜੀਵਾਂ ਦੀਆਂ ਬੋਲੀਆਂ ਭੀ ਚਾਰ ਨਹੀਂ) ਬੇਅੰਤ ਬਾਣੀਆਂ ਹਨ, ਬੇਅੰਤ ਪਾਤਸ਼ਾਹ ਤੇ ਰਾਜੇ ਹਨ। ਇੰਝ ਹੀ ਅੰਮ੍ਰਿਤ ਸ਼ਬਦ ਵਰਤੋਂ ਦੀ ਸਥਿਤੀ ਹੈ:-
ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥ (1238)
ਅਰਥ: ਹੇ ਨਾਨਕ! (ਉਹਨਾਂ ਲਈ) ਇਕ ਨਾਮ ਹੀ ਅੰਮ੍ਰਿਤ ਹੈ ਹੋਰ ਕਿਸੇ ਚੀਜ਼ ਨੂੰ ਉਹ ਅੰਮ੍ਰਿਤ ਨਹੀਂ ਮੰਨਦੇ ।
ਇੱਥੇ ਆਤਮਕ ਜੀਵਨ ਦੇਂਣ ਵਾਲੀ ਗੁਰਬਾਣੀ ਰੂਪ ਅੰਮ੍ਰਿਤ ਦਾ ਜ਼ਿਕਰ ਹੈ ਪਰ ਹੋਰ ਥਾਂਈ ਦੁੱਧ, ਪਾਣੀ, ਭੋਜਨ ਆਦਿ ਦਾਤਾਵਾਂ ਲਈ ਵੀ ਅੰਮ੍ਰਿਤ ਸ਼ਬਦ ਵਰਤਿਆ ਗਿਆ ਹੈ।
ਇਕੋ ਭਾਈ ਮਿਤੁ ਇਕੁ ਇਕੋ ਮਾਤ ਪਿਤਾ ॥ (45)
ਅਰਥ: (ਹੇ ਮਨ!) ਸਿਰਫ਼ ਪਰਮਾਤਮਾ ਹੀ (ਅਸਲ) ਭਰਾ ਹੈ ਮਿੱਤਰ ਹੈ, ਸਿਰਫ਼ ਪਰਮਾਤਮਾ ਹੀ (ਅਸਲ) ਮਾਂ ਪਿਉ ਹੈ ਬਾਣੀ ਦੇ ਇਸ ਫ਼ੁਰਮਾਨ ਦਾ ਅਰਥ ਇਹ ਨਹੀਂ ਨਿਕਲਦਾ ਕਿ ਅਸੀਂ ਅਪਣੇ ਮਾਤਾ ਪਿਤਾ ਲਈ ਮਾਤ-ਪਿਤਾ ਸ਼ਬਦ ਨਹੀਂ ਵਰਤ ਸਕਦੇ।
ਮ੩ ॥ 
ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ ॥ (592)
ਅਰਥ: ਇਸ ਸੰਸਾਰ ਵਿਚ ਪਤੀ ਇੱਕੋ ਪਰਮਾਤਮਾ ਹੀ ਹੈ, ਹੋਰ ਸਾਰੀ ਸ੍ਰਿਸ਼ਟੀ (ਉਸ ਦੀਆਂ) ਇਸਤ੍ਰੀਆਂ ਹਨ;
ਇਸ ਫ਼ੁਰਮਾਨ ਦਾ ਅਰਥ ਇਹ ਨਹੀਂ ਕਿ ਇਸਤਰੀ ਅਪਣੇ ਪਤੀ ਨੂੰ ਪਤੀ ਨਹੀਂ ਪੁਕਾਰ ਸਕਦੀਆਂ।
ਗੁਰਮਤਿ ਵਿਚਲੀ ਸ਼ਬਦ ਵਰਤੋਂ ਦੀ ਜੁਗਤ ਨੂੰ ਸਮਝਣ ਦੀ ਲੋੜ ਹੈ।ਇਸ ਨੂੰ ਨਾ ਸਮਝਣ ਕਾਰਨ ਅਸੀਂ ਕਈਂ ਮੁੱਧਿਆਂ ਤੇ ਗੁਰਮਤਿ ਅਨੁਸਾਰ ਵਿਚਾਰ ਕਰਨ ਤੋਂ ਖੁੱਝੇ ਪ੍ਰਤੀਤ ਹੁੰਦੇ ਹਾਂ।ਸ਼ਬਦਾਂ ਦੇ ਇਸਤੇਮਾਲ ਨੂੰ ਸੁਹਿਰਦਤਾ ਅਤੇ ਸਪਸ਼ਟਤਾ ਨਾਲ ਸਵੀਕਾਰ ਕਰਨ ਦੇ ਬਜਾਏ ਅਸੀਂ ਸ਼ਬਦਾਂ ਦੇ ਉਲਟੇ ਸਿੱਦੇ ਅਰਥ ਕਰਨ ਦੀ ਨਟਬਾਜ਼ੀ ਅਤੇ ਵਿਰੌਧ ਕਰਨ ਲੱਗ ਪੇਂਦੇ ਹਾਂ।ਗੁਰਮਤਿ ਵਿਚ ਦਰਸਾਏ ਪਰਮਾਤਮਾ ਦੇ ਭਾਵ ਨੂੰ ਸਮਝਦੇ ਹੋਏ ਅਸੀਂ ਪਰਮਾਤਮਾ ਦੇ ਕਿਸੇ ਵੀ ਨਾਮ ਨੂੰ ਵਰਤ/ਸਵੀਕਾਰ ਕਰ ਸਕਦੇ ਹਾਂ। ਜੇ ਕਰ ਪੌਰਾਣਕ ਕਥਾਵਾਂ ਵਿਚ ਮਹਾਕਾਲ, ਭਗਉਤੀ ਆਦਿ ਦਾ ਈਸ਼ਟ ਭਾਵ ਗੁਰਮਤਿ ਅਨੁਸਾਰੀ ਨਹੀਂ ਹੈ ਤਾਂ ਕੀ ਉਨਾਂ ਕਥਾਵਾਂ ਵਿਚ ਰਾਮ, ਸ਼ਿਵ,ਠਾਕੁਰ, ਕ੍ਰਿਸ਼ਨ ਆਦਿ ਦਾ ਈਸ਼ਟਭਾਵ ਗੁਰਮਤਿ ਅਨੁਸਾਰੀ ਹੈ? ਜੇ ਨਹੀਂ ਤਾਂ ਕਿ ਗੁਰਬਾਣੀ ਵਿਚ ਪਰਮਾਤਮਾ ਲਈ ਰਾਮ/ਸ਼ਿਵ ਆਦਿ ਸੰਬੋਧਨਾਂ ਦੀ ਵਰਤੋਂ ਕਿਉਂ ਹੈ? ਨਿਰਸੰਦੇਹ ਕੁੱਝ ਸੱਜਣ ਜਜ਼ਬਾਤੀ ਭੁੱਲੇਖਾ ਖਾ ਰਹੇ ਹਨ।
ਗੁਰਮਤਿ ਤਾਂ ਇਹ ਹੈ ਕਿ ਅਸੀਂ ਸ਼ਬਦਾਂ ਦੀ ਵਰਤੋਂ/ਭਾਵ ਅਰਥਾਂ ਨੂੰ, ਲੋੜੀਂਦੀ ਥਾਂ, ਗੁਰਮਤਿ ਦੀ ਰੋਸ਼ਨੀ ਵਿਚ ਸਵੀਕਾਰ ਵੀ ਕਰੀਏ ਨਾ ਕਿ ਪੌਰਾਣਕ ਕਥਾਵਾਂ ਦੇ ਅਧਾਰ ਤੇ ਕੇਵਲ ਉਨ੍ਹਾਂ ਦਾ ਵਿਰੌਧ! ਪਰਮਾਤਮਾ ਲਈ ਰਾਮ,ਸ਼ਿਵ,ਠਾਕੁਰ,ਭਗਉਤੀ ਆਦਿ ਸ਼ਬਦ ਵੀ ਵਰਤੇ ਜਾ ਸਕਦੇ ਹਨ। ਗੁਰਮਤਿ ਦਾ ਸਪਸ਼ਟ ਤਕਾਜ਼ਾ ਕੇਵਲ ਇਹ ਹੈ ਕਿ ਕਿਸੇ ਵੀ ਨਾਮ ਵਰਤਨ ਦੇ ਪਿੱਛੇ ਦਾ ਇਸ਼ਟ ਭਾਵ ਮੂਲ ਮੰਤਰ ਵਿਚ ਦਰਸਾਏ ਅਤੇ ਗੁਰਬਾਣੀ ਵਿਚ ਵਿਅਖਿਅਤ (ਐਕਸਪਲੇਂਡ) ਇਸ਼ਟ ਭਾਵ ਅਨੁਸਾਰ ਹੋਂਣਾ ਚਾਹੀਦਾ ਹੈ।ਇਹ ਇਕ ਵਚਿੱਤਰ ਸਥਿਤੀ ਹੈ ਕਿ ਕੁੱਝ ਵਿਦਵਾਨ ਗੁਰਮਤਿ ਦੀ ਇਸ ਜੁਗਤ ਨੂੰ ਵਰਤਣ ਦੇ ਬਜਾਏ ਸ਼ਬਦ ਵਰਤੋਂ ਵਿਚਲੇ ਇਸ਼ਟ ਭਾਵ ਦਾ ਨਿਰਨਾ ਕੇਵਲ ਪੌਰਾਣਕ ਕਥਾਵਾਂ ਵਿਚਲੇ ਇਸ਼ਟ ਭਾਵ ਰਾਹੀਂ ਕੱਢਣ ਲੱਗ ਪਏ ਹਨ।ਗੁਰਮਤਿ ਦੀ ਕਸਵਟੀ ਕੇਵਲ ਦੁਹਾਈ ਪਾਉਂਣ ਲਈ ਨਹੀਂ ਬਲਕਿ ਵਰਤਨ ਲਈ ਹੈ।ਅਪਣੇ ਵਲੋਂ ਪਰਮਾਤਮਾ ਲਈ ਵਰਤੇ ਜਾਣ ਵਾਲੇ ਸ਼ਬਦਾਂ ਦਾ ਇਸ਼ਟ
ਭਾਵ ਕੇਵਲ ਗੁਰਮਤਿ ਅਨੁਸਾਰ ਸਮਝਣਾ ਚਾਹੀਦਾ ਹੈ ਨਾ ਕਿ ਪੌਰਾਣਕ ਕਥਾਵਾਂ ਅਨੁਸਾਰ।ਗੁਰੂ ਨਾਨਕ ਜੀ ਨੇ ਇਹੀ ਢੰਗ ਵਰਤਿਆ ਹੈ ਤਾਂ ਸਾਨੂੰ ਸ਼ਬਦਾਂ ਦੇ ਵਿਰੌਧ ਦੇ ਬਜਾਏ ਇਹੀ ਢੰਗ ਵਰਤਨਾ ਚਾਹੀਦਾ ਹੈ! ਇਹੀ ਗੁਰੂ ਦੀ ਸਿੱਖਿਆ ਹੈ ਜਿਸ ਨੂੰ ਜਲਦਬਾਜ਼ੀ ਛੱਡ, ਵਿਵਸਥਤ ਹੋ, ਟਿਕਾਅ ਨਾਲ ਸਮਝਣ ਦੀ ਲੋੜ ਹੈ।


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.