ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਮਿਸ਼ਨਰੀ
ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉੱਚਤਾ ਬਾਰੇ **“ਵਿਸ਼ਵ ਸਿੱਖ ਕਾਨਫਰੰਸ ਇੰਡੀਆਨਾ ਐਪਲਸ”ਵਿਖੇ ਦਾਸ ਵੱਲੋਂ ਕੀਤੀ ਗਈ ਤਕਰੀਰ*
ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉੱਚਤਾ ਬਾਰੇ **“ਵਿਸ਼ਵ ਸਿੱਖ ਕਾਨਫਰੰਸ ਇੰਡੀਆਨਾ ਐਪਲਸ”ਵਿਖੇ ਦਾਸ ਵੱਲੋਂ ਕੀਤੀ ਗਈ ਤਕਰੀਰ*
Page Visitors: 2616

ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉੱਚਤਾ ਬਾਰੇ **“ਵਿਸ਼ਵ ਸਿੱਖ ਕਾਨਫਰੰਸ ਇੰਡੀਆਨਾ ਐਪਲਸ”ਵਿਖੇ ਦਾਸ ਵੱਲੋਂ ਕੀਤੀ ਗਈ ਤਕਰੀਰ*
*ਅਵਤਾਰ ਸਿੰਘ ਮਿਸ਼ਨਰੀ* *(5104325827 <%285104325827>)*
ਗੁਰਮਤਿ ਪ੍ਰਚਾਰ ਸੁਸਾਇਟੀ ਇੰਡੀਆਨਾ ਐਪਲਸ, ਹੋਰ ਹਮ ਖਿਆਲੀ ਪੰਥਕ ਜਥੇਬੰਦੀਆਂ ਅਤੇ ਵਿਸ਼ੇਸ਼ ਕਰਕੇ ਸ੍ਰ. ਦਲਜੀਤ ਸਿੰਘ ਇੰਡਿਆਨਾਂ (ਅਖੌਤੀ ਸੰਤਾਂ ਦੇ ਕੌਤਕ ਫੇਸ ਬੁੱਕ ਗਰੁੱਪ) ਦੇ ਉਦਮ,ਉਤਸ਼ਾਹ ਅਤੇ ਸਹਿਯੋਗ ਨਾਲ ੪ ਅਕਤੂਬਰ ਸੰਨ ੨੦੧੪ ਦਿਨ ਸ਼ਨੀਵਾਰ ਨੂੰ ਇੰਡਿਆਨਾ ਐਪਲਸ ਵਿਖੇ *“ਵਿਸ਼ਵ ਸਿੱਖ ਕਾਨਫਰੰਸ”* ਦਾ ਅਯੋਜਨ ਕੀਤਾ ਗਿਆ। ਦਾਸ ਨੂੰ ਇਸ ਕਾਨਫਰੰਸ ਵਿੱਚ ਸਭ ਤੋਂ ਪਹਿਲਾਂ ਬੋਲਣ ਦਾ ਸੁਭਾਗ ਪ੍ਰਾਪਤ ਹੋਇਆ। ਦਾਸ ਨੇ ਆਰੰਭ ਵਿੱਚ ਅਕਾਲ ਪੁਰਖ, ਗੁਰੂ ਗ੍ਰੰਥ ਸਾਹਿਬ,ਸਿੱਖ ਸੰਗਤਾਂ ਅਤੇ ਕਾਨਫਰੰਸ ਦੇ ਪ੍ਰਬੰਧਕਾਂ ਦਾ ਧੰਨਵਾਦ ਕਰ, ਫਤਿਹ ਬੁਲਾ ਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉੱਚਤਾ ਬਾਰੇ ਬੋਲਦਿਆਂ ਗੁਰਮਤਿ ਵਿਚਾਰ ਪੇਸ਼ ਕੀਤੇ ਕਿ ਸਰਬਉੱਚ ਦੁਨੀਆਂ ਵਿੱਚ ਪ੍ਰਮਾਤਮਾਂ ਅਤੇ ਉਸ ਦਾ ਰੱਬੀ ਗਿਆਨ ਹੀ ਹੈ ਜੋ ਭਗਤਾਂ, ਭੱਟਾਂ, ਗੁਰਸਿੱਖਾਂ ਅਤੇ ਸਿੱਖ ਗੁਰੂ ਸਾਹਿਬਾਨਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਵਿਖੇ ਸੁਭਾਇਮਾਨ ਹੋਇਆ। ਗੁਰੂ ਗ੍ਰੰਥ ਸਾਹਿਬ ਜੀ ਬਾਕੀ ਗ੍ਰੰਥਾਂ ਨਾਲੋਂ ਸਰਬਉੱਚ ਇਸ ਲਈ ਹਨ ਕਿ ਇਹ ਕੇਵਲ ਤੇ ਕੇਵਲ ਇੱਕ ਕਰਤਾਰ ਦੀ ਸਿਫਤ ਸਲਾਹ ਕਰਨ, ਸਰਬ ਸਾਂਝੀਵਾਲਤਾ ਰੱਖਣ, ਸਾਰੀ ਮਨੁੱਖਾ ਜਾਤ ਨੂੰ ਇੱਕ ਸਮਝਣ, ਮਰਦ ਅਤੇ ਇਸਤਰੀ ਨੂੰ ਬਰਾਬਰ ਹੱਕ ਦੇਣ, ਕਿਰਤ ਕਰਨ, ਵੰਡ ਛੱਕਣ, ਨਾਮ ਜਪਣ, ਗਿਆਨ ਵਿਗਿਆਨ ਦੀ ਖੋਜ ਕਰਨ,ਵਿਸ਼ੇ ਵਿਕਾਰਾਂ ਤੇ ਮਾਰੂ ਨਸ਼ਿਆਂ ਦਾ ਤਿਆਗ ਕਰਨ, ਥੋਥੇ ਕਰਮਕਾਂਡ ਤੇ ਵਹਿਮ-ਭਰਮ ਛੱਡਣ, ਮਖੱਟੂ ਤੇ ਪਾਖੰਡੀ ਸਾਧਾਂ ਸੰਤਾਂ ਤੋਂ ਬਚਣ, ਅਖੌਤੀ ਦੇਵੀ ਦੇਵਤਿਆਂ, ਦੈਂਤਾਂ, ਫਰਜੀ ਨਰਕਾਂ,ਸਵੱਰਗਾਂ, ਪੀਰਾਂ-ਸ਼ੀਰਾਂ ਤੇ ਅਵਤਾਰਾਂ ਦੀ ਪੂਜਾ ਨਾਂ ਕਰਨ, ਸੰਗਰਾਂਦ, ਮੱਸਿਆ,ਪੁੰਨਿਆਂ, ਪੰਚਕਾਂ ਆਦਿਕ ਚੰਗੇ ਮੰਦੇ ਦਿਨਾਂ ਦੀ ਮੰਨਤ ਨਾਂ ਮੰਨਣ, ਬਾਮਣਾਂ, ਮੌਲਵੀਆਂ, ਜੋਗੀਆਂ, ਜੋਤਸ਼ੀਆਂ, ਭੇਖੀ ਸੰਤਾਂ, ਸੁਆਰਥੀ ਪ੍ਰਚਾਰਕਾਂ ਅਤੇ ਕਮਰਸ਼ੀਅਲ ਪ੍ਰਬੰਧਕਾਂ ਦਾ ਖਹਿੜਾ ਛੱਡਣ, ਰਾਜਨੀਤਕ ਅਤੇ ਧਾਰਮਿਕ ਨੇਤਾਵਾਂ ਦੀ ਜੀ ਹਜੂਰੀ ਨਾਂ ਕਰਨ, ਕਾਣੀ ਵੰਡ ਛੱਡਣ, ਸੰਤ ਸਿਪਾਹੀ ਬਿਰਤੀ ਦੇ ਧਾਰਨੀ ਹੋਣ, ਪਰਉਪਕਾਰੀ ਬਣਨ, ਝੂਠ ਦਾ ਤਿਆਗਣ,  ਸੱਚ ਬੋਲਣ, ਮਨੁੱਖਤਾ ਦੀ ਸੇਵਾ ਕਰਦੇ ਔਗੁਣ ਤਿਆਗ ਕੇ, ਸ਼ੁਭ ਗੁਣ ਧਾਰਨ ਕਰਨ ਦੀ ਸਰਬਉੱਚ ਸਿਖਿਆ ਦਿੰਦਾ ਹੈ। ਇਸ ਪਵਿੱਤਰ ਗ੍ਰੰਥ ਵਿੱਚ ਸਿੱਖ ਗੁਰੂਆਂ ਦੇ ਨਾਲ ਨਾਲ ਉਨ੍ਹਾਂ ਹਿੰਦੂ ਭਗਤਾਂ, ਸੂਫੀ ਮੁਸਲਮਾਨਾਂ ਅਤੇ ਦਲਿਤਾਂ ਦੀ ਸਰਬਸਾਂਝੀ ਬਾਣੀ ਵੀ ਦਰਜ ਹੈ ਜਿਨ੍ਹਾਂ ਦੇ ਵਿਚਾਰ ਕ੍ਰਾਂਤੀਕਾਰੀ ਅਤੇ ਗੁਰਮਤਿ ਨਾਲ ਮੇਲ ਖਾਂਦੇ ਸਨ।
ਅੱਜ ਸਾਨੂੰ ਇਸ ਸਾਰੀ ਬਾਣੀ ਦਾ ਡੂੰਘਾ ਅਧਿਐਨ ਕਰਕੇ, ਅਨੰਦ ਮਾਨਣਾਂ, ਉਸ ਅਨੁਸਾਰ ਆਪ ਜੀਵਨ ਜੀਣਾਂ ਅਤੇ ਮਨੁੱਖਤਾ ਦੀ ਭਲਾਈ ਲਈ ਹੋਰਨਾਂ ਨੂੰ ਵੀ ਵੰਡਣਾਂ, ਅਜੋਕੇ ਮੀਡੀਏ ਅਤੇ ਇਲੈਕਟ੍ਰੌਨਿਕ ਸਾਧਨਾਂ ਰਾਹੀਂ ਵੱਧ ਤੋਂ ਵੱਧ ਇਸ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਗੁਰੂ ਸਹਿਬਾਨਾਂ ਨੇ ਇਸ ਪਵਿਤ੍ਰ ਗ੍ਰੰਥ ਨੂੰ ਸ਼ਬਦ ਗੁਰੂ ਗਿਅਨ ਦੀ ਪਦਵੀ ਪ੍ਰਦਾਨ ਕਰਦੇ ਹੁਕਮ ਕੀਤਾ ਹੈ ਕਿ-
*ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ ।**(ਅਰਦਾਸੀ ਦੋਹਿਰਾ)*
ਇਸ ਸਰਬਕਾਲੀ ਅਤੇ ਸਦੀਵੀ ਸਚਾਈ ਨੂੰ ਬਰਦਾਸ਼ਤ ਨਾਂ ਕਰਦੇ ਹੋਏ, ਅਨਮੱਤੀ ਖਾਸ ਕਰਕੇ ਬ੍ਰਾਹਮਣ ਮੱਤੀ ਲੋਕ, ਸ਼ੁਰੂ ਤੋਂ ਹੀ ਇਸ ਦੀ ਕਿਸੇ ਨਾਂ ਕਿਸੇ ਤਰੀਕੇ ਵਿਰੋਧਤਾ ਕਰਦੇ ਆਏ ਹਨ ਜੋ ਗੁਰੂ ਕਾਲ ਵੇਲੇ ਤਾਂ ਸਫਲ ਨਾਂ ਹੋ ਸੱਕੇ ਅੱਜ ਖੂਬ ਸਰਗਰਮ ਹਨ। ਦੂਜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਲਿਖਣ ਢੰਗ ਹੀ ਐਸਾ ਹੈ ਕਿ ਇਸ ਵਿੱਚ ਰਲਾ ਹੋ ਹੀ ਨਹੀਂ ਸਕਦਾ। ਫਿਰ ਇਨ੍ਹਾਂ ਨੇ ਨਿਰਮਲੇ ਅਤੇ ਉਦਾਸੀ ਭੇਖ ਵਿੱਚ ਸਿੱਖੀ ਬਾਣਾ ਧਾਰਨ ਕਰਕੇ, ਸਿੱਖ ਪੰਥ ਵਿੱਚ ਘੁਸਪੈਠ ਕੀਤੀ। ਇਨ੍ਹਾਂ ਲੋਕਾਂ ਨੇ ਮਰਯਾਦਾ ਅਤੇ ਧਰਮ ਦੇ ਨਾਂ ਤੇ ਕਈ ਮਨਘੜਤ ਗ੍ਰੰਥ ਲਿਖੇ ਅਤੇ ਉਨ੍ਹਾਂ ਦੀ ਕਥਾ ਗੁਰਦੁਆਰਿਆਂ ਵਿੱਚ ਪ੍ਰਚਲਿਤ ਕਰ ਦਿੱਤੀ। ਓਧਰ ਸਿੱਖਾਂ ਨੂੰ ਦੁਸ਼ਮਣ ਨਾਲ ਲੜਾਈ ਲੜਦੇ ਘਰ-ਘਾਟ ਛੱਡ ਕੇ ਲੰਮਾਂ ਸਮਾਂ ਜੰਗਲਾਂ ਵਿੱਚ ਰਹਿਣਾ ਪਿਆ। ਉਸ ਸਮੇਂ ਦੌਰਾਨ ਪੰਥ ਦੋਖੀਆਂ ਨੇ ਬਚਿੱਤਰ ਨਾਟਕ, ਸਰਬਲੋਹ ਅਤੇ ਗੁਰਬਿਲਾਸ ਪਾਤਸ਼ਗਹੀ ਛੇਵੀਂ ਆਦਿਕ ਗ੍ਰੰਥ ਲਿਖੇ। ਅੱਜ ਇਹ ਲੋਕ ਡੇਰੇਦਾਰ ਸੰਪ੍ਰਦਾਈਆਂ ਦੇ ਰੂਪ ਵਿੱਚ ਬਚਿੱਤਰ ਨਾਟਕ ਨੂੰ
*“ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ”*
ਕਹਿ ਕੇ
*“ਗੁਰੂ ਗ੍ਰੰਥ ਸਾਹਿਬ” *
ਦੇ ਬਰਾਬਰ ਪ੍ਰਕਾਸ਼ ਕਰਦੇ ਹਨ। ਇੱਥੋਂ ਤੱਕ ਕਿ ਖੰਡੇ ਦੀ ਪਾਹੁਲ ਵਾਲੀ ਮਰਯਾਦਾ ਵਿੱਚ ਵੀ ਇਨ੍ਹਾਂ ਭੱਦਰਪੁਰਸ਼ਾਂ ਦੀ ਬੇਈਮਾਨੀ ਅਤੇ ਚਲਾਕੀ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਥਾਂ ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਵੀ ਧੱਕੇ ਨਾਲ ਘਸੋੜ ਦਿੱਤੀਆਂ ਹਨ। ਸ੍ਰੀ ਅਕਾਲ ਤਖਤ ਅੰਮ੍ਰਿਤਸਰ (ਪੰਜਾਬ)ਜਿੱਥੇ ਸਰਬੱਤ ਖਾਲਸਾ ਇਕੱਠਾ ਹੋ ਕੇ ਮਤੇ-ਗੁਰਮਤੇ ਕਰਿਆ ਕਰਦਾ ਸੀ ਤੇ ਫਿਰ ਸਾਰਿਆਂ ਦੀ ਸਮਤੀ ਨਾਲ ਸੰਗਤ ਚੋਂ ਵਕਤੀ ਤੌਰਤੇ ਚੋਣਵੇਂ ਪੰਜ ਸਿੰਘ, ਉਹ ਗੁਰਮਤਾ ਸੰਗਤ ਦੇ ਨਾਂ ਜਾਰੀ ਕਰਦੇ ਸਨ। ਪਰ ਅੱਜ ਕਾਬਜ ਹਾਕਮ ਧੜੇ ਦੇ ਪੰਜ ਪੁਜਾਰੀ
ਇਕੱਠੇ ਹੋ ਕੇ, ਆਪਣੀ ਪਾਰਟੀ ਦੇ ਵਿਰੋਧੀਆਂ ਨੂੰ ਪੰਥ ਚੋਂ ਹੀ ਛੇਕ ਦਿੰਦੇ ਹਨ। ਜਥੇਦਾਰ ਦਾ ਹੁਕਮਨਾਮਾਂ ਅਕਾਲ ਪੁਰਖ ਦਾ ਹੁਕਮ ਕਿਹਾ ਜਾਂਦਾ ਹੈ। ਸਿੱਖਾਂ ਨੂੰ ਤਾਂ ਗੁਰੂ ਦਾ ਹੁਕਮ ਸੀ ਕਿ ਹੁਕਮਨਾਮਾਂ ਕੇਵਲ ਗੁਰੂ ਦਾ ਮੰਨਣਾਂ ਹੈ ਪਰ ਮੰਨਿਆਂ ਜਾਂ ਮਨਵਾਇਆ ਪਾਰਟੀਬਾਜ ਜਥੇਦਾਰ ਦਾ ਜਾ ਰਿਹਾ ਹੈ। ਐਸ ਵੇਲੇ ਸਭ ਤੋਂ ਵੱਡੀ ਚੁਣੌਤੀ ਗੁਰੂ ਗ੍ਰੰਥ ਸਾਹਿਬ ਦੀ ਸਰਬਉੱਚਤਾ ਨੂੰ ਅਖੌਤੀ ਜਥੇਦਾਰਾਂ ਅਤੇ ਉਨ੍ਹਾਂ ਦੇ ਅਕਾਵਾਂ ਰਾਜਨੀਤਕ ਲੀਡਰਾਂ ਤੋਂ ਹੈ। ਦੇਖੋ ਫੋਕੇ ਨਾਅਰੇ ਗੁਰੂ ਗ੍ਰੰਥ ਮਹਾਨ ਹੈ ਦੇ ਮਾਰਦੇ ਹਨ ਪਰ ਮਹਾਨ ਕਿਸੇ ਵਿਸ਼ੇਸ਼ ਸੰਤ, ਡੇਰੇਦਾਰ ਜਾਂ ਤਖਤ ਦੇ
ਜਥੇਦਾਰ ਨੂੰਮੰਨਦੇ ਹਨ। ਐਸ ਵੇਲੇ ਸਭ ਤੋਂ ਵੱਡਾ ਪੰਥਕ ਫੁੱਟ ਦਾ ਕਾਰਨ ਗੁਰੂ ਗ੍ਰੰਥ ਦਾ ਹੁਕਮ ਨਾਂ ਮੰਨਣਾਂ, ਬਰਾਬਰ ਹੋਰ ਹੋਰ ਗ੍ਰੰਥ ਪ੍ਰਕਾਸ਼ ਕਰਨੇ, ਗੁਰੂ ਗ੍ਰੰਥ ਦੇ ਸਿਧਾਂਤ ਤੋਂ ਬਾਹਰੀਆਂ ਵੱਖ ਵੱਖ ਮਰਯਾਦਾ ਲਾਗੂ ਕਰਨੀਆਂ, ਸਿੱਖਾਂ ਦੀ ਵੱਖਰੀ ਪਹਿਚਾਨ ਦਾ ਪ੍ਰਤੀਕ ਅਸਲੀ
ਨਾਨਕਸ਼ਾਹੀ ਕੈਲੰਡਰ ਲਾਗੂ ਨਾਂ ਕਰਨਾਂ ਅਤੇ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਉੱਪਰ ਬ੍ਰਾਹਮਣਵਾਦੀ ਪਾਰਟੀ ਭਾਜਪਾ ਦੇ ਹਮਾਇਤੀ ਮਨਮੱਤੀਏ ਬਾਦਲ ਦਲੀਆਂ ਦਾ ਕਬਜਾ ਹੋਣਾਂ, ਗੁਰਬਾਣੀ ਨੂੰ ਆਪ ਪੜ੍ਹਨ, ਵਿਚਾਰਨ ਅਤੇ ਧਾਰਨ ਦੀ ਥਾਂ ਭਾੜੇ ਦੇ ਪਾਠ, ਕਥਾ, ਕੀਰਤਨ ਅਤੇ ਅਰਦਾਸਾਂ ਕਰੌਣੀਆਂ, ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਮੂਰਤੀਆਂ ਵਾਂਗ ਪੂਜਾ ਕਰਨੀ, ਕੇਵਲ ਮੱਥੇ ਟੇਕਣੇ, ਸੁੱਖਣਾ ਸੁੱਖਣੀਆਂ, ਧੂਫਾਂ ਧੁਖਾਉਣੀਆਂ, ਵੱਖ ਵੱਖ ਪਾਰਟੀਆਂ ਬਣਾ ਕੇ, ਭਰਾ ਮਾਰੂ ਜੰਗ ਵਿੱਚ ਉਲਝਣਾ ਆਦਿਕ ਹੋਰ ਵੀ ਐਸੇ ਅਨੇਕਾਂ ਕਾਰਨ ਹਨ ਜਿੰਨ੍ਹਾਂ ਕਰਕੇ ਖਾਲਸਾ ਪੰਥ ਢਹਿੰਦੀਆਂ ਕਲਾਂ ਵਿੱਚ ਜਾ ਰਿਹਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉੱਚਤਾ ਨੂੰ ਢਾਹ ਲੱਗ ਰਹੀ ਹੈ। ਸੋ ਅੱਜ ਸਾਨੂੰ ਅਜਿਹੀਆਂ ਕਾਨਫਰੰਸਾਂ ਰਾਹੀਂ-
*ਹੋਇ ਇਕੱਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥
 ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ
॥(੧੧੮੫) *
ਦੇ ਮਹਾਂਵਾਕ ਤੇ ਅਮਲ ਕਰ, ਇੱਕ ਪੰਥਕ ਕਾਫਲਾ ਬਣਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉੱਚਤਾ ਨੂੰ ਬਹਾਲ ਕਰਨਾ ਚਾਹੀਦਾ ਹੈ ਜੋ ਸਾਡੇ ਸਾਰੇ ਮਸਲਿਆਂ ਦਾ ਢੁੱਕਵਾਂ ਹੱਲ ਹੈ। 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.