ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਦਿੱਲੀ ‘ਚ ਪਹਿਲੇ ਦਿਨ ‘ਔਡ-ਈਵਨ’ ਯੋਜਨਾ ਹੋਈ ਸਫ਼ਲ
ਦਿੱਲੀ ‘ਚ ਪਹਿਲੇ ਦਿਨ ‘ਔਡ-ਈਵਨ’ ਯੋਜਨਾ ਹੋਈ ਸਫ਼ਲ
Page Visitors: 2651

ਦਿੱਲੀ ‘ਚ ਪਹਿਲੇ ਦਿਨ ‘ਔਡ-ਈਵਨ’ ਯੋਜਨਾ ਹੋਈ ਸਫ਼ਲ
Posted On
01 Jan 2016
By :

even
ਨਵੀਂ ਦਿੱਲੀ, 1 ਜਨਵਰੀ (ਪੰਜਾਬ ਮੇਲ)- ਦਿੱਲੀ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਕਵਾਇਦ ਤਹਿਤ ਪ੍ਰਦੇਸ਼ ਸਰਕਾਰ ਵੱਲੋਂ ਚਲਾਏ ਗਏ ਟਾਂਕ-ਜਿਸਤ (ਔਡ-ਈਵਨ) ਨੰਬਰ ਦੀਆਂ ਗੱਡੀਆਂ ਦਾ ਫਾਰਮੂਲਾ ਅੱਜ ਤੋਂ ਲਾਗੂ ਹੋ ਗਿਆ | 15 ਦਿਨਾਂ ਲਈ ਕੀਤੇ ਜਾ ਰਹੇ ਇਸ ਤਜਰਬੇ ਦੇ ਪਹਿਲੇ ਦਿਨ ਹੀ ਜਿਥੇ ਪ੍ਰਦੇਸ਼ ਸਰਕਾਰ ਇਸ ਨੂੰ ਅੰਦੋਲਨ ‘ਚ ਤਬਦੀਲ ਹੋ ਰਹੀ ‘ਬਦਲਾਅ ਦੀ ਲਹਿਰ’ ਦਾ ਫਤਵਾ ਦੇ ਰਹੀ ਹੈ,ੳਥੇ ਹੀ ਵਿਰੋਧੀ ਸੁਰਾਂ ਵੱਲੋਂ ਕਿਸੇ ਨਤੀਜਾਕੁੰਨ ਅੰਜਾਮ ਨੂੰ ਐਲਾਨਣ ਲਈ ‘ਉਡੀਕ’ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ | ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਲਾਮਬੰਦ ਹੋਈ ਦਿੱਲੀ ਪੁਲਿਸ ਨੇ ਵੀ ਪਹਿਲਾ ਦਿਨ ਇਸ ਸਬੰਧ ‘ਚ ਲੋਕਾਂ ਨੂੰ ਜਾਗਰੂਕ ਕਰਨ ਲਈ ਰੱਖਿਆ ਸੀ ਪਰ ਪਿਛਲੇ ਤਕਰੀਬਨ 1 ਮਹੀਨੇ ਤੋਂ ਵਿਵਾਦਤ ਚਰਚਾ ‘ਚ ਰਹੀ ਇਸ ਯੋਜਨਾ ਬਾਰੇ, ਕਈਆਂ ਨੂੰ ਬੇਧਿਆਨੀ ਦਾ ਸਿਲਾ 2000 ਰੁਪਏ ਦੇ ਚਲਾਨ ਨਾਲ ਹੀ ਅਦਾ ਕਰਨਾ ਪਿਆ | ਕਾਰਪੂਲ ਕਰਕੇ ਦਫ਼ਤਰ ਪੁੱਜੇ ਮੁੱਖ ਮੰਤਰੀ ਵਿਦੇਸ਼ਾਂ ਦੀ ਤਰਜ਼ ‘ਤੇ ਦਿੱਲੀ ਨੂੰ ਟਾਂਕ-ਜਿਸਤ ਪ੍ਰਣਾਲੀ ਦਾ ਫਾਰਮੂਲਾ ਦੇਣ ਵਾਲੇ ਪ੍ਰਦੇਸ਼ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਰਾਹੀਂ ਪੂਰੇ ਦੇਸ਼ ਨੂੰ ਰਸਤਾ ਦਿਖਾਉਣ ਦੀ ਮੰਸ਼ਾ ਜ਼ਾਹਿਰ ਕੀਤੀ |
   ਕੇਜਰੀਵਾਲ ਨੇ ਕਾਰ-ਪੂਲਿੰਗ ਦੀ ਧਾਰਨਾ ਨੂੰ ਅਪਣਾਉਂਦੇ ਹੋਏ ਆਪਣੀ ਟਾਂਕ ਨੰਬਰ ਵਾਲੀ ਕਾਰ ਵਿਚ ਟਰਾਂਸਪੋਰਟ ਮੰਤਰੀ ਗੋਪਾਲ ਰਾਇ ਅਤੇ ਸਿਹਤ ਮੰਤਰੀ ਸਤਿੰਦਰ ਜੈਨ ਨੂੰ ਨਾਲ ਲੈ ਕੇ ਦਿੱਲੀ ਸਕੱਤਰੇਤ ਪੁੱਜੇ | ਆਮ ਆਦਮੀ ਪਾਰਟੀ ਦੇ ਇਹ ਤਿੰਨੋ ਆਗੂ ਉੱਤਰੀ ਦਿੱਲੀ ਦੇ ਸਿਵਲ ਲਾਈਨ ਇਲਾਕੇ ‘ਚ ਰਹਿੰਦੇ ਹਨ | ਮੁੱਖ ਮੰਤਰੀ ਤੋਂ ਇਲਾਵਾ ਦਿੱਲੀ ਸਰਕਾਰ ਦੇ ਹੋਰ ਮੰਤਰੀ ਵੀ ਆਪੋ-ਆਪਣੇ ਅੰਦਾਜ਼ ‘ਚ ਸਕੱਤਰੇਤ ਪਹੁੰਚਦੇ ਨਜ਼ਰ ਆਏ | ਦੱਸਣਯੋਗ ਹੈ ਕਿ ਫਾਰਮੂਲੇ ਦਾ ਨੋਟੀਫਿਕੇਸ਼ਨ ਜਾਰੀ ਕਰਨ ਵੇਲੇ ਕੇਜਰੀਵਾਲ ਨੇ ਆਪਣੇ ਸਮੇਤ ਮੰਤਰੀਆਂ ਨੂੰ ਵੀ ਵੀ.ਆਈ.ਪੀ. ਛੋਟ ਦੇ ਦਾਇਰੇ ਚੋਂ ਬਾਹਰ ਰੱਖਿਆ ਸੀ | ਮੋਟਰਸਾਈਕਲ ‘ਤੇ ਸਕੱਤਰੇਤ ਪੁੱਜੇ ਸੈਰਸਪਾਟਾ ਮੰਤਰੀ ਕਪਿਲ ਮਿਸ਼ਰਾ ਨੇ ਕਿਹਾ ਕਿ ਉਹ ਅਗਲੇ 15 ਦਿਨਾਂ ‘ਚ ਹਰ ਤਰ੍ਹਾਂ ਦੇ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਨਾ ਚਾਹੁੰਦੇ ਹਨ | ਇੱਕ ਹੋਰ ਮੰਤਰੀ ਇਮਰਾਨ ਹੁਸੈਨ ਵੀ ਈ-ਰਿਕਸ਼ਾ ਰਾਹੀਂ ਦਫ਼ਤਰ ਪੁੱਜੇ ਜਦ ਕਿ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਆਪਣੀ ਟਾਂਕ ਨੰਬਰ ਵਾਲੀ ਗੱਡੀ ‘ਚ ਦਫ਼ਤਰ ਪੁੱਜੇ |  ਮੁੱਖ ਮੰਤਰੀ ਨੇ ਇਸ ਸਕੀਮ ਨੂੰ ਸਫਲ ਬਣਾਉਣ ਲਈ ‘ ਜਨ ਭਾਗੀਦਾਰੀ’ ਨੂੰ ਹੀ ਜ਼ਿੰਮੇਵਾਰ ਦੱਸਿਆ | ਉਨ੍ਹਾਂ ਕਿਹਾ ਕਿ ਰਾਸ਼ਟਰੀ ਰਾਜਧਾਨੀ ਦੇ ਲੋਕਾਂ ਨੇ ਖੁੱਲ੍ਹੇ ਦਿਮਾਗ ਨਾਲ ਪਾਬੰਦੀਆਂ ਨੂੰ ਸਵੀਕਾਰ ਕੀਤਾ ਹੈ ਜਦ ਕਿ ਸਰਕਾਰ ਸਿਰਫ ਉਨ੍ਹਾਂ ਦੀ ਮਦਦ ਕਰ ਰਹੀ ਹੈ, ਇਸ ਲਈ ਇਹ ਇਕ ਆਦਰਸ਼ ਸਥਿਤੀ ਹੈ | ਮੁਹਿੰਮ ਦੀ ਸਫਲਤਾ ਲਈ ਕੀਤੀ ਕਾਨਫਰੰਸ ‘ਚ ਭਾਜਪਾ ‘ਤੇ ਕੀਤਾ ਵਾਰ ਟਾਂਕ-ਜਿਸਤ ਫਾਰਮੂਲੇ ਦੀ ਮੁਹਿੰਮ ਨੂੰ ਪਹਿਲੇ ਦਿਨ ਹੀ ਸਫਲ ਐਲਾਨਣ ਲਈ ਟਰਾਂਸਪੋਰਟ ਮੰਤਰੀ ਗੋਪਾਲ ਰਾਇ ਅਤੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਅੱਜ ਸ਼ਾਮ 5 ਵਜੇ ਪ੍ਰੈਸ ਕਾਨਫਰੰਸ ਰਾਹੀਂ ਦਿੱਲੀ ਦੀ ਜਨਤਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਨਤਾ ਨੇ ਨਾ ਸਿਰਫ ਪ੍ਰਦੂਸ਼ਣ ਮੁਕਤ ਹੋਣ ਦਾ ਧਾਰ ਲਿਆ ਹੈ ਸਗੋਂ ਕਰਕੇ ਵੀ ਵਿਖਾਇਆ ਹੈ | ਦਿੱਲੀ ਸਰਕਾਰ ਦੇ ਦੋਵਾਂ ਮੰਤਰੀਆਂ ਨੇ ਇਸ ਸਬੰਧ ‘ਚ ਕੇਂਦਰ ਦੀ ਸਥਿਤੀ ਸਪੱਸ਼ਟ ਕਰਦਿਆਂ ਉਨ੍ਹਾਂ ਵੱਲੋਂ ਚਲਾਏ ‘ਅਸਹਿਯੋਗ’ ਦੀ ਗੱਲ ਵੀ ਲੋਕਾਂ ਤੱਕ ਪਹੁੰਚਾਉਣ ਤੋਂ ਗੁਰੇਜ਼ ਨਹੀਂ ਕੀਤਾ | ਗੋਪਾਲ ਰਾਇ ਨੇ ਸਪੱਸ਼ਟ ਸ਼ਬਦਾਂ ‘ਚ ਕੇਂਦਰ ਨੂੰ ਨਾ ਸਿਰਫ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਸਗੋਂ ਇਹ ਵੀ ਕਿਹਾ ਕਿ ਇਹ ਕੇਂਦਰ ਅਤੇ ਆਮ ਆਦਮੀ ਪਾਰਟੀ ਦੀ ਲੜਾਈ ਨਹੀਂ ਹੈ, ਇਸ ਲਈ ਮੁਹਿੰਮ ‘ਚ ਕੇਂਦਰ ਨੂੰ ਸਹਿਯੋਗ ਦੇਣਾ ਚਾਹੀਦਾ ਹੈ |
ਟਰਾਂਸਪੋਰਟ ਮੰਤਰੀ ਨੇ ਅਸਿੱਧੇ ਲਫ਼ਜਾਂ ‘ਚ ਕੇਂਦਰ ‘ਤੇ ਇਹ ਇਲਜ਼ਾਮ ਵੀ ਲਾਇਆ ਕਿ ਉਹ ਸਕੂਲਾਂ ਦੀਆਂ ਛੁੱਟੀਆਂ ਹੋਣ ਦੇ ਬਾਵਜੂਦ ਉਥੋਂ ਦੀਆਂ ਬੱਸਾਂ ਨੂੰ ਵਰਤੋਂ ‘ਚ ਲਿਆਉਣ ਤੋਂ ਰੋਕ ਰਹੀ ਹੈ | ਇਹ ਇਹ ਵੀ ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਸ਼ੁਰੂ ਤੋਂ ਹੀ ਇਸ ਮਸਲੇ ਨੂੰ ਬੱਚਿਆਂ ਦੀ ਸਿਹਤ ਦੇ ਮੁੱਦੇ ਵਜੋ ਪ੍ਰਚਾਰਿਤ ਕਰ ਰਹੀ ਹੈ ਤਾਂ ਜੋ ਨਾਂਹ ਦੀ ਗੁੰਜਾਇਸ਼ ਖਤਮ ਹੋ ਜਾਵੇ | ਅੱਜ ਵੀ ਗੋਪਾਲ ਰਾਇ ਨੇ ਸਕੂਲ ਅਥਾਰਿਟੀ ਨੂੰ ਉਚੇਚੇ ਤੌਰ ‘ਤੇ ਅਪੀਲ ਕਰਦਿਆਂ ਕਿਹਾ ਕਿ ਉਹ ਸਕੂਲ ਵਾਲੇ ਬੱਚਿਆਂ ਦੀ ਜ਼ਿੰਦਗੀ ਸਵਾਰਨ ਵਾਲੇ ਹਨ ਇਸ ਲਈ ਕਿਸੇ ਦੇ ਦਬਾਅ ਹੇਠ ਆ ਕੇ ਕੰਮ ਨਾ ਕਰਨ |
ਸੜਕਾਂ ‘ਤੇ ਵਲੰਟੀਅਰਾਂ ਨੇ ਵਿਖਾਈ ਗਾਂਧੀਗਿਰੀ ਦਿੱਲੀ ਦੇ ਵੱਖ-ਵੱਖ ਇਲਾਕਿਆਂ ‘ਚ ਆਮ ਆਦਮੀ ਪਾਰਟੀ ਦੇ ਵਰਕਰ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਪਲੇਕਾਰਡ ਫੜੇ ਨਜ਼ਰ ਆਏ | ‘ਮੈਂ ਦਿੱਲੀ ਨੂੰ ਪ੍ਰਦੂਸ਼ਣ ਮੁਕਤ ਬਣਾਵਾਂਗਾਂ’ ਦਾ ਸੁਨੇਹਾ ਦਿੰਦੇ ਵਲੰਟੀਅਰਜ਼ ਨੇ ਆਪਣੀ ਭੂਮਿਕਾ ਜਾਗਰੂਕਤਾ ਫੈਲਾਉਣ ਤੱਕ ਹੀ ਸੀਮਤ ਰੱਖੀ | ਪਹਿਲਾਂ ਇਹ ਆਖਿਆ ਗਿਆ ਸੀ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਚਲਾਨ ਵੀ ਵਲੰਟੀਅਰ ਕੱਟਣਗੇ ਪ੍ਰੰਤੂ ਦਿੱਲੀ ਪੁਲਿਸ ਮੁਖੀ ਵੱਲੋਂ ਇਸ ‘ਤੇ ਇਤਰਾਜ਼ ਕਰਨ ਤੋਂ ਬਾਅਦ ਕੇਜਰੀਵਾਲ ਨੇ ਉਨ੍ਹਾਂ ਨੂੰ ਸਿਰਫ ਜਾਗਰੂਕਤਾ ਫੈਲਾਉਣ ਦੀ ਜ਼ਿੰਮੇਵਾਰੀ ਲੈਣ ਦੇ ਨਿਰਦੇਸ਼ ਦਿੱਤੇ | ਦਿੱਲੀ ਸਰਕਾਰ ਦੀ ਤਿਆਰੀ ਦਿੱਲੀ ਸਰਕਾਰ ਨੇ ਯੋਜਨਾ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਲਈ ਟਰਾਂਸਪੋਰਟ ਵਿਭਾਗ ਦੀਆਂ 66 ਇਨਫੋਰਸਮੈਂਟ ਟੀਮਾਂ ਅਤੇ ਸਬ ਡਿਵੀਜ਼ਨਲ ਮੈਜਿਸਟਰੇਟ ਦੀਆਂ 27 ਟੀਮਾਂ ਤਇਨਾਤ ਕੀਤੀਆਂ | ਦਿੱਲੀ ਦੀਆਂ ਸੜਕਾਂ ‘ਤੇ 5700 ਸਿਵਲ ਡਿਫੈਂਸ ਦੇ ਮੁਲਾਜ਼ਮ, 1000 ਐਨ.ਸੀ.ਸੀ. ਕੈਡਟਸ ਅਤੇ ਐਨ.ਐਸ.ਐਸ. ਦੇ 1 ਹਜ਼ਾਰ ਵਲੰਟੀਅਰਸ ਮੌਜੂਦ ਸਨ | ਲੋਕਾਂ ਦੀ ਸਹੂਲਤ ਨੂੰ ਧਿਆਨ ‘ਚ ਰੱਖਦੇ ਹੋਏ ਡੀ.ਟੀ.ਸੀ. ਬੱਸਾਂ ਤੇ ਮੈਟਰੋ ਨੇ ਵੀ ਵਾਧੂ ਫੇਰੇ ਲਾਏ | ਜਿਸਤ ਨੰਬਰ ਹੋਣ ਕਾਰਨ ਟ੍ਰੈਫਿਕ ਪੁਲਿਸ ਨੇ ਰੋਕੀ ਭਾਜਪਾ ਸੰਸਦ ਮੈਂਬਰ ਦੀ ਗੱਡੀ ਭਾਜਪਾ ਸੰਸਦ ਮੈਂਬਰ ਸਤਿਆਪਾਲ ਸਿੰਘ ਦੀ ਗੱਡੀ ਜਿਸਤ ਨੰਬਰ ਵਾਲੀ ਹੋਣ ਕਾਰਨ ਟ੍ਰੈਫਿਕ ਪੁਲਿਸ ਵੱਲੋਂ ਇੰਡੀਆ ਗੇਟ ਦੇ ਕੋਲ ਰੋਕ ਲਈ ਗਈ | ਹਾਲਾਂ ਕਿ ਉਨ੍ਹਾਂ ਦਾ ਗੱਡੀ ਦਾ ਚਲਾਨ ਨਹੀਂ ਕੱਟਿਆ ਗਿਆ ਪ੍ਰੰਤੂ ਇਸ ਸਬੰਧੀ ਆਪ ਵੱਲੋਂ ਪ੍ਰਤੀਕਿਰਿਆ ਕਰਦੇ ਹੋਏ ਕਿਹਾ ਗਿਆ ਕਿ ਸਾਰਿਆਂ ਨੂੰ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ | ਚਲਾਣ ਉਪਰੰਤ ਦਿਨ ਭਰ ਗੱਡੀ ਚਲਾਉਣ ਦੀ ਇਜਾਜ਼ਤ ਨਹੀਂ ਦਿੱਲੀ ਵਿਚ ਟਾਂਕ-ਜਿਸਤ ਨੰਬਰ ਪ੍ਰਣਾਲੀ ਲਾਗੂ ਹੋਣ ਦੇ 33 ਮਿੰਟ ਬਾਅਦ ਹੀ ਆਈ.ਟੀ.ਚੌਾਕ ‘ਤੇ ਨਿਯਮ ਦੀ ਉਲੰਘਣਾ ਕਰਨ ਵਾਲੇ ਪਹਿਲੇ ਵਿਅਕਤੀ ਦਾ ਚਲਾਣ ਕੀਤਾ ਗਿਆ ਅਤੇ 2 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ | ਦਰਅਸਲ ਟਾਂਕ ਤਰੀਕ ਹੋਣ ਕਾਰਨ ਅੱਜ ਦਿੱਲੀ ਵਿਚ ਸਿਰਫ ਟਾਂਕ ਨੰਬਰ (1,3,5,7,9) ਗੱਡੀਆਂ ਨੂੰ ਚਲਣ ਦੀ ਇਜਾਜ਼ਤ ਦਿੱਤੀ ਗਈ ਅਤੇ ਇਸ ਨਿਯਮ ਦੀ ਉਲੰਘਣਾ ਕਰਨ ਵਾਲਿਆਂ ਨੂੰ 2 ਹਜ਼ਾਰ ਰੁਪਏ ਦਾ ਜ਼ੁਰਮਾਨਾ ਭੁਗਤਣਾ ਪਿਆ | ਨਿਯਮਾਂ ਮੁਤਾਬਿਕ ਚਲਾਨ ਦਿਨ ਵਿਚ ਸਿਰਫ ਇਕ ਹੀ ਵਾਰ ਕੱਟਿਆ ਜਾਵੇਗਾ ਪ੍ਰੰਤੂ ਇਸ ਦਾ ਇਹ ਮਤਲਬ ਨਹੀਂ ਕਿ ਇਕ ਵਾਰ ਚਲਾਣ ਕੱਟਣ ਤੋਂ ਬਾਅਦ ਦਿਨ ਭਰ ਗੱਡੀ ਚਲਾਉਣ ਦੀ ਇਜਾਜ਼ਤ ਮਿਲ ਗਈ | ਇਸ ਦੀ ਬਜਾਏ ਚਲਾਣ ਕੱਟਣ ਦੇ 2 ਘੰਟੇ ਬਾਅਦ ਗੱਡੀ ਨੂੰ ਸੜਕ ‘ਤੇ ਨਹੀਂ ਚਲਣ ਦਿੱਤਾ ਜਾਵੇਗਾ ਅਤੇ ਚਾਲਕ ਨੂੰ ਵਾਹਨ ਨੂੰ ਘਰ ਛੱਡਣ ਦੀ ਗੁਜਾਰਸ਼ ਕੀਤੀ ਜਾਵੇਗੀ | ਜਾਮ ਦੀ ਸਥਿਤੀ ਤੋਂ ਬਚਣ ਲਈ ਭੀੜ ਵਾਲੇ ਸਮੇਂ ਦੌਰਾਨ ਚਲਾਨ ਕੱਟਣ ਤੋਂ ਪਰਹੇਜ਼ ਕੀਤਾ ਜਾਵੇਗਾ ਅਤੇ ਇਸ ਦੌਰਾਨ ਪੁਲਿਸ ਵੀਡੀਓ ਅਤੇ ਫੋਟੋ ਖਿਚ ਕੇ ਘਰ ਵਿਚ ਚਲਾਣ ਸਬੰਧੀ ਨੋਟਿਸ ਭੇਜੇਗੀ | 15 ਦਿਨ ਬਾਅਦ ਹੋਵੇਗੀ ਸਮੀਖਿਆ ਇਹ ਯੋਜਨਾ ਸਿਰਫ 15 ਦਿਨ ਤੱਕ ਲਾਗੂ ਹੋਵੇਗੀ ਅਤੇ ਇਸ ਦੀ ਸਮੀਖਿਆ ਉਪਰੰਤ ਹੀ ਅੱਗੇ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ |
ਦਿੱਲੀ ਵਿਚ ਪਾਰਕਿੰਗ ਥਾਵਾਂ ਨੂੰ ਟਾਂਕ ਤਰੀਕਾਂ ਵਿਚ ਜਿਸਤ ਨੰਬਰ ਵਾਲੀਆਂ ਕਾਰਾਂ ਅਤੇ ਜਿਸਤ ਤਰੀਕਾਂ ‘ਚ ਟਾਂਕ ਨੰਬਰ ਵਾਲੀਆਂ ਕਾਰਾਂ ਪਾਰਕ ਕਰਨ ਦੀ ਇਜਾਜ਼ਤ ਨਹੀਂ ਦੇਣ ਦਾ ਨਿਰਦੇਸ਼ ਦਿੱਤਾ ਗਿਆ ਹੈ | ਪ੍ਰਧਾਨ ਮੰਤਰੀ ਅਤੇ ਜਨਤਾ ਨੂੰ ਕੀਤੀ ਗਈ ਸੀ ਸਹਿਯੋਗ ਦੀ ਅਪੀਲ ਕੇਜਰੀਵਾਲ ਨੇ ਇਸ ਯੋਜਨਾ ਨੂੰ ਸਫਲ ਬਣਾਉਣ ਵਾਸਤੇ ਪ੍ਰਧਾਨ ਮੰਤਰੀ ਸਮੇਤ ਆਮ ਜਨਤਾ ਨੂੰ ਸਹਿਯੋਗ ਦੀ ਅਪੀਲ ਕੀਤੀ ਸੀ | ਇਸ ਬਾਰੇ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਸੀ ਕਿ ਜੇਕਰ ਮੋਦੀ ਆਪਣੇ ਮੰਤਰੀਆਂ ਸਮੇਤ ਹੋਰਨਾ ਨੂੰ ਇਸ ਫਾਰਮੂਲੇ ਨੂੰ ਅਪਨਾਉਣ ਦੀ ਅਪੀਲ ਕਰਨਗੇ ਤਾਂ ਇਸ ਨਾਲ ਲੱਖਾਂ ਲੋਕਾਂ ਨੂੰ ਪ੍ਰੇਰਣਾ ਮਿਲੇਗੀ | ਕਾਰ ਮਾਲਕਾਂ ਨੂੰ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਰਲ ਕੇ ਕਾਰ-ਪੂਲਿੰਗ ਦਾ ਤਰੀਕਾ ਇਸਤੇਮਾਲ ਕਰਨ ਦੀ ਸਲਾਹ ਵੀ ਦਿੱਤੀ ਹੈ | ਇਸ ਤੋਂ ਇਲਾਵਾ ਸਕੂਲੀ ਬੱਚਿਆਂ ਨੂੰ ਵੀ 30 ਦਸੰਬਰ ਨੂੰ , ਇਸ ਗੱਲ ਦੀ ਸਹੁੰ ਚੁਕਾਈ ਗਈ ਕਿ ਉਹ ਆਪਣੇ ਮਾਪਿਆਂ ਨੂੰ ਟਾਂਕ-ਜਿਸਤ ਫਾਰਮੂਲੇ ਦੇ ਨਿਯਮ ਦੀ ਪਾਲਣਾ ਕਰਨ ਵਾਸਤੇ ਆਖਣਗੇ |
ਓਡ-ਈਵਨ ਸਕੀਮ ਦੀ ਉਲੰਘਣਾ ਕਰਨ ‘ਤੇ ਪਹਿਲੇ ਹੀ ਦਿਨ ਕੱਟੇ 203 ਚਲਾਨ ਨਵੀਂ ਦਿੱਲੀ, 1 ਜਨਵਰੀ (ਏਜੰਸੀ)- ਰਾਜਧਾਨੀ ਦਿੱਲੀ ‘ਚ ਓਡ-ਈਵਨ ਸਕੀਮ ਲਾਗੂ ਕਰਨ ਦੇ ਪਹਿਲੇ ਹੀ ਦਿਨ ਇਸ ਸਕੀਮ ਦੀ ਉਲੰਘਣਾ ਕਰਨ ਵਾਲੇ 203 ਲੋਕਾਂ ਦੇ ਚਲਾਨ ਕੀਤੇ ਗਏ | ਸਵੇਰੇ 8 ਵਜੇ ਸਕੀਮ ਲਾਗੂ ਹੋਣ ਤੋਂ ਅੱਧਾ ਘੰਟੇ ਬਾਅਦ ਆਈ.ਟੀ.ਓ. ਜੰਕਸ਼ਨ ‘ਤੇ ਪਹਿਲਾ ਚਲਾਨ ਕੀਤਾ ਗਿਆ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 138 ਲੋਕਾਂ ਦੇ ਦਿੱਲੀ ਪੁਲਿਸ ਵੱਲੋਂ ਚਲਾਨ ਕੀਤੇ ਗਏ ਜਦਕਿ 65 ਲੋਕਾਂ ਨੂੰ ਦਿੱਲੀ ਸਰਕਾਰੀ ਆਵਾਜਾਈ ਵਿਭਾਗ ਵੱਲੋਂ ਜੁਰਮਾਨਾ ਲਗਾਇਆ ਗਿਆ | ਇਸ ਤੋਂ ਇਲਾਵਾ 76 ਆਟੋ ਡਰਾਈਵਰਾਂ ਦੇ ਯਾਤਰੀਆਂ ਨੂੰ ਨਾ ਲਿਜਾਣ ਅਤੇ ਮੀਟਰ ਦੇ ਹਿਸਾਬ ਨਾਲ ਪੈਸੇ ਨਾ ਵਸੂਲਣ ਕਰਕੇ ਚਲਾਨ ਕੀਤੇ ਗਏ |

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.