ਕੈਟੇਗਰੀ

ਤੁਹਾਡੀ ਰਾਇ



ਹਰਲਾਜ ਸਿੰਘ ਬਹਾਦਰਪੁਰ
ਮੇਰੀਆਂ ਹੱਡਬੀਤੀਆਂ ਵਿੱਚੋਂ(ਭਾਗ 3)
ਮੇਰੀਆਂ ਹੱਡਬੀਤੀਆਂ ਵਿੱਚੋਂ(ਭਾਗ 3)
Page Visitors: 30

ਮੇਰੀ ਲਿਖੀ ਜਾ ਰਹੀ ਪੁਸਤਕ :- ਮੇਰੀਆਂ ਹੱਡਬੀਤੀਆਂ ਵਿੱਚੋਂ(ਭਾਗ 3)
 
ਆਪਣੀ ਕਿਰਤ ਕਮਾਈ ਕਰਕੇ ਪੈਸਾ ਜੋੜੋ, ਜਾਤਾਂ ਧਰਮਾਂ ਆਦਿ ਦੇ ਝਗੜਿਆਂ ਤੋਂ ਬਚੋ।
ਹੁਕਮਨਾਮਾਂ ਲਾਗੂ ਕਰਵਾਉਣ ਆਉਂਦੇ ਪ੍ਰਚਾਰਕ ਡੇਰਾ ਪੱਖੀਆਂ ਦੀ ਬਹੁ ਗਿਣਤੀ ਦੇ ਵਿਰੁੱਧ ਸਹੀ ਫੈਸਲਾ ਲੈਣ ਦੀ ਥਾਂ ਗੱਲ ਨੂੰ ਗੋਲਮੋਲ ਕਰ ਜਾਂਦੇ ਸੀ।
ਪਿੰਡ ਵਿੱਚ ਸਾਡਾ ਵਿਰੋਧ ਵੀ ਬਹੁਤ ਹੋਇਆ, ਪਿੰਡ ਦੇ ਆਗੂ ਕਹਾਂਉਦੇ ਸਿੱਖ ਵੀ ਸਾਡੇ ਵਿਰੋਧ ਵਿੱਚ ਅਕਾਲ ਤਖਤ ਦੇ ਜੱਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਕੋਲੋਂ ਡੇਰੇ ਵਿੱਚ ਪਾਠ ਕਰਨ ਦੀ ਆਗਿਆ ਲੈ ਕੇ ਆਂਉਦੇ ਰਹੇ ਸਨ[
   
ਇਹ ਕਲੇਸ਼ ਬਹੁਤ ਸਮਾਂ ਚਲਦਾ ਰਿਹਾ, ਸਾਡਾ ਪਿੰਡ ਚਰਚਾ ਵਿੱਚ ਵੀ ਰਿਹਾ, ਫਿਰ ਹੋਰ ਪਿੰਡਾਂ ਦੇ ਲੋਕ ਵੀ ਸਾਡੇ ਕੋਲ ਆਉਣ ਲੱਗ ਗਏ ਕਿ ਸਾਡੇ ਪਿੰਡ ਦੇ ਡੇਰੇ ਵਿੱਚੋਂ ਵੀ ਪਾਠ ਰੁਕਵਾਓ, ਅਸੀਂ ਉਹਨਾ ਦਾ ਚਿੱਠੀ ਪੱਤਰ ਵੀ ਇਸੇ ਤਰਾਂ ਭੇਜਦੇ ਰਹੇ, ਹੌਲੀ ਹੌਲੀ ਕੁੱਝ ਡੇਰਿਆਂ ਵਿੱਚ ਪਾਠ ਹੋਣੇ ਬੰਦ ਹੋ ਗਏ। ਸਪੋਕਸਮੈਨ ਮਾਸਿਕ ਨਾਲ ਤਾਂ ਮੈਂ ਪਹਿਲਾਂ ਹੀ ਜੁੜਿਆ ਹੋਇਆ ਸੀ, 2003 ਵਿੱਚ ਸਪੋਕਸਮੈਨ ਵੱਲੋਂ ਸੱਦੇ ਗਏ ਵਿਸ਼ਵ ਸਿੱਖ ਸਮੇਲਨ ਵਿੱਚ ਵੀ ਮੈਂ ਆਪਣੇ ਪਿੰਡੋਂ ਦੋ ਗੱਡੀਆਂ ਰਾਹੀਂ ਬੰਦੇ ਬੁੜੀਆਂ (ਪੁਰਸ਼ ਇਸਤਰੀਆਂ) ਲੈ ਕੇ ਗਿਆ ਸੀ। ਫਿਰ 2005 ਤੋਂ ਸਪੋਕਸਮੈਨ ਦੇ ਪ੍ਰੈਸ ਰਿਪੋਰਟਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਡੇਰਾਬਾਦ ਦੇ ਪਖੰਡ ਦਾ ਵਿਰੋਧ ਤਾਂ ਦਿਮਾਗ ਵਿੱਚ ਪਹਿਲਾਂ ਹੀ ਸੀ, ਪੱਤਰਕਾਰ ਬਣ ਕੇ ਵੀ ਇਹ ਵਿਰੋਧ ਉਸੇ ਤਰ੍ਹਾਂ ਜਾਰੀ ਰਿਹਾ, ਪਿੰਡ ਕਾਹਨਗੜ੍ਹ ਦੇ ਡੇਰੇ ਦਾ ਸਾਧ ਗੌਤਮ ਦਾਸ ਡੇਰੇ ਵਿੱਚ ਦਲਿਤਾਂ ਨਾਲ ਵਿਤਕਰਾ ਕਰਦਾ ਸੀ, ਇੱਕ ਬਾਰ ਮੂਰਤੀ ਦੀ ਸੋਭਾ ਯਾਤਰਾ ਕੱਢਦੇ ਸਮੇਂ ਉਸ ਨੇ ਇੱਕ ਦਲਿਤ ਔਰਤ ਨੂੰ ਲੱਤ ਮਾਰ ਦਿੱਤੀ ਸੀ, 3 ਫਰਵਰੀ 2006 ਨੂੰ ਮੈਂ ਇਹ ਖਬਰ ਰੋਜਾਨਾ ਸਪੋਕਸਮੈਨ ਵਿੱਚ ਲਾ ਦਿੱਤੀ ਕਿ ਸਾਧ ਨੇ ਦਲਿਤ ਔਰਤ ਨੂੰ ਲੱਤ ਮਾਰ ਦਿੱਤੀ, ਇਸ ਖਬਰ ਦੇ ਵਿਰੁੱਧ ਸਾਧ ਨੇ ਮੇਰੇ ਉੱਤੇ ਅਦਾਲਤ ਵਿੱਚ ਕੇਸ ਕਰ ਦਿੱਤਾ ਸੀ, ਇਸ ਕੇਸ ਵਿੱਚ 12 ਦਸੰਬਰ 2009 ਨੂੰ ਮੇਰੀ ਪਹਿਲੀ ਪੇਸ਼ੀ ਸੀ, 10 ਸਤੰਬਰ 2012 ਨੂੰ ਇਹ ਕੇਸ ਰੱਦ ਹੋ ਗਿਆ ਸੀ। ਅਫਸੋਸ ਪਿੰਡ ਦੇ ਹੋਰ ਦਲਿਤਾਂ ਨੇ ਤਾਂ ਮੇਰਾ ਕੀ ਸਾਥ ਦੇਣਾ ਸੀ, ਜਿਹੜੀ ਇਸਤਰੀ ਦੇ ਲੱਤ ਮਾਰੀ ਸੀ ਉਸ ਨੇ ਵੀ ਮੇਰਾ ਸਾਥ ਨਹੀਂ ਦਿੱਤਾ। ਇਸੇ ਸਾਧ ਨੇ ਫਿਰ ਪਿੰਡ ਖੁਡਾਲ ਕਲਾਂ ਦੇ ਡੇਰੇ ਵਿੱਚ ਦਲਿਤਾਂ ਨੂੰ ਸੇਵਾ ਕਰਨ ਤੋਂ ਰੋਕ ਕੇ ਉਹਨਾ ਨੂੰ ਜਾਤੀ ਤੌਰ ਤੇ ਅਪਮਾਨਿਤ ਕੀਤਾ, 1 ਸਤੰਬਰ 2009 ਨੂੰ ਮੈਂ ਇਹ ਖਬਰ ਵੀ ਰੋਜਾਨਾ ਸਪੋਕਸਮੈਨ ਵਿੱਚ ਲਾ ਦਿੱਤੀ ਕਿ ਸਾਧ ਨੇ ਇਸ ਤਰ੍ਹਾਂ ਦਲਿਤਾਂ ਦਾ ਅਪਮਾਨ ਕੀਤਾ ਹੈ, ਇਸ ਬਾਰ ਵੀ ਸਾਧ ਨੇ ਮੇਰੇ ਉੱਤੇ ਅਦਾਲਤ ਵਿੱਚ ਫਿਰ ਕੇਸ ਕਰ ਦਿੱਤਾ।
  
ਇਸ ਕੇਸ ਦੀ ਪਹਿਲੀ ਪੇਸ਼ੀ 2 ਅਗਸਤ 2014 ਦੀ ਸੀ, 7 ਸਤੰਬਰ 2015 ਨੂੰ ਇਹ ਕੇਸ ਵੀ ਰੱਦ ਹੋ ਗਿਆ ਸੀ। ਇਸ ਕੇਸ ਵਿੱਚ 8-10 ਬੰਦਿਆਂ ਨੇ ਅੱਗੇ ਹੋ ਕੇ ਖਬਰ ਦਿੱਤੀ ਸੀ, ਪਰ ਅਖੀਰ ਦੋ ਬੰਦੇ ਹੀ ਮੇਰੇ ਨਾਲ ਰਹਿ ਗਏ ਸਨ ਬਾਕੀ ਸੱਭ ਪਿੱਛੇ ਹਟ ਗਏ ਸਨ। ਇੱਕ ਬਾਰ 13 ਮਾਰਚ 2009 ਨੂੰ ਪਿੰਡ ਭਖੜਿਆਲ ਦੇ ਸਾਧ ਗੁਰਮੇਲ ਦਾਸ ਨੇ ਉੱਥੋਂ ਦੇ ਐੱਸ ਸੀ ਸਰਪੰਚ ਮਹਿੰਦਰ ਸਿੰਘ ਸਮੇਤ ਪਿੰਡ ਦੇ ਸਮੂੰਹ ਦਲਤਿਾਂ ਨੂੰ ਇੱਕ ਭੰਡਾਰੇ ਸਮੇਂ ਡੇਰੇ ਦੇ ਅੰਦਰਲੇ ਗੇਟ ਤੋਂ ਅਗਲੇ ਪਾਸੇ ਬਹਿ ਕੇ ਲੰਗਰ ਛੱਕਣ ਤੋਂ ਰੋਕ ਦਿੱਤਾ ਸੀ, ਉਹਨਾ ਨੇ ਖੁਦ ਪ੍ਰੈਸਨੋਟ ਟਾਇਪ ਕਰਵਾ ਕੇ ਸਰਪੰਚ ਦੀ ਮੋਹਰ ਅਤੇ ਦਸਤਖਤ ਕਰਵਾ ਕੇ ਦਿੱਤਾ ਸੀ, ਅਸੀਂ (ਮੈਂ ਅਤੇ ਅਜੀਤ ਅਖਬਾਰ ਦਾ ਪੱਤਰਕਾਰ) ਖੁਦ ਵੀ ਸਰਪੰਚ ਦੇ ਘਰ ਜਾ ਕੇ ਗੱਲਬਾਤ ਕੀਤੀ, ਫਿਰ ਡੇਰੇ ਦੇ ਸਾਧ ਨੂੰ ਵੀ ਮਿਲੇ, ਸਾਧ ਨੇ ਵੀ ਸਰਪੰਚ ਵੱਲੋਂ ਦੱਸੀਆਂ ਗੱਲਾਂ ਦੀ ਪੁਸ਼ਟੀ ਕਰਦਿਆਂ ਕਿਹਾ ਸੀ ਕਿ ਡੇਰੇ ਵਿੱਚ ਵਿਤਕਰਾ ਤਾਂ ਕੋਈ ਨਹੀਂ ਹੈ ਪਰ ਦਲਿਤਾਂ ਦੀ ਪੰਗਤ ਇਸ ਚਾਰਦਿਵਾਰੀ ਤੋਂ ਬਾਹਰ ਹੁੰਦੀ ਹੈ, ਉਹ ਅੰਦਰਲੇ ਪਾਸੇ ਬਹਿ ਕੇ ਲੰਗਰ ਨਹੀਂ ਛੱਕ ਸਕਦੇ, ਸਮਾਧ ਨੂੰ ਮੱਥਾ ਤਾਂ ਟੇਕ ਸਕਦੇ ਹਨ, ਪਰ ਚਾਰਦਿਵਾਰੀ ਤੋਂ ਬਾਹਰ ਖੜ੍ਹ ਕੇ ਹੀ ਟੇਕ ਸਕਦੇ ਹਨ ਅੰਦਰ ਨਹੀਂ ਆ ਸਕਦੇ, ਉਸ ਸਮੇਂ 13 ਮਾਰਚ 2009 ਨੂੰ ਵੀ ਇਹ ਖਬਰ ਸਿਰਫ ਮੈਂ ਹੀ ਲਾਈ ਸੀ, ਇਸ ਖਬਰ ਤੇ ਪੜਤਾਲ ਵੀ ਹੋਈ ਸੀ, ਇਸ ਖਬਰ ਦੇ ਅਧਾਰ ਤੇ ਹੀ ਕਿਸੇ ਸਮੇਂ ਬਹੁਜਨ ਸਮਾਜ ਪਾਰਟੀ ਦੇ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਰਹੇ ਮੇਜਰ ਪ੍ਰਿਤਪਾਲ ਸਿੰਘ ਵੀ ਲੁਧਿਆਣੇ ਤੋਂ ਪਿੰਡ ਭਖੜਿਆਲ ਸਰਪੰਚ ਨੂੰ ਮਿਲ ਕੇ ਗਏ ਸੀ, ਪਰ ਕਿਸੇ ਹੋਰਨੇ ਧੰਨਵਾਦ ਤਾਂ ਕੀ ਕਰਨਾ ਸੀ, ਉਲਟਾ ਉਸ ਸਮੇਂ ਐੱਸ ਸੀ ਕਮਿਸ਼ਨ ਦੇ ਚੇਅਰਮੈਨ ਦਲੀਪ ਸਿੰਘ ਪਾਂਧੀ ਦਾ ਫੋਨ ਆਇਆ ਸੀ ਕਿ ਅਜਿਹੀਆਂ ਖਬਰਾਂ ਨਾ ਲਾਇਆ ਕਰੋ।
    
ਹਰਲਾਜ ਸਿੰਘ ਬਹਾਦਰਪੁਰ
   ਪਿੰਡ ਤੇ ਡਾਕ : ਬਹਾਦਰਪੁਰ
   ਤਹਿ: ਬੁਢਲਾਡਾ,ਜਿਲ੍ਹਾ ਮਾਨਸਾ (ਪੰਜਾਬ)  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.