ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
ਲਾਈਟਾਂ ਵਾਲਾ ਬਾਬਾ..?
ਲਾਈਟਾਂ ਵਾਲਾ ਬਾਬਾ..?
Page Visitors: 2640

                                 ਲਾਈਟਾਂ ਵਾਲਾ ਬਾਬਾ..?
  ਗੁਰਦੇਵ ਸਿੰਘ ਸੱਧੇਵਾਲੀਆ
ਬਾਬਾ ਫੌਜਾ ਸਿੰਘ ਦਾ ਇੱਕ ਮਿੱਤਰ ਟਰੱਕ ਚਲਾਉਂਦਾ। ਸ਼ਹਿਰ ਵਿਚ ਚਲਾਉਂਦਾ, ਪਰ ਕਿਤੇ ਕਿਤੇ ਪਿੰਡਾਂ ਵਾਲੇ ਪਾਸਿਓਂ ਮਿੱਟੀ ਚੁੱਕਣ ਜਾਣਾ ਪੈਂਦਾ। ਉਹ ਦੱਸੇ ਕਿ ਇੱਕ ਵਾਰ ਰਾਤ ਮੈਂ ਕਿਸੇ ਪਿੰਡ ਜਿਹੇ ਵਿਚ ਫੱਸ ਗਿਆ ਤੇ ਉਥੇ ਹੋ ਗਿਆ ਲੇਟ। ਸ਼ੂਕਦੀ ਰਾਤ ਤੇ ਨਾਲ ਵਰ੍ਹ ਪਿਆ ਮੀਂਹ। ਪਿਹੇ ਵਰਗੀਆਂ ਸੜਕਾਂ ਤੇ ਦਿੱਸੇ ਕੁੱਝ ਨਾ। ਟਰੱਕ ਸ਼ਰਾਬੀ ਵਾਂਗ ਝੂਲਦਾ ਹੋਇਆ ਬਦੋ-ਬਦੀ ਹੱਥੋਂ ਨਿਕਲਦਾ ਜਾਵੇ। ਕੱਚੀ ਸੜਕ ਦੇ ਦੋਹੀਂ ਪਾਸੀਂ ਪਾਣੀ ਦੀਆਂ ‘ਡਿੱਚਾਂ’ ਯਾਨੀ ਵੱਡੇ ਖਾਲ਼ੇ ਸਨ। ਚਿੱਕੜ ਕਾਰਨ ਤਿਲਕਣ-ਬਾਜੀ ਵੀ ਹੋ ਗਈ। ਆਲੇ-ਦੁਆਲੇ ਜੰਗਲਾਂ ਵਰਗੇ ਖੜੇ ਮਕੱਈ ਦੇ ਖੇਤ ਡਰਾਉਂਣੇ ਅਤੇ ਭਿਆਨਕ ਜਾਪਦੇ ਸਨ। ਉਸ ਨੂੰ ਜਾਪਿਆ ਕਿ ਅੱਜ ਗਏ! ਤੇ ਅਚਾਨਕ ਟਰੱਕ ਦੇ ਹੇਠੋਂ ਕੜੱਕ ਜਿਹੀ ਹੋਈ ਤੇ ਟਰੱਕ ਉਥੇ ਹੀ ਬਰੇਕਾਂ ਲਾ ਗਿਆ।
ਉਹ ਕਹਿੰਦਾ ਮੈਂ ਹੇਠਾਂ ਉਤਰਿਆ। ਕੁਝ ਨਾ ਦਿੱਸ ਰਿਹਾ ਸੀ। ਨਾ ਕੁਝ ਪਤਾ ਲਗ ਰਿਹਾ ਸੀ। ਉਸ ਭਿਆਨਕ ਜੰਗਲ ਵਿਚ ਰਾਤ ਕੱਟਣ ਦਾ ਸੋਚ ਕੇ ਹੀ ਕੰਬਣੀ ਛਿੜਦੀ ਸੀ। ਆਲੇ-ਦੁਆਲੇ ਨਾ ਕੋਈ ਬੰਦਾ ਨਾ ਪਰਿੰਦਾ। ਕੋਈ ਵਾਹ ਨਾ ਜਾਂਦੀ ਦੇਖ ਮੈਂ ਅੰਦਰੇ-ਅੰਦਰ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਿਆ। ਹਾਲੇ ਮੈਂ ਸੋਚ ਹੀ ਰਿਹਾ ਸੀ ਕਿ ਕੀ ਕਰਾਂ ਕਿ ਅਚਾਨਕ ਮੇਰੇ ਟਰੱਕ ਦੇ ਟਾਇਰਾਂ ਲਾਗੇ ਲਾਈਟ ਜਿਹੀ ਜਗੀ ਤੇ ਨਾਲ ਹੀ ਫਿਰ ਕੜੱਕ ਜਿਹੇ ਦੀ ਅਵਾਜ ਆਈ। ਪਹਿਲਾਂ ਤਾਂ ਮੈਂ ਡਰ ਗਿਆ ਤੇ ਫਿਰ ਮੇਰੇ ਅੰਦਰੋਂ ਕਿਸੇ ਕਿਹਾ ਭਾਈ ਚੜ੍ਹ ਜਾ ਟਰੱਕ ਤੇ! ਜਦ ਮੈਂ ਟਰੱਕ ਤੋਰਿਆ ਤਾਂ ਟਰੱਕ ਮੇਰਾ ਨੌ-ਬਰ-ਨੌ? ਤੇ ਫਿਰ ਉਹੀ ਲਾਈਟ ਮੇਰੇ ਅਗੇ ਅਗੇ ਤੁਰਦੀ ਗਈ ਜਿੰਨਾ ਚਿਰ ਮੈਂ ‘ਹਾਈਵੇਅ’ ਤੇ ਨਹੀਂ ਚੜ ਗਿਆ!!
ਕਹਾਣੀ ਸੁਣਾ ਕੇ ਬਾਬਾ ਫੌਜਾ ਸਿੰਘ ਦਾ ਮਿੱਤਰ ਆਪੇ ਹੀ ਹੱਸ ਪਿਆ ਤੇ ਕਹਿਣ ਲੱਗਾ ਉਹ ‘ਲਾਈਟ’ ਪਤਾ ਕਿਥੋਂ ਆਈ ਸੀ?
ਕਿਥੋਂ ਆਈ ਸੀ?
ਮਾਲਟਨ ਵਾਲੇ ਨਵੇਂ ‘ਬਾਬੇ’ ਨੇ ਛੱਡੀ ਸੀ! ਲਾਈਟਾਂ ਵਾਲੇ ਨੇ!
ਲਾਈਟਾਂ ਵਾਲੇ ਬਾਬੇ ਨੇ? ਬਾਬਾ ਫੌਜਾ ਸਿੰਘ ਹੈਰਾਨ ਸੀ!
ਬਾਬੇ ਦਾ ਮਿੱਤਰ ਕਹਿਣ ਲੱਗਿਆ ਕਿ ਬਾਬਾ ਹੈਰਾਨ ਹੋਣ ਵਾਲੀ ਕਿਹੜੀ ਗੱਲ ਹੈ, ਜੇ ਅੱਜ ਦੀ ਦੁਨੀਆਂ ਵਿਚ ਚੂਹੇ ਭੌਂਕ ਸਕਦੇ ਅਤੇ ਬਿੱਲੀਆਂ ਡੰਗ ਮਾਰ ਸਕਦੀਆਂ ਹਨ ਤਾਂ ‘ਬਾਬਾ ਜੀ’ ਦੀਆਂ ਲਾਈਟਾਂ ਨਹੀਂ ਨਿਕਲ ਸਕਦੀਆਂ?
ਬਾਬਾ ਫੌਜਾ ਸਿੰਘ ਨੇ ਲਾਟਾਂ ਵਾਲੀ ਦੇਵੀ ਸੁਣੀਂ ਸੀ, ਪਰ ਲਾਈਟਾਂ ਵਾਲੇ ਬਾਬੇ ਦੀ ਗੱਲ ਪਹਿਲੀ ਵਾਰ ਸੁਣੀ ਸੀ। ਲਾਟਾਂ ਵਾਲੀ ਦੇਵੀ ਅਤੇ ਲਾਈਟਾਂ ਵਾਲਾ ਬਾਬਾ? ਦਰਅਸਲ ਲਾਟਾਂ ਅਤੇ ਲਾਈਟਾਂ ਵਿਚ ਫਰਕ ਕੋਈ ਨਹੀਂ, ਕੇਵਲ ਪੜੇ ਲਿਖੇ ਜੁਗ ਦੀ ਭਾਸ਼ਾ ਦਾ ਹੀ ਅੰਤਰ ਹੈ। ਜਦ ਲਾਟਾਂ ਵਾਲੀ ਦੇਵੀ ਪ੍ਰਗਟ ਹੋਈ ਹੋਣੀ ਉਸ ਸਮੇਂ ਲਾਟਾਂ ਹੀ ਹੁੰਦੀਆਂ ਹੋਣੀਆਂ ਤੇ ਹੁਣ ਲਾਈਟਾਂ ਦਾ ਜੁਗ ਹੈ ਤੇ ਬਾਬੇ ਵੀ ਲਾਈਟਾਂ ਵਾਲੇ ਪ੍ਰਗਟ ਹੋਣ ਲੱਗ ਪਏ। ‘ਲਾਈਟ’ ਅੰਗਰੇਜੀ ਦਾ ਲਫਜ ਹੈ, ਜੇ ‘ਬਾਬਿਆਂ’ ਨੂੰ ਅੰਗਰੇਜੀ ਨਾ ਆਉਂਦੀ ਹੁੰਦੀ , ਤਾਂ ਯਕੀਨਨ ਉਸ ਲਾਟ ਹੀ ਕਹਿਣਾ ਸੀ ਤਾਂ ਉਸ ਦਾ ਨਾਮ ਵੀ ‘ਲਾਟਾਂ ਵਾਲਾ ਬਾਬਾ’ ਪੈ ਜਾਣਾ ਸੀ।
ਪਰ ਤੇਰਾ ਇਹ ਗੱਪ ਸੁਣਾਉਂਣ ਦਾ ਮੱਤਲਬ?
ਮੱਤਲਬ ਦੱਸਦਿਆਂ ਬਾਬਾ ਫੌਜਾ ਸਿੰਘ ਦੇ ਮਿੱਤਰ ਨੇ ‘ਲਾਈਟਾਂ ਵਾਲੇ ਬਾਬੇ’ ਦੀਆਂ ਨਵੀਆਂ ਸੁਣਾਈਆਂ ਕਹਾਣੀਆਂ ਸੁਣਾ ਕੱਢੀਆਂ ਕਿ ‘ਬਾਬਾ ਜੀ’ ਦੱਸ ਰਹੇ ਸਨ ਕਿ ਇੱਕ ਮਾਈ ਐਨਕਾਂ ਭੁੱਲ ਆਈ, ਪਰ ਗੁਟਕੇ ਵਿਚੋਂ ਨਿਕਲੀ ‘ਲਾਈਟ’ ਨੇ ਉਸ ਦੀਆਂ ਅੱਖਾਂ ਠੀਕ ਕਰ ਦਿੱਤੀਆਂ। ਤੇ ਇਕ ਹੋਰ ਕਿ ਕਿਸੇ ਬੱਚੇ ਨੂੰ ‘ਪੀਨੱਟ’ ਤੋਂ ਅਲੱਰਜੀ ਸੀ, ਪਰ ਨਿਕਲੀ ‘ਲਾਈਟ’ ਨੇ ਉਸ ਦੀ ਅੱਲਰਜੀ ਹਟਾ ਦਿੱਤੀ। ਯਾਨੀ ਦੋਵੇਂ ਧਿਰਾਂ ਖੁਸ਼। ਲਾਈਟਾਂ ਭੇਜਣ ਵਾਲੇ ਵੀ ਤੇ ਲਾਈਟਾਂ ਦੇਖਣ ਵਾਲੇ ਵੀ। ਲਾਈਟਾਂ ਵਿੱਕਦੀਆਂ ਬਹੁਤ। ਕੋਈ ਦੁਨੀਆਂ ਦੀ ਮਹਿੰਗੀ ਤੋਂ ਮਹਿੰਗੀ ਲਾਈਟ ਵੀ ‘ਬਾਬਿਆਂ’ ਦੀਆਂ ਲਾਈਟਾਂ ਜਿੰਨੀ ਕੀਮਤੀ ਨਹੀਂ! ਕਿ ਹੈ?

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.