ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਕੈਨੇਡਾ ਚੋਣਾਂ: ਚੰਗੇ ਨਹੀਂ ਹੁਕਮਰਾਨ ਕੰਜ਼ਰਵੇਟਿਵ ਪਾਰਟੀ ਦੇ ਹਾਲਾਤ
ਕੈਨੇਡਾ ਚੋਣਾਂ: ਚੰਗੇ ਨਹੀਂ ਹੁਕਮਰਾਨ ਕੰਜ਼ਰਵੇਟਿਵ ਪਾਰਟੀ ਦੇ ਹਾਲਾਤ
Page Visitors: 2523

ਕੈਨੇਡਾ ਚੋਣਾਂ: ਚੰਗੇ ਨਹੀਂ ਹੁਕਮਰਾਨ ਕੰਜ਼ਰਵੇਟਿਵ ਪਾਰਟੀ ਦੇ ਹਾਲਾਤ
ਟਰਾਂਟੋ, 23 ਅਗਸਤ (ਪੰਜਾਬ ਮੇਲ)-ਕੈਨੇਡਾ ਦੀਆਂ ਚੋਣਾਂ ਦੇ ਮਾਹੌਲ ਵਿੱਚ ਇਸ ਵਾਰ ਹੁਕਮਰਾਨ ਕਨਜ਼ਰਵੇਟਿਵ ਪਾਰਟੀ ਦੇ ਹਾਲਾਤ ਬਹੁਤੇ ਚੰਗੇ ਨਹੀਂ ਜਾਪਦੇ। ਸੈਨੇਟਰਾਂ ਦੇ ਖਰਚਾ ਘਪਲਿਅਾਂ ਕਾਰਨ ਉਸ ਦੇ ਪੈਰਾਂ ਹੇਠਲੀ ਜ਼ਮੀਨ ਤੱਤੀ ਹੋਈ ਪਈ ਹੈ। ਜਿੱਥੇ ਵਿਰੋਧੀ ਧਿਰਾਂ ਅਤੇ ਮੀਡੀਆ ਪਾਰਟੀ ਦੇ ਮੁਖੀ ਤੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੂੰ ਸਵਾਲਾਂ ਨਾਲ ਘੇਰ ਰਹੇ ਹਨ, ਉਥੇ ਲੋਕ ਵੀ ਉਨ੍ਹਾਂ ਦੇ ਨੌਂ ਸਾਲਾਂ ਦੇ ਰਾਜ ਮਗਰੋਂ ਬਦਲਾਅ ਲਈ ਤਤਪਰ ਹੋਏ ਆਪਣੀ ਭੜਾਸ ਕੱਢ ਰਹੇ ਹਨ। ਨਿੱਜੀ ਖਰਚਿਆਂ ਦੇ ਸਕੈਂਡਲ ਵਿੱਚ ਘਿਰੇ ਮੁਅੱਤਲ ਕਨਜ਼ਰਵੇਟਿਵ ਸੈਨੇਟਰ ਮਾਈਕ ਡੱਫੀ ਦੇ ਕੇਸ ਦੀ ਸੁਣਵਾਈ ਫਿਰ ਜਾਰੀ ਹੈ, ਜਿਸ ਦਾ ਪਰਛਾਵਾਂ ਪ੍ਰਧਾਨ ਮੰਤਰੀ ਦੀ ਚੋਣ ਮੁਹਿੰਮ ’ਤੇ ਅਸਰ ਅੰਦਾਜ਼ ਹੋ ਰਿਹਾ ਹੈ। ਮਾਮਲਾ ਸੈਨੇਟਰ ਡੱਫੀ ਵੱਲੋਂ ਦੋ ਵਰ੍ਹੇ ਪਹਿਲਾਂ 90 ਹਜ਼ਾਰ ਡਾਲਰ ਦੇ ਬੋਗਸ ਖਰਚੇ ਸਰਕਾਰੀ ਖ਼ਜ਼ਾਨੇ ਵਿੱਚੋਂ ਵਸੂਲਣ ਅਤੇ ਬਾਅਦ ਵਿੱਚ ਪ੍ਰਧਾਨ ਮੰਤਰੀ ਦੇ ਸਾਬਕਾ ‘ਮੁੱਖ ਸਕੱਤਰ’ ਵੱਲੋਂ ਭਰਪਾਈ ਲਈ ‘ਚੈੱਕ’ ਜਾਰੀ ਕਰਨ ਦਾ ਹੈ।
ਸ੍ਰੀ ਹਾਰਪਰ ਨੂੰ ਹਰ ਚੋਣ ਜਲਸੇ ਵਿੱਚ ਮੀਡੀਆ ਵੱਲੋਂ ਹੋਰ ਮੁੱਦਿਆਂ ਦੀ ਬਜਾਏ ਇਸੇ ਘਪਲੇ ਬਾਰੇ ਸਵਾਲ ਕੀਤੇ ਜਾ ਰਹੇ ਹਨ। ਤਿੰਨ ਮਹੀਨੇ ਪਹਿਲਾਂ ਅਲਬਰਟਾ ਦੀਆਂ ਸੂਬਾਈ ਚੋਣਾਂ ਵਿੱਚ ਕਨਜ਼ਰਵੇਟਿਵਾਂ ਦਾ ਚਾਰ ਦਹਾਕਿਆਂ ਦਾ ਗੜ੍ਹ ਤੋੜ ਕੇ ਐਨਡੀਪੀ ਦਾ ਬਹੁਮਤ ਵਿੱਚ ਜਿੱਤਣਾ ਵੀ ਇਨ੍ਹਾਂ ਚੋਣਾਂ ਨੂੰ ਪ੍ਰਭਾਵਤ ਕਰ ਸਕਦਾ ਹੈ। ਹਾਰਪਰ ਦਾ ਹਲਕਾ ਇਸੇ ਸੂਬੇ ਦੇ ਕੈਲਗਰੀ ਇਲਾਕੇ ਵਿੱਚ ਪੈਂਦਾ ਹੈ।
42ਵੀਂ ਸੰਸਦ ਲਈ 338 ਸੀਟਾਂ ਲਈ 19 ਅਕਤੂਬਰ ਨੂੰ ਹੋਣ ਜਾ ਰਹੀਆਂ ਚੋਣਾਂ ਵਿੱਚ ਕਨਜ਼ਰਵੇਟਿਵ, ਐਨਡੀਪੀ (ਡੈਮੋਕਰੇਟਿਕ), ਲਿਬਰਲ, ਕਿਬੈਕਵਾ, ਗਰੀਨ ਪਾਰਟੀ ਤੇ ਕਈ ਹੋਰ ਚੋਣ ਮੈਦਾਨ ਵਿੱਚ ਹਨ ਪਰ ਮੁੱਖ ਮੁਕਾਬਲਾ ਪਹਿਲੀਆਂ ਤਿੰਨਾਂ ਪਾਰਟੀਅਾਂ ਵਿੱਚ ਹੀ ਹੈ, ਜਿਨ੍ਹਾਂ ਵਿੱਚੋਂ ਐਨਡੀਪੀ ਹਾਲੀਆ ਸਰਵੇਖਣਾਂ ਵਿੱਚ ਵਧੀ ਮਕਬੂਲੀਅਤ ਨਾਲ ਮਜ਼ਬੂਤ ਸਥਿਤੀ ਵਿੱਚ ਲਗਦੀ ਹੈ।
ਸਿਆਸੀ ਪੰਡਤਾਂ ਮੁਤਾਬਕ ਡੈਮੋਕਰੇਟਾਂ ਨੂੰ ਬਹੁਮਤ ਤਾਂ ਸ਼ਾਇਦ ਨਾ ਮਿਲੇ ਪਰ ਸਰਕਾਰ ਬਣਾ ਸਕਦੇ ਹਨ। ਲਿਬਰਲਾਂ ਦਾ ਕਨਜ਼ਰਵੇਟਿਵਾਂ ਨਾਲ ਫਸਵਾਂ ਮੁਕਾਬਲਾ ਹੈ।
ਵਰਨਣਯੋਗ ਹੈ ਕਿ 1867 (ਕੈਨੇਡਾ ਦੀ ਸਥਾਪਤੀ) ਤੋਂ ਲੈ ਕੇ ਹੁਣ ਤੱਕ ਮੁਲਕ ਦੀ ਸੱਤਾ ’ਤੇ ਲਿਬਰਲ ਜਾਂ ਕਨਜ਼ਰਵੇਟਿਵ ਹੀ ਕਾਬਜ਼ ਰਹੇ ਹਨ ਪਰ ਹੋ ਸਕਦਾ ਹੈ ਇਸ ਵਾਰ ਐਨਡੀਪੀ ਇਤਿਹਾਸ ਸਿਰਜ ਦੇਵੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.