ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਅਮਰੀਕਾ ‘ਚ ਸਿੱਖਾਂ ‘ਤੇ ਨਸਲੀ ਹਮਲੇ ਜਾਰੀ
ਅਮਰੀਕਾ ‘ਚ ਸਿੱਖਾਂ ‘ਤੇ ਨਸਲੀ ਹਮਲੇ ਜਾਰੀ
Page Visitors: 2482

ਅਮਰੀਕਾ ‘ਚ ਸਿੱਖਾਂ ‘ਤੇ ਨਸਲੀ ਹਮਲੇ ਜਾਰੀ

Posted On 23 Dec 2015
24
ਵਾਸ਼ਿੰਗਟਨ, 23 ਦਸੰਬਰ (ਸੁਖਮਿੰਦਰ ਸਿੰਘ ਚੀਮਾ/ਪੰਜਾਬ ਮੇਲ)- ਕੈਲੀਫੋਰਨੀਆ ਦੇ ਸੈਨ ਬਰਨਾਰਡੀਨੋ ਗੋਲੀ ਕਾਂਡ ਪਿੱਛੋਂ ਅਮਰੀਕਾ ਦੇ ਸਿੱਖਾਂ ਵਿਰੁੱਧ ਚੱਲ ਰਹੀ ਨਸਲੀ ਹਿੰਸਾ ਦੀ ਲਹਿਰ ਰੁੱਕਣ ਦਾ ਨਾਂ ਨਹੀਂ ਲੈ ਰਹੀ। ਇਸ ਲਹਿਰ ਦਾ ਦੁੱਖਦਾਈ ਪਹਿਲੂ ਇਹ ਹੈ ਕਿ ਪੁਲਿਸ ਇਨ੍ਹਾਂ ਘਟਨਾਵਾਂ ਨੂੰ ਨਾ ਸਿਰਫ ਸਰਸਰੀ ਲੈ ਰਹੀ ਹੈ, ਸਗੋਂ ਸਿੱਖਾਂ ਨੂੰ ਸ਼ੱਕ ਦੀ ਨਿਗਾਹ ਨਾਲ ਵੀ ਵੇਖ ਰਹੀ ਹੈ। ਸਿੱਖਾਂ ਨੇ ਇਨਸਾਫ਼ ਲਈ ਹੁਣ ਵ੍ਹਾਈਟ ਹਾਊਸ ਦਾ ਦਰ ਖੜਕਾਇਆ ਹੈ। ਤਾਜ਼ਾ ਘਟਨਾਵਾਂ ‘ਚ ਬੇਕਰਸਫੀਲਡ ਦੇ ਇਕ ਬਜ਼ੁਰਗ ਸਿੱਖ ਉਪਰ ਹਮਲਾ, ਫਰੀਮਾਂਟ ਦੀ ਸਿੱਖ ਪੁਲਿਸ ਅਫਸਰ ਨਾਲ ਨਸਲੀ ਵਿਤਕਰਾ ਅਤੇ ਮਿਸ਼ੀਗਨ ‘ਚ ਸਿੱਖਾਂ ਦੇ ਗੈਸ ਸਟੇਸ਼ਨ ‘ਤੇ ਵਾਪਰੀ ਗੋਲੀ ਕਾਂਡ ਦੀ ਘਟਨਾ ਸ਼ਾਮਲ ਹੈ।
ਕੈਲੀਫੋਰਨੀਆ ਦੇ 78 ਸਾਲਾ ਗਿਆਨ ਸਿੰਘ ਉਪਰ ਹਮਲਾ ਉਸ ਵੇਲੇ ਕੀਤਾ ਗਿਆ, ਜਦੋਂ ਉਹ ਆਪਣੇ 8 ਸਾਲ ਦੇ ਪੋਤਰੇ ਨੂੰ ਸਕੂਲੋਂ ਲੈ ਕੇ ਪੈਦਲ ਘਰ ਆ ਰਿਹਾ ਸੀ। ਨਸਲਵਾਦੀ ਨੌਜਵਾਨ ਨੇ ਗਿਆਨ ਸਿੰਘ ਦੇ ਸਿਰ ‘ਤੇ ਨਿਸ਼ਾਨਾ ਸੇਧ ਕੇ ਸੇਬ ਮਾਰਿਆ, ਜਿਸ ਦੀ ਸੱਟ ਨਾਲ ਉਹ ਬੋਂਦਲ ਗਿਆ। ਪਰ ਪੁਲਿਸ ਇਸ ਨੂੰ ਨਸਲੀ ਹਮਲਾ ਮੰਨਣ ਲਈ ਤਿਆਰ ਨਹੀਂ।
ਕੈਲੀਫੋਰਨੀਆ ਵਿਚ ਸਿੱਖਾਂ ਦੀ ਸਭ ਤੋਂ ਸੰਘਣੀ ਆਬਾਦੀ ਵਾਲੇ ਫਰੀਮਾਂਟ ਸ਼ਹਿਰ ਦੀ 24 ਸਾਲਾ ਸਿੱਖ ਕੁੜੀ ਸਿਮ ਸੰਘਾ ਨਾਲ ਤਾਂ ਇਸ ਤੋਂ ਵੀ ਮਾੜੀ ਘਟਨਾ ਵਾਪਰੀ ਹੈ। ਸਿਮ ਸੰਘਾ ਨੇ ਦੱਸਿਆ ਕਿ ਉਹ ਆਪਣੀ ਏ.ਆਰ -15 ਅਸਾਲਟ ਰਾਈਫਲ ਲਈ ਫਰੀਮਾਂਟ ਦੇ ਡਿਕਸ ਸਪੋਰਟਸ ਸਟੋਰ ‘ਤੇ ਕਾਰਤੂਸ ਖਰੀਦਣ ਗਈ ਸੀ। ਉਸ ਨੇ ਆਪਣੀ ਸ਼ਨਾਖਤ ਵਿਖਾ ਕੇ ਸਟੋਰ ਦੇ ਸੇਲਜ਼ਮੈਨ ਤੋਂ ਥੋਕ ਦੇ ਭਾਅ ‘ਚ ਕਾਰਤੂਸਾਂ ਦੀ ਕੀਮਤ ਪੁੱਛੀ ਅਤੇ ਬਿਨਾਂ ਖ਼ਰੀਦੇ ਵਾਪਸ ਆ ਗਈ। ਸਿਮ ਸੰਘਾ ਉਦੋਂ ਹੈਰਾਨ ਰਹਿ ਗਈ, ਜਦੋਂ ਸਟੋਰ ਦੇ ਮੈਨੇਜਰ ਨੇ ਉਸ ਨੂੰ ਸ਼ੱਕੀ ਦਹਿਸ਼ਤਗਰਦ ਦੱਸ ਕੇ ਉਸ ਦੇ ਘਰ ਪੁਲਿਸ ਭੇਜ ਦਿੱਤੀ। ਹਾਲਾਂਕਿ ਉਹ ਹਥਿਆਰਾਂ ਦੀ ਸਿਖਲਾਈ ਦੇਣ ਵਾਲੀ ਟਰੇਂਡ ਇੰਸਟ੍ਰਕਟਰ ਹੈ। ਉਸ ਦੀ ਲਾਸ ਏਂਜਲਸ ਪੁਲਿਸ ‘ਚ ਚੋਣ ਹੋ ਚੁੱਕੀ ਹੈ ਅਤੇ ਉਹ ਛੇਤੀ ਹੀ ਡਿਊਟੀ ‘ਤੇ ਤਾਇਨਾਤ ਹੋਣ ਵਾਲੀ ਹੈ। ਉਸ ਦਾ ਪੂਰਾ ਰਿਕਾਰਡ ਪੁਲਿਸ ਕੋਲ ਹੋਣ ਦੇ ਬਾਵਜੂਦ ਉਸ ਨੂੰ ਨਿਸ਼ਾਨਾ ਇਸ ਲਈ ਬਣਾਇਆ ਗਿਆ ਕਿਉਂਕਿ ਉਹ ਸਿੱਖ ਹੈ।
ਤਿੰਨ ਦਿਨ ਪਹਿਲਾਂ ਮਿਸ਼ੀਗਨ ਦੇ ਗਰੈਂਡ ਰੈਪਿਡ ਸ਼ਹਿਰ ਦੇ ਪੰਜਾਬੀਆਂ ਦੇ ਗੈਸ ਸਟੇਸ਼ਨ ‘ਤੇ ਡਾਕਾ ਮਾਰਨ ਆਏ ਨਸਲਵਾਦੀ ਲੁਟੇਰੇ ਨੇ ਗੈਸ ਸਟੇਸ਼ਨ ਸਿੱਖ ਮੈਨੇਜਰ ਨੂੰ ਨਸਲੀ ਗਾਲ੍ਹਾਂ ਕੱਢਦਿਆਂ ਉਸ ਦੇ ਮੁੰਹ ‘ਚ ਬੰਦੂਕ ਪਾ ਦਿੱਤੀ। ਦਲੇਰ ਪੰਜਾਬੀ ਉਸ ਨਾਲ ਉਲਝ ਪਿਆ ਸੀ, ਸਿੱਟੇ ਵਜੋਂ ਉਸ ਦੀ ਗੱਲ ਉਪਰ ਗੋਲੀ ਲੱਗ ਗਈ ਪਰ ਉਸ ਦੀ ਜਾਨ ਬਚ ਗਈ ਸੀ। ਪੁਲਿਸ ਇਸ ਨੂੰ ਨਸਲੀ ਹਮਲੇ ਦੀ ਥਾਂ ਡਾਕੇ ਦੀ ਵਾਰਦਾਤ ਮੰਨਦੀ ਹੈ। ਹਮਲੇ ਦਾ ਸ਼ਿਕਾਰ ਟੋਨੀ ਸਿੰਘ ਅਜੇ ਜ਼ੇਰੇ ਇਲਾਜ ਹੈ।
ਇਕ ਤਾਜ਼ਾ ਘਟਨਾ ‘ਚ ਲਾਸ ਏਂਜਲਸ ਦੇ ਬਿਊਨਾ ਪਾਰਕ ਗੁਰਦੁਆਰੇ ਦਾ ਇਕ ਆਗੂ ਜਸਪ੍ਰੀਤ ਸਿੰਘ ਗੁਰਦੁਆਰੇ ਦੀ ਸੁਰੱਖਿਆ ਲਈ ਕਲੋਜ਼ ਸਰਕਟ ਕੈਮਰੇ ਖ਼ਰੀਦਣ ਲਈ ਇਕ ਸਟੋਰ ‘ਤੇ ਗਿਆ, ਤਾਂ ਇਕ ਨਸਲਵਾਦੀ ਗੋਰੀ ਨੇ ਉਸ ਵਿਰੁੱਧ ਅਪਸ਼ਬਦਾਵਲੀ ਵਾਲੀਆਂ ਨਸਲੀ ਟਿੱਪਣੀਆਂ ਕਰਦਿਆਂ ਕਿਹਾ ਕਿ ਤੁਸੀਂ ਲੋਕ ਸਾਡੇ ਮੁਲਕ ਵਿਚੋਂ ਨਿਕਲ ਜਾਓ, ਅਸੀਂ ਤੁਹਾਨੂੰ ਹੁਣ ਹੋਰ ਬਰਦਾਸ਼ਤ ਨਹੀਂ ਕਰਾਂਗੇ।
ਜਸਪ੍ਰੀਤ ਸਿੰਘ ਉਸੇ ਗੁਰਦੁਆਰਾ ਸਿੰਘ ਸਭਾ ਦਾ ਪ੍ਰਬੰਧਕ ਹੈ, ਜਿਸ ਉਪਰ ਨਸਲਵਾਦੀ ਨੌਜਵਾਨ ਨੇ ਨਸਲੀ ਨਾਅਰੇ ਲਿਖ ਦਿੱਤੇ ਸਨ। ਗ੍ਰਿਫ਼ਤਾਰੀ ਦੇ ਬਾਵਜੂਦ ਪੁਲਿਸ ਹਾਲੇ ਵੀ ਉਸ ਨਸਲਵਾਦੀ ਨੂੰ ਨਸਲਵਾਦ ਵਿਰੋਧੀ ਐਕਟ ਤਹਿਤ ਚਾਰਜਸ਼ੀਟ ਕਰਨ ਲਈ ਤਿਆਰ ਨਹੀਂ।
ਇਸ ਤੋਂ ਪਹਿਲਾਂ ਸਿੱਖ ਨੌਜਵਾਨਾਂ ਦਾ ਸੈਨ ਡਿਆਗੋ ਦੇ ਫੁੱਟਬਾਲ ਸਟੇਡੀਅਮ ‘ਚ ਦਾਖ਼ਲਾ ਰੋਕੇ ਜਾਣ ਅਤੇ ਮਿਸੀਸਿਪੀ ਦੇ ਹਵਾਈ ਅੱਡੇ ‘ਤੇ ਸਿੱਖ ਕੁੜੀ ਨੂੰ ਜ਼ਲੀਲ ਕੀਤੇ ਜਾਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਸਿੱਖ ਭਾਈਚਾਰੇ ਦੇ ਆਗੂਆਂ ਨੇ ਨਸਲਵਾਦ ਦਾ ਇਹ ਮੁੱਦਾ ਹੁਣ ਵ੍ਹਾਈਟ ਹਾਊਸ ਕੋਲ ਉਠਾਇਆ ਹੈ। ਵ੍ਹਾਈਟ ਹਾਊਸ ਦੇ ਬੁਲਾਰੇ ਜੋਸ਼ ਏਨਰੈਸਟ ਨੇ ਦੱਸਿਆ ਕਿ ਸਿੱਖਾਂ ਦਾ ਇਹ ਮਾਮਲਾ ਗੰਭੀਰਤਾ ਨਾਲ ਵਿਚਾਰਿਆ ਜਾ ਰਿਹਾ ਹੈ। ਵ੍ਹਾਈਟ ਹਾਊਸ ਪ੍ਰੈੱਸ ਸੈਕਟਰੀ ਦਾ ਕਹਿਣਾ ਹੈ ਕਿ ਵ੍ਹਾਈਟ ਹਾਊਸ ਡੁਮੈਸਟਿਕ ਪਾਲਿਸੀ ਕੌਂਸਲ ਦੇ ਡਾਇਰੈਕਟਰ ਸੇਸੀਲੀਆ ਮੂਨੋਜ ਰਾਸ਼ਟਰਪਤੀ ਬਰਾਕ ਓਬਾਮਾ ਦੀ ਤਰਫੋਂ ਹੋਮਲੈਂਡ ਸਕਿਓਰਟੀ ਅਤੇ ਐੱਫ.ਬੀ.ਆਈ. ਅਧਿਕਾਰੀਆਂ ਪਾਸ ਉਠਾ ਰਹੇ ਹਨ। ਇਸ ਮੀਟਿੰਗ ਵਿਚ ਸਿੱਖ ਭਾਈਚਾਰੇ ਦੇ ਨੁਮਾਇੰਦੇ ਵੀ ਸ਼ਾਮਲ ਹੋਣਗੇ।
ਐੱਫ.ਬੀ.ਆਈ. ਦੀ ਰਿਪੋਰਟ ਅਨੁਸਾਰ ਸਤੰਬਰ 11 ਦੇ ਅੱਤਵਾਦੀ ਹਮਲੇ ਪਿੱਛੇ ਅਮਰੀਕਾ ‘ਚ ਸਿੱਖਾਂ ‘ਤੇ ਨਸਲੀ ਹਮਲਿਆਂ ਦੀਆਂ 300 ਤੋਂ ਵੱਧ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਨ੍ਹਾਂ ਵਿਚ ਤਿੰਨ ਸਾਲ ਪਹਿਲਾਂ ਮਿਲਵਾਕੀ ਗੁਰਦੁਆਰੇ ਅੰਦਰ ਵਾਪਰੀ ਖ਼ੂਨੀ ਘਟਨਾ ਸਭ ਤੋਂ ਦੁੱਖਦਾਇਕ ਸੀ। 2009 ‘ਤੇ ਸਿੱਖਾਂ ‘ਤੇ ਨਸਲੀ ਹਮਲਿਆਂ ‘ਚ 41 ਫ਼ੀਸਦੀ ਵਾਧਾ ਹੋਇਆ ਹੈ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.