ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਮਿਸ਼ਨਰੀ
*ਭੋਗ ਪਾਇਆ, ਭੋਗ ਲੱਗੇ ਅਤੇ ਸੀਤਪ੍ਰਸਾਦ?*
*ਭੋਗ ਪਾਇਆ, ਭੋਗ ਲੱਗੇ ਅਤੇ ਸੀਤਪ੍ਰਸਾਦ?*
Page Visitors: 2746

*ਭੋਗ ਪਾਇਆ, ਭੋਗ ਲੱਗੇ ਅਤੇ ਸੀਤਪ੍ਰਸਾਦ?*
*ਅਵਤਾਰ ਸਿੰਘ ਮਿਸ਼ਨਰੀ (5104325827)*
ਆਪੋ ਆਪਣੀ ਥਾਂ ਤੇ ਸਾਰੇ ਲਫਜ ਜਾਂ ਸ਼ਬਦ ਠੀਕ ਹੁੰਦੇ ਹਨ ਪਰ ਅਗਿਆਨਤਾ ਜਾਂ ਬਦਨੀਤ ਨਾਲ ਉਨ੍ਹਾਂ ਦੀ ਪ੍ਰਕਰਨ ਤੋਂ ਬਾਹਰ ਜਾ ਕੇ ਵਰਤੋਂ ਕਰਨੀ ਹੀ ਮਾੜੀ ਹੈ, ਅਜਿਹਾ ਹੀ ਕੁਝ ਭੋਗ ਲਫਜ ਨਾਲ ਕੀਤਾ ਗਿਆ ਹੈ। *ਗੁਰਮਤਿ ਸਿਧਾਂਤਾਂ ਨੂੰ ਛੱਡ ਕੇ ਸੰਪ੍ਰਦਾਈ, ਟਕਸਾਲੀ ਅਤੇ ਡੇਰੇਦਾਰ ਅਰਦਾਸ ਵਿੱਚ **“ਭੋਗ ਪਾਇਆ,** ਭੋਗ ਲੱਗੇ  ਅਤੇ ਸੀਤਪ੍ਰਸਾਦ ਸੰਗਤ ਚ’ ਵਰਤੇ**”** ਕਹਿਣ ਦੀ ਅੜੀ ਕਰਦੇ ਹਨ, ਅਜਿਹਾ ਕਿਉਂ? *ਆਓ ਸਭ ਤੋਂ ਪਹਿਲਾਂ ਆਪਾਂ ਭੋਗ ਲਫਜ ਬਾਰੇ ਜਾਣੀਏਂ। ਭੋਗ ਸੰਸਕ੍ਰਿਤ ਦਾ ਲਫਜ ਹੈ ਜਿਸ ਦੇ ਸੰਸਕ੍ਰਿਤ ਵਿੱਚ ਅਰਥ ਹਨ-ਝੁਕਣਾਂ, ਅਨੰਦ ਲੈਣਾ, ਭੋਗਣਾ ਅਤੇ ਸੁਖ ਦੁਖ ਦਾ ਅਨੁਭਵ ਕਰਨਾ, ਸਮਾਪਤੀ, ਅੰਤ, ਇੰਦ੍ਰੀਆਂ ਕਰਕੇ ਗ੍ਰਹਿਣ ਕਰੇ ਪਦਾਰਥਾਂ ਤੋਂ ਉਪਜਿਆ ਅਨੰਦ, ਇਸਤਰੀ ਪੁਰਖ ਦਾ ਸੰਗਮ, ਮੈਥਨ, ਸੱਪ ਦਾ ਫੰਨ, ਧੰਨ, ਸੁਖ, ਅਨੰਦ, ਭੋਜਨ ਅਤੇ ਦੇਵਤਾ ਨੂੰ ਅਰਪਿਆ ਪ੍ਰਸਾਦ ਆਦਿਕ।
ਭੋਗ ਸੋਨ-ਮਾਇਆ ਦੇ ਭੋਗ। *ਭੋਗਾ*-ਭੋਗਣ ਵਾਲਾ। *ਭੋਗਿ*-ਭੋਗ ਵਿੱਚ। *ਭੋਗੁ*-ਪਦਾਰਥ-*ਦੇਂਦਾ ਰਹੈ ਨ ਚੂਕੈ ਭੋਗੁ॥ ਭੋਗੀ*-ਭੋਗਣ ਵਾਲਾ।(ਮਹਾਨ ਕੋਸ਼) *ਭੋਗ ਪਾਇਆ*-ਸਮਾਪਤ ਕੀਤਾ, ਖਤਮ ਕੀਤਾ, ਪਤਾ ਨਾਂ ਲੱਗਣ ਦਿੱਤਾ (ਫਲਾਨੇ ਨੇ ਤਾਂ ਇਸ ਗੱਲ ਦਾ ਭੋਗ ਵੀ ਨਹੀਂ ਪਾਇਆ) ਭਾਈ ਕਾਨ੍ਹ ਸਿੰਘ ਨ੍ਹਾਭਾ ਗੁਰਮਤਿ ਮਾਰਤੰਡ ਦੇ ਪੰਨਾ ੭੩੯  ਲਿਖਦੇ ਹਨ ਕਿ-ਕਰਤਾਰ ਦੇ ਪ੍ਰੇਮੀ ਉਸ ਦੀ ਦਾਤ ਸਮਝ ਕੇ ਸੰਜਮ ਨਾਲ, ਮਰਯਾਦਾ ਅਨੁਸਾਰ ਭੋਗਾਂ ਨੂੰ ਭੋਗਦੇ ਅਰ ਅਨੰਦ ਲੈਂਦੇ ਹਨ ਪਰ ਅਗਯਾਨੀ ਮੂਰਖ ਭੋਗਾਂ ਤੋਂ ਭੋਗੇ ਜਾਂਦੇ ਹਨ ਅਰ ਅੰਤ ਨੂੰ ਦੁੱਖ ਸਮੁੰਦਰ ਵਿੱਚ ਗੋਤੇ ਖਾਂਦੇ ਹਨ-
*ਮੂਰਖੁ ਭੋਗੇ ਭੋਗੁ ਦੁਖ ਸਬਾਇਆ॥(੧੩੯)
ਭੋਗਹੁ ਰੋਗ ਸੁ ਅੰਤਿ ਵਿਗੋਵੈ॥(੧੦੩੪)*
ਮਾਲਕ ਨੂੰ ਵਿਸਾਰ ਕੇ, ਭੋਗਾਂ ਦੇ ਰਸ ਵਿੱਚ ਫਸਣ ਨਾਲ ਸਰੀਰ ਵਿੱਚ ਰੋਗ ਪੈਦਾ ਹੋ ਜਾਂਦੇ ਹਨ-
*ਖਸਮੁ ਵਿਸਾਰਿ ਕੀਏ ਰਸ ਭੋਗ॥ ਤਾ ਤਨਿ ਉਠਿ ਖਲੋਏ ਰੋਗ॥(੧੨੫੬)*
ਨੋਟ-ਅੱਜ ਕੱਲ੍ਹ ਸੰਪ੍ਰਦਾਈ, ਟਕਸਾਲੀ, ਡੇਰੇਦਾਰ ਅਤੇ ਇਨ੍ਹਾਂ ਦੇ ਵਿਦਿਆਲਿਆਂ ਚੋਂ ਪੜ੍ਹੇ ਪਾਠੀ, ਗ੍ਰੰਥੀ ਤੇ ਰਾਗੀ *"ਭੋਗ ਲੱਗੇ**, ਭੋਗ ਪਾਇਆ ਅਤੇ ਸੀਤ ਪ੍ਰਸਾਦ"* ਲਫਜ ਅਰਦਾਸ ਵਿੱਚ ਸ਼ਰੇਆਮ ਵਰਤਦੇ ਹਨ। ਪੰਥਕ ਗਿਆਨੀ ਜਾਂ ਪਾਠੀ  *"ਪ੍ਰਵਾਣ ਹੋਵੇ**, ਸਮਾਪਤੀ ਅਤੇ ਕੜਾਹ ਪ੍ਰਸ਼ਾਦ" *ਲਫਜ ਬੋਲਦੇ ਹਨ। ਧਿਆਨ ਨਾਲ ਵਿਚਾਰੀਏ ਤਾਂ ਭੋਗ ਸ਼ਬਦ ਮੂਰਤੀ ਨਾਲ ਸਬੰਧ ਰੱਖਦਾ ਹੈ,ਮੰਦਰਾਂ ਵਿੱਚ ਮੂਰਤੀਆਂ ਅਤੇ ਠਾਕਰਾਂ ਨੂੰ ਪੁਜਾਰੀ ਅਤੇ ਸ਼ਰਧਲੂ ਭੋਗ ਲਵਾਉਂਦੇ ਹਨ। ਇੱਥੋਂ ਤੱਕ ਕਿ ਹਿੰਦੂਆਂ ਵਿੱਚ ਨਵ ਵਿਆਹੀਆਂ ਔਰਤਾਂ ਸ਼ਿਵਲਿੰਗ ਨੂੰ ਵੀ ਭੋਗ ਲਵਾਉਂਦੀਆਂ ਹਨ। ਯਾਦ ਰਹੇ ਕਿ ਭੋਗ ਜਾਨਦਾਰ ਜੀਵ ਭੋਗਦੇ ਹਨ ਅਤੇ ਦੇਵੀ-ਦੇਵਤਿਆਂ, ਪੀਰਾਂ ਜਾਂ ਗੁਰੂਆਂ ਦੀਆਂ ਬੇਜਾਨ ਮੂਰਤੀਆਂ ਨੂੰ ਭੋਗ ਲਵਾਏ ਜਾਂਦੇ ਹਨ।
ਭੋਗ ਦਾ ਅਸਲੀ ਅਰਥ ਤਾਂ ਖਾਣਾ ਅਤੇ ਭੋਗਣਾ (ਅਨੰਦ ਮਾਨਣਾਂ) ਹੈ ਜਦੋਂ ਪਛੂ, ਪੰਛੀ, ਜਾਨਵਰ, ਮਨੁੱਖ ਜਾਂ ਇਸਤਰੀ ਕੋਈ ਪਦਾਰਥ ਖਾਂਦੇ ਹਨ ਤਾਂ ਉਹ ਉਸ ਪਦਾਰਥ ਨੂੰ ਭੋਗਦੇ ਹਨ-
*ਜਿਉਂ ਮਹਾ ਖੁਧਿਆਰਥ ਭੋਗੁ॥(੮੩੮)*
ਅਤੇ ਜੇ ਸੰਤਾਨ ਉਤਪਤੀ ਵਾਸਤੇ ਸਰੀਰਕ ਮੇਲ ਕਰਦੇ ਹਨ ਤਾਂ ਉਹ ਭੋਗ ਕਰਦੇ ਹਨ-
*ਇਸਤ੍ਰੀ ਪੁਰਖੈ ਜਾ ਨਿਸਿ ਮੇਲਾ ਓਥੈ ਮੰਧੁ ਕਮਾਹੀ॥ (੧੨੯੦)*
ਪਰ ਜਦ ਹਵਸ ਪੂਰੀ ਕਰਨ ਲਈ ਕਾਮਕ੍ਰੀੜਾ ਕਰਦੇ ਹਨ ਤਾਂ ਉਹ ਵਿਸ਼ਾਂ ਭੋਗਦੇ ਹਨ-
*ਜੇ ਲਖ ਇਸਤਰੀਆਂ ਭੋਗ ਕਰਹਿ ਨਵ ਖੰਡਿ ਰਾਜੁ ਕਮਾਹਿ॥(੨੬)*
ਸੋ ਜਦ ਦੇ ਪਦਾਰਥ ਬਣੇ ਹਨ ਤੇ ਪਛੂ ਪੰਛੀ ਜਾਨਵਰ ਅਤੇ ਮਨੁੱਖ ਪੈਦਾ ਹੋਏ ਹਨ ਉਹ ਪਦਾਰਥਾਂ ਨੂੰ ਖਾਂਦੇ ਤੇ ਭੋਗਾਂ ਨੂੰ ਭੋਗਦੇ ਆ ਰਹੇ ਹਨ। ਪਦਾਰਥ, ਪ੍ਰਸ਼ਾਦ ਤੇ ਭੋਗ ਪਹਿਲਾਂ ਹੀ ਸੰਸਾਰ ਵਿੱਚ ਮਜੂਦ ਸਨ ਪਰ ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਨੇ ਇਨ੍ਹਾਂ ਨੂੰ ਮਨੁੱਖਤਾ ਦੇ ਭਲੇ ਲਈ ਵਰਤਨ ਦਾ ਉਪਦੇਸ਼ ਦਿੱਤਾ। ਮੰਦਰਾਂ, ਮੱਠਾਂ ਅਤੇ ਮਸਜਿਦਾਂ ਵਿੱਚ ਪ੍ਰਸ਼ਾਦ ਤਾਂ ਪਹਿਲਾਂ ਵੀ ਵੰਡਿਆ ਜਾਂਦਾ ਸੀ ਪਰ ਊਚ ਨੀਚ ਦੇਖ ਕੇ, ਵਿਤਕਰੇ ਨਾਲ ਦਿੱਤਾ ਜਾਂਦਾ ਸੀ। ਗੁਰੂ ਜੀ ਨੇ ਸਾਂਝੀਆਂ ਸੰਗਤਾਂ ਅਤੇ ਪੰਗਤਾਂ ਬਣਾ ਕੇ ਬਿਨਾਂ ਵਿਤਕਰੇ ਅਤੇ ਛੂਆ-ਛਾਤ ਦੇ ਵਰਤਾਉਣਾਂ ਸ਼ੁਰੂ ਕੀਤਾ ਅਤੇ ਇਸ ਨੂੰ ਲੰਗਰ ਅਤੇ ਕੜਾਹ ਪ੍ਰਸ਼ਾਦ ਦੀ ਸੰਗਿਆ ਦਿੱਤੀ।
ਪਹਿਲੇ ਲੋਕ ਜੰਗਲਾਂ ਵਿੱਚ ਰਹਿ ਕੇ ਜਤੀ ਕਹਾਉਂਦੇ ਜਾਂ ਬਹੁ ਇਸਤਰੀ ਵਿਆਹ ਕਰਦੇ ਸਨ ਪਰ ਗੁਰੂਆਂ ਭਗਤਾਂ ਨੇ ਘਰ ਪ੍ਰਵਾਰ ਵਿੱਚ ਰਹਿੰਦਿਆਂ ਹੋਇਆਂ ਕਾਮ ਨੂੰ ਕਾਬੂ ਅਤੇ ਸੰਜਮ ਵਿੱਚ ਰੱਖਣ ਲਈ ਗ੍ਰਿਹਸਤ ਮਾਰਗ ਨੂੰ ਧਾਰਨ ਦਾ ਉਪਦੇਸ਼ ਦਿੱਦੇ ਇੱਕ ਮਰਦ ਨੂੰ ਇੱਕ ਇਸਤਰੀ ਅਤੇ ਇੱਕ ਇਸਤਰੀ ਨੂੰ ਇੱਕ ਮਰਦ ਨਾਲ ਸ਼ਾਦੀ, ਵਿਆਹ ਜਾਂ ਅਨੰਦ ਕਾਰਜ ਕਰਨ ਦਾ ਪੱਕਾ ਹੁਕਮ ਦਿੱਤਾ-
*ਕਿਆ ਗਾਲਾਇਓ ਭੂਛ ਪਰ ਵੇਲਿ ਨ ਜੋਹੇ ਕੰਤ ਤੂ॥
ਨਾਨਕ ਫੁਲਾਂ ਸੰਦੀ ਵਾੜਿ ਖਿੜਿਆ ਹਭੁ ਸੰਸਾਰੁ ਜਿਉ
॥ (੧੦੯੫)*
ਹੇ ਨਾਨਕ ਸੰਸਾਰ ਰੂਪੀ ਵੇਲ ਨਾਲ ਜੋ ਰੰਗ ਬਰੰਗੇ ਜੀਵਾਂ ਦੇ ਫੁੱਲ ਖਿੜੇ ਹਨ ਤੂੰ ਉਨ੍ਹਾਂ ਚੋਂ ਆਪਣੀ ਮਰਜੀ ਨਾਲ ਇੱਕ ਫੁੱਲ ਦਾ ਅਧਿਕਾਰੀ ਹੈ ਭਾਵ ਇੱਕ ਇਸਤ੍ਰੀ ਰੂਪੀ ਫੁੱਲ ਦੀ ਵਿਆਹ ਵਾਸਤੇ ਚੋਣ ਕਰ ਸਕਦਾ ਹੈਂ। ਤੂੰ ਤਾਂ ਹੀ ਅਸਲੀ ਪਤੀ ਹੈ ਜੇ *"ਪਰ ਵੇਲਿ ਨ ਜੋਹਿ"* ਭਾਵ ਪਰਾਈ ਇਸਤ੍ਰੀ ਨਾਲ ਗੈਰ ਇਖਲਾਕੀ ਸਬੰਧ ਨਾ ਰੱਖੇਂ।
*ਏਕਾ ਨਾਰੀ ਸਦਾ ਜਤੀ ਪਰ ਨਾਰੀ ਧੀ ਭੈਣ ਵਖਾਣੈ। (ਭਾ.ਗੁ)*
ਸੋ ਆਓ ਹੁਣ ਆਪਾਂ ਮੇਨ ਮੁੱਧੇ ਤੇ ਆਈਏ ਕਿ ਜਦ ਕਈ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਅਖੀਰ ਅਰਦਾਸ ਜਾਂ ਵਖਿਆਣ ਵਿੱਚ ਭੋਗ ਪਾਇਆ ਕਹਿੰਦੇ ਹਨ। ਜਰਾ ਸੋਚੋ! ਜੇ ਭੋਗ ਹੀ ਪਾ ਦਿੱਤਾ ਭਾਵ ਖਤਮ ਹੀ ਕਰ ਦਿੱਤਾ ਫਿਰ ਅੱਗੇ ਕੀ ਰਹਿ ਗਿਆ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਾਂ ਜੁੱਗੋ-ਜੁੱਗ ਅਟੱਲ ਅਤੇ ਸਮੇ ਕਾਲ ਦੇ ਬੰਧਨਾਂ ਤੋਂ ਮੁਕਤ ਹੈ ਫਿਰ ਉਸ ਦਾ ਭੋਗ ਕਿਵੇਂ ਪਾਇਆ ਜਾ ਸਕਦਾ ਹੈ? ਭੋਗ ਤਾਂ ਜੀਵਾਂ ਦੇ ਸਰੀਰਾਂ ਦੇ ਪੈਂਦੇ ਹਨ ਜੋ ਬਿਨਸਨਹਾਰ ਹਨ।
ਭੋਗ ਪਾ ਤਾ ਭਾਵ ਮਾਰਤਾ ਕੀ ਅਸੀਂ ਅਬਿਨਾਸੀ ਨੂੰ ਮਾਰ ਸਕਦੇ ਹਾਂ? ਸੋ ਸਾਨੂੰ ਇਹ ਕਹਿਣਾ ਚਾਹੀਦਾ ਹੈ ਕਿ ਸਤਿਗੁਰੂ ਜੀ ਆਪ ਜੀ ਦੀ ਬਾਣੀ ਪੜੀ, ਵਿਚਾਰੀ ਤੇ ਗਾਈ ਹੈ, ਹੋਈਆਂ ਭੁੱਲਾਂ ਲਈ ਖਿਮਾ ਕਰਨੀ, ਗੁਰਬਾਣੀ ਪੜ੍ਹਨ, ਗਾਇਨ ਕਰਨ, ਵਿਚਾਰਨ, ਧਾਰਨ ਦਾ ਬਲ ਬਖਸ਼ਣਾ ਅਤੇ ਜੀਵਾਂ ਦੇ ਭਲੇ ਲਈ ਗੁਰਬਾਣੀ ਦੇ ਪ੍ਰਵਾਹ ਜਾਰੀ ਰੱਖਣ ਦੀ ਸਮਰੱਥਾ ਬਖਸ਼ਣੀ। ਸੋ ਭੋਗ ਬੁਰੇ ਕੰਮਾਂ ਅਤੇ ਦੁਸ਼ਮਣਾਂ ਦੇ ਪਾਣੇ ਚਾਹੀਦੇ ਹਨ ਨਾਂ ਕਿ ਅੱਖਾਂ ਖੋਲਣ ਵਾਲੀ ਗਿਆਨ ਭੰਡਾਰ ਗੁਰਬਾਣੀ ਦੇ।
ਜਦ ਕਈ ਸਿੱਖ ਲੰਗਰ ਜਾਂ ਕੜਾਹ ਪ੍ਰਸ਼ਾਦ ਤਿਆਰ ਕਰਕੇ, ਸ਼ੁਕਰਾਨੇ ਲਈ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਓਦੋਂ ਆਪ ਜੀ ਨੂੰ ਭੋਗ ਲੱਗੇ ਲਫਜ ਹੀ ਕਿਉਂ ਵਰਤਦੇ ਹਨ? ਯਾਦ ਰੱਖੋ ਅਰਦਾਸ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਅਕਾਲ ਪੁਰਖ ਅੱਗੇ ਕਰ ਰਹੇ ਹੁੰਦੇ ਹਾਂ ਜੋ ਜਨਮ ਮਰਨ ਅਤੇ ਸਰੀਰ ਰਹਿਤ ਹੈ ਫਿਰ ਉਹ ਭੋਗ ਕਿਵੇਂ ਲਾ ਸਕਦਾ ਭਾਵ ਖਾ ਸਕਦਾ ਹੈ? ਦਾਤਾਂ ਸਭ ਉਸ ਦੀਆਂ ਹੀ ਹਨ ਤੇ ਅਸੀਂ ਤਾਂ ਸਿਰਫ ਦਾਤਾਂ ਨੂੰ ਵਰਤਨ ਲੱਗੇ ਉਸ ਦਾ ਸ਼ੁਕਰਾਨਾਂ ਕਰਦੇ ਵਰਤਾਉਣ ਦੀ ਪ੍ਰਵਾਨਗੀ ਲੈਂਦੇ ਹਾਂ। ਵੇਖੋ ਆਮ ਸਿੱਖ ਲੰਗਰ ਜਾਂ ਕੜਾਹ ਪ੍ਰਸ਼ਾਦ ਆਪ ਜੀ ਨੂੰ ਪ੍ਰਵਾਨ ਹੋਵੇ ਦੀ ਅਰਦਾਸ ਕਰਦਾ ਹੈ ਪਰ ਟਕਸਾਲੀ, ਸੰਪ੍ਰਦਾਈ ਅਤੇ ਡੇਰੇਦਾਰ ਆਪ ਜੀ ਨੂੰ ਭੋਗ ਲੱਗੇ ਲਫਜ ਵਰਤਦੇ ਹਨ ਜੋ ਗੁਰਮਤਿ ਸਿਧਾਂਤ ਮੁਤਾਬਿਕ ਗਲਤ ਹਨ।
*ਹੁਣ ਲਾਵਹੁ ਭੋਗ ਹਰਿਰਾਇ*
ਇਹ ਪੂਰਾ ਸ਼ਬਦ ਇਸ ਪ੍ਰਕਾਰ ਹੈ-
*ਰਾਗੁ ਮਲਾਰ ਮਹਲਾ ੫ ਰਾਗੁ ਮਲਾਰ ਮਹਲਾ ੫ ਚਉਪਦੇ ਘਰੁ ੧
ੴ ਸਤਿਗੁਰ ਪ੍ਰਸਾਦਿ
ਕਿਆ ਤੂ ਸੋਚਹਿ ਕਿਆ ਤੂ ਚਿਤਵਹਿ ਕਿਆ ਤੂੰ ਕਰਹਿ ਉਪਾਏ ॥
ਤਾ ਕਉ ਕਹਹੁ ਪਰਵਾਹ ਕਾਹੂ ਕੀ ਜਿਹ ਗੋਪਾਲ ਸਹਾਏ
॥੧॥
ਬਰਸੈ ਮੇਘੁ ਸਖੀ ਘਰਿ ਪਾਹੁਨ ਆਏ ॥
ਮੋਹਿ ਦੀਨ ਕ੍ਰਿਪਾ ਨਿਧਿ ਠਾਕੁਰ ਨਵ ਨਿਧਿ ਨਾਮਿ ਸਮਾਏ
॥੧॥ ਰਹਾਉ ॥
ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ ॥
ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ
॥੨॥
ਦੁਸਟ ਬਿਦਾਰੇ ਸਾਜਨ ਰਹਸੇ ਇਹਿ ਮੰਦਿਰ ਘਰ ਅਪਨਾਏ ॥
ਜਉ ਗ੍ਰਿਹਿ ਲਾਲੁ ਰੰਗੀਓ ਆਇਆ ਤਉ ਮੈ ਸਭਿ ਸੁਖ ਪਾਏ
॥੩॥
ਸੰਤ ਸਭਾ ਓਟ ਗੁਰ ਪੂਰੇ ਧੁਰਿ ਮਸਤਕਿ ਲੇਖੁ ਲਿਖਾਏ ॥
ਜਨ ਨਾਨਕ ਕੰਤੁ ਰੰਗੀਲਾ ਪਾਇਆ ਫਿਰਿ ਦੂਖੁ ਨ ਲਾਗੈ ਆਏ
॥੪॥੧॥ (੧੨੬੬)*
ਭਾਵ ਹੇ ਸਤਸੰਗਣ ਰੂਪ ਸਹੇਲੀ ਜਦ ਦੇ ਮੇਰੇ ਪਤੀ ਪ੍ਰਮਾਤਮਾਂ ਮੇਰੇ ਹਿਰਦੇ ਘਰ ਵਿੱਚ ਆ ਟਿਕੇ ਹਨ, ਅੰਦਰੋਂ ਵਿਕਾਰਾਂ ਤੇ ਵਿਛੋੜੇ ਦੀ ਤਪਸ਼ ਮਿਟ ਗਈ ਹੈ ਅਤੇ ਹੁਣ ਇਉਂ ਜਾਪਦਾ ਹੈ ਕਿ ਮੇਰੇ ਅੰਦਰ ਉਸ ਦੀ ਮੇਹਰ ਦਾ ਬੱਦਲ ਬਰਸ ਰਿਹਾ ਹੈ। ਹੇ ਕ੍ਰਿਪਾ ਦੇ ਖਜਾਨੇ ਪ੍ਰਭੂ ਤੂੰ ਮੈਨੂੰ ਕੰਗਾਲ ਨੂੰ ਆਪਣੇ ਨਾਮ ਵਿੱਚ ਲੀਨ ਕਰੀ ਰੱਖ, ਇਹ ਹੀ ਮੇਰੇ ਵਾਸਤੇ ਨੌਂ ਖਜਾਨੇ ਹਨ। ਹੇ ਭਾਈ ਉਸ ਪ੍ਰਭੂ ਦੀ ਸ਼ਰਨ ਛੱਡ ਕੇ ਤੂੰ ਹੋਰ ਕੀ ਸੋਚਦਾ, ਉਪਾਵ ਚਿਤਵਦਾ ਅਤੇ ਹੋਰ ਕਿਹੜੇ ਹੀਲੇ ਕਰਦਾ ਹੈਂ? ਵੇਖ ਜਿਸ ਮਨੁੱਖ ਦਾ ਸਹਾਈ ਪ੍ਰਭੂ ਬਣ ਜਾਂਦਾ ਹੈ ਉਸ ਨੂੰ ਫਿਰ ਕਿਸ ਦੀ ਪ੍ਰਵਾਹ ਰਹਿ ਜਾਂਦੀ ਹੈ?
ਨੋਟ-ਜਿਵੇਂ ਕੋਈ ਇਸਤ੍ਰੀ ਆਪਣੇ ਪਤੀ ਵਾਸਤੇ , ਅਨੇਕ ਕਿਸਮ ਦੇ ਮਿੱਠੇ-ਸੁਆਦਲੇ ਖਾਣੇ ਤਿਆਰ ਕਰਦੀ ਬੜੀ ਸੁੱਚ-ਸਫਾਈ ਨਾਲ ਰਸੋਈ ਸਜਾਉਂਦੀ ਹੈ, ਹੇ ਮੇਰੇ ਪਤੀ ਪ੍ਰਭੂ ਮੈ ਵੀ ਇਸੇ ਤਰ੍ਹਾਂ ਤੇਰੇ ਪਿਆਰ ਵਿੱਚ ਹਿਰਦੇ ਦੀ ਰਸੋਈ ਨੂੰ, ਵਿਸ਼ਿਆਂ ਦੀ ਗਰਦਸ਼ ਸਾਫ ਕਰਕੇ, ਤਿਆਰ ਕਰ ਸਜਾਇਆ ਹੈ, ਮਿਹਰ ਕਰ ਇਸ ਨੂੰ ਪ੍ਰਵਾਨ ਕਰ ਲੈ। ਹੇ ਸਖੀਏ ਇਸ ਸਰੀਰ ਵਿੱਚ ਹਿਰਦੇ ਰੂਪੀ ਘਰ ਮੰਦਰ ਨੂੰ ਜਦੋਂ ਪ੍ਰਭੂ ਪਤੀ ਅਪਣਾਉਂਦਾ ਹੈ ਭਾਵ ਇਸ ਵਿੱਚ ਆਪਣਾ ਪ੍ਰਕਾਸ਼ ਕਰਦਾ ਹੈ ਤਦੋਂ ਇਸ ਵਿੱਚੋਂ ਕਾਮਾਦਿਕ ਔਗੁਣ ਦੁਸ਼ਟ ਨਾਸ ਤੇ ਦੈਵੀ ਗੁਣ ਸੱਜਣ ਪ੍ਰਫੁਲਤ ਹੋ ਜਾਂਦੇ ਹਨ। ਹੇ ਸਖੀ ਜਦੋਂ ਮੇਰੇ ਹਿਰਦੇ ਘਰ ਵਿੱਚ ਸੋਹਣਾਂ ਪ੍ਰਭੂ ਆ ਵਸਿਆ ਹੈ ਤਦੋਂ ਮੈਂ ਸਾਰੇ ਸੁੱਖ ਹਾਸਲ ਕਰ ਲੈ ਹਨ।
ਹੇ ਦਾਸ ਨਾਨਕ ਆਖ ਧੁਰ ਦਰਗਾਹ ਤੋਂ ਜਿਸ ਜੀਵ ਦੇ ਮੱਥੇ ਤੇ ਸਾਧ ਸੰਗਤਿ ਵਿੱਚ ਪੂਰੇ ਗੁਰੂ ਦੀ ਓਟ ਦਾ ਲੇਖ ਲਿਖਿਆ ਹੁੰਦਾ ਹੈ ਉਸ ਨੂੰ ਸੋਹਣਾਂ ਪ੍ਰਭੂ-ਪਤੀ ਮਿਲ ਪੈਂਦਾ ਹੈ ਤੇ ਫਿਰ ਉਸ ਨੂੰ ਕੋਈ ਦੁੱਖ ਪੋਹ ਨਹੀਂ ਸਕਦਾ।
ਸੋ ਉਪ੍ਰੋਕਤ ਅਰਥ ਪੜ੍ਹ ਕੇ ਪਤਾ ਚਲ ਜਾਂਦਾ ਹੈ ਕਿ *"ਹੁਣ ਲਾਵੋ ਭੋਗ ਹਰਿ ਰਾਇ"* ਦਾ ਮਤਲਵ ਹੈ ਕਿ ਹੇ ਪ੍ਰਭੂ-ਪਤੀ ਤੁਸੀਂ ਮੇਰੇ ਹਿਰਦੇ ਦੀ ਰਸੋਈ, ਜੋ ਮੈਂ ਆਪ ਜੀ ਦੇ ਪਿਆਰ ਵਿੱਚ ਬੜੀ ਸੋਚ ਸਫਾਈ ਨਾਲ ਤਿਆਰ ਕੀਤੀ ਹੈ ਨੂੰ ਪ੍ਰਵਾਨ ਕਰਕੇ, ਉਸ ਵਿੱਚ ਆ ਵੱਸੋ। ਸੋ ਇੱਥੇ ਹਿਰਦੇ ਘਰ ਵਿੱਚ ਪ੍ਰਵਾਣ ਹੋ ਵੱਸਣ ਦੀ ਅਰਦਾਸ ਹੈ ਨਾਂ ਕਿ ਦੁਨੀਆਈ ਭੋਜਨ ਨੂੰ ਆ ਕੇ ਖਾਣ ਦੀ, ਜਗਿਆਸੂ ਦੀ ਅਰਦਾਸ ਹੈ ਕਿ ਹੇ ਅਕਾਰ ਰਹਿਤ ਪ੍ਰਮਾਤਮਾਂ ਮੇਰੇ ਦਿਲੀ ਪਿਆਰ ਨੂੰ ਪ੍ਰਵਾਨ ਕਰ ਲੈ।
 ਇਸ ਪੰਗਤੀ ਵਿੱਚ ਭੋਗ ਲੱਗੇ ਦਾ ਕਿਸੇ ਖਾਦ ਪਧਾਰਥ ਨਾਲ ਕੋਈ ਸਬੰਧ ਨਹੀਂ ਹੈ ਜੋ ਟਜਸਾਲੀ ਧੱਕੇ ਨਾਲ ਜੋੜੀ ਜਾ ਰਹੇ ਹਨ।
*ਕ੍ਰਿਪਾਨ ਭੇਟ ਵੀ ਲੰਗਰ ਜਾਂ ਪ੍ਰਸ਼ਾਦ ਨੂੰ ਪ੍ਰਵਾਨਗੀ ਲਈ ਅਰਦਾਸ ਕਰਕੇ ਹੁਕਮਨਾਮੇ ਤੋਂ ਬਾਅਦ ਕਰਨੀ ਚਾਹੀਦੀ ਹੈ ਨਾਂ ਕਿ ਅਰਦਾਸ ਕਰਦੇ ਸਮੇਂ ਜੁੜੀਆਂ ਸੰਗਤਾਂ ਦਾ ਮਨ ਉਖੇੜਨ ਲਈ।*
ਸੀਤਪ੍ਰਸਾਦ ਸੰਗਤ ਵਿੱਚ ਵਰਤੇ-ਸੀਤਪ੍ਰਸਾਦ ਦਾ ਅਰਥ ਹੈ ਗੁਰੂ ਅਥਵਾ ਦੇਵਤਾ ਦਾ ਝੂਠਾ ਕੀਤਾ ਭੋਜਨ। ਜਰਾ ਧਿਆਨ ਦਿਓ ਜੂਠ-ਝੂਠ ਤਾਂ ਗੁਰਮਤਿ ਵਿੱਚ ਪ੍ਰਵਾਨ ਹੀ ਨਹੀਂ ਫਿਰ ਗੁਰੂ ਜੀ ਕਿਉਂ ਜੂਠਾ ਕਰਕੇ ਭੋਜਨ ਸੰਗਤ ਵਿੱਚ ਵਰਤਾਉਣ ਦੀ ਆਗਿਆ ਦੇਣਗੇ? ਇਹ ਜੂਠਾ ਕਰਕੇ ਸੀਤਪ੍ਰਸਾਦ ਵਰਤਾਉਣ ਦੀ ਰੀਤ ਹਿੰਦੂ ਸਾਧੂਆਂ ਦੀਆਂ ਸੰਪ੍ਰਦਾਵਾਂ, ਉਦਾਸੀਆਂ ਅਤੇ ਨਿਰਮਲਿਆਂ ਵਿੱਚ ਚੱਲੀ ਆਉਂਦੀ ਹੈ। ਫਿਰ ਦੇਵੀ, ਦੇਵਤਾ, ਠਾਕਰ, ਮੰਦਰ, ਸੀਤਪ੍ਰਸਾਦ ਅਤੇ ਭੋਗ ਬ੍ਰਾਹਮਣੀ ਵੇਦਾਂ, ਪੁਰਾਣਾਂ, ਉਪਨਿਸ਼ਦਾਂ, ਮਹਾਂ ਭਾਰਤ ਅਤੇ ਰਾਮਾਇਣ ਦੇ ਸਿਧਾਂਤ, ਸ਼ਬਦ ਤੇ ਰੀਤਾਂ ਹਨ।
ਇੱਕ ਪਾਸੇ ਸਿੱਖ ਇੱਕ ਵੱਖਰੀ ਕੌਮ ਹੈ-
*ਨਾ ਹਮ ਹਿੰਦੂ ਨ ਮੁਸਲਮਾਨ॥ (੧੧੩੬)*
ਭਾਈ ਕਾਨ੍ਹ ਸਿੰਘ ਨ੍ਹਾਭਾ ਨੇ ਵੀ ਇੱਕ ਪੁਸਤਕ ਲਿਖੀ ਹੈ ਕਿ-ਹਮ ਹਿੰਦੂ ਨਹੀਂ" ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਕਹਿੰਦੇ ਸਨ ਕਿ ਸਿੱਖ ਇੱਕ ਵੱਖਰੀ ਕੌਮ ਹੈ ਤੇ ਸਾਡੇ ਕਾਰ, ਵਿਹਾਰ, ਰੀਤਾਂ ਰਸਮਾਂ, ਤਿਉਹਾਰ, ਇਸ਼ਟ ਉਪਾਸ਼ਨਾਂ, ਪੰਥ-ਗ੍ਰੰਥ, ਵਿਧਾਂਨ (ਮਰਯਾਦਾ) ਕੈਲੰਡਰ ਅਤੇ ਨਿਸ਼ਾਨ ਵੀ ਇਨ੍ਹਾਂ ਨਾਲੋਂ ਵਖਰੇ ਹਨ। ਕੀ ਫਿਰ ਅਜੋਕੇ ਟਕਸਾਲੀ, ਸੰਪ੍ਰਦਾਈ, ਡੇਰੇਦਾਰ ਕਹਿੰਦੇ ਕੁਝ ਤੇ ਕਰਦੇ ਕੁਝ ਹੋਰ ਹਨ। ਆਖਦੇ ਤਾਂ ਹਰ ਵੇਲੇ ਹਨ ਕਿ *"ਗੁਰੂ ਮਾਨਿਓਂ ਗ੍ਰੰਥ"* ਪਰ ਸਭ ਤੋਂ ਵੱਧ ਮੰਨਦੇ *"ਅਖੌਤੀ ਦਸਮ ਗ੍ਰੰਥ"* ਨੂੰ ਹਨ। ਕਥਾ ਵਿੱਚ ਮਿਥਿਹਾਸਕ ਹਿੰਦੂ ਦੇਵੀ-ਦੇਵਤਿਆਂ, ਭਗਾਉਤੀਆਂ, ਦੈਂਤਾਂ-ਰਾਕਸ਼ਾਂ, ਰਿਸ਼ੀਆਂ-ਮੁਨੀਆਂ, ਅਵਤਾਰਾਂ ਤੇ ਅਖੌਤੀ ਬ੍ਰਹਮ ਗਿਆਨੀ ਸਾਧਾਂ-ਸੰਤਾਂ ਦੀਆਂ ਕਥਾ ਕਹਾਣੀਆਂ ਚਸਕੇ ਲਾ ਲਾ ਕੇ ਸੁਣਾਉਂਦੇ ਰਹਿੰਦੇ ਹਨ। ਇਹ ਤਾਂ ਫਿਰ ਇਉਂ ਲਗਦਾ ਹੈ ਕਿ *"ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਖਾਣ ਦੇ ਹੋਰ"* ਹਨ।
*"ਸਿੱਖ ਰਹਿਤ ਮਰਯਾਦਾ"* ਵਿੱਚ ਵੀ ਸੰਪ੍ਰਦਾਈਆਂ ਨੇ ਸਨਾਤਨ ਧਰਮ ਨਾਲ ਸਮਿਲਤ ਮਿਲਗੋਭੇ ਸ਼ਬਦ ਸਿਧਾਂਤ ਆਪਣੀ ਅੜੀ ਨਾਲ ਐਡ ਕਰਵਾ ਦਿੱਤੇ ਸਨ ਜਿਨ੍ਹਾਂ ਦਾ ਖਮਿਆਜਾ ਸਿੱਖ ਕੌਮ ਨੂੰ ਸਦੀਆਂ ਤੱਕ ਭੁਗਤਣਾਂ ਪੈ ਰਿਹਾ ਹੈ। ਹੁਣ ਕੌਮ ਨੂੰ ਸਿਆਣੀ ਬਣ, ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਵਿੱਚ ਇਕੱਤਰ ਹੋ ਕੇ, ਬ੍ਰਾਹਮਣਵਾਦ ਦਾ ਪਾਇਆ ਰਲਾ *"ਸਿੱਖ ਰਹਿਤ ਮਰਯਾਦਾ" *ਚੋਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦੀ ਰੋਸ਼ਨੀ ਵਿੱਚ ਕੱਢ ਦੇਣਾਂ ਚਾਹੀਦਾ ਹੈ। ਸਿੱਖ ਇੱਕ ਗੁਰੂ ਪੰਥੀਏ ਹਨ ਨਾਂ ਕਿ ਚੁਫੇਰ ਗੜੀਏ। ਇਸ ਲਈ ਸਿੱਖਾਂ ਦਾ ਇੱਕ ਹੀ ਗੁਰੂ ਪੰਥ ਹੈ ਨਾਂ ਕਿ ਵੱਖ ਵੱਖ ਡੇਰੇ, ਟਕਸਾਲਾਂ ਅਤੇ ਸੰਪ੍ਰਦਾਵਾਂ।
ਦੇਖੋ! ਪੰਥ ਦੋਖੀਆਂ ਨੇ (ਜੋ ਕੌਮ ਨੂੰ ਨਿਆਰੀ ਨਹੀਂ ਦੇਖਣਾਂ ਚਾਹੁੰਦੇ) ਬੜੀ ਚਲਾਕੀ ਤੇ ਬਦਨੀਤ ਨਾਲ ਮਰਯਾਦਾ ਅਤੇ ਧਰਮ ਦੀ ਚਾਸ਼ਣੀ ਲਾ ਕੇ ਭਾਵ ਸ਼ੂਗਰ ਕੋਟ ਕਰਕੇ, ਭਗਾਉਤੀ, ਯੋਗ, ਭੋਗ, ਦੇਹ ਸ਼ਿਵਾ ਬਰ ਆਦਿਕ ਬ੍ਰਾਹਮਣੀ ਉਪਾਸ਼ਣਾਂ ਵਾਲੇ ਸ਼ਬਦ-ਸਿਧਾਂਤ ਸਾਡੀਆਂ ਇਤਹਾਸਕ ਪੁਸਤਕਾਂ, ਗ੍ਰੰਥਾਂ, ਰਹਿਤਨਾਮਿਆਂ, ਰਹੁਰੀਤਾਂ ਅਤੇ ਅਰਦਾਸਾਂ ਆਦਿਕ ਵਿੱਚ ਅੰਨ੍ਹੀ ਸ਼ਰਧਾ ਦੇ ਨਾਂ ਤੇ ਘਸੋੜ ਦਿੱਤੇ ਹਨ ਤੇ ਹੁਣ ਵੀ ਜੋ ਸੰਨ ੧੯੮੪ ਵਿੱਚ *"ਸਿੱਖ ਰੈਫਰੈਂਸ ਲਾਇਬ੍ਰੇਰੀ" *ਦਾ ਵਡਮੁੱਲਾ ਸਹਿਤਕ, ਇਤਿਹਾਸਕ ਅਤੇ ਧਾਰਮਿਕ ਖਜਾਨਾਂ ਭਾਰਤੀ ਫੌਜਾਂ ਦੇ ਰੂਪ ਵਿੱਚ ਲੁੱਟ ਕੇ  ਲੈ ਗਏ ਸਨ ਪਤਾ ਨਹੀਂ ਕਿਹੜੇ ਕਿਹੜੇ ਭਾਣੇ ਉਹਦੇ ਵਿੱਚ ਵੀ ਸੱਚ ਨੂੰ ਪ੍ਰਵਾਨ ਨਾਂ ਕਰਨ ਵਾਲੇ ਪੰਥ ਦੋਖੀਆਂ ਨੇ ਵਰਤਾਅ ਦੇਣੇ ਹਨ ਭਾਵ ਰਲਾ ਕਰ ਦੇਣਾ ਹੈ?
 ਸਿੱਖ ਪੰਥ ਦੇ ਆਗੂਆਂ, ਵਿਦਵਾਨਾਂ, ਸਕਾਲਰਾਂ ਅਤੇ ਗਿਆਨੀਆਂ-ਵਿਗਿਆਂਨੀਆਂ ਨੂੰ ਇਸ ਬਾਰੇ ਸੁਹਿਰਦਤਾ ਨਾਲ ਜਲਦੀ ਤੋਂ ਜਲਦੀ ਸੋਚਣ, ਨਿਰਖ, ਪਰਖ ਕਰਕੇ ਜੰਗੀ ਪੱਧਰ ਤੇ ਹੀਲਾ ਕਰਨ ਅਤੇ ਹੱਲ ਲੱਭਣ ਦੀ ਲੋੜ ਹੈ ਤਾਂ ਹੀ ਭਗਾਉਤੀ, ਯੋਗ, ਭੋਗ, ਵਰ, ਸਰਾਪ, ਸ਼ਿਵ, ਪਾਰਬਤੀ, ਨਸ਼ੇ ਆਦਿਕ ਬ੍ਰਾਹਮਣੀ ਕਰਮਕਾਂਡ ਸਿੱਖ ਕੌਮ ਦੇ ਗਲੋਂ ਲਹਿ ਸਕਣਗੇ। ਅੱਜ ਅਸੀਂ ਟਕਸਾਲੀਆਂ, ਸੰਪ੍ਰਦਾਈਆਂ ਅਤੇ ਡੇਰੇਦਾਰਾਂ ਦੀ ਬਦੌਲਤ ਬ੍ਰਾਹਮਣੀ ਯੋਗਾਂ, ਭੋਗਾਂ ਅਤੇ ਭਗਾਉਤੀਆਂ ਦੇ ਗੁਲਾਮ ਹੋ ਗਏ ਹਾਂ ਤਾਂ ਹੀ ਕਈ ਸਾਨੂੰ ਅੱਜ ਕੇਸਾਧਾਰੀ ਹਿੰਦੂ ਵੀ ਕਹਿਣ ਲੱਗ ਪਏ ਹਨ ਕਿਉਂਕਿ ਕੇਸਾਧਾਰੀ ਸਿੱਖ ਹੋ ਕੇ ਵੀ ਕਰਮ ਹਿੰਦੂ ਬ੍ਰਾਹਮਣਾਂ ਵਾਲੇ ਕਰ ਰਹੇ ਹਾਂ। ਇਹ ਸੀ ਸਾਰਾ ਵਿਸਥਾਰ *"ਭੋਗ ਪਾਇਆ**, ਭੋਗ ਲੱਗੇ ਅਤੇ ਸੀਤਪ੍ਰਸਾਦ** ਵਰਤੇ**"* ਦੇ ਸਿਰਲੇਖ ਦਾ ਜੋ ਦਾਸ ਨੇ ਗੁਰਮਤਿ ਦੀ ਰੌਸ਼ਨੀ ਵਿੱਚ ਲਿਖਣ ਦੀ ਕੋਸ਼ਿਸ ਕੀਤੀ ਹੈ।

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.