ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
ਸ਼ਾਈਨ ਇੰਡੀਆ ?
ਸ਼ਾਈਨ ਇੰਡੀਆ ?
Page Visitors: 2560

ਸ਼ਾਈਨ  ਇੰਡੀਆ  ?  
ਗੁਰਦੇਵ ਸਿੰਘ ਸੱਧੇਵਾਲੀਆ
ਕੁਝ ਚਿਰ ਦੀ ਗੱਲ ਹੈ ਖਬਰ ਇੱਕ ਬੜੀ ਸੁਰਖੀ ਵਿਚ ਰਹੀ ਕਿ ‘ਭਾਰਤ ਨੇ ਚੰਨ ਉਪਰ ਪਾਣੀ ਜਾ ਲੱਭਿਆ ਹੈ’!
ਮੇਰਾ ਇੱਕ ਮਿੱਤਰ ਜਿਹੜਾ ‘ਸ਼ਾਈਨ ਇੰਡੀਆ’ ਵਿਚ ਵਿਸਵਾਸ਼ ਰੱਖਦਾ ਸੀ, ਉਸ ਫੋਨ ਕਰਕੇ ਮੈਨੂੰ ਵਧਾਈ ਦਿੱਤੀ ਕਿ ‘ਆਪਾਂ’ ਦੇਖ ਲੈ ਚੰਨ ਉਪਰ ਪਾਣੀ ਜਾ ਲੱਭਾ ਹੈ! ਮੇਰੇ ਮੂੰਹੋਂ ਸੁਭਾਵਕ ਨਿਕਲ ਗਿਆ ਕਿ ਧਰਤੀ ਉਪਰ ਪਾਣੀ ਪੂਰਾ ਦੇ ਹੋ ਗਿਆ ਲੋਕਾਂ ਨੂੰ, ਕਿ ਹੁਣ ਚੰਨ ਉਪਰ ਪਾਣੀ ਲੱਭਣ ਤੁਰ ਪਏ? ਉਸ ਗੁੱਸੇ ਵਿਚ ਫੋਨ ਕੱਟ ਦਿੱਤਾ।
ਚੰਨ ਉਪਰ ਪਾਣੀ ਵਾਲੀ ਖ਼ਬਰ ਨੂੰ ਟਰੰਟੋ ਦੇ ਇੱਕ ਗੁੱਤ ਵਾਲੇ ਪੰਡੀਏ ਨੇ ਬੜੇ ਚਟਖਾਰੇ ਲੈ ਲੈ ਰੇਡੀਓ ਪ੍ਰੋਗਰਾਮਾਂ ਉਪਰ ਸੁਣਾ ਕੇ ਦੇਸ਼ ਭਗਤ ਹੋਣ ਦਾ ਸਬੂਤ ਦਿੱਤਾ। ਅੱਜ ਜਦ ਚੋਣਾ ਦਾ ਬਿਗਲ ਵੱਜ ਚੁੱਕਾ ਹੋਇਆ ਤਾਂ ਦੋ ਗੱਲਾਂ ਵਾਰ ਵਾਰ ਸਾਹਵੇਂ ਆ ਰਹੀਆਂ। ਬਿਜਲੀ ਅਤੇ ਪਾਣੀ! ਅੱਜ ਦੀਆਂ ਚੋਣਾਂ ਦੇ ਸਭ ਤੋਂ ਦੋ ਅਹਿਮ ਮੁੱਦੇ ਹਨ ਬਿਜਲੀ ਅਤੇ ਪਾਣੀ! 21ਵੀਂ ਸਦੀ ਚਲ ਰਹੀ ਪਰ ਹਿੰਦੋਸਤਾਨ ਹਾਲੇ ਤੱਕ ਪਾਣੀ-ਬਿੱਜਲੀ ਵਿਚੋਂ ਹੀ ਬਾਹਰ ਨਹੀਂ ਨਿਕਲਿਆ ਪਰ ਸਦੀਆਂ ਤੋਂ ਝੂਠਾਂ ਦਾ ਮਾਹਰ ਪੰਡੀਆ ਲੁਕਾਈ ਨੂੰ ‘ਸ਼ਾਈਨ ਇੰਡੀਆ’ ਦੇ ਸੁਪਨੇ ਦਿਖਾਈ ਤੁਰਿਆ ਆ ਰਿਹਾ ਹੈ?
ਸ਼ਾਈਨ ਇੰਡੀਆ ਵਾਲੀ ਕਹਾਣੀ ਦੀ ਕਦ ਦੀ ਕਾਵਾਂ-ਰੌਲੀ ਪੈ ਰਹੀ ਹੈ ਪਰ ਇਨਾਂ ਚੋਣਾ ਵਿਚਲੇ ਪ੍ਰਚਾਰ ਨੇ ਸ਼ਾਈਨ ਇੰਡੀਆ ਉਪਰੋਂ ਬੁਰੀ ਤਰ੍ਹਾਂ ਪੜਦਾ ਚੁੱਕ ਦਿੱਤਾ ਹੈ। ਜਿਸ ਮੁਲਖ ਵਿਚ ਹਾਲੇ ਤੱਕ ਪਾਣੀ ਅਤੇ ਬਿਜਲੀ ਨਾ ਮਿਲ ਰਹੀ ਹੋਵੇ ਅਤੇ ਉਥੇ ਦੀਆਂ ਚੋਣਾ ਦਾ ਮੁੱਖ ਮੁੱਦਾ ਬਿਜਲੀ ਪਾਣੀ ਹੋਵੇ ਉਸ ਮੁਲਖ ਦੀ ਤਰੱਕੀ ਬਾਰੇ ਅੰਦਾਜਾ ਲਾਉਂਣਾ ਔਖਾ ਨਹੀਂ। ਵੈਸੇ ਜੇ ਪੂਰਾ ਹੀ ‘ਸ਼ਾਈਨ’ ਵੇਖਣਾ ਹੋਵੇ ਤਾਂ ਸਵੇਰੇ ਸਵੇਰ ਦਿੱਲੀ ਯਾਨੀ ਰਾਜਧਾਨੀ ਵਿਖੇ ਇੱਕ ਵੇਰਾਂ ਟਰੇਨ ਦਾ ਸਫਰ ਕਰਨ ਲੈਣਾ ਚਾਹੀਦਾ। ਲਾਈਨਾ ਦੇ ਨਾਲ ਨਾਲ ਸ਼ਾਈਨ ਹੀ ਸ਼ਾਈਨ ਹੋਈ ਪਈ ਹੁੰਦੀ। ਗਰੀਬ ਔਰਤਾਂ ਤੱਕ ਵਿਚਾਰੀਆਂ ਕੋਲੇ ਰਸਤਾ ਹੀ ਕੋਈ ਨਹੀਂ ਕਿ ਉਹ ਜੰਗਲ-ਪਾਣੀ ਕਿਥੇ ਜਾਣ।
ਅੱਜ ਚੋਣਾਂ ਦੌਰਾਨ ਬਾਹਰ ਨਿਕਲੇ ਲੀਡਰ ਇੰਝ ਜਾਪਦੇ ਜਿਵੇਂ ਜੰਗਲ ਵਿਚ ਚਿਰਾਂ ਦੇ ਸੁੱਤੇ ਪਏ ਖੂਨੀ ਭੇੜੀਏ ਜਾਗ ਪਏ ਹੋਣ ਅਤੇ ਭੁੱਖ ਕਾਰਨ ਅਪਣੇ ਸ਼ਿਕਾਰ ਲਈ ਇਧਰ ਉਧਰ ਭਟਕ ਰਹੇ ਹੋਣ। ਹਿੰਦੋਸਤਾਨ ਦੇ ਨਵੇ ਲੀਡਰਾਂ ਨੂੰ ਛੱਡ, ਬਾਕੀ ਸਭ ਅਜਿਹੀ ਹੀ ਵੰਨਗੀ ਦੇ ਹਨ ਜਿੰਨਾ ਦੇ ਹੱਥ ਲੋਕਾਂ ਦੇ ਲਹੂ ਵਿਚ ਰੰਗੇ ਹੋਏ ਹਨ। ਜਿੰਨਾ ਦੇ ਮੂੰਹ ਲੋਕਾਂ ਦੇ ਖੂਨ ਨਾਲ ਲਿਬੜੇ ਹੋਏ ਹਨ। ਜਿਹੜੇ ਪਤਾ ਨਹੀਂ ਕਿੰਨੇ ਲੋਕਾਂ ਦੇ ਘਰ ਉਜਾੜ ਚੁੱਕੇ ਹੋਏ ਹਨ। ਕਿਸਦੀ ਗੱਲ ਕਰਨੀ ਚਾਹੁੰਦੇ ਤੁਸੀਂ! ਮੋਦੀ ਦੀ? ਅਡਵਾਨੀ ਦੀ? ਰਾਹੁਲ ਦੀ? ਲਾਲੂ ਦੀ? ਚੁਟਾਲੇ ਦੀ? ਬਾਦਲਾਂ ਦੀ?
ਦਰਅਸਲ ਲੁਕਾਈ ਦੀ ਮਾਨਸਿਤਕਾ ਬਿਮਾਰ ਹੋ ਚੁੱਕੀ ਹੈ। ਲੋਕ ਬੜੇ ਸਸਤੇ ਵਿੱਕ ਰਹੇ ਹਨ। ਹਿੰਦੋਸਤਾਨ ਦੇ ਲੋਕਾਂ ਦੀ ਕੀਮਤ ਹੀ ਕੋਈ ਨਹੀਂ। ਸ਼ਰਾਬ ਦੀ ਬੋਤਲ, ਪੁੜੀ ਨਸ਼ੇ ਦੀ? ਕੁਝ ਇੱਕ ਸੌ ਰੁਪਈਏ, ਜੇ ਕੋਈ ਇਲਾਕੇ ਦਾ ਚੌਧਰੀ ਹੈ ਤਾਂ ਫਰਿਜ ਟੀ ਵੀ! ਕੇਲਿਆਂ ਵਾਂਗ ਤਾਂ ਲੋਕ ਵਿੱਕ ਰਹੇ ਹਨ। ਹੁਣ ਮੋਦੀ ਬਾਰੇ ਕਿਸਨੂੰ ਪਤਾ ਨਹੀਂ। ਅਡਵਾਨੀ, ਰਾਹੁਲ, ਸੋਨੀਆਂ ਨੂੰ ਕੌਣ ਨਹੀਂ ਜਾਣਦਾ। ਹੁਣ ਤਾਂ ਇਨ੍ਹਾਂ ਪਿੱਛੇ ਲੁੱਕੇ ਵੱਡੇ ਭੇੜੀਏ ਅੰਬਾਨੀ-ਅਦਾਨੀ ਵੀ ਕੱਢ ਮਾਰੇ ਅਗਲਿਆਂ। ਦਹਾਕਿਆਂ ਦੇ ਲੁਟੇਰੇ! ਡਾਕੂ! ਧਾੜਵੀ! ਪੁਲਿਸ ਐਵੈਂ ਵੀਰੱਪਨ ਮਗਰ ਪਈ ਰਹੀ। ਫੂਲਨ ਦੇਵੀ ਕੀ ਸੀ ਵਿਚਾਰੀ ਇਨ੍ਹਾਂ ਮੁਕਾਬਲੇ! ਸੀ?
ਅਬਦਾਲੀ ਬਾਹਰੋਂ ਆ ਕੇ ਲੁੱਟਦੇ ਸਨ, ਪਰ ਹੁਣ ਅਬਦਾਲੀਆਂ ਨੂੰ ਬਾਹਰੋਂ ਆਉਂਣ ਦੀ ਲੋੜ ਹੈ? ਲੋਕਾਂ ਦੀਆਂ ਧੀਆਂ-ਭੈਣਾਂ ਦੀ ਇੱਜਤ ਜੇ ਉਦੋਂ ਮਹਿਫੂਜ ਨਹੀਂ ਸੀ, ਤਾਂ ਕੀ ਅੱਜ ਹੈ? ਉਦੋਂ ਚਲੋ ਕੁਝ ਚਿਰ ਤਾਂ ਲੋਕ ਅਰਾਮ ਨਾਲ ਰਹਿੰਦੇ ਸਨ ਜਦ ਅਬਾਦਾਲੀ ਵਾਪਸ ਚਲਾ ਜਾਂਦਾ ਸੀ, ਪਰ ਅੱਜ? ਨਾਦਰ ਨੇ ਕਹਿੰਦੇ ਦਿੱਲੀ ਵਿਖੇ ਤਲਵਾਰ ਦੇ ਮੁੱਠੇ ਤੋਂ ਹੱਥ ਨਹੀਂ ਚੁੱਕਿਆ, ਜਿੰਨਾ ਚਿਰ ਦਿੱਲੀ ਦੀਆਂ ਗਲੀਆਂ ਲੋਕਾਂ ਦੇ ਲਹੂ ਵਿਚ ਰੰਗੀਆਂ ਨਹੀਂ ਗਈਆਂ, ਪਰ ਰਜੀਵ ਨੇ ਕੀ ਕੀਤਾ? ਮੋਦੀ ਨੇ ਗੁਜਰਾਤ ਵਿਚ ਕੀ ਕੀਤਾ? ਇੰਦਰਾ ਨੇ ਅਪਣੇ ਹੀ ਮੁਲਖ ਵਿਚ ਲੋਕਾਂ ਉਪਰ ਟੈਂਕ ਚਾਹੜ ਦਿੱਤੇ! ਦੁਨੀਆਂ ਦੇ ਕਿਸੇ ਇਤਿਹਾਸ ਵਿਚ ਇੰਝ ਵਾਪਰਿਆ ਹੋਵੇ ਤਾਂ ਦੱਸਣਾ? ਨਾਦਰ-ਅਬਦਾਲੀ ਹੋਰੀਂ ਤਾਂ ਬਾਹਰੋਂ ਸਨ। ਬਾਹਰਲੇ ਧਾੜਵੀ! ਪਰ ਇਹ ਅੰਦਰਲੇ?
ਕ੍ਰੋੜਾਂ-ਅਰਬਾਂ ਰੁਪਈਆ ਰਾਵਣ ਫੂਕਣ ਲਈ ਫੂਕਿਆ ਜਾਂਦਾ? ਹੈ ਨਹੀਂ ਮੂਰਖ ਲੁਕਾਈ? ਰਾਵਣ? ਰਾਵਣ ਕੀ ਹੈ ਮੋਦੀ ਅੱਗੇ? ਅਡਵਾਨੀ, ਇੰਦਰਾ, ਰਜੀਵ!ਸਦੀਆਂ ਤੋਂ ਫੂਕੇ ਜਾਂਦੇ ਸਾਰੇ ਰਾਵਣ ਇਕੱਠੇ ਕਰ ਲਓ, ਇੱਕ ਮੋਦੀ ਬਣਦਾ! ਇੱਕ ਇੰਦਰਾ ਬਣਦੀ! ਸਾਹਵੇਂ ਦਿੱਸਦੇ ਰਾਵਣਾ ਮਗਰ ਝੰਡੇ ਚੁੱਕੀ ਫਿਰਦੀ ਮੂਰਖ ਲੁਕਾਈ, ਪਰ ਮਰੇ ਹੋਏ ਰਾਵਣ ਨੂੰ ਫੂਕੀ ਤੁਰੀ ਜਾਂਦੀ।
ਤੇ ਉਹ ਰਾਵਣ ਅੱਜ ਉਜਲੇ ਕੱਪੜੇ ਪਾ ਕੇ, ਮੋਮੋਠੱਗਣੇ ਮੂੰਹ ਬਣਾ ਕੇ, ਲੋਕਾਂ ਨਾਲ ਹਮਦਰਦੀ ਜਿਤਾ ਕੇ ਵੋਟਾਂ ਲੈਣ ਨਿਕਲੇ ਹਨ। ਵੋਟਾਂ ਲੈਣ ਨਹੀਂ ਦਰਅਸਲ ਪੰਜ ਸਾਲ ਲਈ ਗਰੀਬ ਲੋਕਾਂ ਦੇ ਲਹੂਆਂ ਦੇ ਖੱਪਰ ਪੀਣ ਦਾ ਪ੍ਰਬੰਧ ਕਰਨ ਨਿਕਲੇ ਹਨ। ਪੰਜ ਸਾਲ ਲਈ ਸ਼ਿਕਾਰ ਕਰਨ ਨਿਕਲੇ ਹਨ ਜਨਤਾ ਦਾ ਖੂਨੀ ਭੇੜੀਏ! ਕਹਿੰਦੇ ਰਾਵਣ ਦਾ ਭਰਾ ਛੇ ਮਹੀਨੇ ਜਾਗਦਾ ਸੀ ਤੇ ਛੇ ਮਹੀਨੇ ਖਾ ਕੇ ਸੌਂ ਜਾਂਦਾ ਸੀ, ਪਰ ਇਹ ਲੋਕ ਕੁਝ ਦਿਨ ਜਾਗਦੇ ਹਨ, ਪਰ ਪੰਜ ਸਾਲ ਅਪਣੇ ਸ਼ਿਕਾਰ ਦਾ ਪ੍ਰਬੰਧ ਕਰ ਮੁੜ ਅਪਣੀਆਂ ਏਰਕੰਡੀਸ਼ਨ ਗੁਫਾਵਾਂ ਵਿਚ ਵੜ ਜਾਂਦੇ ਹਨ। ਇਨਾ ਦੇ ਕੀਤੇ ਸ਼ਿਕਾਰ ਪੰਜ ਸਾਲ ਕੱਢ ਜਾਂਦੇ ਹਨ। ਜੰਗਲ ਨੂੰ ਖਾਣ ਦੀ ਇਨ੍ਹਾਂ ਦੀ ਵਾਰੀ ਬੱਧੀ ਹੋਈ ਹੈ। ਇਸ ਵਾਰੀ ਮੋਦੀ ਐਂਡ ਪਾਰਟੀ ਦੀ ਵਾਰੀ ਹੈ। ਕਾਂਗਰਸ ਨੇ ਲਹੂ ਪੀ ਲਿਆ ਹੈ ਜਿੰਨਾ ਪੀਣਾ ਸੀ। ਉਨ੍ਹਾਂ ਦਾ ਕੋਟਾ ਪੂਰਾ!
ਮੋਦੀ ਦਾ ਖੂਨੀ ਮੂੰਹ ਜਬਾੜਿਆਂ ਤੱਕ ਲਿਬੜਿਆ ਹੋਇਆ ਲੋਕਾਂ ਦੇ ਲਹੂ ਨਾਲ! ਰਾਹੁਲ ਦੇ ਪਿਓ ਨੇ ਰੱਜ ਕੇ ਹੋਲੀ ਖੇਡੀ ਸਿੱਖਾਂ ਦੇ ਖੂਨ ਨਾਲ ਤੇ ਉਸ ਦੀ ਦਾਦੀ ਤਾਂ ਨਹਾਤੀ ਸੀ, ਨਹਾਤੀ ਲਹੂ ਵਿਚ! ਕੀ ਰਾਹੁਲ ਜਾਂ ਸੋਨੀਆਂ ਕਦੇ ਕਿਹਾ ਕਿ ਮੇਰਾ ਪਤੀ ਖੂਨੀ ਸੀ ਮੇਰੀ ਸੱਸ ਹਿਟਲਰ ਸੀ? ਤੁਸੀਂ ਕਦੇ ਜੰਗਲ ਵਿਚ ਘੁੰਮਦੇ ਬਗਿਆੜ, ਹਇਆਨਾ, ਚੀਤੇ ਵਰਗੇ ਖੂਨੀ ਜਾਨਵਰ ਦੇਖੇ ਹਨ? ਉਹ ਇੱਕ ਦੂਏ ਦਾ ਸ਼ਿਕਾਰ ਖੋਹਣ ਵਾਸਤੇ ਇੱਕ ਦੂਜੇ ਦਾ ਹੀ ਸ਼ਿਕਾਰ ਕਰ ਮਾਰਦੇ ਹਨ। ਪਰ ਇਹ ਇੰਝ ਨਹੀਂ ਕਰਦੇ? ਇਹ ਸਿਆਣੇ ਜਾਨਵਰ ਹਨ। ਇਹ ਰਲ਼ ਕੇ ਖਾਂਦੇ ਹਨ। ਉਪਰੋਂ ਇੱਕ ਦੂਜੇ ਨੂੰ ਗਾਹਲਾਂ ਕੱਢ ਰਹੇ ਹੁੰਦੇ, ਪਰ ਮੁੜ ਇੱਕੇ ਟੇਬਲ ਬੈਠ ਲੋਕਾਂ ਦਾ ਡਿਨਰ ਕਰ ਰਹੇ ਹੁੰਦੇ ਹਨ।
ਲੋਕ ਦਰਅਸਲ ਉਸ ‘ਸ਼ਾਈਨ ਇੰਡੀਆ’ ਨੂੰ ਦੇਖ ਰਹੇ ਹੁੰਦੇ ਹਨ ਜਿਹੜਾ ਫਿਲਮਾ ਜਾਂ ਡਰਾਮਿਆਂ ਵਿਚ ਦਿਖਾਇਆ ਜਾਂਦਾ ਹੈ। ਸ਼ਾਹੁਰੁਖ ਖਾਨਾਂ, ਕੁਮਾਰਾਂ ਅਤੇ ਕਪੂਰਾਂ ਵਾਲਾ ਸ਼ਾਈਨ! ਲਿੰਬਿਆ-ਪੋਚਿਆ ਸ਼ਾਈਨ! ਜਾਂ ਕ੍ਰਿਕਟ ਵਾਲਾ ਸ਼ਾਈਨ! ਜਿਥੇ ਮੂਰਖ ਜਨਤਾ ਬਿਨਾ ਪਾਣੀ ਸੁੱਕੇ ਗਲਿਆਂ ਨਾਲ ਸੀਟੀਆਂ ਵਜਾਈ ਤੁਰੀ ਜਾਂਦੀ ਹੈ। ਕਰਮਚੰਦ ਗਾਂਧੀ ਕਹਿੰਦਾ ਸੀ ਅਸੀਂ ਦੁੱਧ ਦੀਆਂ ਨਦੀਆਂ ਵਗਾ ਦਿਆਂਗੇ ਆਜ਼ਾਦ ਹਿੰਦੋਸਤਾਨ ਵਿਚ! ਦਿੱਲ ਕਰਦਾ ਗਾਂਧੀ ਨੂੰ ਕਬਰਾਂ ਵਿਚੋਂ ਕੱਢ ਕੇ ਪੁੱਛਿਆ ਜਾਵੇ ਕਿ ਦੁੱਧ ਦੀਆਂ? ਇਥੇ ਤਾਂ ਪਾਣੀ ਨਹੀਂ ਸਾਫ ਪੀਣਾ ਨਸੀਬ ਹੋਇਆ ਲੁਕਾਈ ਨੂੰ? ਪਰ ਹਾਂਅ! ਨਦੀਆਂ ਵਗਾਈਆਂ ਜਰੂਰ ਗਾਂਧੀ-ਵਾਦੀਆਂ! ਕਾਹਦੀਆਂ? ਲਹੂਆਂ ਦੀਆਂ! ਮੋਦੀ-ਇੰਦਰਾ-ਰਾਜੀਵ-ਅਡਵਾਨੀਆਂ ਵਗਾਈਆਂ ਨਹੀਂ?
ਇਹ ‘ਸ਼ਾਈਨ ਇੰਡੀਆ’ ਦੀ ਘਿਨਾਉਂਣੀ ਤਸਵੀਰ ਦਾ ਪਾਸਾ ਹੈ ਜਿਹੜਾ ਕਦੇ ਵੀ ਦਿਖਾਇਆ ਨਹੀਂ ਜਾਂਦਾ। ਕਦੇ ਦਿਖਾਇਆ ਵੀ ਨਹੀਂ ਜਾਵੇਗਾ। ਕੇਜਰੀਵਾਲ ਕੀ ਕਰਦਾ ਜਾਂ ਉਸ ਨੂੰ ਕਰਨ ਦਿੱਤਾ ਜਾਂਦਾ ਹਾਲੇ ਕੁਝ ਵੀ ਕਹਿਣਾ ਮੁਸ਼ਕਲ ਹੈ, ਕਿਉਂਕਿ ਹਿੰਦੂ ਦੀ ਸਾਰੀ ਤਾਕਤ ਮੋਦੀ ਮਗਰ ਖੜੀ ਨਜਰ ਆ ਰਹੀ ਹੈ ਤੇ ਜੇ ਮੋਦੀ ਬਹੁਮੱਤ ਜਿੱਤ ਜਾਂਦਾ ਹੈ ਤਾਂ ਇਸ ‘ਸ਼ਾਈਨ ਇੰਡੀਆ’ ਦੇ ਲਹੂਆਂ ਦੇ ਦਰਿਆ ਵਗਦੇ ਦੁਨੀਆਂ ਦੇਖੇਗੀ!! ਅਤੇ ਘੱਟ ਗਿਣਤੀਆਂ ਸਮੇਤ ਸਿੱਖਾਂ ਅਪਣਾ ਪ੍ਰਬੰਧ ਬਾਬਿਆਂ ਵਾਲੀ ‘ਦਰਗਾਹ’ ਦਾ ਹੁਣੇ ਕਰ ਲੈਣ, ਜਿਹੜੇ ਬਾਦਲਾਂ ਦੀ ਗੁੰਡਾਗਰਦੀ ਦੀ ਹੁਣ ਤੱਕ ਹਮਾਇਤ ਕਰਦੇ ਚਲੇ ਆ ਰਹੇ ਹਨ ਤੇ ਸਭ ਡੇਰੇ ਬਾਦਲਾਂ ਦਾ ਗੂੰਹ ਚੱਟਦੇ ਰਹੇ ਹਨ! ਉਨ੍ਹਾਂ ਬਾਦਲਾਂ ਦਾ ਜਿੰਨਾ ਦੀ ਰੋਟੀ ਬੇਟੀ ਤੱਕ ਦੀ ਸਾਂਝ ਮੋਦੀ ਵਰਗੇ ਖੂਨੀ ਭੇੜੀਏ ਨਾਲ ਹੈ! ਨਹੀਂ ਹੈ?

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.